YouVersion Logo
Search Icon

ਯਹੂਦਾਹ 1

1
ਸ਼ਤਾਨੀ ਪਾਪੀਆਂ ਤੋਂ ਸੁਚੇਤ ਰਹਿਣਾ
1ਲਿਖਤੁਮ ਯਹੂਦਾਹ ਜਿਹੜਾ ਯਿਸੂ ਮਸੀਹ ਦਾ ਦਾਸ ਅਤੇ ਯਾਕੂਬ ਦਾ ਭਰਾ ਹਾਂ, ਅੱਗੇ ਜੋਗ ਉਨ੍ਹਾਂ ਨੂੰ ਜਿਹੜੇ ਸੱਦੇ ਹੋਏ ਅਤੇ ਪਿਤਾ ਪਰਮੇਸ਼ੁਰ ਵਿੱਚ ਪਿਆਰੇ ਅਤੇ ਯਿਸੂ ਮਸੀਹ ਦੇ ਲਈ ਰੱਖੇ ਹੋਏ ਹਨ, 2ਤੁਹਾਡੇ ਲਈ ਰਹਮ, ਸ਼ਾਂਤੀ ਅਤੇ ਪ੍ਰੇਮ ਵੱਧ ਤੋਂ ਵੱਧ ਹੁੰਦਾ ਜਾਵੇ।।
3ਪਿਆਰਿਓ, ਜਦੋਂ ਸਾਡੀ ਸਾਂਝੀ ਮੁਕਤੀ ਦੇ ਵਿਖੇ ਮੈਂ ਤੁਹਾਨੂੰ ਲਿਖਣ ਦੀ ਬਹੁਤ ਚਾਹ ਕਰਦਾ ਸਾਂ ਤਾਂ ਮੈਂ ਤੁਹਾਨੂੰ ਲਿਖ ਕੇ ਤਗੀਦ ਕਰਨੀ ਜ਼ਰੂਰੀ ਜਾਣੀ ਭਈ ਤੁਸੀਂ ਓਸ ਨਿਹਚਾ ਦੇ ਲਈ ਜਿਹੜੀ ਇੱਕੋ ਹੀ ਵਾਰ ਸੰਤਾਂ ਨੂੰ ਸੌਂਪੀ ਗਈ ਸੀ ਜਤਨ ਕਰੋ 4ਕਿਉਂ ਜੋ ਕਈ ਮਨੁੱਖ ਚੋਰੀਂ ਆ ਵੜੇ ਹਨ ਜਿਹੜੇ ਇਸ ਸਜ਼ਾ ਲਈ ਪਰਾਚੀਨ ਕਾਲ ਵਿੱਚ ਅਗੇਤਰੇ ਲਿਖੇ ਗਏ ਸਨ, ਸ਼ਤਾਨੀ ਮਨੁੱਖ ਜਿਹੜੇ ਸਾਡੇ ਪਰਮੇਸ਼ੁਰ ਦੀ ਕਿਰਪਾ ਨੂੰ ਉਲਟਾ ਕਰ ਕੇ ਲੁੱਚਪੁਣੇ ਵੱਲ ਲਾ ਲੈਂਦੇ ਹਨ ਅਤੇ ਯਿਸੂ ਮਸੀਹ ਦਾ ਜਿਹੜਾ ਇੱਕੋ ਹੀ ਸਾਡਾ ਸੁਆਮੀ ਅਤੇ ਪ੍ਰਭੁ ਹੈ ਇਨਕਾਰ ਕਰਦੇ ਹਨ।।
5ਹੁਣ ਭਾਵੇਂ ਤੁਸੀਂ ਇੱਕੋ ਵਾਰ ਸੱਭੋ ਕੁਝ ਜਾਣ ਵੀ ਚੁੱਕੇ ਹੋ ਤਾਂ ਵੀ ਮੈਂ ਤੁਹਾਨੂੰ ਚਿਤਾਰਿਆ ਚਾਹੁੰਦਾ ਹਾਂ ਭਈ ਪ੍ਰਭੁ ਨੇ ਲੋਕਾਂ ਨੂੰ ਮਿਸਰ ਦੇਸ ਵਿੱਚੋਂ ਬਚਾ ਕੇ ਪਿੱਛੋਂ ਉਨ੍ਹਾਂ ਦਾ ਜਿਨ੍ਹਾਂ ਪਰਤੀਤ ਨਾ ਕੀਤੀ ਨਾਸ ਕੀਤਾ 6ਅਤੇ ਉਨ੍ਹਾਂ ਦੂਤਾਂ ਨੂੰ ਜੋ ਆਪਣੀ ਪਦਵੀ ਵਿੱਚ ਨਾ ਰਹੇ ਸਗੋਂ ਆਪਣੇ ਅਸਲੀ ਠਿਕਾਣੇ ਨੂੰ ਛੱਡ ਦਿੱਤਾ ਉਹ ਨੇ ਅਨ੍ਹੇਰੇ ਘੁੱਪ ਵਿੱਚ ਓਸ ਵੱਡੇ ਦਿਹਾੜੇ ਦੇ ਨਿਆਉਂ ਲਈ ਸਦੀਪਕ ਬੰਧਨਾਂ ਵਿੱਚ ਰੱਖ ਛੱਡਿਆ 7ਜਿਵੇਂ ਸਦੂਮ ਅਤੇ ਅਮੂਰਾਹ ਅਤੇ ਓਹਨਾਂ ਦੇ ਲਾਂਭ ਛਾਂਭ ਦੇ ਨਗਰ ਏਹਨਾਂ ਵਾਂਙੁ ਹਰਾਮਕਾਰੀ ਕਰ ਕੇ ਅਤੇ ਪਰਾਏ ਸਰੀਰ ਦੇ ਮਗਰ ਲੱਗ ਕੇ ਸਦੀਪਕ ਅੱਗ ਦੀ ਸਜ਼ਾ ਭੋਗਦੇ ਹੋਏ ਨਮੂਨਾ ਬਣਾਏ ਹੋਏ ਹਨ 8ਤਾਂ ਵੀ ਇਸੇ ਤਰਾਂ ਏਹ ਵੀ ਆਪਣੇ ਸੁਫ਼ਨਿਆਂ ਵਿੱਚ ਸਰੀਰ ਨੂੰ ਭ੍ਰਿਸ਼ਟ ਕਰਦੇ, ਹਕੂਮਤਾਂ ਨੂੰ ਤੁੱਛ ਜਾਣਦੇ ਅਤੇ ਪਰਤਾਪ ਵਾਲਿਆਂ ਦੀ ਨਿੰਦਿਆ ਕਰਦੇ ਹਨ 9ਪਰ ਮਹਾਂ ਦੂਤ ਮੀਕਾਏਲ ਜਾਂ ਸ਼ਤਾਨ ਨਾਲ ਝਗੜਾ ਕਰ ਕੇ ਮੂਸਾ ਦੀ ਲੋਥ ਦੇ ਵਿਖੇ ਵਿਵਾਦ ਕਰਦਾ ਸੀ ਤਾਂ ਉਹ ਦਾ ਹਿਆਉਂ ਨਾ ਪਿਆ ਭਈ ਮਿਹਣਾ ਮਾਰ ਕੇ ਓਸ ਉੱਤੇ ਦੋਸ਼ ਲਾਵੇ ਸਗੋਂ ਇਹ ਆਖਿਆ ਭਈ ਪ੍ਰਭੁ ਤੈਨੂੰ ਸਮਝੇ ! 10ਪਰ ਇਹ ਲੋਕ ਜੋ ਕੁਝ ਓਹ ਜਾਣਦੇ ਹੀ ਨਹੀਂ ਓਹ ਦੇ ਵਿਖੇ ਕੁਫ਼ਰ ਬਕਦੇ ਹਨ ਅਤੇ ਜੋ ਕੁਝ ਬੇ ਅਕਲ ਪਸੂਆਂ ਵਰਗੇ ਸੁਭਾਉ ਨਾਲ ਹੀ ਜਾਣਦੇ ਹਨ ਉਸ ਵਿੱਚ ਨਾਸ ਹੋ ਜਾਂਦੇ ਹਨ 11ਹਾਇ ਉਨ੍ਹਾਂ ਨੂੰ ! ਕਿਉਂ ਜੋ ਓਹ ਕਇਨ ਦੇ ਰਾਹ ਲੱਗ ਤੁਰੇ ਅਤੇ ਲਾਹੇ ਪਿੱਛੇ ਬਿਲਆਮ ਦੇ ਭਰਮ ਵਿੱਚ ਸਿਰ ਤੋੜ ਭੱਜੇ ਅਤੇ ਕੋਰਾਹ ਦੇ ਵਿਰੋਧ ਵਿੱਚ ਨਾਸ ਹੋਏ 12ਏਹ ਓਹ ਹਨ ਜਿਹੜੇ ਤੁਹਾਡੇ ਨਾਲ ਬੇਧੜਕ ਖਾਂਦੇ ਪੀਂਦੇ ਹੋਏ ਤੁਹਾਡੇ ਪ੍ਰੇਮ ਭੋਜਨਾਂ ਵਿੱਚ ਡੁੱਬੇ ਹੋਏ ਟਿੱਲੇ ਹਨ । ਏਹ ਆਪਣੇ ਹੀ ਢਿੱਡ ਭਰਦੇ ਹਨ । ਏਹ ਪੌਣਾਂ ਦੇ ਉਡਾਏ ਹੋਕੇ ਸੁੱਕੇ ਬੱਦਲ ਹਨ । ਏਹ ਪੱਤ ਝੜ ਰੁੱਤ ਦੇ ਬਿਰਛ ਹਨ ਜੋ ਅਫਲ, ਦੋ ਵਾਰੀ ਮੋਏ ਅਤੇ ਜੜ੍ਹੋਂ ਪੁੱਟੇ ਹੋਏ ਹਨ 13ਏਹ ਸਮੁੰਦਰ ਦੀਆਂ ਸ਼ੂਕਰਦੀਆਂ ਠਾਠਾਂ ਹਨ ਜੋ ਆਪਣੀ ਸ਼ਰਮਿੰਦਗੀ ਦੀ ਝੱਗ ਉਛਾਲਦੀਆਂ ਹਨ । ਏਹ ਘੁੰਮਣ ਵਾਲੇ ਤਾਰੇ ਹਨ ਜਿਨ੍ਹਾਂ ਲਈ ਸਦਾ ਤੀਕ ਦਾ ਅਨ੍ਹੇਰ ਘੁੱਪ ਘੇਰ ਰੱਖ ਛੱਡਿਆ ਹੋਇਆ ਹੈ 14ਨਾਲੇ ਹਨੋਕ ਨੇ ਜਿਹੜਾ ਆਦਮ ਤੋਂ ਸੱਤਵੀਂ ਪੀਹੜੀ ਦਾ ਸੀ ਏਹਨਾਂ ਹੀ ਦੇ ਵਿਖੇ ਅਗੰਮ ਵਾਕ ਕਰ ਕੇ ਆਖਿਆ ਭਈ ਵੇਖੋ, ਪ੍ਰਭੁ ਆਪਣੇ ਲੱਖਾਂ ਸੰਤਾਂ ਸਣੇ ਆਇਆ 15ਭਈ ਸਭਨਾਂ ਦਾ ਨਿਆਉਂ ਕਰੇ ਅਤੇ ਸਭਨਾਂ ਸ਼ਤਾਨੀਆਂ ਨੂੰ ਉਨ੍ਹਾਂ ਦਿਆਂ ਸਾਰੀਆਂ ਸ਼ਤਾਨੀ ਕੰਮਾਂ ਦੇ ਕਾਰਨ ਜੋ ਉਨ੍ਹਾਂ ਨੇ ਸ਼ਤਾਨੀ ਨਾਲ ਕੀਤੇ ਸਨ ਅਤੇ ਸਾਰਾਂ ਕਰਖਤ ਗੱਲਾਂ ਦੇ ਕਾਰਨ ਜੋ ਸ਼ਤਾਨੀ ਪਾਪੀਆਂ ਨੇ ਉਹ ਦੇ ਵਿਰੁੱਧ ਆਖੀਆਂ ਸਨ ਦੋਸ਼ੀ ਠਹਿਰਾਵੇ 16ਏਹ ਬੁੜ ਬੁੜਾਉਣ ਅਤੇ ਸ਼ਿਕਾਇਤ ਕਰਨ ਵਾਲੇ ਹਨ ਜਿਹੜੇ ਆਪਣੀਆਂ ਕਾਮਨਾਂ ਦੇ ਅਨੁਸਾਰ ਚੱਲਦੇ ਹਨ ਅਤੇ ਮੂੰਹੋਂ ਵੱਡੀਆਂ ਵੱਡੀਆਂ ਫੋਕੀਆਂ ਗੱਪਾਂ ਮਾਰਦੇ ਹਨ ਅਤੇ ਲਾਹੇ ਪਿੱਛੋਂ ਮੂੰਹ ਉੱਤੇ ਵਡਿਆਈ ਕਰਦੇ ਹਨ।।
17ਪਰ ਤੁਸੀਂ ਹੇ ਪਿਆਰਿਓ, ਇਨ੍ਹਾਂ ਗੱਲਾਂ ਨੂੰ ਚੇਤੇ ਰੱਖੋ ਜੋ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਸੂਲ ਨੇ ਅੱਗੋਂ ਆਖੀਆਂ 18ਭਈ ਉਨ੍ਹਾਂ ਨੇ ਤੁਹਾਨੂੰ ਕਿਹਾ ਜੋ ਅੰਤ ਤੇ ਸਮੇਂ ਠੱਠਾ ਕਰਨ ਵਾਲੇ ਹੋਣਗੇ ਜਿਹੜੇ ਆਪਣੇ ਸ਼ਤਾਨੀ ਕਾਮਨਾਂ ਦੇ ਅਨੁਸਾਰ ਚੱਲਣਗੇ 19ਏਹ ਓਹੋ ਹਨ ਜਿਹੜੇ ਧੜੇਬਾਜ਼, ਸਰੀਰਕ ਹਨ ਜਿਨ੍ਹਾਂ ਵਿੱਚ ਆਤਮਾ ਨਹੀਂ 20ਪਰ ਤੁਸੀਂ ਹੇ ਪਿਆਰਿਓ, ਆਪਣੇ ਆਪ ਨੂੰ ਆਪਣੀ ਅੱਤ ਪਵਿੱਤਰ ਨਿਹਚਾ ਉੱਤੇ ਉਸਾਰੀ ਜਾਓ ਅਤੇ ਪਵਿੱਤਰ ਆਤਮਾ ਵਿੱਚ ਪ੍ਰਾਰਥਨਾ ਕਰਦੇ ਹੋਏ 21ਪਰਮੇਸ਼ੁਰ ਦੇ ਪ੍ਰੇਮ ਵਿੱਚ ਆਪਣੇ ਆਪ ਨੂੰ ਕਾਇਮ ਰੱਖੋ ਅਤੇ ਸਦੀਪਕ ਜੀਵਨ ਦੇ ਲਈ ਸਾਡੇ ਪ੍ਰਭੁ ਯਿਸੂ ਮਸੀਹ ਦੀ ਦਯਾ ਦੀ ਉਡੀਕ ਕਰਦੇ ਰਹੋ 22ਅਤੇ ਕਿੰਨਿਆਂ ਉੱਤੇ ਜਿਹੜੇ ਦੁਬਧਾ ਵਿੱਚ ਪਏ ਹੋਏ ਹਨ ਦਯਾ ਕਰੋ 23ਅਤੇ ਕਿੰਨਿਆਂ ਨੂੰ ਅੱਗ ਵਿੱਚੋਂ ਧੂ ਖਿੱਚ ਕੇ ਬਚਾਓ, ਅਤੇ ਓਸ ਬਸਤ੍ਰ ਤੋਂ ਵੀ ਜਿਹ ਦੇ ਵਿੱਚ ਦੇਹੀ ਦਾ ਦਾਗ ਲੱਗਿਆ ਹੋਵੇ ਸੂਗ ਕਰਦੇ ਹੋਏ ਕਿੰਨਿਆ ਉੱਤੇ ਭੈ ਨਾਲ ਦਯਾ ਕਰੋ ।। 24ਹੁਣ ਜਿਹੜਾ ਸਮਰੱਥ ਹੈ ਜੋ ਤੁਹਾਨੂੰ ਠੇਡੇ ਖਾਣ ਤੋਂ ਬਚਾ ਸੱਕਦਾ ਅਤੇ ਤੁਹਾਨੂੰ ਆਪਣੀ ਮਹਿਮਾ ਦੇ ਸਨਮੁਖ ਅਨੰਦ ਸਹਿਤ ਨਿਰਮਲ ਖੜਾ ਕਰ ਸੱਕਦਾ ਹੈ 25ਓਸੇ ਦੀ ਅਰਥਾਤ ਓਸ ਅਦੁਤੀ ਪਰਮੇਸ਼ੁਰ ਦੀ ਜੋ ਸਾਡਾ ਮੁਕਤੀ ਦਾਤਾ ਹੈ ਸਾਡੇ ਪ੍ਰਭੁ ਯਿਸੂ ਮਸੀਹ ਦੇ ਰਾਹੀਂ ਸਭਨਾਂ ਜੁੱਗਾਂ ਤੋਂ ਪਹਿਲਾਂ ਅਤੇ ਹੁਣ ਵੀ ਅਤੇ ਸਭਨਾਂ ਜੁੱਗਾਂ ਤੀਕੁਰ ਮਹਿਮਾ, ਪਰਾਕ੍ਰਮ, ਮਹਾਨਤਾ ਅਤੇ ਇਖ਼ਤਿਆਰ ਹੋਵੇ।। ਆਮੀਨ।।

Highlight

Share

Copy

None

Want to have your highlights saved across all your devices? Sign up or sign in