YouVersion Logo
Search Icon

ਯਹੋਸ਼ੁਆ 4

4
ਯਾਦਗੀਰੀ ਦੇ ਪੱਥਰ
1ਤਾਂ ਐਉਂ ਹੋਇਆ ਕਿ ਜਦ ਸਾਰੀ ਕੌਮ ਯਰਦਨ ਦੇ ਪਾਰ ਲੰਘ ਚੁੱਕੀ ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ 2ਕਿ ਲੋਕਾਂ ਵਿੱਚੋਂ ਆਪਣੇ ਲਈ ਬਾਰਾਂ ਮਨੁੱਖ ਲੈ ਲਓ, ਇੱਕ ਇੱਕ ਗੋਤ ਦਾ ਇੱਕ ਇੱਕ ਮਨੁੱਖ 3ਅਤੇ ਓਹਨਾਂ ਨੂੰ ਹੁਕਮ ਦਿਓ ਕਿ ਤੁਸੀਂ ਯਰਦਨ ਦੇ ਵਿੱਚਕਾਰੋਂ ਉੱਥੋਂ ਜਿੱਥੇ ਜਾਜਕ ਪੱਕੇ ਪੈਰੀਂ ਖਲੋਤੇ ਰਹੇ ਸਨ ਆਪਣੇ ਲਈ ਬਾਰਾਂ ਪੱਥਰ ਚੁੱਕ ਲਓ ਅਤੇ ਉਨ੍ਹਾਂ ਨੂੰ ਆਪਣੇ ਨਾਲ ਲੈ ਜਾ ਕੇ ਉਸ ਪੜਾਓ ਵਿੱਚ ਰੱਖੋ ਜਿੱਥੇ ਅੱਜ ਦੀ ਰਾਤ ਵਸੇਰਾ ਕਰਨਾ ਹੈ 4ਤਾਂ ਯਹੋਸ਼ੁਆ ਨੇ ਓਹਨਾਂ ਬਾਰਾਂ ਮਨੁੱਖਾਂ ਨੂੰ ਸੱਦਿਆ ਜਿਨ੍ਹਾਂ ਨੂੰ ਉਸਨੇ ਇਸਰਾਏਲੀਆਂ ਵਿੱਚੋਂ ਇੱਕ ਇੱਕ ਮਨੁੱਖ ਹਰ ਇੱਕ ਗੋਤ ਪਿੱਛੋਂ ਤਿਆਰ ਕੀਤਾ ਸੀ 5ਤਾਂ ਯਹੋਸ਼ੁਆ ਨੇ ਓਹਨਾਂ ਨੂੰ ਆਖਿਆ, ਯਹੋਵਾਹ ਆਪਣੇ ਪਰਮੇਸ਼ੁਰ ਦੇ ਸੰਦੂਕ ਦੇ ਅੱਗੇ ਯਰਦਨ ਦੇ ਵਿੱਚ ਦੀ ਲੰਘ ਜਾਓ ਅਤੇ ਤੁਹਾਡੇ ਵਿੱਚੋਂ ਹਰ ਮਨੁੱਖ ਇਸਰਾਏਲੀਆਂ ਦਿਆਂ ਗੋਤਾਂ ਦੀ ਗਿਣਤੀ ਅਨੁਸਾਰ ਇੱਕ ਇੱਕ ਪੱਥਰ ਆਪਣੇ ਮੋਢਿਆਂ ਉੱਤੇ ਚੁੱਕ ਲਵੇ 6ਏਸ ਲਈ ਭਈ ਤੁਹਾਡੇ ਵਿੱਚ ਇੱਕ ਨਿਸ਼ਾਨੀ ਹੋਵੇ ਜਦ ਤੁਹਾਡੀ ਸੰਤਾਨ ਆਉਣ ਵਾਲੇ ਸਮੇਂ ਪੁੱਛੇ ਭਈ ਏਹਨਾਂ ਪੱਥਰਾਂ ਦਾ ਕਾ ਮਤਲਬ ਹੈ? 7ਤਾਂ ਤੁਸੀਂ ਉਨ੍ਹਾਂ ਨੂੰ ਆਖਣਾ ਕਿ ਯਹੋਵਾਹ ਦੇ ਨੇਮ ਦੇ ਸੰਦੂਕ ਅੱਗੇ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ ਸਨ, ਜਦ ਉਹ ਯਰਦਨ ਤੋਂ ਪਾਰ ਲੰਘਿਆ ਤਾਂ ਯਰਦਨ ਦੇ ਪਾਣੀ ਵੱਖੋ ਵੱਖ ਹੋ ਗਏ! ਸੋ ਏਹ ਪੱਥਰ ਸਦਾ ਲਈ ਇਸਰਾਏਲੀਆਂ ਲਈ ਯਾਦਗੀਰੀ ਲਈ ਹੋਣਗੇ 8ਉਪਰੰਤ ਜਿਵੇਂ ਯਹੋਸ਼ੁਆ ਨੇ ਹੁਕਮ ਦਿੱਤਾ ਤਿਵੇਂ ਹੀ ਇਸਰਾਏਲੀਆਂ ਨੇ ਕੀਤਾ ਅਤੇ ਜਿਵੇਂ ਯਹੋਵਾਹ ਯਹੋਸ਼ੁਆ ਨਾਲ ਬੋਲਿਆ ਸੀ ਓਹਨਾਂ ਨੇ ਇਸਰਾਏਲੀਆਂ ਦੇ ਗੋਤਾਂ ਦੀ ਗਿਣਤੀ ਅਨੁਸਾਰ ਯਰਦਨ ਦੇ ਵਿੱਚੋਂ ਬਾਰਾਂ ਪੱਥਰ ਚੁੱਕ ਲਏ ਅਤੇ ਉਨ੍ਹਾਂ ਨੂੰ ਆਪਣੇ ਨਾਲ ਪੜਾਓ ਵਿੱਚ ਲੈ ਗਏ ਅਤੇ ਉਨ੍ਹਾਂ ਨੂੰ ਉੱਥੇ ਰੱਖ ਦਿੱਤਾ 9ਤਾਂ ਯਹੋਸ਼ੁਆ ਨੇ ਯਰਦਨ ਦੇ ਵਿੱਚ ਜਿੱਥੇ ਜਾਜਕਾਂ ਦੇ ਪੈਰ ਟਿਕੇ ਸਨ ਜਿਹੜੇ ਨੇਮ ਦੇ ਸੰਦੂਕ ਨੂੰ ਚੁੱਕਦੇ ਸਨ ਬਾਰਾਂ ਪੱਥਰ ਖੜੇ ਕੀਤੇ ਅਤੇ ਓਹ ਅੱਜ ਦੇ ਦਿਨ ਤੀਕ ਉੱਥੇ ਹਨ 10ਕਿਉਂ ਜੋ ਓਹ ਜਾਜਕ ਜਿਹੜੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਦੇ ਵਿੱਚਕਾਰ ਖੜੇ ਰਹੇ ਜਦ ਤੀਕ ਸਭ ਕੁਝ ਪੂਰਾ ਨਾ ਹੋ ਗਿਆ ਜਿਵੇਂ ਯਹੋਵਾਹ ਨੇ ਯਹੋਸ਼ੁਆ ਨੂੰ ਲੋਕਾ ਨਾਲ ਬੋਲਣ ਦਾ ਹੁਕਮ ਦਿੱਤਾ ਸੀ ਅਰਥਾਤ ਉਨ੍ਹਾਂ ਸਾਰਿਆਂ ਹੁਕਮਾਂ ਅਨੁਸਾਰ ਜਿਹੜੇ ਮੂਸਾ ਨੇ ਯਹੋਸ਼ੁਆ ਨੂੰ ਦਿੱਤੇ ਸਨ ਤਾਂ ਲੋਕਾਂ ਛੇਤੀ ਕੀਤੀ ਅਤੇ ਪਾਰ ਲੰਘ ਗਏ 11ਤਾਂ ਐਉਂ ਹੋਇਆ ਕਿ ਜਦ ਸਾਰੇ ਲੋਕ ਪਾਰ ਲੰਘ ਚੁੱਕੇ ਤਦ ਯਹੋਵਾਹ ਦਾ ਸੰਦੂਕ ਅਤੇ ਜਾਜਕ ਲੋਕਾਂ ਦੇ ਸਾਹਮਣੇ ਪਾਰ ਲੰਘੇ 12ਫੇਰ ਰਊਬੇਨ, ਗਾਦੀ ਅਤੇ ਮਨੱਸ਼ਹ ਦਾ ਅੱਧਾ ਗੋਤ ਇਸਰਾਏਲੀਆਂ ਦੇ ਅੱਗੋਂ ਦੀ ਸ਼ਸਤਰ ਧਾਰੀ ਹੋ ਕੇ ਮੂਸਾ ਦੇ ਆਖਣ ਅਨੁਸਾਰ ਪਾਰ ਲੰਘੇ 13ਤਾਂ ਚਾਲੀ ਕੁ ਹਜ਼ਾਰ ਯਹੋਵਾਹ ਦੇ ਸਨਮੁਖ ਜੁੱਧ ਲਈ ਸ਼ਸਤਰ ਧਾਰੀ ਹੋ ਕੇ ਯਰੀਹੋ ਦੇ ਮਦਾਨ ਵਿੱਚ ਲੜਾਈ ਲਈ ਪਾਰ ਲੰਘੇ।।
14ਉਸ ਦਿਨ ਯਹੋਵਾਹ ਨੇ ਸਾਰੇ ਇਸਰਾਏਲੀਆਂ ਦੀ ਨਿਗਾਹ ਵਿੱਚ ਯਹੋਸ਼ੁਆ ਨੂੰ ਵਡਿਆਈ ਦਿੱਤੀ ਤਾਂ ਜਿਵੇਂ ਓਹ ਮੂਸਾ ਕੋਲੋਂ ਉਸ ਦੀ ਸਾਰੀ ਅਵਸਥਾ ਤੀਕ ਡਰਦੇ ਰਹੇ ਸਨ ਤਿਵੇਂ ਉਸ ਦੇ ਕੋਲੋਂ ਵੀ ਡਰਦੇ ਸਨ।।
15ਤਾਂ ਯਹੋਵਾਹ ਨੇ ਯਹੋਸ਼ੁਆ ਨੂੰ ਆਖਿਆ 16ਕਿ ਉਨ੍ਹਾਂ ਜਾਜਕਾਂ ਨੂੰ ਜਿਹੜੇ ਸਾਖੀ ਦੇ ਸੰਦੂਕ ਨੂੰ ਚੁੱਕਦੇ ਹਨ ਹੁਕਮ ਦੇਹ ਭਈ ਓਹ ਯਰਦਨ ਤੋਂ ਉਤਾਹਾਂ ਆਉਣ 17ਉਪਰੰਤ ਯਹੋਸ਼ੁਆ ਨੇ ਜਾਜਕਾਂ ਨੂੰ ਹੁਕਮ ਦਿੱਤਾ ਕਿ ਯਰਦਨ ਤੋਂ ਉਤਾਹਾਂ ਆਓ 18ਤਾਂ ਐਉਂ ਹੋਇਆ ਕਿ ਜਦ ਓਹ ਜਾਜਕ ਜਿਹੜੇ ਯਹੋਵਾਹ ਦੇ ਨੇਮ ਦੇ ਸੰਦੂਕ ਨੂੰ ਚੁੱਕੀ ਜਾਂਦੇ ਸਨ ਯਰਦਨ ਵਿੱਚੋਂ ਉਤਾਹਾਂ ਆਏ ਅਤੇ ਜਦ ਉਨ੍ਹਾਂ ਜਾਜਕਾਂ ਦਿਆਂ ਪੈਰਾਂ ਦੀਆਂ ਤਲੀਆਂ ਸੁੱਕੀ ਧਰਤੀ ਉੱਤੇ ਟਿਕੀਆਂ ਤਾਂ ਯਰਦਨ ਦੇ ਪਾਣੀ ਆਪਣੀ ਥਾਂ ਉੱਤੇ ਮੁੜ ਆਏ ਅਤੇ ਅੱਗੇ ਵਾਂਙੁ ਆਪਣਿਆਂ ਸਾਰਿਆਂ ਕੰਢਿਆਂ ਉੱਤੇ ਚੜ੍ਹ ਗਏ।।
19ਤਾਂ ਲੋਕ ਪਹਿਲੇ ਮਹੀਨੇ ਦੀ ਦਸਵੀਂ ਤਰੀਕ ਨੂੰ ਯਰਦਨ ਤੋਂ ਉੱਤੇ ਆਏ ਅਤੇ ਯਰੀਹੋ ਦੀ ਚੜ੍ਹਦੀ ਹੱਦ ਉੱਤੇ ਗਿਲਗਾਲ ਵਿੱਚ ਡੇਰੇ ਲਾਏ 20ਤਾਂ ਯਹੋਸ਼ੁਆ ਨੇ ਉਨ੍ਹਾਂ ਬਾਰਾਂ ਪੱਥਰਾਂ ਨੂੰ ਜਿਨ੍ਹਾਂ ਨੂੰ ਯਰਦਨ ਵਿੱਚੋਂ ਚੁੱਕ ਲਿਆਏ ਸਨ ਗਿਲਗਾਲ ਵਿੱਚ ਖੜਾ ਕੀਤਾ 21ਤਾਂ ਉਸ ਨੇ ਇਸਰਾਏਲੀਆਂ ਨੂੰ ਆਖਿਆ ਕਿ ਜਦ ਤੁਹਾਡੇ ਬਾਲਕ ਆਉਣ ਵਾਲੇ ਸਮੇਂ ਆਪਣਿਆਂ ਪੇਵਾਂ ਕੋਲੋਂ ਪੁੱਛਣ ਕਿ ਏਹ ਪੱਥਰ ਕੇਹੇ ਹਨ 22ਤਦ ਤੁਸੀਂ ਆਪਣੇ ਬਾਲਕਾਂ ਨੂੰ ਇਉਂ ਸਮਝਾਇਓ ਕਿ ਇਸਰਾਏਲ ਏਸ ਯਰਦਨ ਤੋਂ ਸੁੱਕੀ ਭੂਮੀ ਉੱਤੇ ਪਾਰ ਲੰਘਿਆ ਸੀ 23ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਅੱਗੋਂ ਯਰਦਨ ਦਿਆਂ ਪਾਣੀਆਂ ਨੂੰ ਸੁਕਾ ਦਿੱਤਾ ਜਦ ਤੀਕ ਤੁਸੀਂ ਪਾਰ ਨਾ ਲੰਘ ਚੁੱਕੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਲਾਲ ਸਮੁੰਦਰ ਨੂੰ ਕੀਤਾ ਸੀ ਜਿਹ ਨੂੰ ਸਾਡੇ ਸਾਹਮਣੇ ਸੁਕਾ ਦਿੱਤਾ ਸੀ ਜਦ ਤੀਕ ਅਸੀਂ ਪਾਰ ਨਾ ਲੰਘੇ 24ਏਸ ਲਈ ਭਈ ਧਰਤੀ ਦੇ ਸਾਰੇ ਲੋਕ ਯਹੋਵਾਹ ਦੇ ਹੱਥ ਨੂੰ ਜਾਣਨ ਕਿ ਉਹ ਬਲਵੰਤ ਹੈ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਤੋਂ ਸਦਾ ਤੀਕ ਡਰਦੇ ਰਿਹਾ ਕਰੋ।।

Highlight

Share

Copy

None

Want to have your highlights saved across all your devices? Sign up or sign in