ਅੱਯੂਬ 38
38
ਯਹੋਵਾਹ ਆਪ ਅੱਯੂਬ ਨੂੰ ਉੱਤਰ ਦਿੰਦਾ ਹੈ
1ਤਾਂ ਯਹੋਵਾਹ ਨੇ ਅੱਯੂਬ ਨੂੰ ਵਾਵਰੋਲੇ ਵਿੱਚੋਂ ਦੀ
ਉੱਤਰ ਦਿੱਤਾ ਤੇ ਆਖਿਆ,
2ਏਹ ਕੌਣ ਹੈ ਜਿਹੜਾ ਸਲਾਹ ਨੂੰ
ਗਿਆਨਹੀਣ ਗੱਲਾਂ ਨਾਲ ਅਨ੍ਹੇਰੇ ਵਿੱਚ ਰੱਖਦਾ
ਹੈ?
3ਮਰਦ ਵਾਂਙੁ ਜ਼ਰਾ ਆਪਣੀ ਕਮਰ ਕੱਸ!
ਮੈਂ ਤੈਥੋਂ ਸਵਾਲ ਕਰਦਾ ਹਾਂ,
ਅਤੇ ਤੂੰ ਮੈਨੂੰ ਸਮਝਾ! ।।
4ਤੂੰ ਕਿੱਥੇ ਸੈਂ ਜਦ ਮੈਂ ਧਰਤੀ ਦੀ ਨੀਉਂ ਰੱਖੀ?
ਦੱਸ, ਜੇ ਤੂੰ ਸਮਝ ਰੱਖਦਾ ਹੈਂ!
5ਕਿਹ ਨੇ ਉਹ ਦਾ ਨਾਪ ਠਹਿਰਾਇਆ, -
ਤੂੰ ਜਰੂਰ ਜਾਣ ਲਿਆ ਹੋਵੇ, -
ਯਾ ਕਿਹੇ ਨੇ ਉਹ ਦੇ ਉੱਤੇ ਜਰੀਬ ਖਿੱਚੀ?
6ਕਾਹ ਦੇ ਉੱਤੇ ਉਹ ਦੀਆਂ ਟੇਕਾਂ ਰੱਖੀਆਂ ਗਈਆਂ,
ਯਾ ਕਿਹ ਨੇ ਉਹ ਦੇ ਸਿਰੇ ਦਾ ਪੱਥਰ ਧਰਿਆ,
7ਜਦ ਸਵੇਰੇ ਦੇ ਤਾਰੇ ਮਿਲ ਕੇ ਜੈਕਾਰੇ ਗਜਾਉਂਦੇ
ਸਨ,
ਅਤੇ ਪਰਮੇਸ਼ੁਰ ਦੇ ਸਾਰੇ ਪੁੱਤ੍ਰ ਨਾਰੇ ਮਾਰਦੇ ਸਨ?
8ਯਾ ਕਿਸ ਸਮੁੰਦਰ ਨੂੰ ਕਵਾੜਾਂ ਨਾਲ ਬੰਦ ਕੀਤਾ?
ਜਦ ਉਹ ਕੁੱਖੋਂ ਫੁੱਟ ਨਿੱਕਲਿਆ?
9ਜਦ ਮੈਂ ਬੱਦਲ ਉਹ ਦਾ ਲਿਬਾਸ,
ਅਤੇ ਅਨ੍ਹੇਰੇ ਘੁੱਪ ਨੂੰ ਉਹ ਦਾ ਪੋਤੜਾ ਬਣਾਇਆ,
10ਅਤੇ ਉਹ ਦੀਆਂ ਹੱਦਾਂ ਠਹਿਰਾਈਂਆਂ,
ਅਤੇ ਅਰਲ ਤੇ ਕਵਾੜ ਲਾਏ?
11ਅਤੇ ਆਖਿਆ, ਐਥੇ ਤਿੱਕੁਰ ਆਈਂ, ਵਧੀਂ ਨਾ,
ਅਤੇ ਐਥੇ ਤੇਰੀਆਂ ਆਫਰੀਆਂ ਹੋਈਆਂ ਲੱਫਾਂ ਰੁਕ
ਜਾਣ!
12ਕੀ ਤੈਂ ਆਪਣਿਆਂ ਦਿਨਾਂ ਵਿੱਚ ਕਦੀ ਸਵੇਰੇ ਉੱਤੇ
ਹੁਕਮ ਦਿੱਤਾ?
ਕੀ ਤੈਂ ਸਾਝਰੇ ਨੂੰ ਉਹ ਦਾ ਥਾਂ ਸਿਖਾਇਆ,
13ਭਈ ਉਹ ਧਰਤੀ ਦੇ ਖੰਭਾਂ ਨੂੰ ਫੜ ਲਵੇ,
ਅਤੇ ਦੁਸ਼ਟ ਉਹ ਦੇ ਵਿੱਚੋਂ ਝਾੜੇ ਜਾਣ?
14ਉਹ ਬਦਲ ਜਾਂਦਾ ਹੈ ਜਿਵੇਂ ਚੀਕਣੀ ਮਿੱਟੀ ਮੋਹਰ
ਦੇ ਹੇਠੋਂ,
ਤਾਂ ਓਹ ਖਲੋ ਜਾਂਦੇ ਹਨ ਜਿਵੇਂ ਬਸਤਰਾਂ ਵਿੱਚ,
15ਅਤੇ ਦੁਸ਼ਟਾਂ ਤੋਂ ਉਨ੍ਹਾਂ ਦਾ ਚਾਨਣਾ ਰੋਕ ਲਿਆ
ਜਾਂਦਾ ਹੈ,
ਅਤੇ ਉੱਚੀ ਬਾਂਹ ਭੰਨੀ ਜਾਂਦੀ ਹੈ।।
16ਕੀ ਤੂੰ ਸਮੁੰਦਰ ਦੇ ਸੋਤਿਆਂ ਵਿੱਚ ਵੜਿਆ
ਯਾ ਡੁੰਘਿਆਈ ਦੇ ਗੁੱਝੇ ਹਿੱਸਿਆਂ ਵਿੱਚ ਚੱਲਿਆ
ਹੈਂ?
17ਕੀ ਮੌਤ ਦੇ ਫਾਟਕ ਤੇਰੇ ਲਈ ਨੰਗੇ ਕੀਤੇ ਗਏ,
ਯਾ ਮੌਤ ਦੇ ਸਾਯੇ ਦੇ ਫਾਟਕਾਂ ਨੂੰ ਤੈਂ ਵੇਖਿਆ?
18ਕੀ ਤੈਂ ਧਰਤੀ ਦੇ ਵਿਸਤਾਰ ਨੂੰ ਸਮਝ ਲਿਆ ਹੈ?
ਤੂੰ ਦੱਸ, ਜੇ ਤੈਂ ਸਾਰੇ ਦਾ ਸਾਰਾ ਜਾਣ ਲਿਆ ਹੈ!
19ਚਾਨਣ ਦੀ ਵੱਸੋਂ ਦਾ ਰਾਹ ਕਿੱਧਰ ਹੈ,
ਅਤੇ ਅਨ੍ਹੇਰੇ ਦਾ ਅਸਥਾਨ ਕਿੱਥੇ ਹੈ?
20ਤਾਂ ਜੋ ਤੂੰ ਉਹ ਨੂੰ ਉਹ ਦੀਆਂ ਹੱਦਾਂ ਤੀਕ ਪੁਚਾਵੇਂ
ਅਤੇ ਉਹ ਦੇ ਘਰ ਦੇ ਪਹਿਆਂ ਨੂੰ ਸਮਝੇਂ।
21ਤੂੰ ਜਾਣਦਾ ਹੈਂ, ਤੂੰ ਉਸ ਵੇਲੇ ਜੰਮਿਆਂ ਹੋਇਆ ਜੋ ਸੈਂ,
ਅਤੇ ਤੇਰੇ ਦਿਨਾਂ ਦੀ ਗਿਣਤੀ ਬਹੁਤੀ ਹੈ!
22ਕੀ ਤੂੰ ਬਰਫ਼ ਦੇ ਖਜ਼ਾਨਿਆਂ ਕੋਲ ਗਿਆ,
ਅਤੇ ਗੜਿਆਂ ਦੇ ਖ਼ਜ਼ਾਨਿਆਂ ਨੂੰ ਵੇਖਿਆ,
23ਜਿਨ੍ਹਾਂ ਨੇ ਮੈਂ ਦੁਖ ਦੇ ਵੇਲੇ ਲਈ ਬਚਾ ਰੱਖਿਆ ਹੈ,
ਲੜਾਈ ਦੇ ਜੁੱਧ ਦੇ ਦਿਨਾਂ ਲਈ ਵੀ?
24ਚਾਨਣ ਦੀ ਵੰਡ ਦਾ ਰਾਹ ਕਿਹੜਾ ਹੈ,
ਯਾ ਪੂਰੇ ਦੀ ਹਵਾ ਦਾ ਧਰਤੀ ਉੱਤੇ ਖਿਲਾਰਨਾ ਕਿਵੇਂ ਹੈ?
25ਕਿਹ ਨੇ ਹੜ੍ਹਾਂ ਲਈ ਨਾਲੀ ਪੁੱਟੀ,
ਯਾ ਕੜਕਣ ਵਾਲੀ ਬਿਜਲੀ ਲਈ ਰਾਹ ਬਣਾਇਆ,
26ਤਾਂ ਜੋ ਮਨੁੱਖ ਤੋਂ ਖ਼ਾਲੀ ਧਰਤੀ ਉੱਤੇ ਮੀਂਹ ਵਰ੍ਹਾਵੇ,
ਉਜਾੜ ਉੱਤੇ ਜਿੱਥੇ ਕੋਈ ਆਦਮੀ ਨਹੀਂ,
27ਭਈ ਉੱਜੜੇ ਤੇ ਸੁੰਞੇ ਦੇਸ ਨੂੰ ਰਜਾਵੇ,
ਅਤੇ ਹਰਾ ਘਾਹ ਉਗਾਵੇ?।।
28ਮੀਂਹ ਦਾ ਕੋਈ ਪਿਉ ਹੈ,
ਯਾ ਤ੍ਰੇਲ ਦੀਆਂ ਬੂੰਦਾਂ ਕਿਸ ਤੋਂ ਜੰਮੀਆਂ?
29ਕਿਹ ਦੇ ਗਰਭ ਤੋਂ ਬਰਫ਼ ਜੰਮੀ,
ਯਾ ਅਕਾਸ਼ ਦਾ ਕੱਕਰ ਕਿਸ ਤੋਂ ਜੰਮਿਆਂ?
30ਪਾਣੀ ਪੱਥਰ ਵਾਙੁ ਜੰਮ ਜਾਂਦੇ,
ਅਤੇ ਡੁੰਘਿਆਈ ਦੀ ਤਹਿ ਉੱਤੇ ਜਮਾਓ ਹੋ ਜਾਂਦਾ
ਹੈ।।
31ਕੀ ਤੂੰ ਕੱਚਪਚਿਆ ਦੇ ਬੰਦਨਾਂ ਨੂੰ ਬੰਨ੍ਹ ਸੱਕਦਾ,
ਯਾ ਸਪਤ੍ਰਿਖ ਦੇ ਰੱਸਿਆਂ ਨੂੰ ਖੋਲ੍ਹ ਸੱਕਦਾ ਹੈ?
32ਕੀ ਤੂੰ ਰੁੱਤ ਸਿਰ ਮੱਜ਼ਰੋਥ ਨੂੰ ਕੱਢ ਸੱਕਦਾ,
ਯਾ ਜੱਬਾਰ ਦੀ ਉਹ ਦੇ ਬੱਚਿਆਂ ਸਣੇ ਅਗਵਾਈ
ਕਰ ਸੱਕਦਾ ਹੈ?
33ਕੀ ਤੂੰ ਅਕਾਸ਼ ਦੀਆਂ ਬਿਧੀਆਂ ਨੂੰ ਜਾਣਦਾ ਹੈ?
ਕੀ ਤੂੰ ਉਹ ਦਾ ਰਾਜ ਧਰਤੀ ਤੇ ਕਾਇਮ ਕਰ
ਸੱਕਦਾ ਹੈਂ?
34ਕੀ ਤੂੰ ਆਪਣੀ ਅਵਾਜ਼ ਨੂੰ ਬੱਦਲ ਤੀਕ ਉੱਚੀ ਕਰ
ਸੱਕਦਾ ਹੈ,
ਭਈ ਪਾਣੀ ਦੀ ਵਾਫ਼ਰੀ ਤੈਨੂੰ ਕੱਜ ਲਵੇ?
35ਕੀ ਤੂੰ ਬਿਜਲੀਆਂ ਨੂੰ ਘੱਲ ਸੱਕਦਾ ਹੈ ਭਈ ਉਹ
ਚੱਲੀਆਂ ਜਾਣ,
ਅਤੇ ਓਹ ਤੈਨੂੰ ਆਖਣ, "ਅਸੀਂ ਹਾਜਿਰ ਹਾਂ"?
36ਘਟਾਂ ਵਿੱਚ ਬੁੱਧੀ ਕਿਸ ਨੇ ਰੱਖੀ,
ਯਾ ਟੁੱਟਦੇ ਤਾਰੇ ਨੂੰ ਕਿਸ ਨੇ ਸਮਝ ਬਖ਼ਸ਼ੀ?
37ਕੌਣ ਬੱਦਲਾਂ ਨੂੰ ਬੁੱਧੀ ਨਾਲ ਗਿਣ ਸੱਕਦਾ ਹੈ,
ਅਤੇ ਅਕਾਸ਼ ਦੀਆਂ ਮਸ਼ਕਾਂ ਨੂੰ ਕੌਣ ਡੋਹਲ ਸੱਕਦਾ
ਹੈ,
38ਜਦ ਧੂੜ ਮਿਲ ਕੇ ਘਾਣੀ ਬਣ ਜਾਂਦੀ ਹੈ,
ਅਤੇ ਡਲੇ ਘੁਲ ਜਾਂਦੇ ਹਨ?
39ਕੀ ਤੂੰ ਬਬਰ ਸ਼ੇਰ ਲਈ ਸ਼ਿਕਾਰ ਮਾਰ ਸੱਕਦਾ,
ਅਤੇ ਬਬਰ ਸ਼ੇਰ ਦੇ ਬੱਚਿਆਂ ਦੀ ਹਯਾਤੀ ਨੂੰ ਰਜਾ
ਸੱਕਦਾ ਹੈ,
40ਜਦ ਓਹ ਆਪਣੀਆਂ ਖੁੰਧਰਾਂ ਵਿੱਚ ਦੱਬਕੇ ਬੈਠੇ ਹਨ
ਅਤੇ ਅੜਤਲੇ ਵਿੱਚ ਛਹਿ ਲਾ ਕੇ
ਰਹਿੰਦੇ ਹਨ?
41ਕੌਣ ਪਹਾੜੀ ਕਾਂ ਲਈ ਉਹ ਦਾ ਚੋਗਾ ਤਿਆਰ
ਕਰਦਾ ਹੈ,
ਜਦ ਉਹ ਦੇ ਬੱਚੇ ਪਰਮੇਸ਼ੁਰ ਅੱਗੇ ਚਿੱਲਾਉਂਦੇ ਹਨ,
ਅਤੇ ਉਹ ਖਾਜੇ ਤੋਂ ਬਿਨਾ ਭੌਂਦੇ ਫਿਰਦੇ ਹਨ?।।
Currently Selected:
ਅੱਯੂਬ 38: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.