YouVersion Logo
Search Icon

ਯੂਹੰਨਾ 20

20
ਪ੍ਰਭੁ ਦਾ ਜੀ ਉੱਠਣਾ
1ਹਫ਼ਤੇ ਦੇ ਪਹਿਲੇ ਦਿਨ ਮਰਿਯਮ ਮਗਦਲੀਨੀ ਤੜਕੇ ਜਦੋਂ ਅਨ੍ਹੇਰਾ ਹੀ ਸੀ ਕਬਰ ਉੱਤੇ ਆਈ ਅਰ ਪੱਥਰ ਨੂੰ ਕਬਰ ਉੱਤੋਂ ਸਰਕਾਇਆ ਹੋਇਆ ਵੇਖਿਆ 2ਤਾਂ ਉਹ ਸ਼ਮਊਨ ਪਤਰਸ ਅਤੇ ਉਸ ਦੂਜੇ ਚੇਲੇ ਦੇ ਕੋਲ ਜਿਹ ਨੂੰ ਯਿਸੂ ਤੇਹ ਕਰਦਾ ਸੀ ਭੱਜ ਆਈ ਅਤੇ ਉਨ੍ਹਾਂ ਨੂੰ ਆਖਿਆ, ਪ੍ਰਭੁ ਨੂੰ ਕਬਰ ਵਿੱਚੋਂ ਕੱਢ ਲੈ ਗਏ ਅਤੇ ਸਾਨੂੰ ਪਤਾ ਨਹੀਂ ਭਈ ਉਹ ਨੂੰ ਕਿੱਥੇ ਰੱਖਿਆ! 3ਉਪਰੰਤ ਪਤਰਸ ਅਰ ਦੂਜਾ ਚੇਲਾ ਨਿੱਕਲੇ ਅਤੇ ਕਬਰ ਦੀ ਵੱਲ ਗਏ 4ਅਰ ਓਹ ਦੋਵੇਂ ਇਕੱਠੇ ਭੱਜੇ ਪਰ ਦੂਆ ਚੇਲਾ ਪਤਰਸ ਨਾਲੋਂ ਛੇਤੀ ਭੱਜ ਕੇ ਅੱਗੇ ਲੰਘ ਗਿਆ ਅਤੇ ਕਬਰ ਕੋਲ ਪਹਿਲਾਂ ਆਇਆ 5ਅਤੇ ਉਹ ਨੇ ਨਿਉਂ ਕੇ ਜਾਂ ਝਾਤੀ ਮਾਰੀ ਤਾਂ ਕਤਾਨੀ ਕੱਪੜੇ ਪਏ ਹੋਏ ਡਿੱਠੇ ਪਰ ਉਹ ਅੰਦਰ ਨਾ ਗਿਆ 6ਤਦ ਸ਼ਮਊਨ ਪਤਰਸ ਵੀ ਉਹ ਦੇ ਮਗਰੋਂ ਆ ਪੁੱਜਿਆ ਅਤੇ ਕਬਰ ਦੇ ਅੰਦਰ ਜਾ ਕੇ ਕੀ ਵੇਖਦਾ ਹੈ ਜੋ ਕਤਾਨੀ ਕੱਪੜੇ ਪਏ ਹੋਏ ਹਨ 7ਅਤੇ ਉਹ ਰੁਮਾਲ ਜਿਹੜਾ ਉਸ ਦੇ ਸਿਰ ਉੱਤੇ ਬੱਧਾ ਹੋਇਆ ਸੀ ਉਨ੍ਹਾਂ ਕਤਾਨੀ ਕੱਪੜਿਆ ਨਾਲ ਹੈ ਨਹੀਂ ਪਰ ਵਲ੍ਹੇਟਿਆ ਹੋਇਆ ਇੱਕ ਥਾਂ ਵੱਖਰਾ ਪਿਆ ਹੈ 8ਸੋ ਤਦ ਉਹ ਦੂਆ ਚੇਲਾ ਵੀ ਜੋ ਕਬਰ ਉੱਤੇ ਪਹਿਲਾਂ ਆਇਆ ਸੀ ਅੰਦਰ ਗਿਆ ਅਤੇ ਉਹ ਨੇ ਵੇਖ ਕੇ ਪਰਤੀਤ ਕੀਤੀ 9ਕਿਉਂ ਜੋ ਉਨ੍ਹਾਂ ਅਜੇ ਇਸ ਲਿਖਤ ਦਾ ਅਰਥ ਨਹੀਂ ਸਮਝਿਆ ਸੀ ਭਈ ਉਸ ਨੇ ਮੁਰਦਿਆਂ ਵਿੱਚੋਂ ਜੀ ਉੱਠਣਾ ਹੈ 10ਤਾਂ ਓਹ ਚੇਲੇ ਆਪਣੇ ਘਰ ਨੂੰ ਫਿਰ ਮੁੜ ਗਏ।। 11ਪਰ ਮਰਿਯਮ ਬਾਹਰ ਕਬਰ ਉੱਤੇ ਰੋਂਦੀ ਖੜੀ ਰਹੀ। ਸੋ ਰੋਂਦੀ ਰੋਂਦੀ ਉਸ ਨੇ ਨਿਉਂ ਕੇ ਜਾਂ ਕਬਰ ਵਿੱਚ ਝਾਤੀ ਮਾਰੀ 12ਤਾਂ ਕੀ ਵੇਖਦੀ ਹੈ ਜੋ ਦੋ ਦੂਤ ਚਿੱਟਾ ਪਹਿਰਾਵਾ ਪਹਿਨੇ ਹੋਏ ਇੱਕ ਸਿਰਹਾਣੇ ਅਤੇ ਦੂਜਾ ਪੁਆਂਦੀ ਜਿੱਥੇ ਯਿਸੂ ਦੀ ਲੋਥ ਪਈ ਸੀ ਬੈਠੇ ਹਨ 13ਅਤੇ ਉਨ੍ਹਾਂ ਉਸ ਨੂੰ ਆਖਿਆ,ਹੇ ਬੀਬੀ, ਤੂੰ ਕਿਉਂ ਰੋਂਦੀ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਇਸ ਲਈ ਜੋ ਮੇਰੇ ਪ੍ਰਭੁ ਨੂੰ ਲੈ ਗਏ ਅਤੇ ਮੈਨੂੰ ਪਤਾ ਨਹੀਂ ਜੋ ਉਹ ਨੂੰ ਕਿੱਥੇ ਰੱਖਿਆ 14ਇਹ ਕਹਿ ਕੇ ਉਹ ਪਿੱਛੇ ਮੁੜੀ ਅਤੇ ਯਿਸੂ ਨੂੰ ਖਲੋਤਾ ਵੇਖਿਆ ਅਰ ਨਾ ਸਿਆਤਾ ਭਈ ਇਹ ਯਿਸੂ ਹੈ 15ਯਿਸੂ ਨੇ ਉਸ ਨੂੰ ਕਿਹਾ, ਹੇ ਬੀਬੀ ਤੂੰ ਕਿਉਂ ਰੋਂਦੀ ਹੈਂ ? ਕਿਹ ਨੂੰ ਭਾਲਦੀ ਹੈਂ? ਉਸ ਨੇ ਇਹ ਜਾਣ ਕੇ ਜੋ ਇਹ ਬਾਗਵਾਨ ਹੈ ਉਹ ਨੂੰ ਆਖਿਆ, ਮਹਾਰਾਜ ਜੇ ਉਹ ਨੂੰ ਤੂੰ ਲੈ ਗਿਆ ਹੈਂ ਤਾਂ ਮੈਨੂੰ ਦੱਸ ਭਈ ਤੈਂ ਉਹ ਨੂੰ ਕਿੱਥੇ ਰੱਖਿਆ ਹੈ ਅਤੇ ਮੈਂ ਉਹ ਨੂੰ ਲੈ ਜਾਵਾਂਗੀ 16ਯਿਸੂ ਨੇ ਉਸ ਨੂੰ ਕਿਹਾ, ਹੇ ਮਰਿਯਮ! ਉਸ ਨੇਫਿਰ ਕੇ ਉਹ ਨੂੰ ਇਬਰਾਨੀ ਭਾਖਿਆ ਵਿੱਚ ਕਿਹਾ, ਹੇ ਰੱਬੋਨੀ! ਅਰਥਾਤ ਹੇ ਗੁਰੂ! 17ਯਿਸੂ ਨੇ ਉਸ ਨੂੰ ਆਖਿਆ, ਮੈਨੂੰ ਨਾ ਛੋਹ ਕਿਉਂ ਜੋ ਮੈਂ ਅਜੇ ਪਿਤਾ ਦੇ ਕੋਲ ਉੱਪਰ ਨਹੀਂ ਗਿਆ ਹਾਂ ਪਰ ਮੇਰੇ ਭਰਾਵਾਂ ਕੋਲ ਜਾਹ ਅਤੇ ਉਨ੍ਹਾਂ ਨੂੰ ਆਖ ਭਈ ਮੈਂ ਉੱਪਰ ਆਪਣੇ ਪਿਤਾ ਅਰ ਤੁਹਾਡੇ ਪਿਤਾ ਕੋਲ ਅਤੇ ਆਪਣੇ ਪਰਮੇਸ਼ੁਰ ਅਤੇ ਤੁਹਾਡੇ ਪਰਮੇਸ਼ੁਰ ਕੋਲ ਜਾਂਦਾ ਹਾਂ 18ਮਰਿਯਮ ਮਗਦਲੀਨੀ ਆਈ ਅਤੇ ਚੇਲਿਆਂ ਨੂੰ ਕਿਹਾ, ਮੈਂ ਪ੍ਰਭੁ ਨੂੰ ਵੇਖਿਆ ਹੈ ਅਤੇ ਓਨ ਮੈਨੂੰ ਇਹ ਬਚਨ ਕਹੇ!।। 19ਫੇਰ ਉਸੇ ਦਿਨ ਜੋ ਹਫਤੇ ਦਾ ਪਹਿਲਾ ਦਿਨ ਸੀ ਜਾਂ ਸੰਝ ਹੋਈ ਤਾਂ ਜਿੱਥੇ ਓਹ ਚੇਲੇ ਸਨ ਅਰ ਯਹੂਦੀਆਂ ਦੇ ਡਰ ਦੇ ਮਾਰੇ ਬੂਹੇ ਵੱਜੇ ਹੋਏ ਸਨ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ! 20ਇਹ ਕਹਿ ਕੇ ਉਨ ਆਪਣੇ ਹੱਥ ਅਰ ਵੱਖੀ ਉਨ੍ਹਾਂ ਨੂੰ ਵਿਖਾਲੀ । ਤਾਂ ਚੇਲੇ ਪ੍ਰਭੁ ਨੂੰ ਵੇਖ ਕੇ ਨਿਹਾਲ ਹੋਏ! 21ਤਦ ਯਿਸੂ ਨੇ ਫੇਰ ਉਨ੍ਹਾਂ ਨੂੰ ਆਖਿਆ, ਤੁਹਾਡੀ ਸ਼ਾਂਤੀ ਹੋਵੇ! ਜਿਵੇਂ ਪਿਤਾ ਨੇ ਮੈਨੂੰ ਘੱਲਿਆ ਹੈ ਤਿਵੇਂ ਮੈਂ ਵੀ ਤੁਹਾਨੂੰ ਘੱਲਦਾ ਹਾਂ 22ਉਸ ਨੇ ਇਹ ਕਹਿ ਕੇ ਉਨ੍ਹਾਂ ਉੱਤੇ ਫੂਕ ਮਾਰੀ ਅਤੇ ਕਿਹਾ, ਤੁਸੀਂ ਪਵਿੱਤ੍ਰ ਆਤਮਾ ਲਓ 23ਜਿਨ੍ਹਾਂ ਦੇ ਪਾਪ ਤੁਸੀਂ ਮਾਫ਼ ਕਰੋ ਓਹ ਉਨ੍ਹਾਂ ਨੂੰ ਮਾਫ਼ ਕੀਤੇ ਜਾਂਦੇ ਹਨ ਅਰ ਜਿਨ੍ਹਾਂ ਦੇ ਤੁਸੀਂ ਕਾਇਮ ਰੱਖੋ ਉਨ੍ਹਾਂ ਦੇ ਕਾਇਮ ਰਹੇ ਹਨ।।
24ਪਰ ਉਨ੍ਹਾਂ ਬਾਰਾਂ ਵਿੱਚੋਂ ਥੋਮਾ ਜਿਹੜਾ ਦੀਦੁਮੁਸ ਕਰਕੇ ਸੱਦੀਦਾ ਹੈ ਜਾਂ ਯਿਸੂ ਆਇਆ ਤਾਂ ਉਹ ਉਨ੍ਹਾਂ ਦੇ ਨਾਲ ਨਾ ਸੀ 25ਤਦ ਹੋਰਨਾਂ ਚੇਲਿਆਂ ਨੇ ਉਸ ਨੂੰ ਕਿਹਾ, ਅਸਾਂ ਪ੍ਰਭੁ ਨੂੰ ਵੇਖਿਆ ਹੈ! ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਜਿੰਨਾ ਚਿਰ ਮੈਂ ਉਹ ਦੇ ਹੱਥਾਂ ਵਿੱਚ ਕਿੱਲਾਂ ਦਾ ਨਿਸ਼ਾਨ ਨਾ ਵੇਖਾਂ ਅਤੇ ਕਿੱਲਾਂ ਦੇ ਨਿਸ਼ਾਨ ਵਿੱਚ ਆਪਣੀ ਉਂਗਲ ਨਾ ਵਾੜਾਂ ਅਰ ਉਹ ਦੀ ਵੱਖੀ ਵਿੱਚ ਆਪਣਾ ਹੱਥ ਨਾ ਵਾੜਾਂ ਉੱਨਾ ਚਿਰ ਮੈਂ ਕਦੇ ਸਤ ਨਾ ਮੰਨਾਂਗਾ।।
26ਅੱਠਾਂ ਦਿਨਾਂ ਪਿੱਛੋਂ ਉਹ ਦੇ ਚੇਲੇ ਫੇਰ ਅੰਦਰ ਸਨ ਅਤੇ ਥੋਮਾ ਉਨ੍ਹਾਂ ਦੇ ਨਾਲ ਸੀ । ਬੂਹੇ ਵੱਜੇ ਹੋਏ ਯਿਸੂ ਆਇਆ ਅਤੇ ਵਿਚਕਾਰ ਖਲੋ ਕੇ ਬੋਲਿਆ, ਤੁਹਾਡੀ ਸ਼ਾਂਤੀ ਹੋਵੇ 27ਫੇਰ ਉਹ ਨੇ ਥੋਮਾ ਨੂੰ ਆਖਿਆ, ਆਪਣੀ ਉਂਗਲ ਉਰੇ ਕਰ ਅਤੇ ਮੇਰੇ ਹੱਥਾਂ ਨੂੰ ਵੇਖ ਅਰ ਆਪਣਾ ਹੱਥ ਉਰੇ ਕਰ ਕੇ ਮੇਰੀ ਵੱਖੀ ਵਿੱਚ ਵਾੜ ਅਤੇ ਬੇਪਰਤੀਤਾ ਨਾ ਹੋ ਸਗੋਂ ਪਰਤੀਤਮਾਨ ਹੋ 28ਥੋਮਾ ਨੇ ਉਹ ਨੂੰ ਉੱਤਰ ਦਿੱਤਾ, ਹੇ ਮੇਰੇ ਪ੍ਰਭੁ ਅਤੇ ਮੇਰੇ ਪਰਮੇਸ਼ੁਰ! 29ਯਿਸੂ ਨੇ ਉਸ ਨੂੰ ਆਖਿਆ, ਤੈਂ ਜੋ ਮੈਨੂੰ ਵੇਖਿਆ ਇਸੇ ਕਰਕੇ ਪਰਤੀਤ ਕੀਤੀ ਹੈ? ਧੰਨ ਉਹ ਜਿੰਨ੍ਹਾਂ ਨਹੀਂ ਵੇਖਿਆ ਤਾਂ ਵੀ ਪਰਤੀਤ ਕਰਦੇ ਹਨ।।
30ਯਿਸੂ ਨੇ ਹੋਰ ਵੀ ਬਾਹਲੇ ਨਿਸ਼ਾਨ ਚੇਲਿਆਂ ਦੇ ਸਾਹਮਣੇ ਵਿਖਾਏ ਜੋ ਇਸ ਪੁਸਤਕ ਵਿੱਚ ਨਹੀਂ ਲਿਖੇ ਗਏ 31ਪਰ ਏਹ ਇਸ ਲਈ ਲਿਖੇ ਗਏ ਭਈ ਤੁਸੀਂ ਪਰਤੀਤ ਕਰੋ ਕਿ ਯਿਸੂ ਜਿਹੜਾ ਹੈ ਉਹੋ ਮਸੀਹ ਪਰਮੇਸ਼ੁਰ ਦਾ ਪੁੱਤ੍ਰ ਹੈ, ਨਾਲੇ ਪਰਤੀਤ ਕਰ ਕੇ ਉਹ ਦੇ ਨਾਮ ਤੋਂ ਜੀਉਣ ਨੂੰ ਪ੍ਰਾਪਤ ਕਰੋ।।

Highlight

Share

Copy

None

Want to have your highlights saved across all your devices? Sign up or sign in