YouVersion Logo
Search Icon

ਯਿਰਮਿਯਾਹ 35

35
ਰੇਕਾਬੀਆਂ ਦਾ ਨਮੂਨਾ
1ਉਹ ਬਚਨ ਜਿਹੜਾ ਯਹੋਵਾਹ ਵੱਲੋਂ ਯਿਰਮਿਯਾਹ ਨੂੰ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਦਿਨਾਂ ਵਿੱਚ ਆਇਆ ਕਿ 2ਤੂੰ ਰੇਕਾਬੀਆਂ ਦੇ ਘਰ ਜਾਹ ਅਤੇ ਓਹਨਾਂ ਨਾਲ ਗੱਲ ਕਰ ਅਤੇ ਓਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਮਧ ਪਿਲਾ 3ਤਾਂ ਮੈਂ ਹਬੱਸਿਨਯਾਹ ਦੇ ਪੋਤੇ ਯਿਰਮਿਯਾਹ ਦੇ ਪੁੱਤ੍ਰ ਯਅਜ਼ਨਯਾਹ ਨੂੰ ਅਤੇ ਉਸ ਦੇ ਭਰਾਵਾਂ ਅਤੇ ਉਸ ਦੇ ਸਾਰੇ ਪੁੱਤ੍ਰਾਂ ਨੂੰ ਅਤੇ ਰੇਕਾਬੀਆਂ ਦੇ ਸਾਰੇ ਘਰਾਣੇ ਨੂੰ ਲਿਆ 4ਅਤੇ ਓਹਨਾਂ ਨੂੰ ਯਹੋਵਾਹ ਦੇ ਭਵਨ ਵਿੱਚ ਪਰਮੇਸ਼ੁਰ ਦੇ ਇੱਕ ਜਨ ਯਿਗਦਲਯਾਹ ਦੇ ਪੁੱਤ੍ਰ ਹਾਨਾਨ ਦੇ ਪੁੱਤ੍ਰਾਂ ਦੀ ਕੋਠੜੀ ਵਿੱਚ ਲਿਆਂਦਾ ਜਿਹੜੀ ਸਰਦਾਰਾਂ ਦੀ ਕੋਠੜੀ ਦੇ ਲਾਗੇ ਸੀ ਅਤੇ ਜਿਹੜੀ ਸ਼ੱਲੁਮ ਦੇ ਪੁੱਤ੍ਰ ਮਆਸੇਯਾਹ ਡੇਉੜ੍ਹੀ ਦੇ ਰਾਖੇ ਦੀ ਕੋਠੜੀ ਦੇ ਉੱਤੇ ਸੀ 5ਤਾਂ ਮੈਂ ਰੇਕਾਬੀਆਂ ਦੇ ਘਰਾਣੇ ਦੇ ਪੁੱਤ੍ਰਾਂ ਅੱਗੇ ਮਧ ਨਾਲ ਭਰ ਕੇ ਕਟੋਰੇ ਅਤੇ ਕੌਲ ਰੱਖੇ ਅਤੇ ਓਹਨਾਂ ਨੂੰ ਆਖਿਆ, ਮਧ ਪੀਓ 6ਪਰ ਓਹਨਾਂ ਆਖਿਆ, ਅਸੀਂ ਮਧ ਨਹੀਂ ਪੀਵਾਂਗੇ ਕਿਉਂ ਜੋ ਸਾਡੇ ਪਿਤਾ ਰੇਕਾਬ ਦੇ ਪੁੱਤ੍ਰ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਸਦਾ ਤੀਕ ਮਧ ਨਾ ਪੀਓ, ਨਾ ਤੁਸੀਂ ਨਾ ਤੁਹਾਡੇ ਪੁੱਤ੍ਰ 7ਨਾ ਘਰ ਬਣਾਓ, ਨਾ ਬੀ ਬੀਜੋ, ਨਾ ਅੰਗੂਰੀ ਬਾਗ ਲਾਓ, ਨਾ ਆਪਣੇ ਕੋਲ ਰੱਖੋ, ਸਗੋਂ ਆਪਣੇ ਸਾਰੇ ਦਿਨ ਤੰਬੂਆਂ ਵਿੱਚ ਵੱਸੋ, ਏਸ ਲਈ ਭਈ ਤੁਸੀਂ ਉਸ ਭੂਮੀ ਉੱਤੇ ਬਹੁਤ ਦਿਨ ਜੀਉਂਦੇ ਰਹੋ ਜਿੱਥੇ ਤੁਸੀਂ ਪਰਦੇਸੀ ਹੋਵੋਗੇ 8ਅਸਾਂ ਆਪਣੇ ਪਿਤਾ ਰੇਕਾਬ ਦੇ ਪੁੱਤ੍ਰ ਯੋਨਾਦਾਬ ਦੀ ਅਵਾਜ਼ ਸਾਰੀਆਂ ਗੱਲਾਂ ਵਿੱਚ ਸੁਣੀ ਜਿਸ ਨੇ ਸਾਨੂੰ ਹੁਕਮ ਦਿੱਤਾ ਸੀ ਕਿ ਆਪਣੇ ਸਾਰੇ ਦਿਨ ਮਧ ਨਾ ਪੀਓ, ਨਾ ਤੁਸੀਂ, ਨਾ ਤੁਹਾਡੀਆਂ ਤੀਵੀਆਂ ਨਾ ਤੁਹਾਡੇ ਪੁੱਤ੍ਰ ਨਾ ਤੁਹਾਡੀਆਂ ਧੀਆਂ 9ਨਾ ਵੱਸਣ ਲਈ ਘਰ ਬਣਾਓ ਅਤੇ ਅਸੀਂ ਨਾ ਬਾਗ ਨਾ ਖੇਤ ਨਾ ਬੀ ਆਪਣੇ ਕੋਲ ਰੱਖਦੇ ਹਾਂ 10ਅਸੀਂ ਤੰਬੂਆਂ ਵਿੱਚ ਵੱਸੇ ਹਾਂ ਅਤੇ ਅਸਾਂ ਸਭ ਕੁਝ ਓਵੇਂ ਮੰਨਿਆ ਅਤੇ ਕੀਤਾ ਜਿਵੇਂ ਸਾਡੇ ਪਿਤਾ ਯੋਨਾਦਾਬ ਨੇ ਸਾਨੂੰ ਹੁਕਮ ਦਿੱਤਾ 11ਜਦ ਬਾਬਲ ਦਾ ਪਾਤਸ਼ਾਹ ਨਬੂਕਦਰੱਸਰ ਏਸ ਦੇਸ ਉੱਤੇ ਚੜ੍ਹ ਆਇਆ ਤਦ ਅਸਾਂ ਆਖਿਆ, ਆਓ, ਅਸੀਂ ਕਸਦੀਆਂ ਦੀ ਫੌਜ ਦੇ ਕਾਰਨ ਅਤੇ ਅਰਾਮੀਆਂ ਦੀ ਫੌਜ ਦੇ ਕਾਰਨ ਯਰੂਸ਼ਲਮ ਨੂੰ ਚੱਲੀਏ, ਸੋ ਅਸੀਂ ਯਰੂਸ਼ਲਮ ਵਿੱਚ ਵੱਸ ਗਏ।।
12ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ 13ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਜਾਹ ਅਤੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੂੰ ਤੂੰ ਆਖ, ਕੀ ਤੁਸੀਂ ਸਿੱਖਿਆ ਨਾ ਲਓਗੇ ਭਈ ਮੇਰੀਆਂ ਗੱਲਾਂ ਸੁਣੋਗੇ? ਯਹੋਵਾਹ ਦਾ ਵਾਕ ਹੈ 14ਰੇਕਾਬ ਦੇ ਪੁੱਤ੍ਰ ਯੋਨਾਦਾਬ ਦੀਆਂ ਗੱਲਾਂ ਕਾਇਮ ਰੱਖੀਆਂ ਗਈਆਂ ਜਿਹ ਨੇ ਆਪਣੇ ਪੁੱਤ੍ਰਾਂ ਨੂੰ ਹੁਕਮ ਦਿੱਤਾ ਕਿ ਮਧ ਨਾ ਪੀਣੀ। ਓਹਨਾਂ ਨੇ ਅੱਜ ਦੇ ਦਿਨ ਤੀਕ ਨਹੀਂ ਪੀਤੀ ਕਿਉਂ ਜੋ ਓਹਨਾਂ ਨੇ ਆਪਣੇ ਪਿਤਾ ਦਾ ਹੁਕਮ ਮੰਨਿਆ। ਮੈਂ ਤੁਹਾਡੇ ਨਾਲ ਗੱਲ ਕੀਤੀ, ਸਗੋਂ ਜਤਨ ਨਾਲ ਗੱਲ ਕੀਤੀ, ਪਰ ਤੁਸਾਂ ਮੇਰੇ ਨਾ ਸੁਣੀ 15ਤਾਂ ਮੈਂ ਆਪਣੇ ਸਾਰੇ ਦਾਸਾਂ ਨੂੰ ਆਪਣੇ ਨਬੀਆਂ ਨੂੰ ਤੁਹਾਡੇ ਕੋਲ ਘੱਲਿਆ, ਸਗੋਂ ਜਤਨ ਨਾਲ ਘੱਲਿਆ ਅਤੇ ਆਖਿਆ ਕਿ ਹਰ ਮਨੁੱਖ ਆਪਣੇ ਬੁਰੇ ਮਾਰਗ ਤੋਂ ਮੁੜੇ ਅਤੇ ਆਪਣੇ ਕਰਤੱਬਾਂ ਨੂੰ ਠੀਕ ਕਰੇ ਅਤੇ ਦੂਜੇ ਦਿਓਤਿਆਂ ਦੇ ਪਿੱਛੇ ਨਾ ਚੱਲੇ ਭਈ ਓਹਨਾਂ ਦੀ ਪੂਜਾ ਕਰੇ, ਤਾਂ ਤੁਸੀਂ ਉਸ ਭੂਮੀ ਵਿੱਚ ਜਿਹੜੀ ਮੈਂ ਤੁਹਾਨੂੰ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਦਿੱਤੀ ਵੱਸੋਗੇ, ਪਰ ਨਾ ਤੁਸੀਂ ਆਪਣਾ ਕੰਨ ਲਾਇਆ ਅਤੇ ਨਾ ਮੇਰੀ ਸੁਣੀ 16ਰੇਕਾਬ ਦੇ ਪੁੱਤ੍ਰ ਯੋਨਾਦਾਬ ਦੇ ਪੁੱਤ੍ਰਾਂ ਨੇ ਤਾਂ ਆਪਣੇ ਪਿਤਾ ਦਾ ਹੁਕਮ ਕਾਇਮ ਰੱਖਿਆ ਪਰ ਏਹਨਾਂ ਲੋਕਾਂ ਨੇ ਮੇਰਾ ਹੁਕਮ ਨਾ ਮੰਨਿਆ 17ਏਸ ਲਈ ਯਹੋਵਾਹ ਸੈਨਾਂ ਦਾ ਪਰਮੇਸ਼ੁਰ ਅਤੇ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਵੇਖ, ਮੈਂ ਯਹੂਦਾਹ ਉੱਤੇ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਉੱਤੇ ਉਹ ਸਾਰੀ ਬੁਰਿਆਈ ਜਿਹੜੀ ਮੈਂ ਓਹਨਾਂ ਦੇ ਵਿਰੁੱਧ ਆਖੀ ਹੈ ਲਿਆਵਾਂਗਾ, ਕਿਉਂ ਜੋ ਮੈਂ ਓਹਨਾਂ ਨਾਲ ਗੱਲ ਕੀਤੀ ਪਰ ਓਹਨਾਂ ਨੇ ਸੁਣੀ ਨਹੀਂ, ਮੈਂ ਓਹਨਾਂ ਨੂੰ ਪੁਕਾਰਿਆ ਪਰ ਓਹਨਾਂ ਉੱਤਰ ਨਾ ਦਿੱਤਾ।।
18ਰੇਕਾਬੀਆਂ ਦੇ ਘਰਾਣੇ ਨੂੰ ਯਿਰਮਿਯਾਹ ਨੇ ਆਖਿਆ, ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ, - ਏਸ ਲਈ ਜੋ ਤੁਸਾਂ ਆਪਣੇ ਪਿਤਾ ਯੋਨਾਦਾਬ ਦਾ ਹੁਕਮ ਮੰਨਿਆ ਅਤੇ ਉਸ ਦੇ ਸਾਰਿਆਂ ਹੁਕਮਾਂ ਦੀ ਪਾਲਨਾ ਕੀਤੀ ਅਤੇ ਉਹ ਸਭ ਕੁਝ ਕੀਤਾ ਜਿਸ ਦਾ ਉਸ ਨੇ ਤੁਹਾਨੂੰ ਹੁਕਮ ਦਿੱਤਾ ਸੀ 19ਏਸ ਲਈ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਆਖਦਾ ਹੈ ਕਿ ਸਾਰੇ ਦਿਨਾਂ ਤੀਕ ਮੇਰੇ ਸਨਮੁਖ ਖੜੇ ਹੋਣ ਲਈ ਰੇਕਾਬ ਦੇ ਪੁੱਤ੍ਰ ਯੋਨਾਦਾਬ ਲਈ ਮਨੁੱਖ ਦੀ ਥੁੜ ਨਾ ਹੋਵੇਗੀ।।

Highlight

Share

Copy

None

Want to have your highlights saved across all your devices? Sign up or sign in

Video for ਯਿਰਮਿਯਾਹ 35