ਯਿਰਮਿਯਾਹ 29
29
ਅਸੀਰਾਂ ਲਈ ਯਿਰਮਿਯਾਹ ਦੀ ਪੱਤ੍ਰੀ
1ਏਹ ਉਸ ਪੱਤ੍ਰੀ ਦੀਆਂ ਗੱਲਾਂ ਹਨ ਜਿਹੜੀ ਯਿਰਮਿਯਾਹ ਨਬੀ ਨੇ ਯਰੂਸ਼ਲਮ ਤੋਂ ਅਸੀਰੀ ਦੇ ਰਹਿੰਦੇ ਬਜ਼ੁਰਗਾਂ, ਜਾਜਕਾਂ ਨਬੀਆਂ ਅਤੇ ਸਾਰੇ ਲੋਕਾਂ ਨੂੰ ਘੱਲੀ ਜਿਨ੍ਹਾਂ ਨੂੰ ਨਬੂਕਦਰੱਸਰ ਯਰੂਸ਼ਲਮ ਵਿੱਚੋਂ ਬਾਬਲ ਨੂੰ ਅਸੀਰ ਕਰ ਕੇ ਲੈ ਗਿਆ 2ਏਸ ਤੋਂ ਪਿੱਛੇ ਕਿ ਯਕਾਨਯਾਹ ਪਾਤਸ਼ਾਹ, ਰਾਜ ਮਾਤਾ, ਤੇ ਖੁਸਰੇ ਤੇ ਸਰਦਾਰ, ਲੋਹਾਰ ਤੇ ਤਰਖਾਣ ਯਹੂਦਾਹ ਤੇ ਯਰੂਸ਼ਲਮ ਵਿੱਚੋਂ ਨਿੱਕਲ ਗਏ ਸਨ 3ਉਸ ਨੇ ਸ਼ਾਫਾਨ ਦੇ ਪੁੱਤ੍ਰ ਅਲਆਸਾਹ ਅਤੇ ਹਿਲਕੀਯਾਹ ਦੇ ਪੁੱਤ੍ਰ ਗਮਰਯਾਹ ਦੇ ਹੱਥੀਂ ਏਹ ਪੱਤ੍ਰੀ ਘੱਲੀ ਜਿਨ੍ਹਾਂ ਨੂੰ ਯਹੂਦਾਹ ਦੇ ਪਾਤਸ਼ਾਹ ਸਿਦਕੀਯਾਹ ਨੇ ਬਾਬਲ ਵਿੱਚ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਕੋਲ ਘੱਲਿਆ 4ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਓਹਨਾਂ ਸਾਰਿਆਂ ਅਸੀਰਾਂ ਨੂੰ ਜਿਨ੍ਹਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਅਸੀਰ ਕਰ ਕੇ ਬਾਬਲ ਨੂੰ ਘੱਲਿਆ ਹੈ ਐਉਂ ਫ਼ਰਮਾਉਂਦਾ ਹੈ, - 5ਤੁਸੀਂ ਘਰ ਬਣਾਓ ਅਤੇ ਓਹਨਾਂ ਵਿੱਚ ਵੱਸੋ ਅਤੇ ਬਾਗ ਲਾਓ ਅਤੇ ਓਹਨਾਂ ਦੇ ਮੇਵੇ ਖਾਓ 6ਤੁਸੀਂ ਤੀਵੀਆਂ ਵਿਆਹੋ ਅਤੇ ਪੁੱਤ੍ਰ ਧੀਆਂ ਪੈਦਾ ਕਰੋ ਅਤੇ ਆਪਣੇ ਪੁੱਤ੍ਰਾਂ ਲਈ ਤੀਵੀਆਂ ਵਿਆਹੋ ਅਤੇ ਆਪਣੀਆਂ ਧੀਆਂ ਨੂੰ ਮਨੁੱਖਾਂ ਨੂੰ ਦਿਓ ਕਿ ਓਹ ਪੁੱਤ੍ਰ ਧੀਆਂ ਜਣਨ ਅਤੇ ਉੱਥੇ ਤੁਸੀਂ ਵੱਧ ਜਾਓ ਅਤੇ ਘਟੋ ਨਾ 7ਅਤੇ ਉਸ ਸ਼ਹਿਰ ਲਈ ਸ਼ਾਂਤੀ ਭਾਲੋ ਜਿੱਥੇ ਮੈਂ ਤੁਹਾਨੂੰ ਅਸੀਰ ਕਰ ਕੇ ਘੱਲਿਆ ਹੈ ਅਤੇ ਉਸ ਦੇ ਕਾਰਨ ਯਹੋਵਾਹ ਅੱਗੇ ਪ੍ਰਾਰਥਨਾ ਕਰੋ ਕਿਉਂ ਜੋ ਉਹ ਦੀ ਸ਼ਾਂਤੀ ਵਿੱਚ ਤੁਹਾਡੀ ਸ਼ਾਂਤੀ ਹੈ 8ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ ਕਿ ਤੁਹਾਡੇ ਨਬੀ ਜਿਹੜੇ ਤੁਹਾਡੇ ਵਿੱਚ ਹਨ ਅਤੇ ਤੁਹਾਡੇ ਫ਼ਾਲ ਪਾਉਣ ਵਾਲੇ ਜਿਹੜੇ ਕੁਰਾਹੇ ਨਾ ਪਾਉਣ ਅਤੇ ਆਪਣੇ ਸੁਫ਼ਨੇ ਜਿਹੜੇ ਤੁਸੀਂ ਵੇਖਦੇ ਹੋ ਨਾ ਮੰਨੋ 9ਕਿਉਂ ਜੋ ਓਹ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ, ਮੈਂ ਓਹਨਾਂ ਨੂੰ ਨਹੀ ਘੱਲਿਆ, ਯਹੋਵਾਹ ਦਾ ਵਾਕ ਹੈ।।
10ਯਹੋਵਾਹ ਐਉਂ ਫ਼ਰਮਾਉਂਦਾ ਹੈ ਕਿ ਜਦ ਬਾਬਲ ਲਈ ਸੱਤਰ ਵਰ੍ਹੇ ਪੂਰੇ ਹੋ ਜਾਣਗੇ ਮੈਂ ਤੁਹਾਡੀ ਘ਼ਬਰ ਲਵਾਂਗਾ ਅਤੇ ਮੈਂ ਤੁਹਾਨੂੰ ਏਸ ਏਸਥਾਨ ਉੱਤੇ ਫੇਰ ਲਿਆ ਕੇ ਆਪਣੀ ਭਲਿਆਈ ਦੀ ਗੱਲ ਪੂਰੀ ਕਰਾਂਗਾ 11ਮੈਂ ਤਾਂ ਆਪਣੀਆਂ ਸੋਚਾਂ ਨੂੰ ਜਿਹੜੀਆਂ ਤੁਹਾਡੇ ਵਿਖੇ ਸੋਚਦਾ ਹਾਂ ਜਾਣਦਾ ਹਾਂ, ਯਹੋਵਾਹ ਦਾ ਵਾਕ ਹੈ, ਸ਼ਾਂਤੀ ਦੀਆਂ ਸੋਚਾਂ, ਬੁਰਿਆਈ ਦੀਆਂ ਨਹੀਂ ਭਈ ਮੈਂ ਤੁਹਾਨੂੰ ਛੇਕੜ ਨੂੰ ਆਸ ਦੁਆਵਾਂ 12ਤਦ ਤੁਸੀਂ ਮੈਨੂੰ ਪੁਕਾਰੋਗੇ ਅਤੇ ਜਾ ਕੇ ਮੈਥੋਂ ਪ੍ਰਾਰਥਨਾ ਕਰੋਗੇ ਤੇ ਮੈਂ ਤੁਹਾਡੀ ਸੁਣਾਂਗਾ 13ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ, ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ 14ਮੈਂ ਤੁਹਾਨੂੰ ਲੱਭਾਂਗਾ, ਯਹੋਵਾਹ ਦਾ ਵਾਕ ਹੈ। ਮੈਂ ਤੁਹਾਡੀ ਅਸੀਰੀ ਨੂੰ ਮੁਕਾ ਦਿਆਂਗਾ ਅਤੇ ਮੈਂ ਤੁਹਾਨੂੰ ਸਾਰੀਆਂ ਕੌਮਾਂ ਵਿੱਚੋਂ ਅਤੇ ਸਾਰਿਆਂ ਥਾਵਾਂ ਵਿੱਚੋਂ ਜਿੱਥੇ ਮੈਂ ਤੁਹਾਨੂੰ ਹੱਕ ਦਿੱਤਾ ਸੀ ਇਕੱਠਾ ਕਰਾਂਗਾ, ਯਹੋਵਾਹ ਦਾ ਵਾਕ ਹੈ, ਅਤੇ ਮੈਂ ਤੁਹਾਨੂੰ ਏਸ ਥਾਂ ਨੂੰ ਮੋੜ ਲਿਆਵਾਂਗਾ ਜਿੱਥੇ ਮੈਂ ਤੁਹਾਨੂੰ ਅਸੀਰ ਕਰਵਾਇਆ ਸੀ।।
15ਤੁਸੀਂ ਜੋ ਆਖਿਆ ਹੈ ਕਿ ਯਹੋਵਾਹ ਨੇ ਸਾਡੇ ਲਈ ਬਾਬਲ ਵਿੱਚ ਨਬੀ ਕਾਇਮ ਕੀਤੇ ਹਨ 16ਏਸ ਲਈ ਯਹੋਵਾਹ ਉਸ ਪਾਤਸ਼ਾਹ ਦੇ ਵਿਖੇ ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਹੈ ਅਤੇ ਸਾਰੀ ਪਰਜਾ ਦੇ ਵਿਖੇ ਜਿਹੜੀ ਏਸ ਸ਼ਹਿਰ ਵਿੱਚ ਵੱਸਦੀ ਹੈ ਅਤੇ ਤੁਹਾਡੇ ਭਰਾਵਾਂ ਦੇ ਵਿਖੇ ਜਿਹੜੇ ਤੁਹਾਡੇ ਨਾਲ ਅਸੀਰ ਹੋ ਕੇ ਬਾਹਰ ਨਹੀਂ ਗਏ ਐਉਂ ਫ਼ਰਮਾਉਂਦਾ ਹੈ 17ਵੇਖੋ, ਮੈਂ ਓਹਨਾਂ ਵਿੱਚ ਤਲਵਾਰ, ਕਾਲ ਅਤੇ ਬਵਾ ਨੂੰ ਘੱਲਾਂਗਾ, ਸੈਨਾਂ ਦਾ ਯਹੋਵਾਹ ਐਉਂ ਆਖਦਾ ਹੈ, ਮੈਂ ਓਹਨਾਂ ਨੂੰ ਸੜੀਆਂ ਹੋਈਆਂ ਹਜੀਰਾਂ ਵਾਂਙੁ ਬਣਾਵਾਂਗਾ ਜਿਹੜੀਆਂ ਖਰਾਬ ਹੋਣ ਦੇ ਕਾਰਨ ਖਾਧੀਆਂ ਨਹੀਂ ਜਾਂਦੀਆਂ 18ਮੈਂ ਤਲਵਾਰ, ਕਾਲ ਅਤੇ ਬਵਾ ਨਾਲ ਓਹਨਾਂ ਦਾ ਪਿੱਛਾ ਕਰਾਂਗਾ। ਮੈਂ ਓਹਨਾਂ ਨੂੰ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਲਈ ਇੱਕ ਭੈ ਬਣਾਵਾਂਗਾ ਅਤੇ ਓਹ ਉਨ੍ਹਾਂ ਸਾਰੀਆਂ ਕੌਮਾਂ ਵਿੱਚ ਜਿਨ੍ਹਾਂ ਵਿੱਚ ਮੈਂ ਓਹਨਾਂ ਨੂੰ ਹੱਕ ਦਿਆਂਗਾ ਸਰਾਪ, ਹੌਲ ਅਤੇ ਨੱਕ ਚੜ੍ਹਾਉਣ ਅਰ ਨਿੰਦਿਆ ਦੀ ਕਾਰਨ ਹੋਣਗੇ 19ਏਸ ਲਈ ਜੋ ਓਹਨਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ, ਯਹੋਵਾਹ ਦਾ ਵਾਕ ਹੈ, ਮੈਂ ਆਪਣੇ ਦਾਸਾਂ, ਆਪਣੇ ਨਬੀਆਂ ਨੂੰ ਉਹਨਾਂ ਕੋਲ ਘੱਲਿਆ, ਸਗੋਂ ਜਤਨ ਨਾਲ ਉਨ੍ਹਾਂ ਨੂੰ ਘੱਲਿਆ, ਪਰ ਤੁਸਾਂ ਨਾ ਸੁਣਿਆ, ਯਹੋਵਾਹ ਦਾ ਵਾਕ ਹੈ 20ਸੋ ਹੇ ਸਾਰੇ ਅਸੀਰੋ, ਜਿਨ੍ਹਾਂ ਨੂੰ ਮੈਂ ਯਰੂਸ਼ਲਮ ਵਿੱਚੋਂ ਬਾਬਲ ਨੂੰ ਘੱਲਿਆ, ਯਹੋਵਾਹ ਦਾ ਬਚਨ ਸੁਣੋ 21ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਕੋਲਾਯਾਹ ਦੇ ਪੁੱਤ੍ਰ ਅਹਾਬ ਨੂੰ ਅਤੇ ਮਆਸਯਾਹ ਦੇ ਪੁੱਤ੍ਰ ਸਿਦਕੀਯਾਹ ਨੂੰ ਜਿਹੜੇ ਮੇਰੇ ਨਾਮ ਉੱਤੇ ਝੂਠੇ ਅਗੰਮ ਵਾਚਦੇ ਹਨ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਹੱਥ ਵਿੱਚ ਦਿਆਂਗਾ ਅਤੇ ਉਹ ਤੁਹਾਡੇ ਵੇਖਦਿਆਂ ਓਹਨਾਂ ਨੂੰ ਮਾਰ ਸੁੱਟੇਗਾ! 22ਯਹੂਦਾਹ ਦੇ ਸਾਰੇ ਅਸੀਰਾਂ ਨਾਲ ਜਿਹੜੇ ਬਾਬਲ ਵਿੱਚ ਹਨ ਓਹਨਾਂ ਦੇ ਕਾਰਨ ਏਹ ਸਰਾਪ ਵਰਤਿਆ ਜਾਵੇਗਾ ਕਿ “ਯਹੋਵਾਹ ਤੈਨੂੰ ਸਿਦਕੀਯਾਹ ਅਤੇ ਅਹਾਬ ਵਾਂਙੁ ਕਰੇ ਜਿਨ੍ਹਾਂ ਨੂੰ ਬਾਬਲ ਦੇ ਪਾਤਸ਼ਾਹ ਨੇ ਅੱਗ ਉੱਤੇ ਭੁੰਨ ਸੁੱਟਿਆ”! 23ਕਿਉਂ ਜੋ ਓਹਨਾਂ ਇਸਾਰਏਲ ਵਿੱਚ ਮੂਰਖਪੁਣਾ ਕੀਤਾ ਅਤੇ ਆਪਣੇ ਗੁਆਂਢੀਆਂ ਦੀਆਂ ਤੀਵੀਆਂ ਨਾਲ ਜ਼ਨਾਹ ਕੀਤਾ ਅਤੇ ਮੇਰੇ ਨਾਮ ਉੱਤੇ ਝੂਠੀਆਂ ਗੱਲਾਂ ਬੋਲੇ ਜਿਨ੍ਹਾਂ ਦਾ ਮੈਂ ਓਹਨਾਂ ਨੂੰ ਹੁਕਮ ਨਹੀਂ ਦਿੱਤਾ ਸੀ। ਮੈਂ ਓਹੋ ਹਾਂ ਜੋ ਜਾਣਦਾ ਹਾਂ ਅਤੇ ਮੈਂ ਗਵਾਹ ਹਾਂ, ਯਹੋਵਾਹ ਦਾ ਵਾਕ ਹੈ।।
24ਤੂੰ ਸ਼ਮਅਯਾਹ ਨਹਲਾਮੀ ਨੂੰ ਆਖ ਕਿ 25ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਤੈਂ ਆਪਣੇ ਨਾਉਂ ਉੱਤੇ ਸਾਰੀ ਪਰਜਾ ਨੂੰ ਜਿਹੜੀ ਯਰੂਸ਼ਲਮ ਵਿੱਚ ਹੈ ਅਤੇ ਮਆਸੇਯਾਹ ਦੇ ਪੁੱਤ੍ਰ ਸਫ਼ਨਯਾਹ ਜਾਜਕ ਨੂੰ ਅਤੇ ਸਾਰੇ ਜਾਜਕਾਂ ਨੂੰ ਪੱਤ੍ਰੀਆਂ ਲਿਖ ਘੱਲੀਆਂ ਹਨ ਕਿ 26ਯਹੋਵਾਹ ਨੇ ਯਹੋਯਾਦਾ ਜਾਜਕ ਦੇ ਥਾਂ ਤੈਨੂੰ ਜਾਜਕ ਬਣਾ ਦਿੱਤਾ ਭਈ ਯਹੋਵਾਹ ਦੇ ਭਵਨ ਉੱਤੇ ਜੁੰਮੇਵਾਰੀ ਹੋਵੇ ਅਤੇ ਹਰੇਕ ਜਿਹੜਾ ਕਮਲਪੁਣਾ ਕਰਦਾ ਹੈ ਅਤੇ ਅਗੰਮ ਵਾਚਦਾ ਹੈ ਤੂੰ ਉਹ ਨੂੰ ਕਾਠ ਅਤੇ ਸੰਗਲਾਂ ਵਿੱਚ ਪਾਵੇਂ 27ਹੁਣ ਤੈਂ ਅਨਥੋਥੀ ਯਿਰਮਿਯਾਹ ਨੂੰ ਕਿਉਂ ਨਹੀਂ ਘੁਰਕਿਆ ਜਿਹੜਾ ਤੁਹਾਡੇ ਲਈ ਆਪਣੇ ਆਪ ਨੂੰ ਨਬੀ ਬਣਾ ਬੈਠਾ ਹੈ? 28ਕਿਉਂ ਜੋ ਉਸ ਨੇ ਸਾਨੂੰ ਬਾਬਲ ਵਿੱਚ ਏਹ ਅਖਵਾ ਘੱਲਿਆ ਹੈ ਕਿ ਤੁਹਾਡੀ ਅਸੀਰੀ ਲੰਮੀ ਹੈ। ਤੁਸੀਂ ਘਰ ਬਣਾਓ ਅਤੇ ਵੱਸੋ, ਬਾਗ ਲਾਓ ਅਤੇ ਉਹ ਦਾ ਫਲ ਖਾਓ 29ਤਾਂ ਸਫ਼ਨਯਾਹ ਜਾਜਕ ਨੇ ਏਹ ਪੱਤ੍ਰੀ ਵਾਚ ਕੇ ਯਿਰਮਿਯਾਹ ਨਬੀ ਦੇ ਕੰਨਾਂ ਵਿੱਚ ਸੁਣਾਇਆ।।
30ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ 31ਸਭ ਅਸੀਰਾਂ ਨੂੰ ਅਖਵਾ ਘੱਲ ਕਿ ਯਹੋਵਾਹ ਨਹਲਾਮ ਦੇ ਸ਼ਮਅਯਾਹ ਵਿਖੇ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਸ਼ਮਅਯਾਹ ਨੇ ਤੁਹਾਡੇ ਲਈ ਅਗੰਮ ਵਾਚਿਆ ਅਤੇ ਮੈਂ ਉਹ ਨੂੰ ਨਹੀਂ ਘੱਲਿਆ ਉਸ ਨੇ ਤੁਹਾਨੂੰ ਝੂਠ ਉੱਤੇ ਆਸ ਦੁਆਈ, - 32ਏਸ ਲਈ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਵੇਖੋ, ਮੈਂ ਨਹਲਾਮੀ ਸ਼ਅਮਯਾਹ ਅਤੇ ਉਸ ਦੀ ਨਸਲ ਦੀ ਖਬਰ ਲੈਂਦਾ ਹਾਂ ਅਤੇ ਉਹ ਦਾ ਕੋਈ ਮਨੁੱਖ ਇਸ ਪਰਜਾ ਵਿੱਚ ਨਾ ਵੱਸੇਗਾ ਜੋ ਉਸ ਭਲਿਆਈ ਨੂੰ ਜਿਹੜੀ ਮੈਂ ਆਪਣੀ ਪਰਜਾ ਨਾਲ ਕਰਾਂਗਾ ਵੇਖੇਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਉਹ ਯਹੋਵਾਹ ਦੇ ਵਿਰੁੱਧ ਬਗਾਵਤ ਬੋਲਿਆ ਹੈ।।
Currently Selected:
ਯਿਰਮਿਯਾਹ 29: PUNOVBSI
Highlight
Share
Copy
![None](/_next/image?url=https%3A%2F%2Fimageproxy.youversionapi.com%2F58%2Fhttps%3A%2F%2Fweb-assets.youversion.com%2Fapp-icons%2Fen.png&w=128&q=75)
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.