ਯਿਰਮਿਯਾਹ 25
25
ਨਬੂਕਦਰੱਸਰ ਦਾ ਆਉਣਾ
1ਉਹ ਬਚਨ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੀ ਸਾਰੀ ਪਰਜਾ ਵਿਖੇ ਆਇਆ। ਉਹ ਯਹੂਦਾਹ ਤੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਚੌਥੇ ਵਰ੍ਹੇ ਵਿੱਚ ਸੀ ਜਿਹੜਾ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦਾ ਪਹਿਲਾ ਵਰ੍ਹਾ ਸੀ 2ਜਿਹ ਦੀ ਯਿਰਮਿਯਾਹ ਨਬੀ ਨੇ ਯਹੂਦਾਹ ਦੀ ਸਾਰੀ ਪਰਜਾ ਕੋਲ ਅਤੇ ਯਰੂਸ਼ਲਮ ਦੇ ਸਾਰੇ ਵਾਸੀਆਂ ਕੋਲ ਗੱਲ ਕੀਤੀ 3ਯਹੂਦਾਹ ਦੇ ਪਾਤਸ਼ਾਹ ਆਮੋਨ ਦੇ ਪੁੱਤ੍ਰ ਯੋਸ਼ੀਯਾਹ ਦੇ ਤੇਰ੍ਹਵੇਂ ਵਰ੍ਹੇ ਤੋਂ ਅਜ ਤੀਕ ਜਿਹੜੇ ਤੇਈ ਵਰ੍ਹੇ ਹਨ ਯਹੋਵਾਹ ਦਾ ਬਚਨ ਮੇਰੇ ਕੋਲ ਆਉਂਦਾ ਰਿਹਾ। ਮੈਂ ਤੁਹਾਡੇ ਨਾਲ ਗੱਲਾਂ ਕਰਦਾ ਰਿਹਾ ਅਤੇ ਤੜਕੇ ਉੱਠ ਕੇ ਵੀ ਤੁਹਾਡੇ ਨਾਲ ਗੱਲਾਂ ਕੀਤੀਆਂ ਪਰ ਤੁਸਾਂ ਨਾ ਸੁਣਿਆ 4ਯਹੋਵਾਹ ਤੁਹਾਡੇ ਕੋਲ ਆਪਣੇ ਸਾਰੇ ਦਾਸਾਂ, ਆਪਣੇ ਨਬੀਆਂ ਨੂੰ ਘੱਲਦਾ ਰਿਹਾ ਸਗੋਂ ਉਹ ਜਤਨ ਕਰ ਕੇ ਘੱਲਦਾ ਰਿਹਾ, ਪਰ ਤੁਸਾਂ ਨਾ ਸੁਣਿਆ, ਨਾ ਸੁਣਨ ਲਈ ਆਪਣੇ ਕੰਨ ਲਾਏ 5ਏਹ ਆਖਦੇ ਹੋਏ ਕਿ ਹਰ ਮਨੁੱਖ ਆਪਣਿਆਂ ਬੁਰਿਆਂ ਰਾਹਾਂ ਅਤੇ ਆਪਣਿਆਂ ਬੁਰਿਆਂ ਕੰਮਾਂ ਤੋਂ ਮੁੜੇ ਅਤੇ ਉਸ ਭੂਮੀ ਵਿੱਚ ਵੱਸੇ ਜਿਹੜੀ ਯਹੋਵਾਹ ਨੇ ਤੁਹਾਨੂੰ ਅਤੇ ਤੁਹਾਡੇ ਪਿਉ ਦਾਦਿਆਂ ਨੂੰ ਮੁੱਢੋਂ ਲੈ ਕੇ ਸਦਾ ਲਈ ਦਿੱਤੀ ਹੈ 6ਤੁਸੀਂ ਦੂਜੇ ਦਿਓਤਿਆਂ ਦੇ ਪਿੱਛੇ ਨਾ ਜਾਓ, ਨਾ ਓਹਨਾਂ ਦੀ ਪੂਜਾ ਕਰੋ, ਨਾ ਓਹਨਾਂ ਨੂੰ ਮੱਥਾ ਟੇਕੋ ਅਤੇ ਆਪਣੇ ਹੱਥਾਂ ਦੇ ਕੰਮ ਨਾਲ ਮੈਨੂੰ ਗੁੱਸਾ ਨਾ ਚੜ੍ਹਾਓ, ਤਾਂ ਮੈਂ ਤੁਹਾਨੂੰ ਹਰਜਾ ਨਾ ਪਾਵਾਂਗਾ 7ਪਰ ਤੁਸਾਂ ਮੇਰੀ ਨਾ ਸੁਣੀ, ਯਹੋਵਾਹ ਦਾ ਵਾਕ ਹੈ, ਤਾਂ ਜੋ ਆਪਣੇ ਹੱਥਾਂ ਦੇ ਕੰਮ ਨਾਲ ਆਪਣੇ ਹਰਜੇ ਲਈ ਮੈਨੂੰ ਗੁੱਸਾ ਚੜ੍ਹਾਓ।।
8ਸੋ ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਏਸ ਲਈ ਕਿ ਤੁਸਾਂ ਮੇਰੀਆਂ ਗੱਲਾਂ ਨਹੀਂ ਸੁਣੀਆਂ 9ਯਹੋਵਾਹ ਦਾ ਵਾਕ ਹੈ, ਮੈਂ ਉੱਤਰ ਪਾਸੇ ਦੇ ਸਾਰੇ ਟੱਬਰਾਂ ਨੂੰ ਅਤੇ ਆਪਣੇ ਟਹਿਲੂਏ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਨੂੰ ਸਦਵਾ ਘੱਲਾਂਗਾ। ਮੈਂ ਓਹਨਾਂ ਨੂੰ ਏਸ ਦੇਸ ਦੇ ਵਿਰੁੱਧ ,ਉਹ ਦੇ ਵਾਸੀਆਂ ਦੇ ਵਿਰੁੱਧ ਅਤੇ ਓਹਨਾਂ ਸਾਰੀਆਂ ਕੌਮਾਂ ਦੇ ਵਿਰੁੱਧ ਜਿਹੜੀਆਂ ਆਲੇ ਦੁਆਲੇ ਹਨ ਚੜ੍ਹਾ ਲਿਆਵਾਂਗਾ ਅਤੇ ਓਹਨਾਂ ਨੂੰ ਮੂਲੋਂ ਮੁੱਢੋਂ ਨਾਸ ਕਰ ਦਿਆਂਗਾ ਅਤੇ ਓਹਨਾਂ ਨੂੰ ਇੱਕ ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਦਾ ਦੀ ਵਿਰਾਨੀ ਬਣਾ ਦਿਆਂਗਾ 10ਨਾਲੇ ਮੈਂ ਓਹਨਾਂ ਵਿੱਚੋਂ ਖੁਸ਼ੀ ਦੀ ਅਵਾਜ਼, ਅਨੰਦ ਦੀ ਅਵਾਜ਼, ਲਾੜੇ ਦੀ ਅਵਾਜ਼, ਲਾੜੀ ਦੀ ਅਵਾਜ਼ ਚੱਕੀਆਂ ਦਾ ਸ਼ੋਰ ਅਤੇ ਬੱਤੀਆਂ ਦੀ ਲੋ ਮਿਟਾ ਦਿਆਂਗਾ 11ਅਤੇ ਏਹ ਸਾਰਾ ਦੇਸ ਵਿਰਾਨ ਅਤੇ ਉਜਾੜ ਹੋ ਜਾਵੇਗਾ ਅਤੇ ਏਹ ਕੌਮਾਂ ਸੱਤਰ ਵਰ੍ਹਿਆਂ ਤੀਕ ਬਾਬਲ ਦੇ ਪਾਤਸ਼ਾਹ ਦੀ ਟਹਿਲ ਕਰਨਗੀਆਂ 12ਅਤੇ ਸੱਤਰ ਵਰ੍ਹਿਆਂ ਦੇ ਪੂਰੇ ਹੋਣ ਤੇ ਮੈਂ ਬਾਬਲ ਦੇ ਪਾਤਸ਼ਾਹ ਅਤੇ ਉਸ ਕੌਮ ਦੀ ਖ਼ਬਰ ਲਵਾਂਗਾ, ਯਹੋਵਾਹ ਦਾ ਵਾਕ ਹੈ। ਨਾਲੇ ਕਸਦੀਆਂ ਦੇ ਦੇਸ ਦੀ ਵੀ ਓਹਨਾਂ ਦੀ ਬਦੀ ਦੇ ਕਾਰਨ, ਅਤੇ ਮੈਂ ਉਹ ਨੂੰ ਸਦਾ ਲਈ ਵਿਰਾਨ ਕਰ ਦਿਆਂਗਾ 13ਅਤੇ ਮੈਂ ਉਸ ਦੇਸ ਉੱਤੇ ਓਹ ਸਾਰੀਆਂ ਗੱਲਾਂ ਲਿਆਵਾਂਗਾ ਜਿਹੜੀਆਂ ਮੈਂ ਉਸ ਦੇ ਵਿਰੁੱਧ ਬੋਲਿਆ ਹਾਂ ਅਰਥਾਤ ਓਹ ਸਾਰੀਆਂ ਗੱਲਾਂ ਜਿਹੜੀਆਂ ਏਸ ਪੋਥੀ ਵਿੱਚ ਲਿਖਿਆ ਹਨ ਜਿਹੜੀਆਂ ਯਿਰਮਿਯਾਹ ਸਾਰੀਆਂ ਕੌਮਾਂ ਦੇ ਵਿਰੁੱਧ ਅਗੰਮ ਵਾਕ ਕਰ ਕੇ ਬੋਲਿਆ 14ਕਿਉਂ ਜੋ ਬਹੁਤ ਸਾਰੀਆਂ ਕੌਮਾਂ ਅਤੇ ਵੱਡੇ ਵੱਡੇ ਪਾਤਸ਼ਾਹ ਓਹਨਾਂ ਨੂੰ ਗੁਲਾਮ ਬਣਾਉਣਗੇ ਅਤੇ ਮੈਂ ਓਹਨਾਂ ਦੀ ਕਰਨੀ ਦਾ ਅਤੇ ਓਹਨਾਂ ਦੇ ਹੱਥਾਂ ਦੇ ਕੰਮ ਦਾ ਬਦਲਾ ਲਵਾਂਗਾ।।
15ਯਹੋਵਾਹ ਇਸਰਾਏਲ ਦੇ ਪਰਮੇਸ਼ੁਰ ਨੇ ਤਾਂ ਮੈਨੂੰ ਇਉਂ ਆਖਿਆ ਕਿ ਮੇਰੇ ਹੱਥੋਂ ਗੁੱਸੇ ਦੀ ਮਧ ਦਾ ਏਹ ਕਟੋਰਾ ਲੈ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਮੈਂ ਤੈਨੂੰ ਘੱਲਦਾ ਹਾਂ ਪਿਲਾ ਦੇਹ 16ਓਹ ਪੀਣਗੇ ਅਤੇ ਉਸ ਤਲਵਾਰ ਦੇ ਅੱਗੇ ਜਿਹੜੀ ਮੈਂ ਓਹਨਾਂ ਵਿੱਚ ਘੱਲਾਂਗਾ ਓਹ ਡਿੱਗਦੇ ਫਿਰਨਗੇ ਅਤੇ ਤੜਫਣਗੇ।।
17ਤਦ ਮੈਂ ਯਹੋਵਾਹ ਦੇ ਹੱਥੋਂ ਉਹ ਕਟੋਰਾ ਲਿਆ ਅਤੇ ਓਹਨਾਂ ਸਾਰੀਆਂ ਕੌਮਾਂ ਨੂੰ ਜਿਨ੍ਹਾਂ ਕੋਲ ਯਹੋਵਾਹ ਨੇ ਮੈਨੂੰ ਘੱਲਿਆ ਸੀ ਪਿਲਾ ਦਿੱਤਾ 18ਅਰਥਾਤ ਯਰੂਸ਼ਲਮ ਨੂੰ ਅਤੇ ਯਹੂਦਾਹ ਦੇ ਸ਼ਹਿਰਾਂ ਨੂੰ ਅਤੇ ਉਸ ਦੇ ਪਾਤਸ਼ਾਹਾਂ ਅਤੇ ਉਸ ਦੇ ਸਰਦਾਰਾਂ ਨੂੰ, ਭਈ ਮੈਂ ਓਹਨਾਂ ਨੂੰ ਇੱਕ ਵਿਰਾਨਾ, ਹੌਲ, ਨੱਕ ਚੜ੍ਹਾਉਣ ਦਾ ਕਾਰਨ ਅਤੇ ਸਰਾਪ ਬਣਾਵਾਂ ਜਿਵੇਂ ਅੱਜ ਦੇ ਦਿਨ ਹਨ 19ਨਾਲੇ ਮਿਸਰ ਦੇ ਰਾਜੇ ਫ਼ਿਰਊਨ ਨੂੰ, ਉਸ ਦੇ ਟਹਿਲੂਆਂ ਨੂੰ, ਉਸ ਦੇ ਸਰਦਾਰਾਂ ਨੂੰ ਅਤੇ ਉਸ ਦੀ ਸਾਰੀ ਰਈਯਤ ਨੂੰ 20ਓਹਨਾਂ ਸਾਰਿਆਂ ਰਲਿਆਂ ਮਿਲਿਆਂ ਲੋਕਾਂ ਨੂੰ , ਊਜ਼ ਦੇਸ ਦੇ ਸਾਰੇ ਰਾਜਿਆਂ ਨੂੰ , ਫਲਿਸਤੀਨ ਦੇਸ ਦੇ ਸਾਰੇ ਰਾਜਿਆਂ ਨੂੰ, ਅਸ਼ਕਲੋਨ ਨੂੰ, ਅੱਜ਼ਾਹ ਨੂੰ, ਅਕਰੋਨ ਨੂੰ ਅਤੇ ਅਸ਼ਦੋਸ ਦੇ ਬਕੀਏ ਨੂੰ 21ਅਦੋਮ ਨੂੰ, ਮੋਆਬ ਨੂੰ ਅਤੇ ਅੰਮੋਨੀਆਂ ਨੂੰ 22ਸੂਰ ਦੇ ਸਾਰੇ ਰਾਜਿਆਂ ਨੂੰ, ਸੈਦਾ ਦੇ ਸਾਰੇ ਰਾਜਿਆਂ ਨੂੰ ਅਤੇ ਉਸ ਟਾਪੂ ਦੇ ਰਾਜਿਆਂ ਨੂੰ ਜਿਹੜਾ ਸਮੁੰਦਰੋਂ ਪਾਰ ਹੈ, 23ਦਦਾਨ ਨੂੰ, ਤੇਮਾ ਨੂੰ, ਬੂਜ਼ ਨੂੰ ਅਤੇ ਓਹਨਾਂ ਸਾਰਿਆਂ ਨੂੰ ਜਿਹੜੇ ਗਲਮੁੱਛੇ ਕਤਰਾਉਂਦੇ ਹਨ 24ਅਰਬ ਦੇ ਸਾਰੇ ਰਾਜਿਆਂ ਨੂੰ ਅਤੇ ਰਲੇ ਮਿਲੇ ਲੋਕਾਂ ਦੇ ਸਾਰੇ ਰਾਜਿਆਂ ਨੂੰ ਜਿਹੜੇ ਉਜਾੜ ਵਿੱਚ ਵੱਸਦੇ ਹਨ, 25ਜ਼ਿਮਰੀ ਦੇ ਸਾਰੇ ਰਾਜਿਆਂ ਨੂੰ, ਏਲਾਮ ਦੇ ਸਾਰੇ ਰਾਜਿਆਂ ਨੂੰ ਅਤੇ ਮਾਦਾ ਦੇ ਸਾਰੇ ਪਾਤਸ਼ਾਹਾਂ ਨੂੰ, 26ਉੱਤਰ ਦੇ ਸਾਰੇ ਪਾਤਸ਼ਾਹਾਂ ਨੂੰ ਜਿਹੜੇ ਨੇੜੇ ਅਤੇ ਦੁਰੇਡੇ ਹਨ, ਇੱਕ ਦੂਜੇ ਦੇ ਮਗਰ ਅਤੇ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਨੂੰ ਜਿਹੜੀਆਂ ਸਰਿਸ਼ਟੀ ਉੱਤੇ ਹਨ , ਅਤੇ ਓਹਨਾਂ ਦੇ ਪਿੱਛੋਂ ਸ਼ੇਸ਼ਕ#25:26 ਅਰਥਾਤ ਬਾਬਲ । ਦਾ ਪਾਤਸ਼ਾਹ ਪੀਵੇਗਾ।।
27ਤਾਂ ਤੂੰ ਓਹਨਾਂ ਨੂੰ ਆਖੀਂ ਕਿ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਐਉਂ ਫ਼ਰਮਾਉਂਦਾ ਹੈ, - ਪੀਓ, ਖੀਵੇ ਹੋ ਜਾਓ, ਉਲਟੀ ਕਰੋ, ਡਿੱਗ ਪਵੋ ਅਤੇ ਫੇਰ ਨਾ ਉੱਠੋ, ਉਸ ਤਲਵਾਰ ਦੇ ਕਾਰਨ ਜਿਹੜੀ ਮੈਂ ਤੁਹਾਡੇ ਵਿੱਚ ਘੱਲਾਂਗਾ!।।
28ਤਾਂ ਐਉਂ ਹੋਵੇਗਾ ਕਿ ਜੇ ਓਹ ਤੇਰੇ ਹੱਥੋਂ ਪੀਣ ਲਈ ਕਟੋਰਾ ਲੈਣ ਤੋਂ ਇਨਕਾਰੀ ਹੋ ਜਾਣ ਤਾਂ ਤੂੰ ਓਹਨਾਂ ਨੂੰ ਆਖੀਂ, ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, ਤੁਸੀਂ ਜ਼ਰੂਰ ਪੀਓਗੇ! 29ਕਿਉਂ ਜੋ ਵੇਖੋ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਮੈਂ ਬੁਰਿਆਈ ਲਿਆਉਣ ਲੱਗਾ। ਕੀ ਤੁਸੀਂ ਸੱਚ ਮੁੱਚ ਸਜ਼ਾ ਤੋਂ ਬਿਨਾ ਛੁੱਟੋਗੇ? ਤੁਸੀਂ ਸਜ਼ਾ ਤੋਂ ਬਿਨਾ ਨਾ ਛੁੱਟੋਗੇ ਕਿਉਂ ਜੋ ਮੈਂ ਤਲਵਾਰ ਨੂੰ ਧਰਤੀ ਦੇ ਸਾਰੇ ਵਾਸੀਆਂ ਉੱਤੇ ਸੱਦ ਰਿਹਾ ਹਾਂ, ਸੈਨਾਂ ਦੇ ਯਹੋਵਾਹ ਦਾ ਵਾਕ ਹੈ 30ਤੂੰ ਏਹਨਾਂ ਸਾਰੀਆਂ ਗੱਲਾਂ ਦਾ ਓਹਨਾਂ ਦੇ ਵਿਰੁੱਧ ਅਗੰਮ ਵਾਚੀਂ ਅਤੇ ਤੂੰ ਓਹਨਾਂ ਨੂੰ ਆਖ, -
ਯਹੋਵਾਹ ਉੱਚਿਆਈ ਤੋਂ ਗੱਜੇਗਾ,
ਅਤੇ ਆਪਣੇ ਪਵਿੱਤਰ ਨਿਵਾਸ ਤੋਂ ਆਪਣੀ ਅਵਾਜ਼
ਦੇਵੇਗਾ।
ਉਹ ਬੜੇ ਜ਼ੋਰ ਨਾਲ ਆਪਣੀ ਚਰਾਂਦ ਉੱਤੇ
ਗੱਜੇਗਾ,
ਅਤੇ ਓਹਨਾਂ ਵਾਂਙੁ ਲਲਕਾਰੇਗਾ ਜਿਹੜੇ ਅੰਗੂਰਾਂ ਨੂੰ
ਮਿੱਧਦੇ ਹਨ,
ਧਰਤੀ ਦੇ ਸਾਰੇ ਵਸਨੀਕਾਂ ਦੇ ਵਿਰੁੱਧ।
31ਧਰਤੀ ਦੇ ਕੰਢਿਆਂ ਤੀਕ ਇੱਕ ਸ਼ੋਰ ਅੱਪੜੇਗਾ,
ਕਿਉਂ ਜੋ ਯਹੋਵਾਹ ਦਾ ਕੌਮਾਂ ਨਾਲ ਝਗੜਾ ਹੈ,
ਓਹ ਸਾਰੇ ਬਸ਼ਰਾਂ ਦਾ ਨਿਆਉਂ ਕਰੇਗਾ,
ਅਤੇ ਦੁਸ਼ਟ ਤਲਵਾਰ ਦੇ ਹਵਾਲੇ ਕੀਤੇ ਜਾਣਗੇ,
ਯਹੋਵਾਹ ਦਾ ਵਾਕ ਹੈ।।
32ਸੈਨਾਂ ਦਾ ਯਹੋਵਾਹ ਐਉਂ ਫ਼ਰਮਾਉਂਦਾ ਹੈ, -
ਵੇਖੋ, ਬੁਰਿਆਈ ਕੌਮ ਕੌਮ ਉੱਤੇ ਆ ਪਵੇਗੀ,
ਅਤੇ ਇੱਕ ਵੱਡਾ ਤੁਫਾਨ ਧਰਤੀ ਦੀਆਂ ਹੱਦਾਂ ਤੋਂ
ਉਠਾਇਆ ਜਾਵੇਗਾ!
33ਯਹੋਵਾਹ ਦੇ ਮਾਰੇ ਹੋਏ ਉਸ ਦਿਨ
ਧਰਤੀ ਦੇ ਇੱਕ ਕੰਢੇ ਤੋਂ ਦੂਜੇ ਕੰਡੇ ਤੀਕ ਪਏ
ਰਹਿਣਗੇ।
ਓਹਨਾਂ ਲਈ ਸੋਗ ਨਾ ਹੋਵੇਗਾ,
ਓਹ ਨਾ ਇਕੱਠੇ ਕੀਤੇ ਜਾਣਗੇ, ਨਾ ਦੱਬੇ ਜਾਣਗੇ,
ਓਹ ਭੋਂ ਉੱਤੇ ਬਿਸ਼ਟਾਂ ਵਾਂਙੁ ਹੋਣਗੇ।।
34ਹੇ ਆਜੜੀਓ, ਤੁਸੀਂ ਵਿਲਕੋ ਅਤੇ ਚਿੱਲਾਓ!
ਹੇ ਇੱਜੜ ਦੇ ਚੌਧਰੀਓ, ਤੁਸੀਂ ਸੁਆਹ ਵਿੱਚ
ਲੇਟੋ!
ਕਿਉਂ ਜੋ ਤੁਹਾਡੇ ਕਤਲ ਹੋਣ ਦੇ ਅਤੇ ਖਿਲਰਣ ਦੇ
ਦਿਨ ਪੂਰੇ ਹੋ ਗਏ,
ਅਤੇ ਤੁਸੀਂ ਇੱਕ ਚੰਗੇ ਭਾਂਡੇ ਵਾਂਙੁ ਡਿੱਗ ਪਓਗੇ।
35ਆਜੜੀਆਂ ਲਈ ਨੱਸਣ ਦਾ ਮੌਕਾ ਜਾਂਦਾ ਰਿਹਾ,
ਅਤੇ ਇੱਜੜ ਦੇ ਚੌਧਰੀਆਂ ਲਈ ਕੋਈ ਬਚਾਓ ਨਾ
ਹੋਵੇਗਾ।
36ਆਜੜੀਆਂ ਦੇ ਚਿੱਲਾਉਣ ਦੀ ਅਵਾਜ਼,
ਇੱਜੜ ਦੇ ਚੌਧਰੀਆਂ ਦਾ ਵਿਲਕਣਾ!
ਕਿਉਂ ਜੋ ਯਹੋਵਾਹ ਨੇ ਓਹਨਾਂ ਦੀਆਂ ਚਰਾਂਦਾ ਨੂੰ
ਉਜਾੜ ਦਿੱਤਾ ਹੈ।
37ਸ਼ਾਂਤੀ ਦੀਆਂ ਚਰਾਂਦਾਂ ਉੱਜੜ ਗਈਆਂ ਹਨ,
ਯਹੋਵਾਹ ਦੇ ਡਾਢੇ ਕ੍ਰੋਧ ਦੇ ਕਾਰਨ।
38ਬਬਰ ਸ਼ੇਰ ਵਾਂਙੁ ਉਸ ਆਪਣੇ ਘੁਰਨੇ ਨੂੰ ਛੱਡ ਦਿੱਤਾ
ਹੈ,
ਕਿਉਂ ਜੋ ਓਹਨਾਂ ਦਾ ਦੇਸ ਵਿਰਾਨ ਹੋ ਗਿਆ ਹੈ,
ਉਸ ਡਾਢੇ ਅਨ੍ਹੇਰੇ ਦੇ ਕਾਰਨ,
ਅਤੇ ਉਹ ਦੇ ਡਾਢੇ ਕ੍ਰੋਧ ਦੇ ਕਾਰਨ।।
Currently Selected:
ਯਿਰਮਿਯਾਹ 25: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.