ਯਿਰਮਿਯਾਹ 22
22
ਯਹੂਦਾਹ ਦੇ ਪਾਤਸ਼ਾਹਾਂ ਦੇ ਵਿਰੁੱਧ ਅਗੰਮ ਵਾਕ
1ਯਹੋਵਾਹ ਇਉਂ ਆਖਦਾ ਹੈ ਕਿ ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਨੂੰ ਉਤਰ ਜਾਹ ਅਤੇ ਉੱਥੇ ਏਹ ਗੱਲ ਕਰ ਕੇ ਆਖ ਕਿ 2ਯਹੋਵਾਹ ਦਾ ਬਚਨ ਸੁਣ, ਹੇ ਯਹੂਦਾਹ ਦੇ ਪਾਤਸ਼ਾਹ, ਜਿਹੜਾ ਦਾਊਦ ਦੇ ਸਿੰਘਾਸਣ ਉੱਤੇ ਬੈਠਾ ਹੈਂ, ਤੂੰ ਅਤੇ ਤੇਰੇ ਟਹਿਲੂਏ ਅਤੇ ਤੇਰੇ ਕੋਲ ਜਿਹੜੇ ਏਹਨਾਂ ਫਾਟਕਾਂ ਥਾਣੀ ਵੜਦੇ ਹੋ 3ਯਹੋਵਾਹ ਇਉਂ ਫ਼ਰਮਾਉਂਦਾ ਹੈ, - ਤੁਸੀਂ ਇਨਸਾਫ਼ ਅਤੇ ਧਰਮ ਦੇ ਕੰਮ ਕਰੋ ਅਤੇ ਲੁੱਟਿਆਂ ਹੋਇਆਂ ਨੂੰ ਦੁਖ ਦੇਣ ਵਾਲੇ ਦੇ ਹੱਥੋਂ ਛੁਡਾਓ ਅਤੇ ਪਰਦੇਸੀ, ਯਤੀਮ ਅਰ ਵਿੱਧਵਾ ਦਾ ਨਾ ਤਾਂ ਹੱਕ ਮਾਰੋ, ਨਾ ਜ਼ੁਲਮ ਕਰੋ ਅਤੇ ਨਾ ਏਸ ਅਸਥਾਨ ਵਿੱਚ ਬੇਦੋਸ਼ੇ ਦਾ ਲਹੂ ਵਹਾਓ 4ਕਿਉਂਕਿ ਜੇ ਤੁਸੀਂ ਸੱਚੀ ਮੁੱਚੀ ਏਹ ਕਰੋਗੇ ਤਾਂ ਦਾਊਦ ਦੇ ਸਿੰਘਾਸਣ ਉੱਤੇ ਬਿਰਾਜਮਾਨ ਪਾਤਸ਼ਾਹ ਰਥਾਂ ਅਤੇ ਘੋੜਿਆਂ ਉੱਤੇ ਚੜ੍ਹ ਕੇ ਏਸ ਮਹਿਲ ਦੇ ਫਾਟਕਾਂ ਵਿੱਚ ਵੜਨਗੇ, ਓਹ ਅਤੇ ਓਹਨਾਂ ਦੇ ਟਹਿਲੂਏ ਅਤੇ ਓਹਨਾਂ ਦੇ ਲੋਕ ਵੀ 5ਪਰ ਜੇ ਤੁਸੀਂ ਗੱਲਾਂ ਨਾ ਸੁਣੋਗੇ ਤਾਂ ਮੈਨੂੰ ਮੇਰੀ ਹੀ ਸੌਂਹ, ਯਹੋਵਾਹ ਦਾ ਵਾਕ ਹੈ, ਕਿ ਏਹ ਘਰ ਇੱਕ ਵਿਰਾਨਾ ਹੋ ਜਾਵੇਗਾ 6ਯਹੂਦਾਹ ਦੇ ਪਾਤਸ਼ਾਹ ਦੇ ਮਹਿਲ ਦੇ ਵਿੱਖੇ ਯਹੋਵਾਹ ਇਉਂ ਫ਼ਰਮਾਉਂਦਾ ਹੈ, -
ਤੂੰ ਮੇਰੇ ਲਈ ਗਿਲਆਦ ਹੈਂ ਅਤੇ ਲਬਾਨੋਨ ਦਾ
ਸਿਰ,
ਸੱਚੀ ਮੁੱਚੀ ਮੈਂ ਤੈਨੂੰ ਉਜਾੜ ਬਣਾ ਦਿਆਂਗਾ,
ਓਹ ਸ਼ਹਿਰ ਜਿਨ੍ਹਾਂ ਵਿੱਚ ਕੋਈ ਨਹੀਂ ਵੱਸਦਾ।
7ਮੈਂ ਤੇਰੇ ਵਿਰੁੱਧ ਨਾਸ ਕਰਨ ਵਾਲਿਆਂ ਨੂੰ ਤਿਆਰ
ਕਰਾਂਗਾ,
ਹਰ ਮਨੁੱਖ ਆਪਣੇ ਸ਼ਸਤਰਾਂ ਨਾਲ,
ਓਹ ਤੇਰੇ ਚੁਗਵੇਂ ਦਿਆਰਾਂ ਨੂੰ ਵੱਢਣਗੇ,
ਅਤੇ ਓਹਨਾਂ ਨੂੰ ਅੱਗ ਉੱਤੇ ਸੁੱਟਣਗੇ।।
8ਬਹੁਤ ਸਾਰੀਆਂ ਕੌਮਾਂ ਏਸ ਸ਼ਹਿਰ ਦੇ ਕੋਲ ਦੀ ਲੰਘਣਗੀਆਂ ਅਤੇ ਹਰ ਮਨੁੱਖ ਆਪਣੇ ਗੁਆਂਢੀ ਨੂੰ ਆਖੇਗਾ, ਯਹੋਵਾਹ ਨੇ ਏਸ ਵੱਡੇ ਸ਼ਹਿਰ ਨਾਲ ਇਉਂ ਕਿਉਂ ਕੀਤਾ? 9ਤਾਂ ਓਹ ਆਖਣਗੇ, ਏਸ ਲਈ ਕਿ ਓਹਨਾਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਛੱਡ ਦਿੱਤਾ ਅਤੇ ਦੂਜੇ ਦਿਓਤਿਆਂ ਨੂੰ ਮੱਥਾ ਟੇਕਿਆ ਅਤੇ ਓਹਨਾਂ ਦੀ ਪੂਜਾ ਕੀਤੀ।। 10ਤੁਸੀਂ ਮੋਏ ਹੋਏ ਲਈ ਨਾ ਰੋਵੋ, ਨਾ ਮਾਤਮ ਕਰੋ, ਪਰ ਜਿਹੜਾ ਤੁਰਿਆ ਜਾਂਦਾ ਹੈ, ਉਹ ਦੇ ਲਈ ਧਾਹਾਂ ਮਾਰ ਮਾਰ ਕੇ ਰੋਵੋ, ਕਿਉਂ ਜੋ ਉਹ ਫੇਰ ਨਹੀਂ ਮੁੜੇਗਾ, ਨਾ ਆਪਣੀ ਜਨਮ ਭੂਮੀ ਨੂੰ ਵੇਖੇਗਾ।।
11ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਸ਼ੱਲੁਮ ਦੇ ਵਿਖੇ ਜਿਹ ਨੇ ਆਪਣੇ ਪਿਤਾ ਯੋਸ਼ੀਯਾਹ ਦੇ ਥਾਂ ਰਾਜ ਕੀਤਾ ਅਤੇ ਏਸ ਥਾਂ ਤੋਂ ਤੁਰ ਗਿਆ, ਯਹੋਵਾਹ ਐਉਂ ਫ਼ਰਮਾਉਂਦਾ ਹੈ ਭਈ ਉਹ ਏਧਰ ਫੇਰ ਨਾ ਆਵੇਗਾ 12ਪਰ ਜਿੱਥੇ ਉਹ ਨੂੰ ਅਸੀਰ ਕਰ ਕੇ ਲੈ ਗਏ ਹਨ ਉੱਥੇ ਉਹ ਮਰੇਗਾ ਅਤੇ ਏਸ ਦੇਸ ਨੂੰ ਉਹ ਫੇਰ ਨਾ ਵੇਖੇਗਾ।।
13ਹਾਇ ਉਹ ਦੇ ਉੱਤੇ ਜਿਹੜਾ ਆਪਣੇ ਘਰ ਨੂੰ ਕੁਧਰਮ
ਨਾਲ
ਅਤੇ ਉਹ ਦੇ ਉੱਪਰਲੀਆਂ ਕੋਠੜੀਆਂ ਬਿਨਾ
ਨਿਆਉਂ ਦੇ ਬਣਾਉਂਦਾ ਹੈ!
ਜਿਹੜਾ ਆਪਣੇ ਗੁਆਂਢੀ ਤੋਂ ਬੇਗਾਰ ਲੈਂਦਾ
ਹੈ,
ਅਤੇ ਉਸ ਦੀ ਮਜੂਰੀ ਨਹੀਂ ਦਿੰਦਾ।
14ਉਹ ਆਖਦਾ ਹੈ, ਮੈਂ ਆਪਣੇ ਲਈ ਇੱਕ ਵੱਡਾ
ਘਰ ਬਣਾਵਾਂਗਾ,
ਅਤੇ ਹਵਾਦਾਰ ਚੁਬਾਰੇ ਵੀ,
ਅਤੇ ਉਹ ਦੇ ਵਿੱਚ ਛੇਕ ਕਰ ਕੇ ਤਾਕੀਆਂ ਲਾਉਂਦਾ
ਹੈ,
ਅਤੇ ਉਹ ਦੀ ਦਿਆਰ ਦੀ ਛੱਤ ਬਣਾਉਂਦਾ ਹੈ,
ਉਹ ਨੂੰ ਸਿੰਗਰਫੀ ਰੰਗ ਨਾਲ ਰੰਗਦਾ ਹੈ।
15ਕੀ ਤੂੰ ਏਸ ਲਈ ਰਾਜ ਕਰੇਂਗਾ,
ਭਈ ਤੈਨੂੰ ਦਿਆਰ ਦੇ ਕੰਮ ਦਾ ਚਾਉ ਹੈ?
ਕੀ ਤੇਰੇ ਪਿਤਾ ਨੇ ਨਹੀਂ ਖਾਧਾ ਪੀਤਾ,
ਅਤੇ ਨਿਆਉਂ ਅਤੇ ਧਰਮ ਨਹੀਂ ਕੀਤਾ?
ਤਦ ਹੀ ਉਹ ਦਾ ਭਲਾ ਹੋਇਆ।
16ਓਸ ਮਸਕੀਨ ਅਤੇ ਕੰਗਾਲ ਦਾ ਇਨਸਾਫ ਕੀਤਾ,
ਤਦ ਹੀ ਉਹ ਦਾ ਭਲਾ ਹੋਇਆ।
ਕੀ ਏਹ ਮੇਰਾ ਗਿਆਨ ਨਹੀਂ ਹੈ?
ਯਹੋਵਾਹ ਦਾ ਵਾਕ ਹੈ।
17ਤੇਰਾ ਦਿਲ ਅਤੇ ਤੇਰੀਆਂ ਅੱਖੀਆਂ
ਕੇਵਲ ਨਹੱਕੇ ਲੋਭ ਉੱਤੇ,
ਬੇਦੋਸ਼ਿਆਂ ਦਾ ਲਹੂ ਵਹਾਉਣ ਉੱਤੇ,
ਜ਼ੁਲਮ ਅਤੇ ਸਖ਼ਤੀ ਕਰਨ ਉੱਤੇ ਲੱਗੀਆਂ ਹਨ!।।
18ਏਸ ਲਈ ਯਹੋਵਾਹ ਯਹੂਦਾਹ ਦੇ ਪਾਤਸ਼ਾਹ ਯੋਸ਼ੀਯਾਹ ਦੇ ਪੁੱਤ੍ਰ ਯਹੋਯਾਕੀਮ ਦੇ ਵਿਖੇ ਐਉਂ ਫ਼ਰਮਾਉਂਦਾ ਹੈ, -
ਉਹ ਦੇ ਉੱਤੇ ਓਹ ਏਹ ਆਖ ਕੇ ਸੋਗ ਨਾ ਕਰਨਗੇ,
ਹਾਇ ਮੇਰੇ ਭਰਾ! ਯਾ ਹਾਇ ਮੇਰੀ ਭੈਣ!
ਨਾ ਉਹ ਦੇ ਉੱਤੇ ਏਹ ਆਖ ਕੇ ਸੋਗ ਕਰਨਗੇ,
ਹਾਇ ਮਾਲਕ! ਹਾਇ ਮਹਾਰਾਜ!
19ਉਹ ਦਾ ਦਫਨਾਉਣਾ ਖੋਤੇ ਦੇ ਦਫਨਾਉਣ ਜਿਹਾ
ਹੋਵੇਗਾ,
ਉਹ ਨੂੰ ਧੂ ਕੇ ਯਰੂਸ਼ਲਮ ਦੇ ਫਾਟਕਾਂ ਤੋਂ ਬਾਹਰ ਸੁੱਟ
ਦੇਣਗੇ।।
20ਲਬਾਨੋਨ ਨੂੰ ਚੜ੍ਹ ਜਾਹ ਅਤੇ ਚਿੱਲਾ,
ਅਤੇ ਬਾਸ਼ਾਨ ਵਿੱਚ ਆਪਣੀ ਅਵਾਜ਼ ਉੱਚੀ ਕਰ,
ਅਬਾਰੀਮ ਤੋਂ ਚਿੱਲਾ,
ਕਿ ਤੇਰੇ ਸਾਰੇ ਪ੍ਰੇਮੀ ਭੰਨੇ ਤੋੜੇ ਗਏ ਹਨ!
21ਮੈਂ ਤੇਰੀ ਭਾਗਵਾਨੀ ਦੇ ਵੇਲੇ ਤੇਰੇ ਨਾਲ ਬੋਲਿਆ,
ਪਰ ਤੈਂ ਆਖਿਆ, ਮੈਂ ਨਾ ਸੁਣਾਂਗੀ।
ਤੇਰੀ ਜੁਆਨੀ ਤੋਂ ਤੇਰਾ ਏਹੋ ਹੀ ਰਾਹ ਰਿਹਾ,
ਕਿਉਂ ਜੋ ਤੈਂ ਮੇਰੀ ਅਵਾਜ਼ ਨਹੀਂ ਸੁਣੀ।
22ਹਵਾ ਤੇਰੇ ਸਾਰੇ ਅਯਾਲੀਆਂ ਨੂੰ ਚਰਾਵੇਗੀ,
ਅਤੇ ਤੇਰੇ ਪ੍ਰੇਮੀ ਕੈਦ ਵਿੱਚ ਜਾਣਗੇ।
ਤਦ ਤੂੰ ਆਪਣੀ ਸਾਰੀ ਬਦੀ ਦੇ ਕਾਰਨ,
ਲੱਜਿਆਵਾਨ ਅਤੇ ਮੂੰਹ ਕਾਲਾ ਹੋਵੇਂਗੀ!
23ਹੇ ਲਬਾਨੋਨ ਦਾ ਵਸਨੀਕ,
ਤੂੰ ਜਿਹੜੀ ਦਿਆਰਾਂ ਵਿੱਚ ਆਪਣਾ ਆਹਲਣਾ
ਬਣਾਉਂਦੀ ਹੈਂ,
ਤੂੰ ਕਿੰਨੀ ਕੁ ਦਯਾ ਜੋਗ ਹੋਵੇਂਗੀ ਜਦ ਤੈਨੂੰ ਪੀੜਾਂ
ਲੱਗਣਗੀਆਂ,
ਜਣਨ ਵਾਲੀ ਤੀਵੀਂ ਵਾਂਙੁ ਪੀੜਾਂ ਲੱਗਣਗੀਆਂ!।।
24ਯਹੋਵਾਹ ਦਾ ਵਾਕ ਹੈ ਕਿ ਮੈਨੂੰ ਜਾਨ ਦੀ ਸੌਂਹ, ਜੇ ਕਰ ਯਹੂਦਾਹ ਦੇ ਪਾਤਸ਼ਾਹ ਯਹੋਯਾਕੀਮ ਦਾ ਪੁੱਤ੍ਰ ਕਾਨਯਾਹ ਮੇਰੇ ਸੱਜੇ ਹੱਥ ਦੀ ਛਾਪ ਵੀ ਹੁੰਦੀ ਤਦ ਵੀ ਮੈਂ ਤੈਨੂੰ ਉੱਥੋਂ ਲਾਹ ਕੇ ਸੁੱਟ ਦਿੰਦਾ! 25ਮੈਂ ਤੈਨੂੰ ਓਹਨਾਂ ਦੇ ਹੱਥ ਵਿੱਚ ਦਿਆਂਗਾ ਜਿਹੜੇ ਤੇਰੀ ਜਾਨ ਦੇ ਤਾਂਘ ਕਰਨ ਵਾਲੇ ਹਨ ਅਤੇ ਓਹਨਾਂ ਦੇ ਹੱਥ ਵਿੱਚ ਜਿਨ੍ਹਾਂ ਤੋਂ ਤੂੰ ਡਰਦਾ ਹੈਂ ਅਰਥਾਤ ਬਾਬਲ ਦੇ ਪਾਤਸ਼ਾਹ ਨਬੂਕਦਰੱਸਰ ਦੇ ਹੱਥ ਵਿੱਚ ਅਤੇ ਕਸਦੀਆਂ ਦੇ ਹੱਥ ਵਿੱਚ 26ਮੈਂ ਤੈਨੂੰ ਅਤੇ ਤੇਰੀ ਮਾਤਾ ਨੂੰ ਜਿਸ ਤੈਨੂੰ ਜਣਿਆ ਦੂਜੇ ਦੇਸ ਵਿੱਚ ਜਿੱਥੇ ਤੁਸੀਂ ਨਹੀਂ ਜੰਮੇ ਕੱਢ ਦਿਆਂਗਾ। ਉੱਥੇ ਤੁਸੀਂ ਮਰ ਜਾਓਗੇ 27ਪਰ ਉਸ ਦੇਸ ਨੂੰ ਜਿੱਥੇ ਓਹਨਾਂ ਦਾ ਜੀ ਮੁੜਨ ਨੂੰ ਚਾਹੁੰਦਾ ਹੈ ਉੱਥੇ ਫੇਰ ਨਾ ਮੁੜਨਗੇ।।
28ਕੀ ਏਹ ਮਨੁੱਖ ਕਾਨਯਾਹ ਇੱਕ ਨਖਿੱਧ ਟੁੱਟਾ ਭਾਂਡਾ
ਹੈ,
ਇੱਕ ਭਾਂਡਾ ਜਿਸ ਤੋਂ ਕੋਈ ਖੁਸ਼ ਨਹੀਂ?
ਉਹ ਅਤੇ ਉਹ ਦੀ ਨਸਲ ਕਿਉਂ ਕੱਢੇ ਗਏ ਹਨ,
ਅਤੇ ਉਸ ਦੇਸ ਵਿੱਚ ਸੁੱਟੇ ਗਏ ਜਿਹ ਨੂੰ ਓਹ ਨਹੀਂ
ਜਾਣਦੇ?
29ਹੇ ਧਰਤੀ, ਹੇ ਧਰਤੀ! ਹੇ ਧਰਤੀ
ਯਹੋਵਾਹ ਦਾ ਬਚਨ ਸੁਣ!
30ਯਹੋਵਾਹ ਐਉਂ ਫ਼ਰਮਾਉਂਦਾ ਹੈ, -
ਏਸ ਮਨੁੱਖ ਨੂੰ ਔਂਤਰਾ ਲਿੱਖੋ,
ਇੱਕ ਮਰਦ ਜਿਹੜਾ ਆਪਣੇ ਦਿਨਾਂ ਵਿੱਚ ਸਫਲ ਨਾ ਹੋਵੇਗਾ,
ਨਾ ਹੀ ਉਹ ਦੀ ਨਸਲ ਵਿੱਚੋਂ ਕੋਈ ਸਫਲ ਹੋਵੇਗਾ,
ਭਈ ਦਾਊਦ ਦੇ ਸਿੰਘਾਸਣ ਉੱਤੇ ਬੈਠੇ,
ਅਤੇ ਯਹੂਦਾਹ ਉੱਤੇ ਫੇਰ ਰਾਜ ਕਰੇ।।
Currently Selected:
ਯਿਰਮਿਯਾਹ 22: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.