ਯਾਕੂਬ 2
2
ਪੱਖ ਪਾਤ । ਅਮਲ ਅਤੇ ਨਿਹਚਾ
1ਹੇ ਮੇਰੇ ਭਰਾਵੋ , ਸਾਡੇ ਪਰਤਾਪਵਾਨ ਪ੍ਰਭੁ ਯਿਸੂ ਮਸੀਹ ਦੀ ਨਿਹਚਾ ਨੂੰ ਕਿਸੇ ਦੇ ਪੱਖ ਪਾਤ ਨਾਲ ਨਾ ਰੱਖੋ 2ਕਿਉਂਕਿ ਜੇ ਕੋਈ ਪੁਰਖ ਸੋਨੇ ਦੀ ਅੰਗੂਠੀ ਪਾਈ ਅਤੇ ਭੜਕੀਲੇ ਬਸਤਰ ਪਹਿਨੇ ਤੁਹਾਡੀ ਸਮਾਜ ਵਿੱਚ ਆਇਆ ਅਤੇ ਇੱਕ ਗਰੀਬ ਵੀ ਮੈਲੇ ਲੀੜੇ ਪਹਿਨੇ ਆਇਆ 3ਅਤੇ ਤੁਸਾਂ ਓਸ ਭੜਕੀਲੇ ਬਸਤਰਾਂ ਵਾਲੇ ਦਾ ਲਿਹਾਜ਼ ਕੀਤਾ ਅਤੇ ਓਹ ਨੂੰ ਆਖਿਆ, ਐਥੇ ਚੰਗੀ ਤਰਾਂ ਨਾਲ ਬਹਿ ਜਾਓ ਅਤੇ ਉਸ ਗਰੀਬ ਨੂੰ ਕਿਹਾ ਭਈ ਤੂੰ ਉੱਥੇ ਖੜਾ ਰਹੁ ਯਾ ਮੇਰੇ ਪੈਰ ਰੱਖਣ ਦੀ ਚੌਂਕੀ ਕੋਲ ਬੈਠ 4ਤਾਂ ਕੀ ਤੁਸਾਂ ਆਪਣਿਆਂ ਮਨਾਂ ਵਿੱਚ ਦੁਆਇਤ ਭਾਵ ਨਹੀਂ ਕੀਤਾ ਅਤੇ ਬੁਰਿਆਈ ਸੋਚਣ ਵਾਲੇ ਨਿਆਈ ਨਹੀਂ ਬਣੇ? 5ਸੁਣੋ, ਹੇ ਮੇਰੇ ਪਿਆਰੇ ਭਰਾਵੋ, ਕੀ ਪਰਮੇਸ਼ੁਰ ਨੇ ਓਹਨਾਂ ਨੂੰ ਨਹੀਂ ਚੁਣਿਆ ਜਿਹੜੇ ਸੰਸਾਰ ਦੀ ਵੱਲੋਂ ਗਰੀਬ ਹਨ ਭਈ ਨਿਹਚਾ ਵਿੱਚ ਧਨੀ ਹੋਣ ਅਤੇ ਉਸ ਰਾਜ ਦੇ ਅਧਕਾਰੀ ਹੋਣ ਜਿਹ ਦਾ ਬਚਨ ਉਹ ਨੇ ਆਪਣਿਆਂ ਪ੍ਰੇਮੀਆਂ ਨੂੰ ਦਿੱਤਾ ਸੀ? 6ਪਰ ਤੁਸਾਂ ਗਰੀਬ ਦੀ ਪਤ ਲਾਹ ਸੁੱਟੀ! ਭਲਾ, ਧਨਵਾਨ ਤੁਹਾਡੇ ਨਾਲ ਅਨ੍ਹੇਰ ਨਹੀਂ ਕਰਦੇ? ਅਤੇ ਆਪੇ ਤੁਹਾਨੂੰ ਅਦਾਲਤਾਂ ਵਿੱਚ ਖਿੱਚ ਨਹੀਂ ਖੜਦੇ? 7ਭਲਾ, ਏਹੋ ਨਹੀਂ ਜਿਹੜੇ ਉਸ ਉੱਤਮ ਨਾਮ ਉੱਤੇ ਜਿਸ ਤੋਂ ਤੁਸੀਂ ਸਦਾਉਂਦੇ ਹੋ ਕੁਫ਼ਰ ਬੱਕਦੇ ਹਨ? 8ਪਰ ਤਾਂ ਵੀ ਜੇ ਤੁਸੀਂ ਓਸ ਸ਼ਾਹੀ ਹੁਕਮ ਨੂੰ ਪੂਰਿਆਂ ਕਰਦੇ ਹੋ ਜਿਵੇਂ ਧਰਮ ਪੁਸਤਕ ਵਿੱਚ ਹੈ ਭਈ ਤੂੰ ਆਪਣੇ ਗੁਆਂਢੀ ਨਾਲ ਆਪਣੇ ਜਿਹਾ ਪਿਆਰ ਕਰ, ਤਾਂ ਭਲਾ ਕਰਦੇ ਹੋ 9ਪਰ ਜੇ ਤੁਸੀਂ ਪੱਖ ਕਰਦੇ ਹੋ ਤਾਂ ਪਾਪ ਕਰਦੇ ਹੋ ਅਤੇ ਅਪਰਾਧੀ ਬਣ ਕੇ ਸ਼ਰਾ ਤੋਂ ਦੋਸ਼ੀ ਠਹਿਰਾਏ ਜਾਂਦੇ ਹੋ 10ਜੋ ਕੋਈ ਸਾਰੀ ਸ਼ਰਾ ਦੀ ਪਾਲਨਾ ਕਰੇ ਪਰ ਇੱਕ ਗੱਲ ਵਿੱਚ ਭੁੱਲ ਜਾਵੇ ਉਹ ਸਭਨਾਂ ਵਿੱਚ ਦੋਸ਼ੀ ਹੋਇਆ 11ਕਿਉਂਕਿ ਜਿਹ ਨੇ ਆਖਿਆ ਭਈ ਜ਼ਨਾਹ ਨਾ ਕਰ, ਉਹ ਨੇ ਇਹ ਵੀ ਆਖਿਆ ਭਈ ਖੂਨ ਨਾ ਕਰ। ਸੋ ਜੇ ਤੈਂ ਜ਼ਨਾਹ ਨਾ ਕੀਤਾ ਪਰ ਖੂਨ ਕੀਤਾ ਤਾਂ ਤੂੰ ਸ਼ਰਾ ਦਾ ਉਲੰਘਣ ਕਰਨ ਵਾਲਾ ਹੋਇਆ 12ਤੁਸੀਂ ਇਉਂ ਬੋਲੋ ਅਤੇ ਇਉਂ ਕੰਮ ਕਰੋ ਜਿਵੇਂ ਓਹ ਜਿਨ੍ਹਾਂ ਦਾ ਨਿਆਉਂ ਅਜ਼ਾਦੀ ਦੀ ਸ਼ਰਾ ਨਾਲ ਹੋਣਾ ਹੈ 13ਕਿਉਂਕਿ ਜਿਹ ਨੇ ਦਯਾ ਨਾ ਕੀਤੀ ਉਹ ਦਾ ਨਿਆਉਂ ਦਯਾ ਤੋਂ ਬਿਨਾ ਕੀਤਾ ਜਾਵੇਗਾ। ਦਯਾ ਨਿਆਉਂ ਦੇ ਉੱਤੇ ਫ਼ਤਹ ਪਾਉਂਦੀ ਹੈ।।
14ਹੇ ਮੇਰੇ ਭਰਾਵੋ, ਜੇ ਕੋਈ ਆਖੇ ਭਈ ਮੈਨੂੰ ਨਿਹਚਾ ਹੈ ਪਰ ਉਹ ਅਮਲ ਨਾ ਕਰਦਾ ਹੋਵੇ ਤਾਂ ਕੀ ਲਾਭ ਹੋਇਆ? ਭਲਾ, ਇਹ ਨਿਹਚਾ ਉਹ ਨੂੰ ਬਚਾ ਸੱਕਦੀ ਹੈ? 15ਜੇ ਕੋਈ ਭਾਈ ਯਾ ਭੈਣ ਨੰਗਾ ਅਤੇ ਰੱਜਵੀ ਰੋਟੀ ਤੋਂ ਥੁੜਿਆ ਹੋਵੇ 16ਅਤੇ ਤੁਸਾਂ ਵਿੱਚੋਂ ਕੋਈ ਉਨ੍ਹਾਂ ਨੂੰ ਆਖੇ ਭਈ ਸੁੱਖ ਸਾਂਦ ਨਾਲ ਜਾਓ। ਨਿੱਘੇ ਅਤੇ ਰੱਜੇ ਪੁੱਜੇ ਰਹੋ ਪਰ ਜਿਹੜੀਆਂ ਵਸਤਾਂ ਸਰੀਰ ਲਈ ਲੋੜੀਦੀਆਂ ਹਨ ਓਹ ਤੁਸਾਂ ਉਨ੍ਹਾਂ ਨੂੰ ਨਾ ਦਿੱਤੀਆਂ ਤਾਂ ਕੀ ਲਾਭ ਹੋਇਆ? 17ਇਸੇ ਪਰਕਾਰ ਨਿਹਚਾ ਜੋ ਅਮਲ ਸਹਿਤ ਨਾ ਹੋਵੇ ਤਾਂ ਆਪਣੇ ਆਪ ਤੋਂ ਮੋਈ ਹੋਈ ਹੈ 18ਪਰ ਕੋਈ ਆਖੇਗਾ ਭਈ ਤੇਰੇ ਕੋਲ ਨਿਹਚਾ ਹੈ ਅਤੇ ਮੇਰੇ ਕੋਲ ਅਮਲ ਹਨ । ਤੂੰ ਆਪਣੀ ਨਿਹਚਾ ਅਮਲਾਂ ਬਿਨਾ ਮੈਨੂੰ ਵਿਖਾ ਅਤੇ ਮੈਂ ਆਪਣਿਆਂ ਅਮਲਾਂ ਨਾਲ ਤੈਨੂੰ ਆਪਣੀ ਨਿਹਚਾ ਵਿਖਾਵਾਂਗਾ 19ਤੂੰ ਨਿਹਚਾ ਰੱਖਦਾ ਹੈਂ ਜੋ ਪਰਮੇਸ਼ੁਰ ਇੱਕੋ ਹੈ। ਇਹ ਤੂੰ ਅੱਛਾ ਕਰਦਾ ਹੈ । ਭੂਤ ਇਹੋ ਨਿਹਚਾ ਕਰਦੇ ਹਨ ਅਤੇ ਕੰਬਦੇ ਹਨ 20ਪਰ ਹੇ ਨਿਕੰਮਿਆ ਮਨੁੱਖਾ, ਕੀ ਤੂੰ ਇਹ ਜਾਣਿਆ ਚਾਹੁੰਦਾ ਹੈਂ ਭਈ ਅਮਲਾਂ ਬਾਝੋਂ ਨਿਹਚਾ ਅਕਾਰਥ ਹੈ? 21ਕੀ ਸਾਡਾ ਪਿਤਾ ਅਬਰਾਹਾਮ ਅਮਲਾਂ ਨਾਲ ਧਰਮੀ ਨਹੀਂ ਠਹਿਰਾਇਆ ਗਿਆ ਜਦੋਂ ਉਹ ਨੇ ਆਪਣੇ ਪੁੱਤ੍ਰ ਇਸਹਾਕ ਨੂੰ ਜਗਵੇਦੀ ਉੱਤੇ ਚਾੜ੍ਹ ਦਿੱਤਾ? 22ਤੂੰ ਵੇਖਦਾ ਹੈਂ ਭਈ ਨਿਹਚਾ ਉਹ ਦੇ ਅਮਲਾਂ ਨਾਲ ਗੁਣਕਾਰ ਹੋਈ ਅਤੇ ਅਮਲਾਂ ਤੋਂ ਨਿਹਚਾ ਸੰਪੂਰਨ ਹੋਈ 23ਅਤੇ ਧਰਮ ਪੁਸਤਕ ਦਾ ਇਹ ਵਾਕ ਪੂਰਾ ਹੋਇਆ ਭਈ ਅਬਰਾਹਾਮ ਨੇ ਪਰਮੇਸ਼ੁਰ ਦੀ ਪਰਤੀਤ ਕੀਤੀ ਅਤੇ ਇਹ ਉਸ ਦੇ ਲਈ ਧਰਮ ਗਿਣੀ ਗਈ ਅਤੇ ਉਹ ਪਰਮੇਸ਼ੁਰ ਦਾ ਮਿੱਤਰ ਸਦਾਇਆ 24ਤੁਸੀਂ ਵੇਖਦੇ ਹੋ ਭਈ ਮਨੁੱਖ ਨਿਰੀ ਨਿਹਚਾ ਨਾਲ ਹੀ ਨਹੀਂ ਸਗੋਂ ਅਮਲਾਂ ਨਾਲ ਧਰਮੀ ਠਹਿਰਾਇਆ ਜਾਂਦਾ ਹੈ 25ਅਤੇ ਓਸੇ ਪਰਕਾਰ ਕੀ ਰਹਾਬ ਵੇਸਵਾ ਭੀ ਅਮਲਾਂ ਹੀ ਨਾਲ ਧਰਮੀ ਨਾ ਠਹਿਰਾਈ ਗਈ ਜਦੋਂ ਉਹ ਨੇ ਹਲਕਾਰਿਆਂ ਨੂੰ ਘਰ ਉਤਾਰਿਆ ਅਤੇ ਉਨ੍ਹਾਂ ਨੂੰ ਦੂਏ ਰਾਹ ਥਾਣੀ ਤੋਰ ਦਿੱਤਾ? 26ਜਿੱਕੁਰ ਆਤਮਾ ਬਾਝੋਂ ਸਰੀਰ ਮੁਰਦਾ ਹੈ ਤਿੱਕੁਰ ਹੀ ਅਮਲਾਂ ਬਾਝੋਂ ਨਿਹਚਾ ਮੁਰਦਾ ਹੈ।।
Currently Selected:
ਯਾਕੂਬ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.