ਯਸਾਯਾਹ 37
37
ਅੱਸ਼ੂਰ ਦੇ ਪਾਤਸ਼ਾਹ ਦੀ ਹਾਰ
1ਤਾਂ ਐਉਂ ਹੋਇਆ ਕਿ ਜਦ ਹਿਜ਼ਕੀਯਾਹ ਪਾਤਸ਼ਾਹ ਨੇ ਇਹ ਸੁਣਿਆ ਤਾਂ ਆਪਣੇ ਕੱਪੜੇ ਪਾੜੇ ਅਤੇ ਆਪਣੇ ਦੁਆਲੇ ਟਾਟ ਵਲ੍ਹੇਟਿਆ ਅਤੇ ਯਹੋਵਾਹ ਦੇ ਭਵਨ ਵਿੱਚ ਗਿਆ 2ਅਤੇ ਅਲਯਾਕੀਮ ਨੂੰ ਜਿਹੜਾ ਮਹਿਲ ਉੱਤੇ ਸੀ ਅਰ ਸ਼ਬਨਾ ਮੁਨੀਮ ਨੂੰ ਅਰ ਜਾਜਕਾਂ ਦੇ ਬਜ਼ੁਰਗਾਂ ਨੂੰ ਟਾਟ ਪੁਆ ਕੇ ਆਮੋਸ ਦੇ ਪੁੱਤ੍ਰ ਯਸਾਯਾਹ ਨਬੀ ਕੋਲ ਘੱਲਿਆ 3ਉਨ੍ਹਾਂ ਨੇ ਉਸ ਨੂੰ ਆਖਿਆ, ਹਿਜ਼ਕੀਯਾਹ ਇਉਂ ਆਖਦਾ ਹੈ ਕਿ ਏਹ ਦਿਨ ਦੁਖ, ਘੂਰ ਅਤੇ ਬੇਪਤੀ ਦਾ ਦਿਨ ਹੈ ਕਿਉਂ ਜੋ ਬੱਚੇ ਤਾਂ ਜੰਮਣ ਵਾਲੇ ਹਨ ਪਰ ਜਣਨ ਦੀ ਸ਼ਕਤੀ ਨਹੀਂ ਹੈ 4ਖਬਰੇ ਯਹੋਵਾਹ ਤੇਰਾ ਪਰਮੇਸ਼ੁਰ ਰਬਸ਼ਾਕੇਹ ਦੀਆਂ ਗੱਲਾਂ ਸੁਣੇ ਜਿਸ ਨੂੰ ਉਹ ਦੇ ਸੁਆਮੀ ਅੱਸ਼ੂਰ ਦੇ ਪਾਤਸ਼ਾਹ ਨੇ ਘੱਲਿਆ ਹੈ ਭਈ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰੇ ਅਤੇ ਜਿਹੜੀਆਂ ਗੱਲਾਂ ਯਹੋਵਾਹ ਤੇਰੇ ਪਰਮੇਸ਼ੁਰ ਨੇ ਸੁਣੀਆਂ ਹਨ ਸ਼ਾਇਤ ਉਹ ਓਹਨਾਂ ਉੱਤੇ ਝਿੜਕੇ। ਏਸ ਲਈ ਤੂੰ ਬਚਿਆਂ ਖੁਚਿਆਂ ਲਈ ਜੋ ਰਹਿ ਗਏ ਹਨ ਪ੍ਰਾਰਥਨਾ ਕਰ 5ਸੋ ਹਿਜ਼ਕੀਯਾਹ ਪਾਤਸ਼ਾਹ ਦੇ ਟਹਿਲੂਏ ਯਸਾਯਾਹ ਕੋਲ ਆਏ 6ਅਤੇ ਯਸਾਯਾਹ ਨੇ ਉਨ੍ਹਾਂ ਨੂੰ ਆਖਿਆ ਭਈ ਤੁਸੀਂ ਆਪਣੇ ਸੁਆਮੀ ਨੂੰ ਐਉਂ ਆਖਿਓ ਕਿ ਯਹੋਵਾਹ ਏਹ ਆਖਦਾ ਹੈ, ਤੂੰ ਉਨ੍ਹਾਂ ਗੱਲਾਂ ਤੋਂ ਜਿਹੜੀਆਂ ਤੈਂ ਸੁਣੀਆਂ ਹਨ ਨਾ ਡਰੀਂ ਜਿਨ੍ਹਾਂ ਦੇ ਨਾਲ ਅੱਸ਼ੂਰ ਦੇ ਪਾਤਸ਼ਾਹ ਦੇ ਜੁਆਨਾਂ ਨੇ ਮੇਰੇ ਵਿਰੁੱਧ ਕੁਫ਼ਰ ਬਕਿਆ ਹੈ 7ਵੇਖੋ, ਮੈਂ ਉਹ ਦੇ ਵਿੱਚ ਇੱਕ ਅਜੇਹੀ ਰੂਹ ਪਾਵਾਂਗਾ ਭਈ ਉਹ ਅਵਾਈ ਸੁਣ ਕੇ ਆਪਣੇ ਦੇਸ ਨੂੰ ਮੁੜ ਜਾਵੇਗਾ ਅਤੇ ਮੈਂ ਉਹ ਨੂੰ ਉਹ ਦੇ ਦੇਸ ਵਿੱਚ ਤਲਵਾਰ ਨਾਲ ਡੇਗ ਦਿਆਂਗਾ।।
8ਸੋ ਰਬਸ਼ਾਕੇਹ ਮੁੜ ਗਿਆ ਅਤੇ ਅੱਸ਼ੂਰ ਦੇ ਪਾਤਸ਼ਾਹ ਨੂੰ ਲਿਬਨਾਹ ਦੇ ਵਿਰੁੱਧ ਜੁੱਧ ਕਰਦਿਆਂ ਪਾਇਆ ਕਿਉਂ ਜੋ ਉਸ ਨੇ ਸੁਣਿਆ ਸੀ ਕਿ ਉਹ ਲਾਕੀਸ਼ ਤੋਂ ਉੱਠ ਗਿਆ ਹੈ 9ਜਦ ਉਹ ਨੇ ਕੂਸ਼ ਦੇ ਰਾਜੇ ਤਿਰਹਾਕਾਹ ਦੇ ਵਿਖੇ ਇਹ ਸੁਣਿਆ ਭਈ ਉਹ ਤੇਰੇ ਨਾਲ ਲੜਨ ਨੂੰ ਨਿੱਕਲਿਆ ਹੈ ਤਾਂ ਉਹ ਨੇ ਏਹ ਸੁਣ ਕੇ ਹਿਜ਼ਕੀਯਾਹ ਵੱਲ ਹਲਕਾਰੇ ਘੱਲੇ 10ਕਿ ਤੁਸੀਂ ਯਹੂਦਾਹ ਦੇ ਪਾਤਸ਼ਾਹ ਹਿਜ਼ਕੀਯਾਹ ਨੂੰ ਐਉਂ ਆਖਣਾ ਭਈ ਤੇਰਾ ਪਰਮੇਸ਼ੁਰ ਜਿਹ ਦੇ ਉੱਤੇ ਤੇਰਾ ਭਰੋਸਾ ਹੈ ਏਹ ਆਖ ਕੇ ਤੈਨੂੰ ਧੋਖਾ ਨਾ ਦੇਵੇ ਕਿ ਯਰੂਸ਼ਲਮ ਅੱਸ਼ੂਰ ਦੇ ਪਾਤਸ਼ਾਹ ਦੇ ਹੱਥ ਵਿੱਚ ਨਹੀਂ ਦਿੱਤਾ ਜਾਵੇਗਾ 11ਵੇਖ, ਤੂੰ ਆਪ ਸੁਣਿਆ ਹੈ ਕਿ ਅੱਸ਼ੂਰ ਦਿਆਂ ਪਾਤਸ਼ਾਹਾਂ ਨੇ ਸਾਰਿਆਂ ਦੇਸਾਂ ਨੂੰ ਨਾਸ ਕਰ ਕੇ ਓਹਨਾਂ ਨਾਲ ਕੀ ਕੀਤਾ। ਕੀ ਤੂੰ ਹੀ ਛੁੱਟ ਜਾਵੇਂਗਾ? 12ਕੀ ਕੌਮਾਂ ਦੇ ਦਿਓਤਿਆਂ ਨੇ ਓਹਨਾਂ ਨੂੰ ਛੁਡਾਇਆ ਸੀ ਜਿਨ੍ਹਾਂ ਨੂੰ ਮੇਰੇ ਪਿਉ ਦਾਦਿਆਂ ਨੇ ਨਾਸ ਕੀਤਾ ਅਰਥਾਤ ਗੋਜ਼ਾਨ ਨੂੰ, ਹਾਰਾਨ ਨੂੰ ਅਤੇ ਰਸਫ ਅਰ ਅਦਨ ਦਿਆਂ ਪੁੱਤ੍ਰਾਂ ਨੂੰ ਜਿਹੜੇ ਤਲਾੱਸਾਰ ਵਿੱਚ ਸਨ? 13ਹਮਾਥ ਦਾ ਰਾਜਾ, ਅਰਪਾਦ ਦਾ ਰਾਜਾ ਅਰ ਸਫਰਵਾਇਮ ਸ਼ਹਿਰ ਦਾ, ਹੇਨਾ ਅਰ ਇੱਵਾਹ ਦੇ ਰਾਜੇ ਕਿੱਥੇ ਹਨ? 14ਜਦ ਹਿਜ਼ਕੀਯਾਹ ਨੇ ਹਲਕਾਰਿਆਂ ਦੇ ਹੱਥੋਂ ਉਹ ਪੱਤ੍ਰ ਲੈ ਕੇ ਪੜ੍ਹਿਆ ਤਦ ਯਹੋਵਾਹ ਦੇ ਭਵਨ ਵਿੱਚ ਜਾ ਕੇ ਹਿਜ਼ਕੀਯਾਹ ਨੇ ਉਹ ਨੂੰ ਯਹੋਵਾਹ ਦੇ ਅੱਗੇ ਖੋਲ੍ਹ ਕੇ ਰੱਖ ਦਿੱਤਾ 15ਅਤੇ ਹਿਜ਼ਕੀਯਾਹ ਨੇ ਯਹੋਵਾਹ ਅੱਗੇ ਏਹ ਆਖ ਕੇ ਪ੍ਰਾਰਥਨਾ ਕੀਤੀ 16ਹੇ ਸੈਨਾਂ ਦੇ ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਕਰੂਬੀਆਂ ਦੇ ਉੱਤੇ ਵਿਰਾਜਣ ਵਾਲੇ, ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਦਾ ਤੂੰ ਆਪ ਹੀ ਇਕੱਲਾ ਪਰਮੇਸ਼ੁਰ ਹੈਂ। ਤੈਂ ਅਕਾਸ਼ ਅਤੇ ਧਰਤੀ ਨੂੰ ਬਣਾਇਆ 17ਹੇ ਯਹੋਵਾਹ, ਆਪਣਾ ਕੰਨ ਲਾ ਅਰ ਸੁਣ! ਹੇ ਯਹੋਵਾਹ, ਆਪਣੀਆਂ ਅੱਖੀਆਂ ਖੋਲ੍ਹ ਅਰ ਵੇਖ! ਤੂੰ ਸਨਹੇਰੀਬ ਦੀਆਂ ਸਾਰੀਆਂ ਗੱਲਾਂ ਨੂੰ ਸੁਣ ਜਿਹੜੀਆਂ ਉਸ ਨੇ ਜੀਉਂਦੇ ਪਰਮੇਸ਼ੁਰ ਨੂੰ ਬੋਲੀਆਂ ਮਾਰਨ ਲਈ ਅਖਵਾ ਘੱਲੀਆਂ ਹਨ 18ਹੇ ਯਹੋਵਾਹ, ਸੱਚ ਮੁੱਚ ਅੱਸ਼ੂਰ ਦੇ ਪਾਤਸ਼ਾਹਾਂ ਨੇ ਸਾਰੀਆਂ ਕੌਮਾਂ ਨੂੰ ਅਤੇ ਓਹਨਾਂ ਦਿਆਂ ਦੇਸਾਂ ਨੂੰ ਨਾਸ ਕੀਤਾ 19ਅਤੇ ਓਹਨਾਂ ਨੇ ਉਨ੍ਹਾਂ ਦੇ ਦਿਓਤਿਆਂ ਨੂੰ ਅੱਗ ਵਿੱਚ ਪਾ ਦਿੱਤਾ ਕਿਉਂ ਜੋ ਓਹ ਦਿਓਤੇ ਵੀ ਨਹੀਂ ਸਨ ਪਰ ਆਦਮੀ ਦੀ ਦਸਤਕਾਰੀ, ਲੱਕੜੀ ਅਰ ਪੱਥਰ ਸਨ, ਸੋ ਓਹਨਾਂ ਨੇ ਉਨ੍ਹਾਂ ਨੂੰ ਨਾਸ ਕਰ ਦਿੱਤਾ 20ਹੁਣ ਹੇ ਯਹੋਵਾਹ, ਸਾਡੇ ਪਰਮੇਸ਼ੁਰ, ਸਾਨੂੰ ਉਹ ਦੇ ਹੱਥੋਂ ਬਚਾ ਭਈ ਧਰਤੀ ਦੀਆਂ ਸਾਰੀਆਂ ਪਾਤਸ਼ਾਹੀਆਂ ਜਾਣ ਲੈਣ ਕਿ ਤੂੰ ਹੀ ਇਕੱਲਾ ਯਹੋਵਾਹ ਹੈਂ!।।
21ਤਦ ਆਮੋਸ ਦੇ ਪੁੱਤ੍ਰ ਯਸਾਯਾਹ ਨੇ ਹਿਜ਼ਕੀਯਾਹ ਨੂੰ ਏਹ ਅਖਵਾ ਘੱਲਿਆ ਕਿ ਯਹੋਵਾਹ ਇਸਰਾਏਲ ਪਰਮੇਸ਼ੁਰ ਐਉਂ ਆਖਦਾ ਹੈ, ਏਸ ਲਈ ਕਿ ਤੈਂ ਅੱਸ਼ੂਰ ਦੇ ਪਾਤਸ਼ਾਹ ਸਨਹੇਰੀਬ ਦੇ ਵਿਖੇ ਮੈਥੋਂ ਪ੍ਰਾਰਥਨਾ ਕੀਤੀ ਹੈ 22ਸੋ ਏਹ ਉਹ ਬਚਨ ਹੈ ਜਿਹੜਾ ਯਹੋਵਾਹ ਉਹ ਦੇ ਵਿਖੇ ਬੋਲਦਾ ਹੈ, -
ਉਹ ਤੈਨੂੰ ਤੁੱਛ ਜਾਣਦੀ ਹੈ,
ਉਹ ਤੈਨੂੰ ਮਖੌਲ ਕਰਦੀ ਹੈ, -
ਸੀਯੋਨ ਦੀ ਕੁਆਰੀ ਧੀ।
ਯਰੂਸ਼ਲਮ ਦੀ ਧੀ ਤੇਰੇ ਪਿੱਛੇ ਸਿਰ ਹਿਲਾਉਂਦੀ ਹੈ।
23ਤੈਂ ਕਿਹ ਨੂੰ ਬੋਲੀਆਂ ਮਾਰੀਆਂ,
ਅਤੇ ਕਿਹ ਨੂੰ ਕੁਫਰ ਬਕਿਆ?
ਤੈਂ ਕਿਹ ਦੇ ਵਿਰੁੱਧ ਅਵਾਜ਼ ਉੱਚੀ ਕੀਤੀ,
ਅਤੇ ਆਪਣੀਆਂ ਅੱਖੀਆਂ ਉਤਾਹਾਂ ਚੁੱਕੀਆਂ?
ਇਸਰਾਏਲ ਦੇ ਪਵਿੱਤਰ ਪੁਰਖ ਦੇ ਵਿਰੁੱਧ!
24ਤੈਂ ਆਪਣੇ ਟਹਿਲੂਆਂ ਦੇ ਰਾਹੀਂ ਪ੍ਰਭੁ ਨੂੰ ਬੋਲੀਆਂ
ਮਾਰੀਆਂ,
ਅਤੇ ਆਖਿਆ, ਮੈਂ ਆਪਣਿਆਂ ਬਾਹਲਿਆਂ ਰਥਾਂ
ਨਾਲ
ਪਹਾੜਾਂ ਦੀਆਂ ਟੀਸੀਆਂ ਉੱਤੇ ਚੜ੍ਹਿਆ ਹਾਂ,
ਸਗੋਂ ਲਬਾਨੋਨ ਦੇ ਵਿਚਕਾਰ ਤਾਈਂ।
ਮੈਂ ਉਹ ਦੇ ਉੱਚੇ ਤੋਂ ਦਿਆਰ,
ਤੇ ਵਧੀਆ ਤੋਂ ਵਧੀਆ ਸਰੂ ਵੱਢ ਛੱਡਿਆ।
ਮੈਂ ਉਹ ਦੀ ਉੱਚੀ ਤੋਂ ਉੱਚੀ ਟੀਸੀ ਵਿੱਚ,
ਉਹ ਦੀ ਬਣ ਵਾੜੀ ਵਿੱਚ ਜਾ ਵੜਿਆ।
25ਮੈਂ ਤਾਂ ਪੁੱਟ ਪੁੱਟ ਕੇ ਪਾਣੀ ਪੀਤਾ,
ਮੈਂ ਆਪਣੇ ਪੈਰਾਂ ਦੀਆਂ ਤਲੀਆਂ ਨਾਲ
ਮਿਸਰ ਦੀਆਂ ਸਾਰੀਆਂ ਨਦੀਆਂ ਨੂੰ ਸੁਕਾ ਦਿੱਤਾ।।
26ਕੀ ਤੈਂ ਨਹੀਂ ਸੁਣਿਆ ਭਈ ਬਹੁਤ ਚਿਰ ਹੋਇਆ
ਮੈਂ ਏਹ ਠਾਣ ਲਿਆ ਸੀ,
ਅਤੇ ਪੁਰਾਣਿਆਂ ਦਿਨਾਂ ਵਿੱਚ ਮੈਂ ਏਹ ਦਾ ਉਪਾਓ
ਕੀਤਾ ਸੀ?
ਹੁਣ ਮੈਂ ਉਹ ਨੂੰ ਪੂਰਾ ਕਰਦਾ ਹਾਂ,
ਭਈ ਤੂੰ ਗੜ੍ਹ ਵਾਲਿਆਂ ਸ਼ਹਿਰਾਂ ਨੂੰ
ਉਜਾੜ ਪੁਜਾੜ ਕੇ ਥੇਹ ਕਰ ਛੱਡੇਂ।
27ਸੋ ਓਹਨਾਂ ਦੇ ਨਿਵਾਸੀ ਨਿਰਬਲ ਹੋਣ ਕਰਕੇ
ਘਾਬਰ ਗਏ ਅਰ ਬੇਕਲ ਕੀਤੇ ਗਏ,
ਉਹ ਖੇਤ ਦਾ ਸਾਗ ਪੱਤ ਅਤੇ ਹਰੀ ਅੰਗੂਰੀ,
ਅਤੇ ਛੱਤ ਉੱਤੇ ਦੇ ਘਾਹ ਅਰ ਉਸ ਅੰਨ ਵਾਂਙੁ ਹੋ
ਗਏ,
ਜੋ ਉੱਗਣੋਂ ਅਗੇਤਰਾ ਹੀ ਸੁੱਕ ਜਾਵੇ।
28ਪਰ ਮੈਂ ਤੇਰਾ ਬੈਠਣਾ, ਤੇਰਾ ਅੰਦਰ ਬਾਹਰ ਆਉਣਾ
ਜਾਣਾ,
ਅਰ ਤੇਰਾ ਮੇਰੇ ਉੱਤੇ ਖਿਝਣਾ ਜਾਣਦਾ ਹਾਂ।
29ਏਸ ਲਈ ਕਿ ਤੇਰਾ ਮੇਰੇ ਉੱਤੇ ਖਿਝਣਾ,
ਅਰ ਤੇਰਾ ਘੁਮੰਡ ਮੇਰੇ ਕੰਨੀਂ ਪਹੁੰਚਾ ਹੈ,
ਸੋ ਮੈਂ ਆਪਣੀ ਨਕੇਲ ਤੇਰੇ ਨੱਕ ਵਿੱਚ,
ਅਰ ਆਪਣੀ ਲਗਾਮ ਤੇਰੇ ਮੂੰਹ ਵਿੱਚ ਪਾਵਾਂਗਾ,
ਅਰ ਜਿਹੜੇ ਰਾਹ ਤੂੰ ਆਇਆ, ਉਸੇ ਰਾਹ ਤੈਨੂੰ
ਪਿਛਾਹਾਂ ਮੋੜ ਦਿਆਂਗਾ।।
30ਅਤੇ ਤੇਰੇ ਲਈ ਇਹ ਨਿਸ਼ਾਨ ਹੋਵੇਗਾ,
ਇਸ ਵਰਹੇ ਉਹ ਖਾਓ ਜੋ ਆਪ ਉੱਗੇ,
ਦੂਜੇ ਵਰਹੇ ਉਹ ਜੋ ਉਸ ਤੋਂ ਉੱਗੇ,
ਅਤੇ ਤੀਜੇ ਵਰਹੇ ਬੀਜੋ, ਵੱਢੋ,
ਅੰਗੂਰੀ ਬਾਗ ਲਾਓ ਅਰ ਓਹਨਾਂ ਦਾ ਫਲ ਖਾਓ।
31ਤਦ ਓਹ ਭਗੌੜੇ ਜੋ ਯਹੂਦਾਹ ਦੇ ਘਰਾਣੇ ਵਿੱਚੋਂ
ਬਚ ਰਹੇ ਹਨ,
ਹੇਠਾਂ ਨੂੰ ਜੜ ਫੜ ਕੇ ਉਤਾਹਾਂ ਨੂੰ ਫਲਣਗੇ,
32ਕਿਉਂ ਜੋ ਇੱਕ ਬਕੀਆ ਯਰੂਸ਼ਲਮ ਵਿੱਚੋਂ,
ਅਰ ਬਚੇ ਖੁਚੇ ਸੀਯੋਨ ਪਰਬਤ ਵਿੱਚੋਂ ਨਿੱਕਲਣਗੇ,
ਸੈਨਾਂ ਦੇ ਯਹੋਵਾਹ ਦੀ ਅਣਖ ਇਹ ਕਰੇਗੀ।।
33ਏਸ ਲਈ ਅੱਸ਼ੂਰ ਦੇ ਪਾਤਸ਼ਾਹ ਦੇ ਵਿਖੇ ਯਹੋਵਾਹ
ਐਉਂ ਫ਼ਰਮਾਉਂਦਾ ਹੈ, -
ਉਹ ਨਾ ਤਾਂ ਇਸ ਸ਼ਹਿਰ ਕੋਲ ਆਵੇਗਾ,
ਨਾ ਐਥੇ ਬਾਣ ਚਲਾਵੇਗਾ,
ਨਾ ਢਾਲ ਲੈ ਕੇ ਉਹ ਦੇ ਉੱਤੇ ਧਾਵਾ ਕਰੇਗਾ,
ਨਾ ਉਹ ਦੇ ਅੱਗੇ ਦਮਦਮਾ ਬਣਾਵੇਗਾ।
34ਜਿਸ ਰਾਹ ਉਹ ਆਇਆ, ਉਸੇ ਰਾਹ ਉਹ ਮੁੜ
ਜਾਵੇਗਾ,
ਉਹ ਇਸ ਸ਼ਹਿਰ ਕੋਲ ਨਾ ਆਵੇਗਾ,
ਏਹ ਯਹੋਵਾਹ ਦਾ ਵਾਕ ਹੈ!
35ਮੈਂ ਆਪਣੇ ਨਮਿੱਤ ਤੇ ਆਪਣੇ ਦਾਸ ਦਾਊਦ ਦੇ
ਨਮਿੱਤ
ਇਸ ਸ਼ਹਿਰ ਨੂੰ ਬਚਾਉਣ ਲਈ ਉਹ ਨੂੰ ਸਾਂਭ ਰੱਖਾਂਗਾ।।
36ਯਹੋਵਾਹ ਦੇ ਦੂਤ ਨੇ ਨਿੱਕਲ ਕੇ ਅੱਸ਼ੂਰੀਆਂ ਦੇ ਡੇਰੇ ਵਿੱਚ ਇੱਕ ਲੱਖ ਪੱਚਾਸੀ ਹਜ਼ਾਰ ਮਾਰ ਛੱਡੇ ਅਤੇ ਜਦ ਲੋਕ ਤੜਕਸਾਰ ਉੱਠੇ, ਤਾਂ ਵੇਖੋ, ਓਹ ਸਭ ਲੋਥਾਂ ਹੀ ਲੋਥਾਂ ਸਨ! 37ਸੋ ਅੱਸ਼ੂਰ ਦਾ ਪਾਤਸ਼ਾਹ ਸਨਹੇਰੀਬ ਕੂਚ ਕਰ ਕੇ ਚੱਲਿਆ ਗਿਆ ਅਤੇ ਮੁੜ ਕੇ ਨੀਨਵਾਹ ਵਿੱਚ ਜਾ ਰਿਹਾ 38ਫੇਰ ਐਉਂ ਹੋਇਆ ਕਿ ਜਦ ਉਹ ਆਪਣੇ ਦਿਓਤੇ ਨਿਸਰੋਕ ਦੇ ਮੰਦਰ ਵਿੱਚ ਪੂਜਾ ਕਰ ਰਿਹਾ ਸੀ ਤਾਂ ਉਹ ਦੇ ਪੁੱਤ੍ਰਾਂ ਅਦਰੰਮਲਕ ਅਰ ਸ਼ਰਸਰ ਨੇ ਉਹ ਨੂੰ ਤਲਵਾਰ ਨਾਲ ਵੱਢ ਛੱਡਿਆ ਅਰ ਓਹ ਅਰਾਰਾਤ ਦੇ ਦੇਸ ਨੂੰ ਭੱਜ ਗਏ। ਤਾਂ ਉਹ ਦਾ ਪੁੱਤ੍ਰ ਏਸਰ-ਹੱਦੋਨ ਉਹ ਦੇ ਥਾਂ ਰਾਜ ਕਰਨ ਲੱਗਾ।।
Currently Selected:
ਯਸਾਯਾਹ 37: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.