YouVersion Logo
Search Icon

ਯਸਾਯਾਹ 13

13
ਬਾਬਲ ਲਈ ਅਗੰਮ ਵਾਕ
1ਬਾਬਲ ਦਾ ਅਗੰਮ ਵਾਕ ਜਿਹ ਨੂੰ ਆਮੋਸ ਦੇ
ਪੁੱਤ੍ਰ ਯਸਾਯਾਹ ਨੇ ਦਰਸਣ ਵਿੱਚ ਪਾਇਆ, -
2ਨੰਗੇ ਪਰਬਤ ਉੱਤੇ ਝੰਡਾ ਖੜਾ ਕਰੋ, ਉਨ੍ਹਾਂ ਨੂੰ
ਉੱਚੀ ਅਵਾਜ਼ ਨਾਲ ਪੁਕਾਰੋ!
ਹੱਥ ਨਾਲ ਸੈਨਤ ਮਾਰੋ,
ਭਈ ਓਹ ਪਤਵੰਤਾਂ ਦੇ ਦਰਵੱਜਿਆਂ ਵਿੱਚ ਵੜਨ!
3ਮੈਂ ਆਪਣੇ ਸੰਤਾਂ ਨੂੰ ਹੁਕਮ ਦਿੱਤਾ ਹੈ,
ਨਾਲੇ ਮੈਂ ਆਪਣੇ ਕ੍ਰੋਧ ਨੂੰ ਪੂਰਾ ਕਰਨ ਲਈ,
ਆਪਣੇ ਸੂਰਮਿਆਂ ਨੂੰ ਬੁਲਾਇਆ,
ਮੇਰੇ ਹੰਕਾਰੀ ਅਭਮਾਨੀਆਂ ਨੂੰ।
4ਪਹਾੜਾਂ ਉੱਤੇ ਇੱਕ ਰੌਲੇ ਦੀ ਅਵਾਜ਼,
ਜਿਵੇਂ ਵੱਡੀ ਭੀੜ ਦੀ,
ਕੌਮਾਂ ਦੀਆਂ ਪਾਤਸ਼ਾਹੀਆਂ ਦੇ ਇਕੱਠ ਦਾ ਸ਼ੋਰ,
ਸੈਨਾਂ ਦਾ ਯਹੋਵਾਹ ਜੁੱਧ ਲਈ ਸੈਨਾਂ ਨੂੰ ਇਕੱਠਾ ਕਰ
ਰਿਹਾ ਹੈ!
5ਉਹ ਦੂਰ ਦੇਸ ਤੋਂ ਅਕਾਸ਼ ਦੇ ਆਖਰ ਤੋਂ ਲੱਗੇ
ਆਉਂਦੇ ਹਨ,
ਯਹੋਵਾਹ ਅਤੇ ਉਹ ਦੇ ਗ਼ਜ਼ਬ ਦੇ ਸ਼ਸਤਰ,
ਭਈ ਸਾਰੀ ਧਰਤੀ ਨੂੰ ਨਾਸ ਕਰਨ!।।
6ਤੁਸੀਂ ਧਾਹਾਂ ਮਾਰੋ ਕਿਉਂ ਜੋ ਯਹੋਵਾਹ ਦਾ ਦਿਨ
ਨੇੜੇ ਹੈ,
ਉਹ ਸਰਬ ਸ਼ਕਤੀਮਾਨ ਵੱਲੋਂ ਬਰਬਾਦੀ ਵਾਂਙੁ
ਆਵੇਗਾ।
7ਏਸ ਲਈ ਸਾਰੇ ਹੱਥ ਢਿੱਲੇ ਪੈ ਜਾਣਗੇ,
ਅਤੇ ਹਰ ਮਨੁੱਖ ਦਾ ਦਿਲ ਢਲ ਜਾਵੇਗਾ।
8ਓਹ ਘਬਰਾ ਜਾਣਗੇ,
ਤ੍ਰਾਟਾਂ ਤੇ ਕਸ਼ਟ ਉਨ੍ਹਾਂ ਨੂੰ ਫੜ ਲੈਣਗੇ,
ਓਹ ਜਣਨ ਵਾਲੀ ਤੀਵੀਂ ਵਾਂਙੁ ਪੀੜ ਵਿੱਚ ਹੋਣਗੇ,
ਓਹ ਹੱਕੇ ਬੱਕੇ ਹੋ ਕੇ ਇੱਕ ਦੂਜੇ ਨੂੰ ਤੱਕਣਗੇ,
ਉਨ੍ਹਾਂ ਦੇ ਮੂੰਹ ਭਖਦੇ ਹੋਣਗੇ।।
9ਵੇਖੋ, ਯਹੋਵਾਹ ਦਾ ਦਿਨ ਆਉਂਦਾ ਹੈ,
ਨਿਰਦਾਈ, ਕਹਿਰ ਅਤੇ ਤੇਜ ਕ੍ਰੋਧ ਨਾਲ,
ਭਈ ਧਰਤੀ ਨੂੰ ਵਿਰਾਨ ਕਰੇ,
ਅਤੇ ਉਹ ਦੇ ਪਾਪੀਆਂ ਨੂੰ ਉਹ ਦੇ ਵਿੱਚੋਂ ਨਾਸ
ਕਰੇ।
10ਅਕਾਸ਼ ਦੇ ਤਾਰੇ ਅਤੇ ਉਹ ਦੀਆਂ ਖਿੱਤੀਆਂ,
ਆਪਣਾ ਚਾਨਣ ਨਾ ਦੇਣਗੀਆਂ,
ਸੂਰਜ ਚੜ੍ਹਦਿਆਂ ਸਾਰ ਅਨ੍ਹੇਰਾ ਹੋ ਜਾਵੇਗਾ,
ਅਤੇ ਚੰਦ ਆਪਣਾ ਚਾਨਣ ਪਰਕਾਸ਼ ਨਾ ਕਰੇਗਾ।
11ਮੈਂ ਜਗਤ ਨੂੰ ਉਹ ਦੀ ਬੁਰਿਆਈ ਦੀ,
ਅਤੇ ਦੁਸਟਾਂ ਨੂੰ ਉਨ੍ਹਾਂ ਦੀ ਬਦੀ ਦੀ ਸਜ਼ਾ ਦਿਆਂਗਾ,
ਮੈਂ ਮਗਰੂਰਾਂ ਦੇ ਹੰਕਾਰ ਦਾ ਅੰਤ ਕਰ ਦਿਆਂਗਾ,
ਅਤੇ ਨਿਰਦਈਆਂ ਦੇ ਘੁਮੰਡ ਨੂੰ ਹੇਠਾਂ ਕਰਾਂਗਾ।
12ਮੈਂ ਮਨੁੱਖ ਨੂੰ ਕੁੱਦਨ ਸੋਨੇ ਨਾਲੋਂ,
ਅਤੇ ਇਨਸਾਨ ਨੂੰ ਓਫੀਰ ਦੇ ਸੋਨੇ ਨਾਲੋਂ ਦੁਰਲੱਭ
ਬਣਾਵਾਂਗਾ।
13ਏਸ ਲਈ ਮੈਂ ਅਕਾਸ਼ ਨੂੰ ਕਾਂਬਾ ਲਾਵਾਂਗਾ,
ਅਤੇ ਧਰਤੀ ਆਪਣੇ ਥਾਂ ਤੋਂ ਹਿਲਾਈ ਜਾਵੇਗੀ,
ਸੈਨਾਂ ਦੇ ਯਹੋਵਾਹ ਦੇ ਕਹਿਰ ਵਿੱਚ,
ਅਤੇ ਉਸ ਦੇ ਤੇਜ ਗੁੱਸੇ ਦੇ ਦਿਨ ਵਿੱਚ।
14ਤਾਂ ਐਉਂ ਹੋਵੇਗਾ ਕਿ ਭੁੱਲੀ ਹਰਨੀ ਵਾਂਙੁ,
ਅਤੇ ਭੇਡ ਜਿਹ ਦਾ ਪਾਲੀ ਨਹੀਂ,
ਹਰ ਮਨੁੱਖ ਆਪਣੇ ਲੋਕਾਂ ਵੱਲ ਮੁੜੇਗਾ,
ਅਰ ਹਰ ਮਨੁੱਖ ਆਪਣੇ ਦੇਸ ਨੂੰ ਭੱਜੇਗਾ
15ਹਰੇਕ ਜਿਹੜਾ ਮਿਲ ਜਾਵੇ ਵਿੰਨ੍ਹਿਆ ਜਾਵੇਗਾ,
ਹਰੇਕ ਜਿਹੜਾ ਫੜਿਆ ਜਾਵੇ ਤਲਵਾਰ ਨਾਲ
ਡਿੱਗੇਗਾ।
16ਉਨ੍ਹਾਂ ਦੇ ਬੱਚੇ ਉਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਟਕਾਏ
ਜਾਣਗੇ,
ਉਨ੍ਹਾਂ ਦੇ ਘਰ ਲੁੱਟੇ ਜਾਣਗੇ,
ਅਤੇ ਉਨ੍ਹਾਂ ਦੀਆਂ ਤੀਵੀਆਂ ਬੇਪਤ ਕੀਤੀਆਂ
ਜਾਣਗੀਆਂ।।
17ਵੇਖੋ, ਮੈਂ ਉਨ੍ਹਾਂ ਦੇ ਵਿਰੁੱਧ ਮਾਦੀਆਂ ਨੂੰ ਪਰੇਰ ਰਿਹਾ
ਹਾਂ,
ਜਿਹੜੇ ਚਾਂਦੀ ਦੀ ਪਰਵਾਹ ਨਹੀਂ ਕਰਦੇ,
ਨਾ ਸੋਨੇ ਤੋਂ ਖੁਸ਼ ਹੁੰਦੇ ਹਨ।
18ਉਨ੍ਹਾਂ ਦੇ ਧਣੁਖ ਜੁਆਨਾਂ ਦੇ ਕੁਤਰੇ ਕਰਨਗੇ,
ਓਹ ਢਿੱਡ ਦੇ ਫਲ ਉੱਤੇ ਰਹਮ ਨਾ ਕਰਨਗੇ,
ਉਨ੍ਹਾਂ ਦੀਆਂ ਅੱਖਾਂ ਬੱਚਿਆਂ ਉੱਤੇ ਤਰਸ ਨਾ
ਖਾਣਗੀਆਂ।
19ਬਾਬਲ ਜੋ ਪਾਤਸ਼ਾਹੀਆਂ ਦੀ ਸਜ਼ਾਵਟ,
ਕਸਦੀਆਂ ਦੇ ਹੰਕਾਰ ਦੀ ਸ਼ਾਨ ਹੈ,
ਸਦੂਮ ਅਤੇ ਅਮੂਰਾਹ ਜਿਹਾ ਹੋ ਜਾਵੇਗਾ,
ਜਦੋਂ ਪਰਮੇਸ਼ੁਰ ਨੇ ਉਨ੍ਹਾਂ ਨੂੰ ਢਾਹ ਦਿੱਤਾ ਸੀ।
20ਉਹ ਫੇਰ ਕਦੀ ਨਾ ਵਸਾਇਆ ਜਾਵੇਗਾ,
ਨਾ ਪੀੜ੍ਹੀਓਂ ਪੀੜ੍ਹੀ ਅਬਾਦ ਕੀਤਾ ਜਾਵੇਗਾ,
ਨਾ ਕੋਈ ਅਰਬੀ ਉੱਥੇ ਤੰਬੂ ਲਾਵੇਗਾ,
ਨਾ ਅਯਾਲੀ ਉੱਥੇ ਆਪਣੇ ਇੱਜੜ ਬਿਠਾਉਣਗੇ।
21ਪਰ ਉਜਾੜ ਦੇ ਦਰਿੰਦੇ ਉੱਥੇ ਬੈਠਣਗੇ,
ਉਨ੍ਹਾਂ ਦੇ ਘਰ ਭੌਂਕਣ ਵਾਲਿਆਂ ਨਾਲ ਭਰੇ ਹੋਣਗੇ,
ਸ਼ੁਤਰ-ਮੁਰਗ ਉੱਥੇ ਵੱਸਣਗੇ,
ਅਤੇ ਬਣ ਬੱਕਰੇ ਉੱਥੇ ਨੱਚਣਗੇ।
22ਬਿੱਜੂ ਉਨ੍ਹਾਂ ਦੇ ਖੋਲਿਆਂ ਵਿੱਚ,
ਅਤੇ ਗਿੱਦੜ ਉਨ੍ਹਾਂ ਦੇ ਰੰਗ ਮਹੱਲਾਂ ਵਿੱਚ
ਹਵਾਉਂਕਣਗੇ।
ਉਹ ਦਾ ਸਮਾ ਨੇੜੇ ਆ ਗਿਆ,
ਉਹ ਦੇ ਦਿਨ ਲੰਮੇ ਨਾ ਹੋਣਗੇ।।

Highlight

Share

Copy

None

Want to have your highlights saved across all your devices? Sign up or sign in

Videos for ਯਸਾਯਾਹ 13