ਉਤਪਤ 27
27
ਯਾਕੂਬ ਦਾ ਧੋਖਾ
1ਤਾਂ ਐਉਂ ਹੋਇਆ ਕਿ ਜਾਂ ਇਸਹਾਕ ਬਿਰਧ ਹੋ ਗਿਆ ਅਰ ਉਸ ਦੀਆਂ ਅੱਖਾਂ ਧੁੰਦਲਾ ਗਈਆਂ ਭਈ ਉਹ ਵੇਖ ਨਹੀਂ ਸੱਕਦਾ ਸੀ ਤਦ ਉਸ ਆਪਣੇ ਵੱਡੇ ਪੁੱਤ੍ਰ ਏਸਾਓ ਨੂੰ ਸੱਦਕੇ ਆਖਿਆ ਮੇਰੇ ਪੁੱਤ੍ਰ। ਓਸ ਉਹ ਨੂੰ ਆਖਿਆ, ਮੈਂ ਹਾਜ਼ਰ ਹਾਂ 2ਤਾਂ ਓਸ ਆਖਿਆ, ਵੇਖ ਮੈਂ ਬਿਰਧ ਹਾਂ ਅਤੇ ਮੈਂ ਆਪਣੀ ਮੌਤ ਦਾ ਦਿਨ ਨਹੀਂ ਜਾਣਦਾ 3ਸੋ ਤੂੰ ਹੁਣ ਆਪਣੇ ਸ਼ਸਤ੍ਰ ਅਰਥਾਤ ਧਣੁੱਖ ਅਰ ਤਰਕਸ਼ ਲੈ ਅਰ ਰੜ ਵਿੱਚ ਜਾਕੇ ਮੇਰੇ ਲਈ ਸ਼ਿਕਾਰ ਮਾਰ 4ਅਰ ਮੇਰੇ ਲਈ ਸੁਆਦਲਾ ਭੋਜਨ ਤਿਆਰ ਕਰ ਜਿਹੜਾ ਮੈਨੂੰ ਚੰਗਾ ਲਗਦਾ ਹੈ ਤੇ ਮੇਰੇ ਅੱਗੇ ਪਰੋਸ ਤਾਂਜੋ ਮੈਂ ਖਾਵਾਂ ਅਰ ਮੇਰਾ ਜੀਵ ਮਰਨ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ 5ਜਦ ਇਸਹਾਕ ਆਪਣੇ ਪੁੱਤ੍ਰ ਏਸਾਓ ਨਾਲ ਬੋਲਦਾ ਸੀ ਤਾਂ ਰਿਬਕਾ ਸੁਣਦੀ ਸੀ। ਫੇਰ ਏਸਾਓ ਰੜ ਵੱਲ ਚਲਾ ਗਿਆ ਭਈ ਸ਼ਿਕਾਰ ਮਾਰਕੇ ਲੈ ਆਵੇ 6ਤਾਂ ਰਿਬਕਾਹ ਆਪਣੇ ਪੁੱਤ੍ਰ ਯਾਕੂਬ ਨੂੰ ਆਖਿਆ, ਵੇਖ ਮੈਂ ਤੇਰੇ ਪਿਤਾ ਨੂੰ ਸੁਣਿਆ ਜਦ ਉਹ ਤੇਰੇ ਭਰਾ ਏਸਾਓ ਨੂੰ ਏਹ ਬੋਲਿਆ 7ਕਿ ਮੇਰੇ ਲਈ ਸ਼ਿਕਾਰ ਲੈਕੇ ਸੁਆਦਲਾ ਭੋਜਨ ਤਿਆਰ ਕਰ ਜੋ ਮੈਂ ਖਾਵਾਂ ਅਰ ਯਹੋਵਾਹ ਦੇ ਸਨਮੁਖ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦਿਆਂ 8ਹੁਣ ਮੇਰੇ ਪੁੱਤ੍ਰ ਮੇਰੀ ਗੱਲ ਸੁਣ ਜਿਵੇਂ ਮੈਂ ਤੈਨੂੰ ਹੁਕਮ ਦਿੰਦੀ ਹਾਂ 9ਇੱਜੜ ਵਿੱਚ ਜਾਕੇ ਉੱਥੋਂ ਮੇਰੇ ਲਈ ਬਕਰੀ ਦੇ ਦੋ ਚੰਗੇ ਮੇਮਣੇ ਲਿਆ ਤਾਂਜੋ ਮੈਂ ਉਨ੍ਹਾਂ ਤੋਂ ਸੁਆਦਲਾ ਭੋਜਨ ਤੇਰੇ ਪਿਤਾ ਲਈ ਜਿਹੜਾ ਉਹ ਨੂੰ ਚੰਗਾ ਲਗਦਾ ਹੈ ਤਿਆਰ ਕਰਾਂ 10ਅਤੇ ਆਪਣੇ ਪਿਤਾ ਕੋਲ ਲੈ ਜਾਹ ਤਾਂਜੋ ਉਹ ਖਾਵੇ ਅਰ ਆਪਣੀ ਮੌਤ ਤੋਂ ਪਹਿਲਾਂ ਤੈਨੂੰ ਬਰਕਤ ਦੇਵੇ 11ਪਰ ਯਾਕੂਬ ਨੇ ਆਪਣੀ ਮਾਤਾ ਰਿਬਕਾਹ ਨੂੰ ਆਖਿਆ, ਵੇਖ ਮੇਰਾ ਭਰਾ ਏਸਾਓ ਜਤਾਉਲਾ ਮਨੁੱਖ ਹੈ ਅਰ ਮੈਂ ਰੋਮ ਹੀਣ ਮਨੁੱਖ ਹਾਂ 12ਸ਼ਾਇਤ ਮੇਰਾ ਪਿਤਾ ਮੈਨੂੰ ਟੋਹੇ ਅਤੇ ਮੈਂ ਉਹ ਦੀਆਂ ਅੱਖਾਂ ਵਿੱਚ ਧੋਖੇ ਬਾਜ ਹੋਵਾਂ ਤਾਂ ਮੈਂ ਆਪਣੇ ਉੱਤੇ ਬਰਕਤ ਨਹੀਂ ਸਰਾਪ ਪਰ ਲਵਾਂ ਤਾਂ ਉਹ ਦੀ ਮਾਤਾ ਨੇ ਉਸ ਨੂੰ ਆਖਿਆ, ਮੇਰੇ ਪੁੱਤ੍ਰ ਤੇਰਾ ਸਰਾਪ ਮੇਰੇ ਉੱਤੇ ਆਵੇ 13ਤੂੰ ਕੇਵਲ ਮੇਰੀ ਗੱਲ ਸੁਣ ਅਰ ਜਾਕੇ ਮੇਰੇ ਲਈ ਉਨ੍ਹਾਂ ਨੂੰ ਲੈ ਆ 14ਤਾਂ ਉਸ ਨੇ ਜਾਕੇ ਉਨ੍ਹਾਂ ਨੂੰ ਫੜਿਆ ਅਰ ਆਪਣੀ ਮਾਤਾ ਕੋਲ ਲੈ ਆਇਆ ਅਰ ਉਸ ਦੀ ਮਾਤਾ ਨੇ ਸੁਆਦਲਾ ਭੋਜਨ ਜਿਹੜਾ ਉਸ ਦੇ ਪਿਤਾ ਨੂੰ ਚੰਗਾ ਲੱਗਦਾ ਸੀ ਤਿਆਰ ਕੀਤਾ 15ਤਾਂ ਰਿਬਕਾਹ ਨੇ ਆਪਣੇ ਵੱਡੇ ਪੁੱਤ੍ਰ ਏਸਾਓ ਦੇ ਰਾਖਵੇਂ ਬਸਤ੍ਰ ਜਿਹੜੇ ਘਰ ਵਿੱਚ ਉਸ ਦੇ ਕੋਲ ਸਨ ਆਪਣੇ ਨਿੱਕੇ ਪੁੱਤ੍ਰ ਯਾਕੂਬ ਨੂੰ ਪੁਆਏ 16ਅਤੇ ਮੇਮਣਿਆਂ ਦੀਆਂ ਖੱਲਾਂ ਉਸ ਦੇ ਹੱਥਾਂ ਅਰ ਉਸ ਦੀ ਰੋਮ ਹੀਣ ਧੌਣ ਉੱਤੇ ਲਪੇਟੀਆਂ 17ਤਾਂ ਉਸ ਨੇ ਉਹ ਸੁਆਦਲਾ ਭੋਜਨ ਅਰ ਰੋਟੀ ਜਿਸ ਨੂੰ ਉਸ ਨੇ ਤਿਆਰ ਕੀਤਾ ਸੀ ਆਪਣੇ ਪੁੱਤ੍ਰ ਯਾਕੂਬ ਦੇ ਹੱਥ ਵਿੱਚ ਦਿੱਤਾ 18ਤਾਂ ਓਸ ਨੇ ਆਪਣੇ ਪਿਤਾ ਕੋਲ ਜਾਕੇ ਆਖਿਆ, ਪਿਤਾ ਜੀ ਤਾਂ ਉਸ ਆਖਿਆ, ਕੀ ਗੱਲ ਹੈ? 19ਤੂੰ ਕੌਣ ਹੈਂ ਮੇਰੇ ਪੁੱਤ੍ਰ? ਯਾਕੂਬ ਨੇ ਆਪਣੇ ਪਿਤਾ ਨੂੰ ਆਖਿਆ, ਮੈਂ ਏਸਾਓ ਤੇਰਾ ਪਲੌਠਾ ਪੁੱਤ੍ਰ ਹਾਂ। ਮੈਂ ਉਵੇਂ ਕੀਤਾ ਜਿਵੇਂ ਤੁਸੀਂ ਮੈਨੂੰ ਬੋਲੇ। ਉੱਠ ਬੈਠੋ ਅਰ ਮੇਰੇ ਸ਼ਿਕਾਰ ਤੋਂ ਖਾਓ ਤਾਂਜੋ ਤੁਹਾਡਾ ਜੀਉ ਮੈਨੂੰ ਬਰਕਤ ਦੇਵੇ 20ਇਸਹਾਕ ਨੇ ਆਪਣੇ ਪੁੱਤ੍ਰ ਨੂੰ ਆਖਿਆ, ਕਿਕੁੱਰ ਤੈਨੂੰ ਐਨੀ ਸ਼ਤਾਬੀ ਏਹ ਲੱਭਾ ਮੇਰੇ ਪੁੱਤ੍ਰ? ਤਾਂ ਉਸ ਆਖਿਆ, ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਹ ਨੂੰ ਮੇਰੇ ਅੱਗੇ ਲਾ ਦਿੱਤਾ 21ਤਾਂ ਇਸਹਾਕ ਨੇ ਯਾਕੂਬ ਨੂੰ ਆਖਿਆ, ਹੇ ਮੇਰੇ ਪੁੱਤ੍ਰ ਮੇਰੇ ਨੇੜੇ ਆ ਤਾਂਜੋ ਮੈਂ ਤੈਨੂੰ ਟੋਹਾਂ ਭਈ ਤੂੰ ਮੇਰਾ ਓਹੋ ਪੁੱਤ੍ਰ ਏਸਾਓ ਹੈਂ ਕਿ ਨਹੀਂ 22ਤਦ ਯਾਕੂਬ ਆਪਣੇ ਪਿਤਾ ਇਸਹਾਕ ਕੋਲ ਗਿਆ ਅਰ ਓਸ ਉਹ ਨੂੰ ਟੋਹਕੇ ਆਖਿਆ, ਤੇਰੀ ਅਵਾਜ਼ ਤਾਂ ਯਾਕੂਬ ਦੀ ਹੈ ਪਰ ਹੱਥ ਏਸਾਓ ਦੇ ਹਨ 23ਓਸ ਉਹ ਨੂੰ ਨਾ ਪਛਾਤਾ ਕਿਉਂਜੋ ਉਹ ਦੇ ਹੱਥ ਉਹ ਦੇ ਭਰਾ ਏਸਾਓ ਦੇ ਹੱਥਾਂ ਵਰਗੇ ਜਤਾਉਲੇ ਸਨ ਉਪਰੰਤ ਉਸ ਨੇ ਉਹ ਨੂੰ ਬਰਕਤ ਦਿੱਤੀ 24ਓਸ ਆਖਿਆ, ਕੀ ਤੂੰ ਸੱਚ ਮੁੱਚ ਮੇਰਾ ਪੁੱਤ੍ਰ ਏਸਾਓ ਹੀ ਹੈਂ? ਤਦ ਓਸ ਆਖਿਆ, ਮੈਂ ਹਾਂ 25ਓਸ ਆਖਿਆ, ਉਹ ਨੂੰ ਮੇਰੇ ਨੇੜੇ ਲਿਆ ਭਈ ਮੈਂ ਆਪਣੇ ਪੁੱਤ੍ਰ ਦੇ ਸ਼ਿਕਾਰ ਵਿੱਚੋਂ ਖਾਵਾਂ ਤਾਂਜੋ ਮੇਰਾ ਜੀਉ ਤੈਨੂੰ ਬਰਕਤ ਦੇਵੇ ਤਾਂ ਉਹ ਉਸ ਦੇ ਕੋਲ ਲੈ ਗਿਆ ਅਰ ਓਸ ਖਾਧਾ ਅਰ ਉਸ ਦੇ ਲਈ ਮਧ ਲਿਆਇਆ ਅਤੇ ਓਸ ਪੀਤੀ 26ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਮੇਰੇ ਨੇੜੇ ਆਕੇ ਮੈਨੂੰ ਚੁੰਮ ਮੇਰੇ ਪੁੱਤ੍ਰ 27ਫੇਰ ਓਸ ਨੇੜੇ ਜਾਕੇ ਉਸ ਨੂੰ ਚੁੰਮਿਆ ਤਾਂ ਓਸ ਦੇ ਬਸਤ੍ਰ ਦੀ ਬਾਸ਼ਨਾ ਸੁੰਘੀ ਅਰ ਉਸ ਨੂੰ ਬਰਕਤ ਦਿੱਤੀ । ਫੇਰ ਓਸ ਆਖਿਆ-
ਵੇਖ, ਮੇਰੇ ਪੁੱਤ੍ਰ ਦੀ ਬਾਸ਼ਨਾ ਉਸ ਖੇਤ ਦੀ ਬਾਸ਼ਨਾ
ਵਰਗੀ ਹੈ
ਜਿਸ ਨੂੰ ਯਹੋਵਾਹ ਨੇ ਬਰਕਤ ਦਿੱਤੀ ਹੋਵੇ।
28ਪਰਮੇਸ਼ੁਰ ਤੈਨੂੰ ਅਕਾਸ਼ ਦੀ ਤਰੇਲ ਤੋਂ ਤੇ ਧਰਤੀ
ਦੀ ਚਿਕਨਾਈ ਤੋਂ
ਅਤੇ ਅਨਾਜ ਅਰ ਦਾਖਰਸ ਦੀ ਬਹੁਤਾਇਤ ਤੋਂ
ਦੇਵੇ।
29ਕੌਮਾਂ ਤੇਰੀ ਟਹਿਲ ਕਰਨ ਅਤੇ ਉੱਮਤਾਂ ਤੇਰੇ ਅੱਗੇ
ਝੁਕਣ।
ਤੂੰ ਆਪਣੇ ਭਰਾਵਾਂ ਦਾ ਸਰਦਾਰ ਹੋ ਅਤੇ
ਤੇਰੀ ਮਾਤਾ ਦੇ ਪੁੱਤ੍ਰ ਤੇਰੇ ਅੱਗੇ ਝੁਕਣ।
ਜਿਹੜਾ ਤੈਨੂੰ ਸਰਾਪ ਦੇਵੇ ਉਹ ਆਪ ਸਰਾਪਿਆ
ਜਾਵੇ
ਅਤੇ ਜਿਹੜਾ ਤੈਨੂੰ ਬਰਕਤ ਦੇਵੇ ਉਹ ਮੁਬਾਰਕ
ਹੋਵੇ।।
30ਤਾਂ ਐਉਂ ਹੋਇਆ ਕਿ ਜਦੋਂ ਇਸਹਾਕ ਯਾਕੂਬ ਨੂੰ ਬਰਕਤ ਦੇ ਹਟਿਆ ਅਤੇ ਯਾਕੂਬ ਆਪਣੇ ਪਿਤਾ ਇਸਹਾਕ ਕੋਲੋਂ ਬਾਹਰ ਨਿਕੱਲਿਆ ਹੀ ਸੀ ਕਿ ਉਸ ਦਾ ਭਰਾ ਏਸਾਓ ਸ਼ਿਕਾਰੋਂ ਆਇਆ 31ਤਾਂ ਉਸ ਨੇ ਵੀ ਸੁਆਦਲਾ ਭੋਜਨ ਤਿਆਰ ਕੀਤਾ ਅਰ ਆਪਣੇ ਪਿਤਾ ਕੋਲ ਲਿਆਇਆ ਅਤੇ ਆਪਣੇ ਪਿਤਾ ਨੂੰ ਆਖਿਆ ਭਈ ਮੇਰਾ ਪਿਤਾ ਉੱਠੇ ਅਰ ਆਪਣੇ ਪੁੱਤ੍ਰ ਦੇ ਸ਼ਿਕਾਰ ਤੋਂ ਖਾਵੇ ਅਰ ਤੁਹਾਡਾ ਜੀਉ ਮੈਨੂੰ ਬਰਕਤ ਦੇਵੇ 32ਤਾਂ ਉਸ ਦੇ ਪਿਤਾ ਇਸਹਾਕ ਨੇ ਉਸ ਨੂੰ ਆਖਿਆ, ਤੂੰ ਕੌਣ ਹੈਂ? ਤਾਂ ਉਸ ਆਖਿਆ, ਮੈਂ ਤੁਹਾਡਾ ਪਲੌਠਾ ਪੁੱਤ੍ਰ ਏਸਾਓ ਹਾਂ 33ਤਾਂ ਇਸਹਾਕ ਨੇ ਅਤਯੰਤ ਥਰ ਥਰ ਕੰਬਦੇ ਹੋਏ ਆਖਿਆ, ਫੇਰ ਉਹ ਕੌਣ ਹੈ ਸੀ ਜਿਹੜਾ ਸ਼ਿਕਾਰ ਮਾਰਕੇ ਮੇਰੇ ਕੋਲ ਲਿਆਇਆ? ਮੈਂ ਸਾਰੇ ਵਿੱਚੋਂ ਤੇਰੇ ਆਉਣ ਤੋਂ ਪਹਿਲਾਂ ਖਾਧਾ ਅਰ ਮੈਂ ਉਸੇ ਨੂੰ ਬਰਕਤ ਦਿੱਤੀ ਸੋ ਉਹ ਜ਼ਰੂਰ ਮੁਬਾਰਕ ਹੋਵੇਗਾ 34ਜਦ ਏਸਾਓ ਨੇ ਆਪਣੇ ਪਿਤਾ ਦੀਆਂ ਗੱਲਾਂ ਸੁਣੀਆਂ ਤਾਂ ਅਤਯੰਤ ਕੁੜੱਤਣ ਨਾਲ ਭੁੱਭਾਂ ਮਾਰ ਕੇ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਮੈਨੂੰ, ਹਾਂ, ਮੈਨੂੰ ਵੀ ਬਰਕਤ ਦਿਓ 35ਤਾਂ ਉਸ ਆਖਿਆ ਤੇਰਾ ਭਰਾ ਧੋਖੇ ਨਾਲ ਆਕੇ ਤੇਰੀ ਬਰਕਤ ਲੈ ਗਿਆ 36ਉਸ ਨੇ ਆਖਿਆ, ਕੀ ਉਸ ਦਾ ਨਾਉਂ ਠੀਕ ਯਾਕੂਬ ਨਹੀਂ ਰੱਖਿਆ ਗਿਆ ਕਿ ਓਸ ਹੁਣ ਦੂਜੀ ਵਾਰ ਮੇਰੇ ਸੰਗ ਧੋਖਾ ਕੀਤਾ ਹੈ? ਉਸ ਨੇ ਪਲੋਠੀ ਦਾ ਹੱਕ ਵੀ ਲੈ ਲਿਆ ਅਰ ਵੇਖੋ ਹੁਣ ਮੇਰੀ ਬਰਕਤ ਵੀ ਲੈ ਲਈ ਤਾਂ ਓਸ ਆਖਿਆ, ਕੀ ਤੁਸਾਂ ਮੇਰੇ ਲਈ ਕੋਈ ਬਰਕਤ ਨਹੀਂ ਰੱਖ ਛੱਡੀ? 37ਤਾਂ ਇਸਹਾਕ ਨੇ ਏਸਾਓ ਨੂੰ ਏਹ ਉੱਤਰ ਦਿੱਤਾ, ਵੇਖ ਮੈਂ ਉਹ ਨੂੰ ਤੇਰਾ ਸਰਦਾਰ ਠਹਿਰਾਇਆ ਅਤੇ ਉਸ ਦੇ ਸਾਰੇ ਭਰਾਵਾਂ ਨੂੰ ਉਸ ਦੀ ਸੇਵਾ ਲਈ ਦਿੱਤਾ ਅਰ ਅਨਾਜ ਅਰ ਦਾਖਰਸ ਉਸ ਨੂੰ ਦਿੱਤੀ। ਹੁਣ ਮੇਰੇ ਪੁੱਤ੍ਰ ਮੈਂ ਤੇਰੇ ਲਈ ਕੀ ਕਰਾਂ? 38ਤਾਂ ਏਸਾਓ ਆਪਣੇ ਪਿਤਾ ਨੂੰ ਆਖਿਆ, ਮੇਰੇ ਪਿਤਾ ਕੀ ਤੁਹਾਡੇ ਕੋਲ ਇੱਕੋ ਹੀ ਬਰਕਤ ਹੈ? ਹੇ ਮੇਰੇ ਪਿਤਾ ਮੈਨੂੰ ਵੀ ਬਰਕਤ ਦਿਓ ਤਾਂ ਏਸਾਓ ਉੱਚੀ ਉੱਚੀ ਭੁੱਭਾਂ ਮਾਰੀਆ ਅਰ ਰੋਇਆ 39ਉਹ ਦੇ ਪਿਤਾ ਇਸਹਾਕ ਨੇ ਉਹ ਨੂੰ ਏਹ ਉੱਤਰ ਦਿੱਤਾ-
ਵੇਖ, ਧਰਤੀ ਦੀ ਚਿਕਨਾਈ ਅਤੇ ਉੱਪਰੋਂ ਅਕਾਸ਼
ਦੀ ਤਰੇਲ ਤੋਂ ਰਹਿਣਾ ਤੇਰਾ ਹੋਊ ।
40ਤੂੰ ਆਪਣੀ ਤੇਗ ਨਾਲ ਜੀਵੇਂਗਾ
ਅਰ ਤੂੰ ਆਪਣੇ ਭਰਾ ਦੀ ਟਹਿਲ ਕਰੇਂਗਾ
ਅਰ ਐਉਂ ਹੋਵੇਗਾ ਕਿ ਜਦ ਤੂੰ ਅਵਾਰਾ ਫਿਰੇਂਗਾ
ਤਾਂ ਤੂੰ ਉਹ ਦਾ ਜੂਲਾ ਆਪਣੀ ਧੌਣ ਉੱਤੋਂ ਭੰਨ
ਸੁੱਟੇਂਗਾ ।।
41ਏਸਾਓ ਨੇ ਯਾਕੂਬ ਨਾਲ ਉਸ ਬਰਕਤ ਦੇ ਕਾਰਨ ਜਿਹੜੀ ਉਸ ਦੇ ਪਿਤਾ ਨੇ ਉਸ ਨੂੰ ਦਿੱਤੀ ਵੈਰ ਰੱਖਿਆ ਅਰ ਏਸਾਓ ਨੇ ਆਪਣੇ ਮਨ ਵਿੱਚ ਆਖਿਆ, ਮੇਰੇ ਪਿਤਾ ਦੇ ਸੋਗ ਦੇ ਦਿਨ ਨੇੜੇ ਹਨ ਫੇਰ ਮੈਂ ਆਪਣੇ ਭਰਾ ਯਾਕੂਬ ਨੂੰ ਮਾਰ ਸੁੱਟਾਂਗਾ 42ਉਪਰੰਤ ਰਿਬਕਾਹ ਨੂੰ ਉਸ ਦੇ ਵੱਡੇ ਪੁੱਤ੍ਰ ਏਸਾਓ ਦੀਆਂ ਗੱਲਾਂ ਦੱਸੀਆਂ ਗਈਆਂ ਤਦ ਉਸ ਆਪਣੇ ਨਿੱਕੇ ਪੁੱਤ੍ਰ ਯਾਕੂਬ ਨੂੰ ਬੁਲਾ ਭੇਜਿਆ ਕਿ ਵੇਖ ਤੇਰਾ ਭਰਾ ਆਪਣੇ ਆਪ ਨੂੰ ਤੇਰੇ ਵਿਖੇ ਤਸੱਲੀ ਦਿੰਦਾ ਹੈ ਕਿ ਤੈਨੂੰ ਮਾਰ ਸੁੱਟੇ 43ਸੋ ਹੁਣ ਮੇਰੇ ਪੁੱਤ੍ਰ ਮੇਰੀ ਗੱਲ ਸੁਣ। ਉੱਠ ਅਰ ਮੇਰੇ ਭਰਾ ਲਾਬਾਨ ਕੋਲ ਹਾਰਾਨ ਨੂੰ ਭੱਜ ਜਾਹ 44ਅਰ ਥੋੜੇ ਦਿਨ ਉਸ ਦੇ ਕੋਲ ਰਹਿ ਜਦ ਤੀਕਰ ਤੇਰੇ ਭਰਾ ਦਾ ਕਰੋਧ ਨਾ ਉੱਤਰ ਜਾਵੇ 45ਜਦ ਤੀਕਰ ਤੇਰੇ ਭਰਾ ਦਾ ਕਰੋਧ ਤੈਥੋਂ ਨਾ ਹਟ ਜਾਵੇ ਅਤੇ ਜੋ ਕੁਝ ਤੈਂ ਉਸ ਨਾਲ ਕੀਤਾ ਹੈ ਨਾ ਭੁੱਲ ਜਾਵੇਂ ਤਦ ਤੀਕ ਮੈਂ ਤੈਨੂੰ ਉੱਥੋਂ ਨਹੀਂ ਸੱਦਾਂਗੀ । ਮੈਂ ਕਿਉਂ ਇੱਕ ਦਿਹਾੜੇ ਤੁਸਾਂ ਦੋਹਾਂ ਨੂੰ ਗਵਾ ਬੈਠਾ? ।।
46ਰਿਬਕਾਹ ਨੇ ਇਸਹਾਕ ਨੂੰ ਆਖਿਆ, ਮੈਂ ਹੇਥ ਦੀਆਂ ਧੀਆਂ ਵੱਲੋਂ ਜੀ ਵਿੱਚ ਅੱਕ ਗਈ ਹਾਂ । ਜੇ ਯਾਕੂਬ ਹੇਥ ਦੀਆਂ ਧੀਆਂ ਵਿੱਚੋਂ ਅਜਿਹੀ ਤੀਵੀਂ ਕਰੇ ਜਿਵੇਂ ਏਸ ਦੇਸ ਦੀਆਂ ਧੀਆਂ ਹਨ ਤਾਂ ਮੈਂ ਕਿਵੇਂ ਜੀਉਂਦੀ ਰਹਾਂਗੀ? ।।
Currently Selected:
ਉਤਪਤ 27: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.