YouVersion Logo
Search Icon

ਗਲਾਤੀਆਂ ਨੂੰ 2

2
ਯਰੂਸ਼ਲਮ ਵਿੱਚ ਪੌਲੁਸ ਦਾ ਕਬੂਲ ਕੀਤਾ ਜਾਣਾ । ਸ਼ਰਾ ਦੀ ਹਾਰ
1ਤਦ ਚੌਦਾਂ ਵਰਿਹਾਂ ਦੇ ਪਿੱਛੋਂ ਮੈਂ ਬਰਨਬਾਸ ਸਣੇ ਯਰੂਸ਼ਲਮ ਨੂੰ ਫੇਰ ਗਿਆ ਅਤੇ ਤੀਤੁਸ ਨੂੰ ਵੀ ਨਾਲ ਲੈ ਗਿਆ 2ਅਤੇ ਮੇਰਾ ਜਾਣਾ ਪਰਕਾਸ਼ ਬਾਣੀ ਦੇ ਅਨੁਸਾਰ ਸੀ ਅਤੇ ਉਸ ਖੁਸ਼ ਖਬਰੀ ਨੂੰ ਜਿਹ ਦਾ ਮੈਂ ਪਰਾਈਆਂ ਕੌਮਾਂ ਵਿੱਚ ਪਰਚਾਰ ਕਰਦਾ ਹਾਂ ਉਨ੍ਹਾਂ ਦੇ ਅੱਗੇ ਪੇਸ਼ ਕੀਤਾ ਪਰ ਨਾਮੀ ਗਿਰਾਮੀ ਲੋਕਾਂ ਦੇ ਅੱਗੇ ਨਿਰਾਲੇ ਵਿੱਚ ਭਈ ਕਿਤੇ ਐਉਂ ਨਾ ਹੋਵੇ ਜੋ ਮੇਰੀ ਹੁਣ ਦੀ ਯਾ ਪਿੱਛਲੀ ਦੌੜ ਭੱਜ ਅਕਾਰਥ ਜਾਵੇ 3ਪਰ ਤੀਤੁਸ ਵੀ ਜੋ ਮੇਰੇ ਨਾਲ ਸੀ ਭਾਵੇਂ ਯੂਨਾਨੀ ਸੀ ਤਾਂ ਵੀ ਧੱਕੋ ਧੱਕੀ ਸੁੰਨਤੀ ਨਾ ਬਣਾਇਆ ਗਿਆ 4ਪਰ ਉਨ੍ਹਾਂ ਝੂਠੇ ਭਰਾਵਾਂ ਦੇ ਕਾਰਨ ਜੋ ਚੁੱਪ ਕੀਤੇ ਉਸ ਅਜ਼ਾਦੀ ਦੀ ਸੂਹ ਲੈਣ ਲਈ ਜਿਹੜੀ ਮਸੀਹ ਯਿਸੂ ਵਿੱਚ ਸਾਨੂੰ ਮਿਲੀ ਹੋਈ ਹੈ ਚੋਰੀਂ ਵੜ ਆਏ ਭਈ ਸਾਨੂੰ ਬੰਧਨ ਵਿੱਚ ਲਿਆਉਣ 5ਪਰ ਅਸੀਂ ਇੱਕ ਘੜੀ ਵੀ ਅਧੀਨ ਹੋ ਕੇ ਓਹਨਾਂ ਦੇ ਵੱਸ ਵਿੱਚ ਨਾ ਆਏ ਭਈ ਖੁਸ਼ ਖਬਰੀ ਦੀ ਸਚਿਆਈ ਤੁਹਾਡੇ ਕੋਲ ਬਣੀ ਰਹੇ 6ਪਰ ਓਹ ਜਿਹੜੇ ਨਾਮੀ ਗਿਰਾਮੀ ਸਨ, ਓਹ ਭਾਵੇਂ ਕਿਹੋ ਜਿਹੇ ਹੋਣ, ਮੈਨੂੰ ਕੋਈ ਪਰਵਾਹ ਨਹੀਂ - ਪਰਮੇਸ਼ੁਰ ਕਿਸੇ ਮਨੁੱਖ ਦਾ ਪੱਖ ਪਾਤ ਨਹੀਂ ਕਰਦਾ ਹੈ, ਮੈਂ ਕਹਿੰਦਾ ਹਾਂ ਭਈ ਜਿਹੜੇ ਨਾਮੀ ਗਿਰਾਮੀ ਸਨ ਓਹਨਾਂ ਤੋਂ ਮੈਨੂੰ ਤਾਂ ਕੁਝ ਪਰਾਪਤ ਨਾ ਹੋਇਆ 7ਸਗੋਂ ਉਲਟਾ ਜਾਂ ਓਹਨਾਂ ਨੇ ਡਿੱਠਾ ਭਈ ਅਸੁੰਨਤੀਆਂ ਲਈ ਖ਼ੁਸਖਬਰੀ ਦਾ ਕੰਮ ਮੈਨੂੰ ਸੌਂਪਿਆ ਗਿਆ ਜਿਵੇਂ ਸੁੰਨਤੀਆਂ ਲਈ ਪਤਰਸ ਨੂੰ 8ਕਿਉਂਕਿ ਜਿਹ ਨੇ ਸੁੰਨਤੀਆਂ ਦੇ ਵਿਖੇ ਰਸੂਲ ਦੀ ਪਦਵੀ ਲਈ ਪਤਰਸ ਵਿੱਚ ਅਸਰ ਕੀਤਾ ਉਹ ਨੇ ਪਰਾਈਆਂ ਕੌਮਾਂ ਦੇ ਲਈ ਮੇਰੇ ਵਿੱਚ ਭੀ ਅਸਰ ਕੀਤਾ 9ਅਤੇ ਜਾਂ ਉਨ੍ਹਾਂ ਉਸ ਕਿਰਪਾ ਨੂੰ ਜਿਹੜੀ ਮੇਰੇ ਉੱਤੇ ਹੋਈ ਜਾਣ ਲਿਆ ਤਾਂ ਯਾਕੂਬ ਅਤੇ ਕੇਫ਼ਾਸ ਅਤੇ ਯੂਹੰਨਾ ਨੇ ਜਿਹੜੇ ਕਲੀਸਿਯਾ ਦੇ ਥੰਮ੍ਹ ਆਖੀਦੇ ਹਨ ਮੇਰੇ ਨਾਲ ਅਤੇ ਬਰਨਬਾਸ ਨਾਲ ਸਾਂਝ ਦੇ ਸੱਜੇ ਹੱਥ ਮਿਲਾਏ ਭਈ ਅਸੀਂ ਪਰਾਈਆਂ ਕੌਮਾਂ ਕੋਲ ਜਾਈਏ ਅਤੇ ਓਹ ਸੁੰਨਤੀਆਂ ਕੋਲ ਜਾਣ 10ਕੇਵਲ ਅਸੀਂ ਗਰੀਬਾਂ ਨੂੰ ਚੇਤੇ ਰੱਖੀਏ ਜਿਸ ਕੰਮ ਲਈ ਮੈਂ ਵੀ ਲੱਕ ਬੱਧਾ ਸੀ ।।
11ਪਰ ਜਾਂ ਕੇਫ਼ਾਸ ਅੰਤਾਕਿਯਾ ਨੂੰ ਆਇਆ ਤਾਂ ਮੈਂ ਉਹ ਦੇ ਮੂੰਹ ਉੱਤੇ ਉਹ ਦਾ ਸਾਹਮਣਾ ਕੀਤਾ ਕਿਉਂ ਜੋ ਉਹ ਤਾਂ ਦੋਸ਼ੀ ਠਹਿਰਿਆ ਸੀ 12ਇਸ ਲਈ ਕਿ ਉਸ ਤੋਂ ਅਗੇ ਜੋ ਕਈਕੁ ਜਣੇ ਯਾਕੂਬ ਦੀ ਵੱਲੋਂ ਆਏ ਉਹ ਪਰਾਈ ਕੌਮ ਵਾਲਿਆਂ ਦੇ ਨਾਲ ਖਾਂਦਾ ਹੁੰਦਾ ਸੀ ਪਰ ਜਾਂ ਓਹ ਆਏ ਤਾਂ ਸੁੰਨਤੀਆਂ ਦੇ ਡਰ ਦੇ ਮਾਰੇ ਉਹ ਪਿਛਾਹਾਂ ਹਟ ਗਿਆ ਅਤੇ ਆਪਣੇ ਆਪ ਨੂੰ ਅੱਡ ਕੀਤਾ 13ਅਤੇ ਬਾਕੀ ਯਹੂਦੀਆਂ ਨੇ ਵੀ ਉਹ ਦੇ ਨਾਲ ਦੁਰੰਗੀ ਕੀਤੀ ਐਥੋਂ ਤੀਕ ਜੋ ਬਰਨਬਾਸ ਵੀ ਓਹਨਾਂ ਦੀ ਦੁਰੰਗੀ ਨਾਲ ਭਰਮਾਇਆ ਗਿਆ 14ਪਰ ਜਾਂ ਮੈਂ ਵੇਖਿਆ ਜੋ ਓਹ ਇੰਜੀਲ ਦੀ ਸਚਿਆਈ ਦੇ ਅਨੁਸਾਰ ਸਿੱਧੀ ਚਾਲ ਨਹੀਂ ਚੱਲਦੇ ਹਨ ਤਾਂ ਸਭਨਾਂ ਦੇ ਅੱਗੇ ਕੇਫ਼ਾਸ ਨੂੰ ਆਖਿਆ ਭਈ ਜਦੋਂ ਤੂੰ ਯਹੂਦੀ ਹੋ ਕੇ ਪਰਾਈਆਂ ਕੌਮਾਂ ਦੀ ਰੀਤ ਉੱਤੇ ਚੱਲਦਾ ਹੈਂ ਅਤੇ ਯਹੂਦੀਆਂ ਦੀ ਰੀਤ ਉੱਤੇ ਨਹੀਂ ਤਾਂ ਤੂੰ ਕਿਵੇਂ ਪਰਾਈਆਂ ਕੌਮਾਂ ਨੂੰ ਯਹੂਦੀਆਂ ਦੀ ਰੀਤ ਉੱਤੇ ਬਦੋਬਦੀ ਚਲਾਉਂਦਾ ਹੈਂ? 15ਅਸੀਂ ਜਨਮ ਕਰਕੇ ਯਹੂਦੀ ਹਾਂ ਅਤੇ ਪਰਾਈਆਂ ਕੌਮਾਂ ਵਿੱਚੋਂ ਪਾਪੀ ਨਹੀਂ 16ਤਾਂ ਵੀ ਇਹ ਜਾਣ ਕੇ ਭਈ ਮਨੁੱਖ ਸ਼ਰਾ ਦੇ ਕੰਮਾਂ ਤੋਂ ਨਹੀਂ ਸਗੋਂ ਨਿਰਾ ਯਿਸੂ ਮਸੀਹ ਉੱਤੇ ਨਿਹਚਾ ਕਰਨ ਤੋਂ ਧਰਮੀ ਠਹਿਰਾਇਆ ਜਾਂਦਾ ਹੈ ਅਸਾਂ ਵੀ ਮਸੀਹ ਯਿਸੂ ਉੱਤੇ ਨਿਹਚਾ ਕੀਤੀ ਭਈ ਮਸੀਹ ਦੀ ਨਿਹਚਾ ਤੋਂ, ਨਾ ਸ਼ਰਾ ਦੇ ਕੰਮਾਂ ਤੋਂ ਧਰਮੀ ਠਹਿਰਾਏ ਜਾਈਏ ਕਿਉਂਕਿ ਕੋਈ ਬਸ਼ਰ ਸ਼ਰਾ ਦੇ ਕੰਮਾਂ ਤੋਂ ਧਰਮੀ ਨਹੀਂ ਠਹਿਰਾਇਆ ਜਾਵੇਗਾ 17ਪਰ ਜੇ ਅਸੀਂ ਮਸੀਹ ਵਿੱਚ ਧਰਮੀ ਠਹਿਰਾਏ ਜਾਣ ਦੀ ਭਾਲ ਕਰਦਿਆਂ ਆਪ ਵੀ ਪਾਪੀ ਨਿੱਕਲੇ ਤਾਂ ਭਲਾ, ਮਸੀਹ ਪਾਪ ਦਾ ਸੇਵਾਦਾਰ ਹੋਇਆ? ਕਦੇ ਨਹੀਂ ! 18ਕਿਉਂਕਿ ਜੋ ਮੈਂ ਢਾਹ ਦਿੱਤਾ ਜੋ ਓਸੇ ਨੇ ਫੇਰ ਬਣਾਵਾਂ ਤਾਂ ਮੈਂ ਆਪਣੇ ਆਪ ਨੂੰ ਅਪਰਾਧੀ ਸਾਬਤ ਕਰਦਾ ਹਾਂ 19ਇਸ ਲਈ ਜੋ ਮੈਂ ਸ਼ਰਾ ਹੀ ਦੇ ਕਾਰਨ ਸ਼ਰਾ ਦੀ ਵੱਲੋਂ ਮੋਇਆ ਭਈ ਪਰਮੇਸ਼ੁਰ ਲਈ ਜੀਉਂਦਾ ਰਹਾਂ 20ਮੈਂ ਮਸੀਹ ਦੇ ਨਾਲ ਸਲੀਬ ਦਿੱਤਾ ਗਿਆ ਹਾਂ ਪਰ ਹੁਣ ਤੋਂ ਮੈਂ ਤਾਂ ਨਹੀਂ ਜੀਉਂਦਾ ਸਗੋਂ ਮਸੀਹ ਮੇਰੇ ਵਿੱਚ ਜੀਉਂਦਾ ਹੈ ਅਤੇ ਹੁਣ ਜਿਹੜਾ ਜੀਵਨ ਸਰੀਰ ਵਿੱਚ ਭੋਗਦਾ ਹਾਂ ਸੋ ਪਰਮੇਸ਼ੁਰ ਦੇ ਪੁੱਤ੍ਰ ਉੱਤੇ ਨਿਹਚਾ ਨਾਲ ਭੋਗਦਾ ਹਾਂ ਜਿਹ ਨੇ ਮੇਰੇ ਨਾਲ ਪ੍ਰੇਮ ਕੀਤਾ ਅਤੇ ਆਪਣੇ ਆਪ ਨੂੰ ਮੇਰੇ ਲਈ ਦੇ ਦਿੱਤਾ 21ਮੈਂ ਪਰਮੇਸ਼ੁਰ ਦੀ ਕਿਰਪਾ ਨੂੰ ਅਕਾਰਥ ਨਹੀਂ ਕਰਦਾ ਕਿਉਂਕਿ ਜੇ ਸ਼ਰਾ ਦੇ ਰਾਹੀਂ ਧਰਮ ਪਰਾਪਤ ਹੁੰਦਾ ਤਾਂ ਮਸੀਹ ਐਵੇਂ ਹੀ ਮੋਇਆ।।

Highlight

Share

Copy

None

Want to have your highlights saved across all your devices? Sign up or sign in