YouVersion Logo
Search Icon

ਹਿਜ਼ਕੀਏਲ 8

8
ਹੈਕਲ ਵਿੱਚ ਬੁੱਤ ਪੂਜਾ
1ਛੇਵੇਂ ਵਰ੍ਹੇ ਦੇ ਛੇਵੇਂ ਮਹੀਨੇ ਦੀ ਪੰਜਵੀਂ ਤਰੀਕ ਨੂੰ ਐਉਂ ਹੋਇਆ ਕਿ ਮੈਂ ਆਪਣੇ ਘਰ ਵਿੱਚ ਬੈਠਾ ਸਾਂ ਅਤੇ ਯਹੂਦਾਹ ਦੇ ਬਜ਼ੁਰਗ ਮੇਰੇ ਮੂਹਰੇ ਬੈਠੇ ਸਨ ਕਿ ਉੱਥੇ ਪ੍ਰਭੁ ਯਹੋਵਾਹ ਦਾ ਹੱਥ ਮੇਰੇ ਉੱਤੇ ਪਿਆ 2ਮੈਂ ਡਿੱਠਾ ਤਾਂ ਵੇਖੋ, ਇੱਕ ਰੂਪ ਅੱਗ ਵਰਗਾ ਦਿੱਸਦਾ ਹੈ, ਉਸ ਦੇ ਲੱਕ ਤੋਂ ਹੇਠਾਂ ਤੀਕ ਅੱਗ ਅਤੇ ਉਸ ਦੇ ਲੱਕ ਤੋਂ ਉੱਪਰ ਤੀਕ ਚਾਨਣ ਦੀ ਚਮਕ ਦਿੱਸੀ ਜਿਹਦਾ ਰੰਗ ਸਿਕਲ ਕੀਤੇ ਹੋਏ ਪਿੱਤਲ ਵਰਗਾ ਸੀ 3ਅਤੇ ਉਸ ਨੇ ਇੱਕ ਹੱਥ ਜਿਹਾ ਵਧਾ ਕੇ ਮੇਰੇ ਸਿਰ ਦੇ ਵਾਲਾਂ ਤੋਂ ਮੈਨੂੰ ਫੜਿਆ, ਅਤੇ ਆਤਮਾ ਨੇ ਮੈਨੂੰ ਅਕਾਸ਼ ਅਤੇ ਧਰਤੀ ਦੇ ਵਿਚਾਲੇ ਉੱਚਾ ਕੀਤਾ, ਅਤੇ ਮੈਨੂੰ ਪਰਮੇਸ਼ੁਰ ਦੇ ਦਰਸ਼ਣਾਂ ਵਿੱਚ ਯਰੂਸ਼ਲਮ ਵਿੱਚ ਉੱਤਰ ਵੱਲ ਅੰਦਰਲੇ ਵੇਹੜੇ ਦੇ ਫਾਟਕ ਤੇ ਜਿੱਥੇ ਅਣਖ ਦੇਵੀ ਦੀ ਮੂਰਤੀ ਦਾ ਟਿਕਾਣਾ ਸੀ ਜਿਹੜੀ ਅਣਖ ਭੜਕਾਉਂਦੀ ਸੀ ਲੈ ਆਇਆ 4ਅਤੇ ਵੇਖੋ, ਉੱਥੇ ਇਸਰਾਏਲ ਦੇ ਪਰਮੇਸ਼ੁਰ ਦਾ ਤੇਜ ਸੀ ਉਸ ਦਰਸ਼ਣ ਅਨੁਸਾਰ ਜੋ ਮੈਂ ਉਸ ਮਦਾਨ ਵਿੱਚ ਵੇਖਿਆ ਸੀ 5ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਆਪਣੀਆਂ ਅੱਖਾਂ ਉੱਤਰ ਵੱਲ ਚੁੱਕ। ਸੋ ਮੈਂ ਉੱਤਰ ਵੱਲ ਆਪਣੀਆਂ ਅੱਖੀਆਂ ਚੁੱਕੀਆਂ, ਤਾਂ ਵੇਖੋ, ਉੱਤਰ ਵੱਲ ਜਗਵੇਦੀ ਦੇ ਦਰਵੱਜੇ ਉੱਪਰ ਅਣਖ ਦੀ ਉਹੀ ਮੂਰਤੀ ਰਸਤੇ ਵਿੱਚ ਸੀ 6ਅਤੇ ਉਸ ਨੇ ਮੈਨੂੰ ਕਿਹਾ, ਹੇ ਆਦਮੀ ਦੇ ਪੁੱਤ੍ਰ! ਤੂੰ ਉਨ੍ਹਾਂ ਦੇ ਕੰਮ ਵੇਖਦਾ ਹੈਂ ਅਰਥਾਤ ਵੱਡੇ ਵੱਡੇ ਘਿਣਾਉਣੇ ਕੰਮ ਜਿਹੜੇ ਇਸਰਾਏਲ ਦਾ ਘਰਾਣਾ ਇੱਥੇ ਕਰਦਾ ਹੈ ਤਾਂ ਜੋ ਮੈਂ ਆਪਣੇ ਪਵਿੱਤ੍ਰ ਅਸਥਾਨ ਤੋਂ ਦੂਰ ਚੱਲਾ ਜਾਵਾਂ, ਪਰ ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ 7ਤਦ ਉਹ ਮੈਨੂੰ ਵੇਹੜੇ ਦੇ ਦਰਵੱਜੇ ਤੇ ਲਿਆਇਆ, ਤਾਂ ਮੈਂ ਡਿੱਠਾ, ਅਤੇ ਵੇਖੋ ਕਿ ਕੰਧ ਦੇ ਵਿੱਚ ਇੱਕ ਛੇਕ ਹੈ 8ਤਦ ਉਹ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੰਧ ਨੂੰ ਪੁੱਟ, ਅਤੇ ਜਦੋਂ ਮੈਂ ਕੰਧ ਨੂੰ ਪੁੱਟਿਆ ਤਾਂ ਵੇਖੋ ਇੱਕ ਦਰਵੱਜਾ ਸੀ 9ਫੇਰ ਉਸ ਨੇ ਮੈਨੂੰ ਆਖਿਆ, ਅੰਦਰ ਜਾ, ਅਤੇ ਜਿਹੜੇ ਕਮੀਣੇ ਘਿਣਾਉਣੇ ਕੰਮ ਓਹ ਇੱਥੇ ਕਰਦੇ ਹਨ ਵੇਖ! 10ਤਦੋਂ ਮੈਂ ਅੰਦਰ ਜਾਕੇ ਤੱਕਿਆ ਤਾਂ ਵੇਖੋ, ਹਰ ਕਿਸਮ ਦੇ ਸਾਰੇ ਘਿੱਸਰਨ ਵਾਲੇ ਅਤੇ ਪਲੀਤ ਪਸੂਆਂ ਦੀਆਂ ਸਾਰੀਆਂ ਮੂਰਤਾਂ ਅਤੇ ਇਸਰਾਏਲ ਦੇ ਘਰਾਣੇ ਦੇ ਬੁੱਤ ਆਲੇ ਦੁਆਲੇ ਕੰਧ ਉੱਤੇ ਬਣੇ ਹੋਏ ਹਨ 11ਅਤੇ ਇਸਰਾਏਲ ਦੇ ਘਰਾਣੇ ਦੇ ਸੱਤਰ ਬਜ਼ੁਰਗ ਉਨ੍ਹਾਂ ਅੱਗੇ ਖਲੋਤੇ ਹਨ ਅਤੇ ਸ਼ਾਫ਼ਨ ਦਾ ਪੁੱਤ੍ਰ ਯਅਜ਼ਨਯਾਹ ਉਨ੍ਹਾਂ ਦੇ ਵਿਚਕਾਰ ਖਲੋਤਾ ਹੈ ਅਤੇ ਹਰੇਕ ਦੇ ਹੱਥ ਵਿੱਚ ਇੱਕ ਧੂਪਦਾਨ ਹੈ ਅਤੇ ਬਖ਼ੂਰ ਦੀ ਸੁਗੰਧੀ ਦਾ ਬੱਦਲ ਉੱਠ ਰਿਹਾ ਹੈ 12ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਵੇਖਿਆ ਕਿ ਇਸਰਾਏਲ ਦੇ ਘਰਾਣੇ ਦੇ ਬਜ਼ੁਰਗ ਅਨ੍ਹੇਰੇ ਵਿੱਚ ਅਰਥਾਤ ਆਪਣੀ ਆਪਣੀ ਚਿਤ੍ਰਕਾਰੀ ਵਾਲੀ ਕੋਠੜੀ ਵਿੱਚ ਕੀ ਕਰਦੇ ਹਨ? ਕਿਉਂ ਜੋ ਓਹ ਆਖਦੇ ਹਨ ਕਿ ਯਹੋਵਾਹ ਸਾਨੂੰ ਨਹੀਂ ਵੇਖਦਾ, ਯਹੋਵਾਹ ਨੇ ਦੇਸ ਨੂੰ ਛੱਡ ਦਿੱਤਾ ਹੈ 13ਅਤੇ ਉਸ ਨੇ ਮੈਨੂੰ ਇਹ ਵੀ ਕਿਹਾ, ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਜੋ ਓਹ ਕਰਦੇ ਹਨ ਵੇਖੇਂਗਾ।।
14ਤਦ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਉੱਤਰੀ ਦਰਵੱਜੇ ਤੇ ਲੈ ਆਇਆ ਤਾਂ ਵੇਖੋ, ਉੱਥੇ ਤੀਵੀਆਂ ਬੈਠੀਆਂ ਤੰਮੂਜ਼ ਨੂੰ ਰੋ ਰਹੀਆਂ ਹਨ 15ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ! ਕੀ ਤੂੰ ਏਹ ਵੇਖਿਆ ਹੈ? ਤੂੰ ਹਾਲਾਂ ਇਨ੍ਹਾਂ ਤੋਂ ਵੀ ਵੱਡੇ ਘਿਣਾਉਣੇ ਕੰਮ ਵੇਖੇਂਗਾ 16ਫਿਰ ਉਹ ਮੈਨੂੰ ਯਹੋਵਾਹ ਦੇ ਭਵਨ ਦੇ ਅੰਦਰਲੇ ਵੇਹੜੇ ਵਿੱਚ ਲੈ ਗਿਆ, ਅਤੇ ਵੇਖੋ, ਯਹੋਵਾਹ ਦੀ ਹੈਕਲ ਦੇ ਦਰਵੱਜੇ ਉੱਤੇ ਡੇਉੜ੍ਹੀ ਅਤੇ ਜਗਵੇਦੀ ਦੇ ਵਿਚਕਾਰ ਲਗ ਭਗ ਪੰਜੀ ਮਨੁੱਖ ਸਨ, ਜਿਨ੍ਹਾਂ ਦੀ ਪਿੱਠ ਯਹੋਵਾਹ ਦੀ ਹੈਕਲ ਵੱਲ ਅਤੇ ਉਨ੍ਹਾਂ ਦੇ ਮੂੰਹ ਪੂਰਬ ਵੱਲ ਸਨ ਅਤੇ ਪੂਰਬ ਵੱਲ ਮੂੰਹ ਕਰ ਕੇ ਸੂਰਜ ਨੂੰ ਮੱਥਾ ਟੇਕ ਰਹੇ ਸਨ 17ਤਦ ਉਸ ਨੇ ਮੈਨੂੰ ਆਖਿਆ, ਹੇ ਆਦਮੀ ਦੇ ਪੁੱਤ੍ਰ, ਕੀ ਤੂੰ ਏਹ ਵੇਖਿਆ ਹੈ? ਯਹੂਦਾਹ ਦੇ ਘਰਾਣੇ ਦੇ ਅੱਗੇ ਇੱਹ ਨਿੱਕੀ ਜਿਹੀ ਗੱਲ ਹੈ, ਕਿ ਓਹ ਅਜਿਹੇ ਘਿਣਾਉਣੇ ਕੰਮ ਕਰਨ ਜਿਹੜੇ ਇੱਥੇ ਕਰਦੇ ਹਨ, ਕਿਉਂ ਜੋ ਉਨ੍ਹਾਂ ਨੇ ਤਾਂ ਦੇਸ ਨੂੰ ਜ਼ੁਲਮ ਨਾਲ ਭਰ ਦਿੱਤਾ ਅਤੇ ਫਿਰ ਮੈਨੂੰ ਕ੍ਰੋਧ ਦਿਵਾਇਆ, ਅਤੇ ਵੇਖ,ਓਹ ਆਪਣੇ ਨੱਕ ਨਾਲ ਡਾਲੀ ਲਗਾਉਂਦੇ ਹਨ 18ਸੋ ਮੈਂ ਵੀ ਕਹਿਰ ਨਾਲ ਵਰਤਾਂਗਾ, ਮੇਰੀ ਅੱਖ ਲਿਹਾਜ਼ ਨਾ ਕਰੇਗੀ ਅਤੇ ਮੈਂ ਕਦਾਚਿੱਤ ਤਰਸ ਨਾ ਕਰਾਂਗਾ, ਅਤੇ ਭਾਵੇਂ ਓਹ ਚੀਕ ਚੀਕ ਕੇ ਮੇਰੇ ਕੰਨਾਂ ਤੀਕ ਆਪਣੀ ਪੁਕਾਰ ਪੁਚਾਉਣ ਤਾਂ ਵੀ ਉਨ੍ਹਾਂ ਦੀ ਨਹੀਂ ਸੁਣਾਂਗਾ।।

Highlight

Share

Copy

None

Want to have your highlights saved across all your devices? Sign up or sign in