YouVersion Logo
Search Icon

ਹਿਜ਼ਕੀਏਲ 6

6
ਇਸਰਾਏਲ ਦੇ ਪਹਾੜਾਂ ਦੇ ਵਿਰੁੱਧ ਅੰਗਮ ਵਾਕ
1ਯਹੋਵਾਹ ਦਾ ਬਚਨ ਮੇਰੇ ਕੋਲ ਇਹ ਆਖਣ ਲਈ ਆਇਆ 2ਕਿ ਹੇ ਆਦਮੀ ਦੇ ਪੁੱਤ੍ਰ, ਇਸਰਾਏਲ ਦੇ ਪਰਬਤਾਂ ਵੱਲ ਮੂੰਹ ਕਰ ਕੇ ਉਨ੍ਹਾਂ ਦੇ ਵਿਰੁੱਧ ਅਗੰਮ ਵਾਚ 3ਅਤੇ ਤੂੰ ਆਖ, ਹੇ ਇਸਰਾਏਲ ਦੇ ਪਰਬਤੋਂ, ਪ੍ਰਭੁ ਯਹੋਵਾਹ ਦਾ ਬਚਨ ਸੁਣੋ! ਪ੍ਰਭੁ ਯਹੋਵਾਹ ਪਰਬਤਾਂ, ਟਿੱਲਿਆਂ ਅਤੇ ਨਾਲਿਆਂ ਅਰ ਵਾਦੀਆਂ ਨੂੰ ਐਉਂ ਫ਼ਰਮਾਉਂਦਾ ਹੈ ਕਿ ਵੇਖੋ, ਮੈਂ, ਹਾਂ, ਮੈਂ ਹੀ ਤੁਹਾਡੇ ਉੱਤੇ ਤਲਵਾਰ ਚਲਾਵਾਂਗਾ ਅਤੇ ਤੁਹਾਡੇ ਉੱਚੇ ਅਸਥਾਨਾਂ ਨੂੰ ਮੈਂ ਨਾਸ ਕਰਾਂਗਾ 4ਅਤੇ ਤੁਹਾਡੀਆਂ ਜਗਵੇਦੀਆਂ ਉੱਜੜ ਪੁੱਜੜ ਜਾਣਗੀਆਂ ਅਤੇ ਤੁਹਾਡੀਆਂ ਸੂਰਜ ਦੀਆਂ ਮੂਰਤੀਆਂ ਭੰਨ ਦਿੱਤੀਆਂ ਜਾਣਗੀਆਂ ਅਤੇ ਮੈਂ ਤੁਹਾਡੇ ਕਤਲ ਕੀਤੇ ਹੋਇਆਂ ਨੂੰ ਤੁਹਾਡੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ 5ਅਤੇ ਇਸਰਾਏਲੀਆਂ ਦੀਆਂ ਲੋਥਾਂ ਉਨ੍ਹਾਂ ਦੇ ਬੁੱਤਾਂ ਦੇ ਅੱਗੇ ਸੁੱਟ ਦਿਆਂਗਾ ਅਤੇ ਮੈਂ ਤੁਹਾਡੀਆਂ ਹੱਡੀਆਂ ਨੂੰ ਤੁਹਾਡੀਆਂ ਜਗਵੇਦੀਆਂ ਦੇ ਦੁਆਲੇ ਖਿਲਾਰ ਦਿਆਂਗਾ 6ਤੁਹਾਡੇ ਰਹਿਣ ਦੇ ਸਾਰੇ ਇਲਾਕੇ ਦੇ ਸ਼ਹਿਰ ਉੱਜੜ ਜਾਣਗੇ ਅਤੇ ਉੱਚੇ ਅਸਥਾਨ ਵਿਰਾਨ ਹੋ ਜਾਣਗੇ ਤਾਂ ਜੋ ਤੁਹਾਡੀਆਂ ਜਗਵੇਦੀਆਂ ਬਰਬਾਦ ਅਤੇ ਉਜਾੜ ਹੋਣ ਅਤੇ ਤੁਹਾਡੇ ਬੁੱਤ ਭੰਨੇ ਜਾਣ ਅਤੇ ਬਾਕੀ ਨਾ ਰਹਿਣ ਅਤੇ ਤੁਹਾਡੀਆਂ ਸੂਰਜ ਦੀਆਂ ਮੂਰਤੀਆਂ ਵੱਢ ਦਿੱਤੀਆਂ ਜਾਣ ਅਤੇ ਤੁਹਾਡੀ ਹੱਥ ਦੀ ਕਿਰਤ ਮਿਟ ਜਾਵੇ 7ਅਤੇ ਕਤਲ ਕੀਤੇ ਹੋਏ ਬੰਦੇ ਤੁਹਾਡੇ ਵਿਚਕਾਰ ਡਿੱਗਣਗੇ ਭਈ ਤੁਸੀਂ ਜਾਣ ਲਓ ਕਿ ਮੈਂ ਯਹੋਵਾਹ ਹਾਂ! 8ਪਰੰਤੂ ਮੈਂ ਤੁਹਾਡੇ ਵਿੱਚੋਂ ਕੁਝਕੁ ਛੱਡ ਦਿਆਂਗਾ ਅਰਥਾਤ ਓਹ ਜਿਹੜੇ ਕੌਮਾਂ ਦੇ ਵਿੱਚੋਂ ਤਲਵਾਰ ਤੋਂ ਬਚ ਰਹਿਣਗੇ ਜਦੋਂ ਤੁਸੀਂ ਦੂਜੇ ਦੇਸਾਂ ਵਿੱਚ ਖਿਲਾਰੇ ਜਾਓਗੇ 9ਅਤੇ ਜਿਹੜੇ ਤੁਹਾਡੇ ਵਿੱਚੋਂ ਬਚ ਰਹਿਣਗੇ ਓਹ ਉਨ੍ਹਾਂ ਕੌਮਾਂ ਦੇ ਵਿੱਚ ਜਿੱਥੇ ਜਿੱਥੇ ਓਹ ਅਸੀਰ ਹੋਕੇ ਜਾਣਗੇ ਮੈਨੂੰ ਚੇਤੇ ਕਰਨਗੇ, ਜਦੋਂ ਮੈਂ ਉਨ੍ਹਾਂ ਦੇ ਜ਼ਨਾਕਾਰ ਦਿਲਾਂ ਨੂੰ ਜੋ ਮੇਰੇ ਪਾਸੋਂ ਦੂਰ ਹੋਏ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਜਿਨ੍ਹਾਂ ਨੇ ਉਨ੍ਹਾਂ ਦੇ ਬੁੱਤਾਂ ਮਗਰ ਵਿਭਚਾਰ ਕੀਤਾ ਫੋੜਾਂਗਾ ਅਤੇ ਓਹ ਆਪ ਆਪਣੇ ਸਾਰੇ ਭੈੜੇ ਕੰਮਾਂ ਦੇ ਕਾਰਨ ਜਿਹੜੇ ਉਨ੍ਹਾਂ ਨੇ ਆਪਣੇ ਸਾਰੇ ਘਿਣਾਉਣੇ ਕੰਮਾਂ ਵਿੱਚ ਕੀਤੇ ਆਪਣੀ ਨਜ਼ਰ ਵਿੱਚ ਆਪਣੇ ਆਪ ਨੂੰ ਧਿਰਕਾਰ ਪਾਉਣਗੇ 10ਤਦ ਓਹ ਜਾਨਣਗੇ ਕਿ ਮੈਂ ਯਹੋਵਾਹ ਹਾਂ ਅਤੇ ਮੈਂ ਐਵੇਂ ਹੀ ਨਹੀਂ ਫ਼ਰਮਾਇਆ ਸੀ ਕਿ ਉਨ੍ਹਾਂ ਉੱਤੇ ਇਹ ਬੁਰਿਆਈ ਲਿਆਵਾਂਗਾ।।
11ਪ੍ਰਭੁ ਯਹੋਵਾਹ ਐਉਂ ਕਹਿੰਦਾ ਹੈ ਕਿ ਤੂੰ ਹੱਥ ਪਿੱਟ ਕੇ ਅਤੇ ਪੈਰ ਮਾਰ ਕੇ ਆਖ ਕਿ ਇਸਰਾਏਲ ਦੇ ਘਰਾਣੇ ਦੇ ਸਾਰੇ ਘਿਣਾਉਣੇ ਭੈੜੇ ਕੰਮਾਂ ਲਈ ਅਫਸੋਸ! ਕਿਉਂ ਜੋ ਓਹ ਤਲਵਾਰ, ਕਾਲ ਅਰ ਬਵਾ ਨਾਲ ਡਿੱਗ ਪੈਣਗੇ 12ਜਿਹੜਾ ਦੂਰ ਹੈ ਉਹ ਬਵਾ ਨਾਲ ਮਰੇਗਾ ਅਤੇ ਜਿਹੜਾ ਨੇੜੇ ਹੈ ਤਲਵਾਰ ਨਾਲ ਡਿੱਗੇਗਾ ਅਤੇ ਉਹ ਜਿਹੜਾ ਬਾਕੀ ਹੈ ਅਤੇ ਘੇਰੇ ਵਿੱਚ ਹੈ ਉਹ ਕਾਲ ਨਾਲ ਮਰੇਗਾ, ਸੋ ਮੈਂ ਉਨ੍ਹਾਂ ਉੱਤੇ ਆਪਣੇ ਕਹਿਰ ਨੂੰ ਪੂਰਾ ਕਰਾਂਗਾ 13ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਹਾਂ ਜਦ ਉਨ੍ਹਾਂ ਦੇ ਵੱਢੇ ਹੋਏ ਬੰਦੇ ਹਰੇਕ ਉੱਚੇ ਟਿੱਲੇ ਪੁਰ ਅਤੇ ਪਰਬਤਾਂ ਦੀਆਂ ਸਾਰੀਆਂ ਚੋਟੀਆਂ ਉੱਤੇ ਅਤੇ ਹਰੇਕ ਹਰੇ ਬ੍ਰਿਛ ਹੇਠ ਅਤੇ ਹਰੇਕ ਘਣੇ ਬਲੂਤ ਦੇ ਹੇਠਾਂ, ਹਰ ਥਾਂ ਜਿੱਥੇ ਓਹ ਆਪਣੇ ਸਾਰੇ ਬੁੱਤਾਂ ਦੇ ਲਈ ਸੁਗੰਧੀ ਧੁਖਾਉਂਦੇ ਸਨ, ਉਨ੍ਹਾਂ ਬੁੱਤਾਂ ਦੇ ਵਿੱਚ ਉਨ੍ਹਾਂ ਦੀਆਂ ਜਗਵੇਦੀਆਂ ਦੇ ਚਾਰੇ ਪਾਸੇ ਪਏ ਹੋਣਗੇ 14ਅਤੇ ਮੈਂ ਆਪਣਾ ਹੱਥ ਉਨ੍ਹਾਂ ਦੇ ਵਿਰੁੱਧ ਪਸਾਰਾਂਗਾ ਅਤੇ ਉਜਾੜ ਤੋਂ ਲੈ ਕੇ ਦਿਬਲਾਹ ਤੀਕ ਉਨ੍ਹਾਂ ਦੇ ਦੇਸ ਦੀਆਂ ਸਾਰੀਆਂ ਵਸਤੀਆਂ ਬਰਬਾਦ ਤੇ ਵਿਰਾਨ ਕਰਾਂਗਾ, ਤਦ ਓਹ ਜਾਣਨਗੇ ਕਿ ਮੈਂ ਯਹੋਵਾਹ ਹਾਂ!।।

Highlight

Share

Copy

None

Want to have your highlights saved across all your devices? Sign up or sign in