YouVersion Logo
Search Icon

ਹਿਜ਼ਕੀਏਲ 17

17
ਉਕਾਬ ਅਤੇ ਅੰਗੂਰੀ ਬੇਲ
1ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 2ਹੇ ਆਦਮੀ ਦੇ ਪੁੱਤ੍ਰ, ਇੱਕ ਬੁਝਾਰਤ ਬੁਝ ਅਤੇ ਇਸਰਾਏਲ ਦੇ ਘਰਾਣੇ ਅੱਗੇ ਕਹਾਉਤ ਆਖ 3ਅਤੇ ਆਖ, ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਇੱਕ ਵੱਡਾ ਉਕਾਬ, ਜਿਸ ਦੇ ਵੱਡੇ ਖੰਭ ਅਤੇ ਲੰਮੇ ਬਾਜ਼ੂ ਸਨ ਜੋ ਰੰਗ ਬਰੰਗੇ ਖੰਭਾਂ ਨਾਲ ਭਰਿਆ ਹੋਇਆ ਸੀ ਉਹ ਲਬਾਨੋਨ ਕੋਲ ਆਇਆ ਅਤੇ ਉਹ ਨੇ ਦਿਉਦਾਰ ਦੀ ਟੀਸੀ ਲਈ 4ਉਹ ਸਭ ਤੋਂ ਉੱਚੀ ਟਹਿਣੀ ਭੰਨ ਕੇ ਵਪਾਰ ਦੇ ਦੇਸ ਵਿੱਚ ਲੈ ਗਿਆ ਅਤੇ ਵਪਾਰੀਆਂ ਦੇ ਸ਼ਹਿਰ ਵਿੱਚ ਉਸ ਨੂੰ ਲਾ ਦਿੱਤਾ 5ਨਾਲੇ ਉਹ ਉਸ ਧਰਤੀ ਦਾ ਬੀਜ ਵੀ ਲੈ ਗਿਆ ਅਤੇ ਉਹ ਨੂੰ ਉਪਜਾਊ ਖੇਤ ਵਿੱਚ ਬੀਜਿਆ। ਉਸ ਨੇ ਉਹਨੂੰ ਬਹੁਤਿਆਂ ਪਾਣੀਆਂ ਦੇ ਕੰਢੇ ਬੇਦ ਦੇ ਬਿਰਛ ਵਾਂਗਰ ਲਾਇਆ 6ਉਹ ਵਧਿਆ ਅਤੇ ਉਹ ਅੰਗੂਰ ਦਾ ਛਤਰੀ ਦਾਰ ਇੱਕ ਛੋਟਾ ਜਿਹਾ ਰੁੱਖ ਬਣ ਗਿਆ, ਉਸ ਦੀਆਂ ਟਹਿਣੀਆਂ ਉਹ ਦੇ ਵੱਲ ਝੁਕੀਆ ਹੋਈਆਂ ਸਨ ਅਤੇ ਉਸ ਦੀਆਂ ਜੜ੍ਹਾਂ ਉਹ ਦੇ ਹੇਠਾਂ ਸਨ ਸੋ ਉਹ ਅੰਗੂਰੀ ਬੇਲ ਬਣੀ। ਉਸ ਦੀਆਂ ਟਹਿਣੀਆਂ ਨਿੱਕਲੀਆਂ ਅਤੇ ਉਸ ਦੀਆਂ ਫੁੱਟਾਂ ਵਧੀਆਂ।।
7ਇੱਕ ਹੋਰ ਵੱਡਾ ਉਕਾਬ ਸੀ ਜਿਸ ਦੇ ਖੰਭ ਵੱਡੇ ਅਤੇ ਨਾਲ ਬਹੁਤੇ ਸਨ, ਤਾਂ ਵੇਖੋ, ਇਸ ਅੰਗੂਰੀ ਬੇਲ ਆਪਣੀਆਂ ਜੜ੍ਹਾਂ ਉਸ ਵੱਲ ਮੋੜੀਆਂ ਅਤੇ ਆਪਣੀ ਕਿਆਰੀ ਵਿੱਚੋਂ ਜਿੱਥੇ ਉਹ ਲਾਇਆ ਹੋਇਆ ਸੀ ਆਪਣੀਆਂ ਟਹਿਣੀਆਂ ਉਸ ਵੱਲ ਵਧਾਈਆਂ ਤਾਂ ਜੋ ਉਹ ਉਸ ਨੂੰ ਸਿੰਜੇ 8ਇਹ ਚੰਗੇ ਖੇਤ ਵਿੱਚ ਬਹੁਤੇ ਪਾਣੀਆਂ ਦੇ ਕੋਲ ਲਾਇਆ ਗਿਆ ਸੀ ਤਾਂ ਜੋ ਉਸ ਦੀਆਂ ਟਹਿਣੀਆਂ ਨਿੱਕਲਣ ਅਤੇ ਉਹ ਦੇ ਵਿੱਚ ਫਲ ਲੱਗਣ ਅਤੇ ਇਹ ਵਧੀਆ ਅੰਗੂਰ ਹੋਵੇ 9ਤੂੰ ਆਖ ਕਿ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਕੀ ਇਹ ਪਰਫੁਲਤ ਹੋਵੇਗੀ ਕੀ ਉਹ ਉਸ ਨੂੰ ਜੜ੍ਹਾਂ ਤੋਂ ਨਾ ਪੁੱਟ ਸੁੱਟੇਗਾ ਅਤੇ ਇਸ ਦਾ ਫਲ ਨਾ ਤੋੜ ਸੁੱਟੇਗਾ ਭਈ ਇਹ ਸੁੱਕ ਜਾਵੇ ਅਤੇ ਇਹ ਦੇ ਸਾਰੇ ਹਰੇ ਪਤੇ ਸੁੱਕ ਜਾਣ ਇਸ ਨੂੰ ਜੜ੍ਹਾਂ ਤੋਂ ਪੁੱਟਣ ਦੇ ਲਈ ਬਹੁਤੇ ਲੋਕਾਂ ਤੇ ਬਹੁਤੇ ਜ਼ੋਰ ਦੀ ਲੋੜ ਨਾ ਹੋਵੇਗੀ 10ਵੇਖੋ, ਇਹ ਲਾਈ ਤਾਂ ਗਈ ਹੈ ਪਰ ਕੀ ਇਹ ਫਲ ਵੀ ਦੇਵੇਗੀ? ਕੀ ਇਹ ਪੁਰੇ ਦੀ ਵਾ ਲਗਦਿਆਂ ਹੀ ਇਹ ਉੱਕੀ ਸੁੱਕ ਨਾ ਜਾਵੇਗੀ? ਇਹ ਆਪਣੀਆਂ ਕਿਆਰੀਆਂ ਵਿੱਚ ਹੀ ਸੁੱਕ ਜਾਵੇਗੀ।।
11ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ 12ਇਸ ਆਕੀ ਘਰਾਣੇ ਨੂੰ ਤੂੰ ਆਖ, ਕੀ ਤੁਸੀਂ ਇਨ੍ਹਾਂ ਗੱਲਾਂ ਦਾ ਮਤਲਬ ਨਹੀਂ ਜਾਣਦੇ? ਉਨ੍ਹਾਂ ਨੂੰ ਆਖ ਕਿ ਵੇਖੋ, ਬਾਬਲ ਦੇ ਪਾਤਸ਼ਾਹ ਨੇ ਯਰੂਸ਼ਲਮ ਉੱਤੇ ਹੱਲਾ ਕੀਤਾ ਅਤੇ ਉਸ ਦੇ ਪਾਤਸ਼ਾਹ ਨੂੰ ਅਤੇ ਉਸ ਦੇ ਸਰਦਾਰਾਂ ਨੂੰ ਫੜ ਕੇ ਆਪਣੇ ਨਾਲ ਬਾਬਲ ਨੂੰ ਲੈ ਗਿਆ 13ਅਤੇ ਉਹ ਨੇ ਸ਼ਾਹੀ ਨਸਲ ਵਿੱਚੋਂ ਇੱਕ ਨੂੰ ਲਿਆ ਅਤੇ ਉਹ ਦੇ ਨਾਲ ਨੇਮ ਬੰਨ੍ਹਿਆ ਅਤੇ ਉਸ ਤੋਂ ਸੌਂਹ ਲਈ ਅਤੇ ਦੇਸ ਦੇ ਸੂਰਮਿਆਂ ਨੂੰ ਵੀ ਲੈ ਗਿਆ 14ਤਾਂ ਜੋ ਉਹ ਪਾਤਸ਼ਾਹੀ ਉੱਕੀ ਅਧੀਣ ਹੋ ਜਾਵੇ ਅਤੇ ਫਿਰ ਸਿਰ ਨਾ ਚੁੱਕੇ ਸਗੋਂ ਉਹ ਦੇ ਨੇਮ ਨੂੰ ਕਾਇਮ ਰੱਖ ਕੇ ਖੜੀ ਰਹੇ 15ਪਰ ਉਹ ਨੇ ਬਹੁਤ ਸਾਰੇ ਆਦਮੀ ਤੇ ਘੋੜੇ ਲੈਣ ਲਈ ਮਿਸਰ ਵਿੱਚ ਏਲਚੀ ਘੱਲ ਕੇ ਉਸ ਦੇ ਵਿਰੁੱਧ ਆਕੀ ਹੋ ਗਿਆ। ਕੀ ਉਹ ਸਫਲ ਹੋਵੇਗਾ? ਕੀ ਅਜਿਹਾ ਕਰਨ ਵਾਲਾ ਬਚ ਸੱਕਦਾ ਹੈ? ਕੀ ਉਹ ਨੇਮ ਭੰਨ ਕੇ ਵੀ ਬਚ ਜਾਵੇਗਾ? 16ਪ੍ਰਭੁ ਯਹੋਵਾਹ ਦਾ ਵਾਕ ਹੈ ਕਿ ਮੈਨੂੰ ਆਪਣੀ ਜਾਨ ਦੀ ਸੌਂਹ! ਉਹ ਉਸੇ ਥਾਂ ਜਿੱਥੇ ਉਸ ਪਾਤਸ਼ਾਹ ਦਾ ਵਾਸ ਹੈ ਜਿਸਨੇ ਉਹ ਨੂੰ ਪਾਤਸ਼ਾਹ ਬਣਾਇਆ ਅਤੇ ਜਿਸ ਦੀ ਸੌਂਹ ਨੂੰ ਉਸ ਤੁੱਛ ਜਾਣਿਆ ਅਤੇ ਜਿਹਦਾ ਨੇਮ ਉਹ ਨੇ ਭੰਗ ਕੀਤਾ ਅਰਥਾਤ ਬਾਬਲ ਵਿੱਚ ਉਸੇ ਦੇ ਕੋਲ ਮਰੇਗਾ 17ਅਤੇ ਨਾ ਫ਼ਿਰਊਨ ਆਪਣੇ ਵੱਡਿਆਂ ਸੂਰਮਿਆਂ ਨੂੰ ਅਤੇ ਬਹੁਤੀ ਸਭਾ ਨੂੰ ਲੈਕੇ ਲੜਾਈ ਵਿੱਚ ਉਹ ਦੇ ਲਈ ਕੁਝ ਕਰ ਸੱਕੇਗਾ ਜਦੋਂ ਮੋਰਚਾ ਬੰਨ੍ਹਦੇ ਹੋਣ ਅਤੇ ਬੁਰਜ ਬਣਾਉਂਦੇ ਹੋਣ ਕਿ ਬਹੁਤ ਸਾਰੀਆਂ ਜਾਨਾਂ ਨੂੰ ਮਾਰ ਦੇਣ 18ਕਿਉਂਕਿ ਜੋ ਉਸ ਨੇ ਸੌਂਹ ਨੂੰ ਤੁੱਛ ਜਾਣਿਆ ਅਤੇ ਉਸ ਨੇਮ ਨੂੰ ਤੋਂੜਿਆ ਅਤੇ ਹੱਥ ਤੇ ਹੱਥ ਮਾਰ ਕੇ ਉਸ ਨੇ ਇਹ ਸਭ ਕੁਝ ਕੀਤਾ ਏਸ ਲਈ ਉਹ ਬਚ ਨਹੀਂ ਸੱਕੇਗਾ 19ਇਸ ਲਈ ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਨੂੰ ਆਪਣੀ ਜਾਨ ਦੀ ਸੌਂਹ, ਉਹ ਮੇਰਾ ਹੀ ਸੌਂਹ ਹੈ ਜਿਹ ਨੂੰ ਉਹ ਨੇ ਤੁੱਛ ਜਾਣਿਆ ਅਤੇ ਉਹ ਮੇਰਾ ਹੀ ਨੇਮ ਹੈ ਜਿਹੜਾ ਉਹ ਨੇ ਤੋੜਿਆ। ਮੈਂ ਜਰੂਰ ਇਹ ਸਭ ਕੁਝ ਉਹ ਦੇ ਸਿਰ ਉੱਤੇ ਲਿਆਵਾਂਗਾ 20ਅਤੇ ਮੈਂ ਆਪਣਾ ਜਾਲ ਉਹ ਦੇ ਉੱਤੇ ਵਿਛਾਵਾਂਗਾ ਅਤੇ ਉਹ ਮੇਰੀ ਫਾਹੀ ਵਿੱਚ ਫਸ ਜਾਵੇਗਾ ਅਤੇ ਮੈਂ ਉਹ ਨੂੰ ਬਾਬਲ ਲੈ ਆਵਾਂਗਾ ਅਤੇ ਜਿਹੜੀ ਉਸ ਨੇ ਮੇਰੇ ਵਿਰੁੱਧ ਬੇਈਮਾਨੀ ਕੀਤੀ ਹੈ ਉਹ ਦੀ ਬੇਈਮਾਨੀ ਦੇ ਵਿਖੇ ਉੱਥੇ ਉਸ ਕੋਲੋਂ ਪੁੱਛ ਗਿੱਛ ਕਰਾਂਗਾ 21ਅਤੇ ਉਹ ਦੇ ਜੱਥੇ ਦੇ ਸਾਰੇ ਭਗੌੜੇ ਤਲਵਾਰ ਨਾਲ ਮਾਰੇ ਜਾਣਗੇ ਅਤੇ ਜੋ ਬਚ ਰਹਿਣਗੇ ਓਹ ਸਾਰੀਆਂ ਹਵਾਵਾਂ ਵਿੱਚ ਖਿਲਾਰੇ ਜਾਣਗੇ ਭਈ ਤੁਸੀਂ ਜਾਣੋਗੇ ਕਿ ਮੈਂ ਯਹੋਵਾਹ ਨੇ ਇਹ ਫ਼ਰਮਾਇਆ ਹੈ।। 22ਪ੍ਰਭੁ ਯਹੋਵਾਹ ਐਉਂ ਫ਼ਰਮਾਉਂਦਾ ਹੈ, - ਮੈਂ ਵੀ ਦਿਆਰ ਦੀ ਟੀਸੀ ਲਵਾਂਗਾ ਅਤੇ ਉਹ ਨੂੰ ਲਾਵਾਂਗਾ, ਫੇਰ ਉਹ ਦੀਆਂ ਨਰਮ ਟਹਿਣੀਆਂ ਵਿੱਚੋਂ ਇੱਕ ਫੁੱਟ ਸਿਰ ਉੱਤੋਂ ਕੱਟ ਲਵਾਂਗਾ, ਅਤੇ ਉਹ ਨੂੰ ਇੱਕ ਉੱਚੇ ਪਰਬਤ ਦੀ ਚੋੱਟੀ ਤੇ ਲਾਵਾਂਗਾ 23ਮੈਂ ਉਹ ਨੂੰ ਇਸਰਾਏਲ ਦੇ ਉੱਚੇ ਪਰਬਤ ਤੇ ਲਵਾਂਗਾ ਅਤੇ ਉਹ ਫੁੱਟਾਂ ਕੱਢੇਗਾ ਅਤੇ ਫਲੇਗਾ ਅਤੇ ਵਧੀਆ ਦਿਆਰ ਹੋਵੇਗਾ ਅਤੇ ਹਰ ਪਰਕਾਰ ਦੇ ਪਰਵਾਲੇ ਪੰਛੀ ਉਹ ਦੇ ਹੇਠਾਂ ਵੱਸਣਗੇ, ਓਹ ਉਸ ਦੀਆਂ ਟਹਿਣੀਆਂ ਦੀ ਛਾਂ ਵਿੱਚ ਵੱਸਣਗੇ 24ਅਤੇ ਖੇਤ ਦੇ ਸਾਰੇ ਰੁੱਖ ਜਾਣਨਗੇ ਕਿ ਮੈਂ ਯਹੋਵਾਹ ਨੇ ਉੱਚੇ ਰੁੱਖ ਨੂੰ ਨਿੱਕਾ ਕੀਤਾ ਅਤੇ ਨਿੱਕੇ ਨੂੰ ਉੱਚਾ ਕੀਤਾ, ਹਰੇ ਰੁੱਖ ਨੂੰ ਸੁਕਾ ਦਿੱਤਾ ਅਤੇ ਸੁੱਕੇ ਰੁੱਖ ਨੂੰ ਹਰਾ ਕੀਤਾ। ਮੈਂ ਯਹੋਵਾਹ ਨੇ ਫ਼ਰਮਾਇਆ ਅਤੇ ਕਰ ਵਿਖਾਇਆ।।

Highlight

Share

Copy

None

Want to have your highlights saved across all your devices? Sign up or sign in

YouVersion uses cookies to personalize your experience. By using our website, you accept our use of cookies as described in our Privacy Policy