ਬਿਵਸਥਾਸਾਰ 4
4
ਪਰਮੇਸ਼ੁਰ ਦੀ ਬਿਵਸਥਾ ਦੀ ਪਾਲਨਾ
1ਹੇ ਇਸਰਾਏਲ, ਹੁਣ ਉਨ੍ਹਾਂ ਬਿਧੀਆਂ ਅਤੇ ਕਾਨੂਨਾਂ ਨੂੰ ਸੁਣੋ ਜਿਹੜੇ ਮੈਂ ਪੂਰੇ ਕਰਨ ਲਈ ਤੁਹਾਨੂੰ ਸਿਖਾਉਂਦਾ ਹਾਂ ਤਾਂ ਜੋ ਤੁਸੀਂ ਜੀਓ ਅਤੇ ਜਾ ਕੇ ਉਸ ਧਰਤੀ ਉੱਤੇ ਕਬਜ਼ਾ ਕਰ ਲਓ ਜਿਹੜੀ ਯਹੋਵਾਹ ਤੁਹਾਡੇ ਪਿਉ ਦਾਦਿਆਂ ਦਾ ਪਰਮੇਸ਼ੁਰ ਤੁਹਾਨੂੰ ਦਿੰਦਾ ਹੈ 2ਜਿਹੜੇ ਹੁਕਮ ਮੈਂ ਤੁਹਾਨੂੰ ਦਿੰਦਾ ਹਾਂ ਨਾ ਓਹਨਾਂ ਨੂੰ ਵਧਾਓ ਅਤੇ ਨਾ ਓਹਨਾਂ ਨੂੰ ਘਟਾਓ ਤਾਂ ਜੋ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਤੁਹਾਨੂੰ ਦਿੰਦਾ ਹਾਂ 3ਜੋ ਕੁਝ ਯਹੋਵਾਹ ਨੇ ਬਆਲ- ਪਓਰ ਦੇ ਕਾਰਨ ਕੀਤਾ ਤੁਹਾਡੀਆਂ ਅੱਖਾਂ ਨੇ ਵੇਖਿਆ ਹੈ ਕਿਉਂ ਜੋ ਜਿਹੜੇ ਮਨੁੱਖ ਬਆਲ-ਪਓਰ ਦੇ ਪਿੱਛੇ ਗਏ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਤੁਹਾਡੇ ਵਿੱਚੋਂ ਨਾਸ ਕਰ ਦਿੱਤਾ ਹੈ 4ਪਰ ਤੁਸੀਂ ਜਿਹੜੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੰਗ ਸੰਗ ਰਹੇ ਹੋ ਅੱਜ ਤੀਕ ਸਾਰੇ ਜੀਉਂਦੇ ਹੋ 5ਵੇਖੋ,ਮੈਂ ਤੁਹਾਨੂੰ ਬਿਧੀਆਂ ਅਤੇ ਕਨੂਨ ਸਿਖਾਏ ਹਨ ਜਿਵੇਂ ਯਹੋਵਾਹ ਮੇਰੇ ਪਰਮੇਸ਼ੁਰ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਤੁਸੀਂ ਉਸ ਧਰਤੀ ਵਿੱਚ ਜਿੱਥੇ ਤੁਸੀਂ ਕਬਜ਼ਾ ਕਰਨ ਜਾਂਦੇ ਹੋ ਐਉਂ ਐਉਂ ਕਰਿਓ 6ਤੁਸੀਂ ਓਹਨਾਂ ਨੂੰ ਮੰਨੋ ਅਤੇ ਪੂਰੇ ਕਰੋ ਕਿਉਂ ਜੋ ਏਹ ਤੁਹਾਡੀ ਬੁੱਧੀ ਅਤੇ ਸਮਝ ਹੈ ਉਨ੍ਹਾਂ ਲੋਕਾਂ ਦੀ ਨਿਗਾਹ ਵਿੱਚ ਜਿਹੜੇ ਇਨ੍ਹਾਂ ਸਾਰੀਆਂ ਬਿਧੀਆਂ ਨੂੰ ਸੁਣ ਕੇ ਆਖਣਗੇ ਕਿ ਬੇਸ਼ਕ ਏਹ ਵੱਡੀ ਕੌਮ ਬੁੱਧਵਾਨ ਅਤੇ ਸਮਝਦਾਰ ਲੋਕਾਂ ਦੀ ਹੈ 7ਕਿਉਂ ਜੋ ਕਿਹੜੀ ਵੱਡੀ ਕੌਮ ਹੈ ਜਿਹ ਦੇ ਲਈ ਪਰਮੇਸ਼ੁਰ ਐੱਨਾ ਨੇੜੇ ਹੈ ਜਿੰਨਾ ਯਹੋਵਾਹ ਸਾਡਾ ਪਰਮੇਸ਼ੁਰ ਸਾਡੇ ਨੇੜੇ ਹੈ ਜਦ ਕਦੀ ਅਸੀਂ ਉਸ ਦੇ ਅੱਗੇ ਅਸੀਂ ਬੇਨਤੀ ਕਰਦੇ ਹਾਂ? 8ਅਤੇ ਕਿਹੜੀ ਵੱਡੀ ਕੌਮ ਹੈ ਜਿਹ ਦੇ ਕੋਲ ਬਿਧੀਆਂ ਅਤੇ ਕਨੂਨ ਐੱਨੇ ਧਾਰਮਕ ਹਨ ਜਿੰਨੀ ਏਹ ਸਾਰੀ ਬਿਵਸਥਾ ਜਿਹੜੀ ਮੈਂ ਤੁਹਾਡੇ ਅੱਗੇ ਅੱਜ ਰੱਖਦਾ ਹਾਂ ? 9ਕੇਵਲ ਚੌਕਸ ਰਹੋ ਅਤੇ ਆਪਣੇ ਮਨ ਦੀ ਬਹੁਤ ਰਾਖੀ ਕਰੋ ਮਤੇ ਤੁਸੀਂ ਉਨ੍ਹਾਂ ਗੱਲਾਂ ਨੂੰ ਭੁੱਲ ਜਾਓ ਜਿਹੜੀਆਂ ਤੁਹਾਡੀਆਂ ਅੱਖਾਂ ਨੇ ਵੇਖੀਆਂ ਹਨ ਅਤੇ ਓਹ ਤੁਹਾਡੇ ਹਿਰਦੇ ਵਿੱਚੋਂ ਜੀਵਨ ਭਰ ਨਿੱਕਲ ਜਾਣ ਪਰ ਤੁਸੀਂ ਓਹ ਆਪਣੇ ਪੁੱਤ੍ਰਾਂ ਅਤੇ ਪੋਤ੍ਰਿਆਂ ਨੂੰ ਦੱਸਿਓ 10ਜਿਸ ਦਿਨ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਅੱਗੇ ਹੋਰੇਬ ਵਿੱਚ ਖੜੇ ਸਾਓ ਜਦ ਯਹੋਵਾਹ ਨੇ ਮੈਨੂੰ ਆਖਿਆ ਕਿ ਲੋਕਾਂ ਨੂੰ ਮੇਰੇ ਲਈ ਇੱਕਠੇ ਕਰ ਅਤੇ ਮੈਂ ਲੋਕਾਂ ਨੂੰ ਆਪਣੀਆਂ ਗੱਲਾਂ ਸੁਣਾਵਾਂਗਾ ਕਿ ਮੈਥੋਂ ਜ਼ਮੀਨ ਉੱਤੇ ਆਪਣੇ ਜੀਵਨ ਭਰ ਡਰਨਾ ਸਿੱਖਣ ਨਾਲੇ ਆਪਣੇ ਬੱਚਿਆਂ ਨੂੰ ਵੀ ਸਿਖਾਉਣ 11ਤਾਂ ਤੁਸੀਂ ਨੇੜੇ ਆਣ ਕੇ ਪਰਬਤ ਦੇ ਹੇਠ ਖਲੋ ਗਏ ਅਤੇ ਉਹ ਪਹਾੜ ਅਕਾਸ਼ ਦੇ ਵਿਚਾਲੇ ਤੀਕ ਅੱਗ ਨਾਲ ਬਲਦਾ ਸੀ ਨਾਲੇ ਅਨ੍ਹੇਰਾ, ਬੱਦਲ ਅਤੇ ਕਾਲੀਆਂ ਘਟਾਂ ਸਨ 12ਯਹੋਵਾਹ ਅੱਗ ਦੇ ਵਿੱਚੋਂ ਦੀ ਤੁਹਾਡੇ ਨਾਲ ਬੋਲਿਆ। ਤੁਸਾਂ ਉਸ ਦੇ ਸ਼ਬਦਾਂ ਦੀ ਅਵਾਜ਼ ਤਾਂ ਸੁਣੀ ਪਰ ਕੋਈ ਸਰੂਪ ਨਾ ਵੇਖਿਆ, ਨਿਰੀ ਅਵਾਜ਼ ਹੀ ਸੁਣੀ 13ਉਸ ਨੇ ਆਪਣਾ ਨੇਮ ਤੁਹਾਡੇ ਉੱਤੇ ਪਰਗਟ ਕੀਤਾ ਜਿਹ ਦੇ ਪੂਰਾ ਕਰਨ ਦਾ ਤੁਹਾਨੂੰ ਹੁਕਮ ਦਿੱਤਾ ਅਰਥਾਤ ਦਸ ਹੁਕਮ ਅਤੇ ਉਨ੍ਹਾਂ ਨੂੰ ਪੱਥਰ ਦੀਆਂ ਦੋਹਾਂ ਫੱਟੀਆਂ ਉੱਤੇ ਲਿਖਿਆ 14ਤਾਂ ਉਸ ਵੇਲੇ ਯਹੋਵਾਹ ਨੇ ਮੈਨੂੰ ਹੁਕਮ ਦਿੱਤਾ ਸੀ ਕਿ ਮੈਂ ਤੁਹਾਨੂੰ ਬਿਧੀਆਂ ਅਤੇ ਕਨੂਨ ਸਿਖਾਵਾਂ ਤਾਂ ਜੋ ਤੁਸੀਂ ਉਨ੍ਹਾਂ ਨੂੰ ਉਸ ਧਰਤੀ ਵਿੱਚ ਪੂਰਾ ਕਰੋ ਜਿੱਥੋਂ ਦੀ ਤੁਸੀਂ ਕਬਜ਼ਾ ਕਰਨ ਲਈ ਪਾਰ ਲੰਘਦੇ ਹੋ 15ਤੁਸੀਂ ਆਪਣਿਆਂ ਮਨਾਂ ਦੀ ਬਹੁਤ ਰਾਖੀ ਕਰੋ ਕਿਉਂ ਜੋ ਜਦ ਯਹੋਵਾਹ ਅੱਗ ਦੇ ਵਿੱਚੋਂ ਦੀ ਹੋਰੇਬ ਵਿੱਚ ਤੁਹਾਡੇ ਨਾਲ ਬੋਲਿਆ ਤਾਂ ਤੁਸਾਂ ਕੋਈ ਸਰੂਪ ਨਾ ਵੇਖਿਆ 16ਮਤੇ ਤੁਸੀਂ ਵਿਗੜ ਕੇ ਆਪਣੇ ਲਈ ਕਿਸੇ ਬੁੱਤ ਦੀ ਘੜੀ ਹੋਈ ਮੂਰਤ ਬਣਾਓ ਅਰਥਾਤ ਕਿਸੇ ਨਰ ਨਾਰੀ ਦੀ ਸ਼ਕਲ, 17ਕਿਸੇ ਡੰਗਰ ਦੀ ਸ਼ਕਲ ਜਿਹੜਾ ਧਰਤੀ ਉੱਤੇ ਹੈ ਅਥਵਾ ਕਿਸੇ ਪੱਖ ਪੰਖੇਰੂ ਦੀ ਸ਼ਕਲ ਜਿਹੜਾ ਅਕਾਸ਼ ਵਿੱਚ ਉੱਡਦਾ ਹੈ 18ਕਿਸੇ ਜ਼ਮੀਨ ਉੱਤੇ ਘਿਸਰਨ ਵਾਲੇ ਦੀ ਸ਼ਕਲ, ਕਿਸੇ ਮੱਛ ਕੱਛ ਦੀ ਸ਼ਕਲ ਜਿਹੜੇ ਧਰਤੀ ਦੇ ਹੇਠਲੇ ਪਾਣੀਆਂ ਵਿੱਚ ਹਨ 19ਮਤੇ ਤੁਸੀਂ ਆਪਣੀਆਂ ਅੱਖਾਂ ਅਕਾਸ਼ ਵੱਲ ਚੁੱਕੋ ਅਤੇ ਜਦ ਤੁਸੀਂ ਸੂਰਜ, ਚੰਦ ਅਤੇ ਤਾਰਿਆਂ ਨੂੰ ਅਰਥਾਤ ਅਕਾਸ਼ ਦੀ ਸਾਰੀ ਸੈਨਾਂ ਨੂੰ ਵੇਖੋ ਤਾਂ ਪਰੇਰੇ ਜਾ ਕੇ ਉਨ੍ਹਾਂ ਅੱਗੇ ਮਥਾ ਟੇਕੋ ਅਤੇ ਉਨ੍ਹਾਂ ਦੀ ਪੂਜਾ ਕਰੋ ਜਿਨ੍ਹਾਂ ਨੂੰ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਅਕਾਸ਼ ਦੇ ਹੇਠ ਦੇ ਸਾਰੇ ਲੋਕਾਂ ਲਈ ਦੇ ਰੱਖਿਆ ਹੈ 20ਪਰ ਤੁਹਾਨੂੰ ਯਹੋਵਾਹ ਨੇ ਲੈ ਕੇ ਮਿਸਰ ਦੀ ਲੋਹੇ ਦੀ ਭੱਠੀ ਤੋਂ ਕੱਢਿਆ ਤਾਂ ਜੋ ਤੁਸੀਂ ਉਹ ਦੀ ਮਿਲਖ ਪਰਜਾ ਹੋਵੋ ਜਿਵੇਂ ਤੁਸੀਂ ਅੱਜ ਦੇ ਦਿਨ ਹੋ 21ਨਾਲੇ ਯਹੋਵਾਹ ਤੁਹਾਡੇ ਕਾਰਨ ਮੇਰੇ ਨਾਲ ਗੁੱਸੇ ਹੋਇਆ ਅਤੇ ਉਸ ਨੇ ਸੌਂਹ ਖਾਧੀ ਕਿ ਤੂੰ ਯਰਦਨ ਦੇ ਪਾਰ ਨਹੀਂ ਜਾਵੇਂਗਾ ਨਾ ਤੂੰ ਉਸ ਚੰਗੀ ਧਰਤੀ ਵਿੱਚ ਵੜੇਂਗਾ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਮਿਲਖ ਵਿੱਚ ਦਿੰਦਾ ਹੈ 22ਸਗੋਂ ਮੈਂ ਤਾਂ ਏਸ ਧਰਤੀ ਵਿੱਚ ਮਰਨਾ ਹੈ। ਮੈਂ ਯਰਦਨ ਦੇ ਪਾਰ ਨਹੀਂ ਲੰਘਣਾ ਪਰ ਤੁਸਾਂ ਲੰਘਣਾ ਹੈ ਅਤੇ ਤੁਸੀਂ ਉਸ ਚੰਗੀ ਧਰਤੀ ਉੱਤੇ ਕਬਜ਼ਾ ਕਰੋਗੇ 23ਚੌਕਸ ਰਹੋ ਮਤੇ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਨੂੰ ਭੁੱਲ ਜਾਓ ਜਿਹੜਾ ਉਸ ਨੇ ਤੁਹਾਡੇ ਨਾਲ ਬੰਨ੍ਹਿਆ ਹੈ ਅਤੇ ਆਪਣੇ ਲਈ ਕਿਸੇ ਚੀਜ਼ ਦੀ ਘੜੀ ਹੋਈ ਮੂਰਤ ਬਣਾਓ ਜਿਸ ਤੋਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਵਰਜਿਆ ਹੈ 24ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਭਸਮ ਕਰਨ ਵਾਲੀ ਅੱਗ ਹੈ। ਉਹ ਇੱਕ ਅਣਖ ਵਾਲਾ ਪਰਮੇਸ਼ੁਰ ਹੈ।।
25ਜਦ ਤੁਹਾਡੇ ਪੁੱਤ੍ਰ ਪੋਤ੍ਰੇ ਹੋਣ ਅਤੇ ਤੁਸੀਂ ਧਰਤੀ ਉੱਤੇ ਢਿੱਲੇ ਪੈ ਜਾਓ ਅਤੇ ਵਿਗਾੜ ਕੇ ਆਪਣੇ ਲਈ ਕਿਸੇ ਚੀਜ਼ ਦੀ ਘੜੀ ਹੋਈ ਮੂਰਤ ਬਣਾਓ ਅਤੇ ਯਹੋਵਾਹ ਆਪਣੇ ਪਰਮੇਸ਼ੁਰ ਦੀ ਨਿਗਾਹ ਵਿੱਚ ਬੁਰਿਆਈ ਕਰੋ ਕਿ ਉਹ ਕ੍ਰੋਧਵਾਨ ਹੋਵੇ 26ਤਾਂ ਮੈਂ ਅਕਾਸ਼ ਅਤੇ ਧਰਤੀ ਦੀ ਗਵਾਹੀ ਤੁਹਾਡੇ ਵਿੱਰੁਧ ਅੱਜ ਲੈਂਦਾ ਹਾਂ ਕਿ ਛੇਤੀ ਨਾਲ ਉਸ ਧਰਤੀ ਉੱਤੋਂ ਤੁਹਾਡਾ ਉੱਕਾ ਹੀ ਨਾਸ ਹੋ ਜਾਵੇਗਾ ਜਿੱਥੇ ਤੁਸੀਂ ਕਬਜ਼ਾ ਕਰਨ ਨੂੰ ਯਰਦਨੋਂ ਪਾਰ ਜਾਂਦੇ ਹੋ। ਤਹਾਨੂੰ ਉਸ ਉੱਤੇ ਬਹੁਤੇ ਦਿਨਾਂ ਤੀਕ ਰਹਿਣ ਦਾ ਮੌਕਾ ਨਾ ਮਿਲੇਗਾ ਸਗੋਂ ਤੁਹਾਡਾ ਉੱਕਾ ਹੀ ਸੱਤਿਆ ਨਾਸ ਹੋ ਜਾਵੇਗਾ 27ਯਹੋਵਾਹ ਤੁਹਾਨੂੰ ਲੋਕਾਂ ਵਿੱਚ ਖਿਲਾਰ ਦੇਵੇਗਾ ਅਤੇ ਜਿੱਧਰ ਯਹੋਵਾਹ ਤੁਹਾਨੂੰ ਧੱਕ ਦੇਵੇਗਾ ਉੱਥੇ ਤੁਸੀਂ ਕੌਮਾਂ ਵਿੱਚ ਥੋੜੇ ਜਿਹੇ ਰਹਿ ਜਾਓਗੇ 28ਤੁਸੀਂ ਉੱਥੇ ਆਦਮੀ ਦੇ ਹੱਥਾਂ ਦੇ ਬਣਾਏ ਹੋਏ ਦੇਵਤਿਆਂ ਦੀ ਪੂਜਾ ਕਰੋਗੇ ਅਰਥਾਤ ਲੱਕੜੀ ਅਤੇ ਪੱਥਰ ਦੇ ਜਿਹੜੇ ਨਾ ਵੇਖਦੇ, ਨਾ ਸੁਣਦੇ, ਨਾ ਖਾਂਦੇ, ਨਾ ਸੁੰਘਦੇ ਹਨ 29ਫੇਰ ਤੁਸੀਂ ਉੱਥੇ ਯਹੋਵਾਹ ਪਰਮੇਸ਼ੁਰ ਦੀ ਭਾਲ ਕਰੋਗੇ ਅਤੇ ਤੁਸੀਂ ਉਹ ਨੂੰ ਪਾਓਗੇ ਜਦ ਆਪਣੇ ਸਾਰੇ ਹਿਰਦੇ ਨਾਲ ਅਤੇ ਸਾਰੇ ਮਨ ਨਾਲ ਢੂੰਡ ਕਰੋਗੇ 30ਜਦ ਤੁਹਾਡੀ ਬਿਪਤਾ ਵਿੱਚ ਏਹ ਸਾਰੀਆਂ ਗੱਲਾਂ ਤੁਹਾਡੇ ਉੱਤੇ ਆ ਪੈਣ ਤਾ ਆਖਰੀ ਦਿਨਾਂ ਵਿੱਚ ਤੁਸੀਂ ਯਹੋਵਾਹ ਆਪਣੇ ਪਰਮੇਸ਼ੁਰ ਵੱਲ ਮੁੜੋਗੇ ਅਤੇ ਉਹ ਦੀ ਅਵਾਜ਼ ਸੁਣੋਗੇ 31ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਇੱਕ ਦਿਆਲੂ ਪਰਮੇਸ਼ੁਰ ਹੈ, ਉਹ ਨਾ ਤਾਂ ਤੁਹਾਨੂੰ ਤਿਆਗੇਗਾ, ਨਾ ਤੁਹਾਨੂੰ ਨਾਸ ਕਰੇਗਾ, ਨਾ ਤੁਹਾਡੇ ਪਿਉ ਦਾਦਿਆਂ ਦੇ ਨੇਮ ਨੂੰ ਜਿਸ ਦੇ ਵਿਖੇ ਉਸ ਨੇ ਉਨਾਂ ਨਾਲ ਸੌਂਹ ਖਾਧੀ ਸੀ ਭੁੱਲੇਗਾ 32ਅਗਲੇ ਦਿਨਾਂ ਦੇ ਵਿਖੇ ਜਿਹੜੇ ਤੁਹਾਥੋਂ ਅੱਗੇ ਸਨ ਅਰਥਾਤ ਉਸ ਦਿਨ ਤੋਂ ਜਦ ਪਰਮੇਸ਼ੁਰ ਨੇ ਆਦਮੀ ਨੂੰ ਧਰਤੀ ਉੱਤੇ ਉਤਪਤ ਕੀਤਾ ਅਤੇ ਅਕਾਸ਼ ਦੇ ਇੱਕ ਸਿਰੇ ਤੋਂ ਦੂਜੇ ਸਿਰੇ ਤੀਕ ਪੁੱਛੋ ਕਿ ਅਜੇਹੀ ਵੱਡੀ ਗੱਲ ਕਦੀ ਹੋਈ ਅਥਵਾ ਉਸ ਵਾਂਙੁ ਸੁਣੀ? 33ਕੀ ਕਿਸੇ ਪਰਜਾ ਨੇ ਪਰਮੇਸ਼ੁਰ ਦੀ ਅਵਾਜ਼ ਅੱਗ ਦੇ ਵਿੱਚੋਂ ਦੀ ਬੋਲਦੀ ਸੁਣੀ ਜਿਵੇਂ ਤੁਸਾਂ ਸੁਣੀ ਅਤੇ ਜੀਉਂਦੇ ਰਹੇ? 34ਅਥਵਾ ਪਰਮੇਸ਼ੁਰ ਨੇ ਕਦੀ ਪਰੋਜਨ ਕੀਤਾ ਕਿ ਜਾ ਕੇ ਆਪਣੇ ਲਈ ਇੱਕ ਕੌਮ ਨੂੰ ਦੂਜੀ ਕੌਮ ਦੇ ਵਿੱਚੋਂ ਪਰਤਾਵਿਆਂ, ਨਿਸਾਨਾਂ, ਅਚਰਜ ਕੰਮਾਂ, ਲੜਾਈ, ਸ਼ਕਤੀ ਵਾਲੇ ਹੱਥ, ਪਸਾਰੀ ਹੋਈ ਬਾਂਹ ਅਤੇ ਵੱਡੇ ਵੱਡੇ ਡਰਾਵਿਆਂ ਨਾਲ ਲਿਆ ਹੋਵੇ ਜਿਵੇਂ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਮਿਸਰ ਵਿੱਚ ਤੁਹਾਡੇ ਵੇਖਦਿਆਂ ਤੁਹਾਡੇ ਲਈ ਕੀਤਾ? 35ਹੁਣ ਤੁਸਾਂ ਵੇਖਿਆ ਤਾਂ ਜੋ ਤੁਸੀਂ ਜਾਣੋ ਭਈ ਯਹੋਵਾਹ ਉਹੀ ਪਰਮੇਸ਼ੁਰ ਹੈ ਜਿਸ ਦੇ ਬਿਨਾ ਹੋਰ ਕੋਈ ਹੈ ਹੀ ਨਹੀਂ 36ਅਕਾਸ਼ ਤੋਂ ਉਸ ਨੇ ਆਪਣੀ ਅਵਾਜ਼ ਤੁਹਾਨੂੰ ਸੁਣਾਈ ਤਾਂ ਜੋ ਉਹ ਤੁਹਾਨੂੰ ਸਿੱਖਿਆ ਦੇਵੇ ਅਤੇ ਧਰਤੀ ਉੱਤੇ ਆਪਣੀ ਵੱਡੀ ਅੱਗ ਤੁਹਾਡੇ ਉੱਤੇ ਪਰਗਟ ਕੀਤੀ ਅਤੇ ਤੁਸਾਂ ਉਸ਼ ਦੇ ਸ਼ਬਦ ਅੱਗ ਦੇ ਵਿੱਚ ਦੀ ਸੁਣੇ 37ਏਸ ਲਈ ਕਿ ਉਸ ਨੇ ਤੁਹਾਡੇ ਪਿਉ ਦਾਦਿਆਂ ਨਾਲ ਪ੍ਰੀਤ ਰੱਖੀ ਉਸ ਨੇ ਉਨ੍ਹਾਂ ਦੇ ਪਿੱਛੋਂ ਉਨ੍ਹਾਂ ਦੀ ਅੰਸ ਨੂੰ ਚੁਣਿਆ ਅਤੇ ਤੁਹਾਨੂੰ ਮਿਸਰ ਤੋਂ ਆਪਣੀ ਹਜ਼ੂਰੀ ਨਾਲ ਅਤੇ ਆਪਣੀ ਵੱਡੀ ਸ਼ਕਤੀ ਨਾਲ ਕੱਢ ਲਿਆਇਆ 38ਤਾਂ ਜੋ ਤੁਹਾਡੇ ਅੱਗੋਂ ਤੁਹਾਥੋਂ ਵੱਡੀਆਂ ਅਤੇ ਬਲਵੰਤ ਕੌਮਾਂ ਨੂੰ ਕੱਢੇ ਭਈ ਤੁਹਾਨੂੰ ਅੰਦਰ ਲਿਆਵੇ ਅਤੇ ਉਨ੍ਹਾਂ ਦੀ ਧਰਤੀ ਮਿਲਖ ਵਿੱਚ ਤੁਹਾਨੂੰ ਦੇਵੇ ਜਿਵੇਂ ਅੱਜ ਦੇ ਦਿਨ ਉਹ ਕਰਦਾ ਹੈ 39ਏਸ ਦਿਨ ਨੂੰ ਜਾਣੋ ਅਤੇ ਆਪਣੇ ਹਿਰਦਿਆਂ ਵਿੱਚ ਰੱਖੋ ਭਈ ਯਹੋਵਾਹ ਹੀ ਉੱਤੇ ਅਕਾਸ਼ ਵਿੱਚ ਅਤੇ ਹੇਠਾਂ ਧਰਤੀ ਉੱਤੇ ਪਰਮੇਸ਼ੁਰ ਹੈ। ਹੋਰ ਕੋਈ ਹੈ ਹੀ ਨਹੀਂ 40ਤੁਸੀਂ ਉਸ ਦੀਆਂ ਬਿਧੀਆਂ ਦੀ ਅਤੇ ਹੁਕਮਾਂ ਦੀ ਪਾਲਣਾ ਕਰੋ ਜਿਹੜੇ ਮੈਂ ਅੱਜ ਤੁਹਾਨੂੰ ਦਿੰਦਾ ਹਾਂ ਤਾਂ ਜੋ ਤੁਹਾਡਾ ਅਤੇ ਤੁਹਾਥੋਂ ਪਿੱਛੇ ਤੁਹਾਡੇ ਬੱਚਿਆਂ ਦਾ ਭਲਾ ਹੋਵੇ ਅਤੇ ਤੁਸੀਂ ਉਸ ਜ਼ਮੀਨ ਉੱਤੇ ਆਪਣੇ ਦਿਨ ਲੰਮੇ ਕਰੋ ਜਿਹੜੀ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਨੂੰ ਸਦਾ ਲਈ ਦਿੰਦਾ ਹੈ।।
41ਤਾਂ ਮੂਸਾ ਨੇ ਯਰਦਨ ਦੇ ਪਾਰ ਚੜ੍ਹਦੇ ਪਾਸੇ ਵੱਲ ਤਿੰਨ ਸ਼ਹਿਰ ਵੱਖਰੇ ਕੀਤੇ 42ਤਾਂ ਜੋ ਉੱਥੇ ਖੂਨੀ ਨੱਠ ਜਾਵੇ ਜਿਹ ਨੇ ਆਪਣੇ ਗੁਆਂਢੀ ਨੂੰ ਵਿੱਸਰ ਭੋਲੇ ਮਾਰ ਸੁੱਟਿਆ ਹੋਵੇ ਅਤੇ ਉਹ ਦੇ ਨਾਲ ਪਿੱਛਲਿਆਂ ਦਿਨਾਂ ਵਿੱਚ ਉਸ ਦਾ ਵੈਰ ਨਹੀਂ ਸੀ, ਉਹ ਉਨ੍ਹਾਂ ਸ਼ਹਿਰਾਂ ਵਿੱਚੋਂ ਇੱਕ ਵਿੱਚ ਨੱਠ ਜਾਵੇ ਅਤੇ ਜਾਉਂਦਾ ਰਹੇ 43ਅਰਥਾਤ ਰਊਬੇਨੀਆਂ ਲਈ ਉਜਾੜ ਵਿੱਚ ਉੱਚੇ ਮਦਾਨ ਦੇ ਉੱਤੇ ਬਸਰ ਅਤੇ ਗਾਦੀਆਂ ਲਈ ਗਿਲਆਦ ਵਿੱਚੋਂ ਰਾਮੋਥ ਅਤੇ ਮਨੱਸ਼ੀਆਂ ਲਈ ਬਾਸ਼ਾਨ ਵਿੱਚ ਗੋਲਾਨ 44ਏਹ ਉਹ ਬਿਵਸਥਾ ਹੈ ਜਿਹੜੀ ਮੂਸਾ ਨੇ ਇਸਰਾਏਲੀਆਂ ਅੱਗੇ ਰੱਖੀ 45ਅਤੇ ਏਹ ਓਹ ਸਾਖੀਆਂ, ਬਿਧੀਆਂ, ਅਤੇ ਕਨੂਨ ਹਨ ਜਿਹੜੇ ਮੂਸਾ ਇਸਰਾਏਲੀਆਂ ਨੂੰ ਜਦ ਓਹ ਮਿਸਰ ਤੋਂ ਨਿੱਕਲੇ, 46ਯਰਦਨ ਪਾਰ ਉਸ ਦੂਣ ਵਿੱਚ ਦੱਸੇ ਜਿਹੜੀ ਬੈਤ- ਪਓਰ ਅੱਗੇ ਸੀਹੋਨ ਅਮੋਰੀਆਂ ਦੇ ਰਾਜੇ ਦੇ ਦੇਸ ਵਿੱਚ ਸੀ। ਉਹ ਹਸ਼ਬੋਨ ਵਿੱਚ ਵੱਸਦਾ ਸੀ ਜਿਸ ਨੂੰ ਮੂਸਾ ਅਤੇ ਇਸਰਾਏਲੀਆਂ ਨੇ ਜਦ ਓਹ ਮਿਸਰੋਂ ਨਿੱਕਲੇ ਸਨ ਮਾਰਿਆ 47ਅਤੇ ਉਨ੍ਹਾਂ ਨੇ ਉਸ ਦੇ ਦੇਸ ਉੱਤੇ ਕਬਜ਼ਾ ਕਰ ਲਿਆ ਨਾਲੇ ਬਾਸ਼ਾਨ ਦੇ ਰਾਜੇ ਓਗ ਦੇ ਦੇਸ ਉੱਤੇ ਵੀ। ਏਹ ਅਮੋਰੀਆਂ ਦੇ ਦੋਨੋਂ ਰਾਜੇ ਸਨ ਅਤੇ ਓਹ ਯਰਦਨ ਪਾਰ ਚੜ੍ਹਦੇ ਪਾਸੇ ਵੱਸਦੇ ਸਨ 48ਅਰੋਏਰ ਤੋਂ ਜਿਹੜਾ ਅਰਨੋਨ ਦੇ ਨਾਲੇ ਦੇ ਬੰਨੇ ਉੱਤੇ ਹੈ ਸੀਹੋਨ ਪਰਬਤ ਤੀਕ ਜਿਹੜਾ ਹਰਮੋਨ ਵੀ ਹੈ 49ਅਤੇ ਸਾਰਾ ਅਰਾਬਾਹ ਯਰਦਨ ਤੋਂ ਪਾਰ ਪੂਰਬ ਵੱਲ ਅਰਥਾਤ ਅਰਾਬਾਹ ਦੇ ਸਮੁੰਦਰ ਤੀਕ ਜਿਹੜਾ ਪਿਸਗਾਹ ਦੀ ਢਾਲ ਹੇਠ ਹੈ ਉਨ੍ਹਾਂ ਨੂੰ ਕਬਜ਼ਾ ਕਰ ਲਿਆ।।
Currently Selected:
ਬਿਵਸਥਾਸਾਰ 4: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.