ਬਿਵਸਥਾਸਾਰ 2
2
ਨਵੇਂ ਦੇਸ ਦਾ ਕਬਜ਼ਾ
1ਫੇਰ ਅਸੀਂ ਮੁੜ ਕੇ ਲਾਲ ਸਮੁੰਦਰ ਦੇ ਰਾਹ ਥਾਣੀ ਉਜਾੜ ਵਿੱਚ ਕੂਚ ਕੀਤਾ ਜਿਵੇਂ ਯਹੋਵਾਹ ਨੇ ਮੇਰੇ ਨਾਲ ਗੱਲ ਕੀਤੀ ਸੀ ਅਤੇ ਅਸਾਂ ਬਹੁਤਿਆਂ ਦਿਨਾਂ ਤੀਕ ਸੇਈਰ ਪਹਾੜ ਦੇ ਆਲੇ ਦੇ ਦੁਆਲੇ ਘੇਰਾ ਪਾ ਰੱਖਿਆ 2ਤਾਂ ਯਹੋਵਾਹ ਨੇ ਮੈਨੂੰ ਆਖਿਆ 3ਕਿ ਤੁਸਾਂ ਢੇਰ ਚਿਰ ਤੀਕ ਏਸ ਪਹਾੜ ਦੇ ਦੁਆਲੇ ਘੇਰਾ ਪਾਇਆ ਹੈ। ਹੁਣ ਆਪਣਾ ਮੁਹਾਣਾ ਉੱਤਰ ਵੱਲ ਮੋੜ ਲਓ 4ਪਰਜਾ ਨੂੰ ਹੁਕਮ ਦੇਹ ਕਿ ਤੁਸੀਂ ਆਪਣੇ ਭਰਾ ਏਸਾਵੀਆਂ ਦੀਆਂ ਹੱਦਾਂ ਵਿੱਚ ਦੀ ਲੰਘਣਾ ਹੈ ਜਿਹੜੇ ਸੇਈਰ ਵਿੱਚ ਵੱਸਦੇ ਹਨ। ਓਹ ਤੁਹਾਥੋਂ ਡਰਨਗੇ ਪਰ ਤੁਸੀਂ ਬਹੁਤ ਚੌਕਸ ਰਹੋ 5ਉਨ੍ਹਾਂ ਨੂੰ ਨਾ ਛੇੜਿਓ ਕਿਉਂ ਜੋ ਮੈਂ ਤੁਹਾਨੂੰ ਉਨ੍ਹਾਂ ਦੀ ਧਰਤੀ ਵਿੱਚੋਂ ਪੈਰ ਧਰਨ ਦੀ ਥਾਂ ਵੀ ਨਹੀਂ ਦਿਆਂਗਾ। ਮੈਂ ਸੇਈਰ ਪਹਾੜ ਏਸਾਓ ਨੂੰ ਮਿਲਖ ਲਈ ਦੇ ਦਿੱਤਾ ਹੈ 6ਤੁਸੀਂ ਉਨ੍ਹਾਂ ਤੋਂ ਚਾਂਦੀ ਦੇ ਕੇ ਅੰਨ ਲਿਓ ਤਾਂ ਜੋ ਤੁਸੀਂ ਖਾਓ ਨਾਲੇ ਉਨ੍ਹਾਂ ਤੋਂ ਪਾਣੀ ਵੀ ਚਾਂਦੀ ਦੇ ਕੇ ਮੁੱਲ ਲੈਣਾ ਤਾਂ ਜੋ ਤੁਸੀਂ ਪੀਓ 7ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਤੁਹਾਡੇ ਹੱਥ ਦੇ ਸਾਰੇ ਕੰਮ ਉੱਤੇ ਬਰਕਤ ਦਿੱਤੀ ਹੈ ਅਤੇ ਏਸ ਵੱਡੀ ਉਜਾੜ ਵਿੱਚ ਤੁਹਾਡਾ ਤੁਰਨਾ ਫਿਰਨਾ ਜਾਣਦਾ ਹੈ। ਏਹ ਚਾਲੀ ਵਰਹੇ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੰਗ ਸੰਗ ਰਿਹਾ ਹੈ ਅਤੇ ਤੁਹਾਨੂੰ ਕਿਸੇ ਗੱਲੋਂ ਘਾਟਾ ਨਹੀਂ ਪਿਆ 8ਉਪਰੰਤ ਅਸੀਂ ਆਪਣੇ ਏਸਾਵੀਆਂ ਭਰਾਵਾਂ ਦੇ ਕੋਲੋਂ ਦੀ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਰਾਬਾਹ ਤੋਂ ਲੰਘੇ। ਫੇਰ ਅਸੀਂ ਮੁੜ ਕੇ ਮੋਆਬ ਦੀ ਉਜਾੜ ਥਾਣੀ ਗਏ।।
9ਯਹੋਵਾਹ ਨੇ ਮੈਨੂੰ ਆਖਿਆ, ਮੋਆਬ ਨੂੰ ਨਾ ਸਤਾਈਂ, ਨਾ ਓਹਨਾਂ ਨਾਲ ਲੜਾਈ ਦੀ ਛੇੜ ਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਉਸ ਧਰਤੀ ਤੋਂ ਮਿਲਖ ਨਾ ਦਿਆਂਗਾ। ਮੈਂ ਲੂਤ ਦੀ ਅੰਸ ਨੂੰ ਆਰ ਮਿਲਖ ਕਰਕੇ ਦੇ ਦਿੱਤਾ ਹੈ 10ਪਹਿਲਿਆਂ ਸਮਿਆਂ ਵਿੱਚ ਉੱਥੇ ਏਮੀ ਵੱਸਦੇ ਸਨ, ਏਹ ਲੋਕ ਅਨਾਕੀਆਂ ਵਰਗੇ ਵੱਡੇ ਵੱਡੇ ਅਤੇ ਬਹੁਤੇ ਉਚੇਰੇ ਸਨ 11ਏਹ ਅਨਾਕੀਆਂ ਵਾਂਙੁ ਰਫਾਈ ਗਿਣੇ ਜਾਂਦੇ ਪਰ ਮੋਆਬੀ ਉਨ੍ਹਾਂ ਨੂੰ ਏਮੀ ਆਖਦੇ ਸਨ 12ਹੋਰੀ ਵੀ ਪਹਿਲਿਆਂ ਸਮਿਆਂ ਵਿੱਚ ਸੇਈਰ ਵਿੱਚ ਵੱਸਦੇ ਸਨ ਪਰ ਏਸਾਵੀਆਂ ਨੇ ਉਨ੍ਹਾਂ ਨੂੰ ਕੱਢ ਦਿੱਤਾ ਅਤੇ ਆਪਣੇ ਅੱਗੋਂ ਉਨ੍ਹਾਂ ਨੂੰ ਨਾਸ ਕਰ ਕੇ ਆਪ ਉਨ੍ਹਾਂ ਦੇ ਥਾਂ ਵੱਸ ਗਏ ਜਿਵੇਂ ਇਸਰਾਏਲ ਨੇ ਆਪਣੀ ਮਿਲਖ ਦੇ ਦੇਸ ਵਿੱਚ ਕੀਤਾ ਜਿਹੜਾ ਯਹੋਵਾਹ ਨੇ ਉਨ੍ਹਾਂ ਨੂੰ ਦਿੱਤਾ ਸੀ 13ਹੁਣ ਉੱਠੋ ਅਤੇ ਜ਼ਾਰਦ ਦੇ ਨਾਲੇ ਦੇ ਉੱਤੋਂ ਲੰਘੋ ਤਾਂ ਅਸੀਂ ਜ਼ਾਰਦ ਦੇ ਨਾਲੇ ਦੇ ਉੱਤੋਂ ਲੰਘੇ 14ਉਹ ਸਮਾਂ ਜਿਹੜਾ ਕਾਦੇਸ਼-ਬਰਨੇਆ ਤੋਂ ਤੁਰ ਕੇ ਜ਼ਾਰਦ ਦੇ ਨਾਲੇ ਦੇ ਉੱਤੋਂ ਦੀ ਸਾਡੇ ਲੰਘਣ ਤੀਕ ਸੀ ਓਹ ਅਠੱਤਿਆਂ ਵਰਿਹਾਂ ਦਾ ਸੀ ਜਦ ਤੀਕ ਉਸ ਪੀੜ੍ਹੀ ਦੇ ਸਾਰੇ ਜੋਧੇ ਡੇਰਿਆਂ ਵਿੱਚੋਂ ਮਰ ਮਿਟ ਨਾ ਗਏ ਜਿਵੇਂ ਯਹੋਵਾਹ ਨੇ ਉਨ੍ਹਾਂ ਨਾਲ ਸੌਂਹ ਖਾਧੀ ਸੀ 15ਨਾਲੇ ਯਹੋਵਾਹ ਦਾ ਹੱਥ ਉਨ੍ਹਾਂ ਦੇ ਵਿਰੁੱਧ ਸੀ ਕਿ ਡੇਰੇ ਦੇ ਵਿੱਚੋਂ ਉਨ੍ਹਾਂ ਨੂੰ ਮਿਟਾ ਦੇਵੇ ਜਦ ਤੀਕ ਸਾਰੇ ਦੇ ਸਾਰੇ ਮਿਟ ਨਾ ਗਏ 16ਤਾਂ ਐਉਂ ਹੋਇਆ ਕਿ ਜਦ ਸਾਰੇ ਜੋਧੇ ਉਨ੍ਹਾਂ ਲੋਕਾਂ ਵਿੱਚੋਂ ਮਰ ਖਪ ਗਏ 17ਤਦ ਯਹੋਵਾਹ ਮੇਰੇ ਨਾਲ ਬੋਲਿਆ, 18ਤੂੰ ਅੱਜ ਮੋਆਬ ਦੀ ਹੱਦ ਵਿੱਚ ਦੀ ਆਰ ਨੂੰ ਲੰਘਣਾ ਹੈ 19ਜਦ ਤੂੰ ਅੰਮੋਨੀਆਂ ਦੇ ਨੇੜੇ ਆਵੇਂ ਤਾਂ ਤੂੰ ਓਹਨਾਂ ਨੂੰ ਨਾ ਸਤਾਈਂ ਅਤੇ ਨਾ ਛੇੜ ਛਾੜ ਕਰੀਂ ਕਿਉਂ ਜੋ ਮੈਂ ਤੈਨੂੰ ਅੰਮੋਨੀਆਂ ਦੀ ਧਰਤੀ ਵਿੱਚੋਂ ਮਿਲਖ ਨਾ ਦਿਆਂਗਾ। ਮੈਂ ਉਹ ਲੂਤ ਦੀ ਅੰਸ ਨੂੰ ਮਿਲਖ ਕਰਕੇ ਦਿੱਤੀ ਹੈ 20ਉਹ ਵੀ ਰਫਾਈਆਂ ਦੀ ਧਰਤੀ ਗਿਣੀ ਗਈ। ਰਫਾਈ ਪਿੱਛਲਿਆਂ ਸਮਿਆਂ ਵਿੱਚ ਉੱਥੇ ਵੱਸਦੇ ਸਨ ਪਰ ਅੰਮੋਨੀ ਉਨ੍ਹਾਂ ਨੂੰ ਜ਼ਮ ਜ਼ੁੰਮੀ ਆਖਦੇ ਸਨ 21ਏਹ ਲੋਕ ਅਨਾਕੀਆਂ ਵਾਂਙੁ ਬਹੁਤੇ ਵੱਡੇ ਵੱਡੇ ਅਤੇ ਉਚੇਰੇ ਸਨ ਪਰ ਯਹੋਵਾਹ ਨੇ ਓਹਨਾਂ ਨੂੰ ਉਨ੍ਹਾਂ ਦੇ ਅੱਗੋਂ ਨਾਸ ਕਰ ਦਿੱਤਾ ਅਤੇ ਆਪ ਓਹਨਾਂ ਦੇ ਥਾਂ ਵੱਸ ਗਏ 22ਜਿਵੇਂ ਉਹ ਨੇ ਏਸਾਵੀਆਂ ਲਈ ਜਿਹੜੇ ਸੇਈਰ ਵਿੱਚ ਵੱਸਦੇ ਸਨ ਕੀਤਾ ਜਦ ਉਹ ਨੇ ਹੋਰੀਆਂ ਦਾ ਨਾਸ ਓਹਨਾਂ ਦੇ ਅੱਗੋਂ ਕਰ ਦਿੱਤਾ ਅਤੇ ਉਨ੍ਹਾਂ ਨੇ ਓਹਨਾਂ ਨੂੰ ਕੱਢ ਦਿੱਤਾ ਅਤੇ ਓਹਨਾਂ ਦੇ ਥਾਂ ਅੱਜ ਦੇ ਦਿਨ ਤੀਕ ਵੱਸਦੇ ਹਨ 23ਅਤੇ ਅੱਵੀ ਪਿੰਡਾਂ ਵਿੱਚ ਅੱਜ਼ਾਹ ਤੀਕ ਵੱਸਦੇ ਸਨ ਅਤੇ ਕਫ਼ਤੋਂਰੀਆਂ ਨੇ ਜਿਹੜੇ ਕਫ਼ਤੋਂਰ ਤੋਂ ਨਿਕਲੇ ਸਨ ਓਹਨਾਂ ਦਾ ਨਾਸ ਕਰ ਕੇ ਓਹਨਾਂ ਦੇ ਥਾਂ ਵੱਸ ਗਏ 24ਉੱਠੋ ਅਤੇ ਕੂਚ ਕਰ ਕੇ ਅਰਨੋਨ ਦੇ ਨਾਲੇ ਤੋਂ ਪਾਰ ਲੰਘੋ। ਵੇਖੋ, ਮੈਂ ਤੁਹਾਡੇ ਹੱਥ ਵਿੱਚ ਸੀਹੋਨ,ਅਮੋਰੀ, ਹਸ਼ਬੋਨ ਦੇ ਰਾਜੇ ਨੂੰ, ਨਾਲੇ ਉਸ ਦੇ ਦੇਸ ਨੂੰ ਦੇ ਦਿੱਤਾ। ਉਹ ਦੇ ਉੱਤੇ ਕਬਜ਼ੇ ਦਾ ਅਰੰਭ ਕਰੋ ਅਤੇ ਲੜਾਈ ਦੀ ਛੇੜ ਛਾੜ ਕਰੋ 25ਅੱਜ ਦੇ ਦਿਨ ਮੈਂ ਤੇਰਾ ਭੈ ਅਤੇ ਤੇਰਾ ਡਰ ਸਾਰੇ ਅਕਾਸ਼ ਦੇ ਹੇਠ ਦੇ ਲੋਕਾਂ ਉੱਤੇ ਪਾਉਣਾ ਸ਼ੁਰੂ ਕਰਦਾ ਹਾਂ। ਜਿਹੜੇ ਤੇਰੀ ਖਬਰ ਸੁਣਨਗੇ ਓਹ ਕੰਬਣਗੇ ਅਤੇ ਤੇਰੇ ਕਾਰਨ ਤੜਫ ਉੱਠਣਗੇ।।
26ਉਪਰੰਤ ਮੈਂ ਹਲਕਾਰੇ ਕਦੇਮੋਥ ਦੀ ਉਜਾੜ ਤੋਂ ਹਸ਼ਬੋਨ ਦੇ ਰਾਜੇ ਸੀਹੋਨ ਕੋਲ ਸ਼ਾਂਤੀ ਦੀਆਂ ਗੱਲਾਂ ਦੇ ਕੇ ਘੱਲੇ 27ਕਿ ਮੈਨੂੰ ਆਪਣੀ ਧਰਤੀ ਦੇ ਵਿੱਚ ਦੀ ਲੰਘਣ ਦੇਹ। ਮੈਂ ਸੜਕੇ ਸੜਕੇ ਜਾਵਾਂਗਾ, ਮੈਂ ਜੋ ਸੱਜੇ ਖੱਬੇ ਨਹੀਂ ਮੁੜਾਂਗਾ 28ਤੂੰ ਮੈਨੂੰ ਅੰਨ ਚਾਂਦੀ ਦੇ ਬਦਲੇ ਵੇਚੀਂ ਕਿ ਮੈਂ ਖਾਵਾਂ ਅਤੇ ਪਾਣੀ ਵੀ ਚਾਂਦੀ ਲੈ ਕੇ ਮੈਨੂੰ ਦੇਵੀਂ ਕਿ ਮੈਂ ਪੀਵਾਂ। ਕੇਵਲ ਮੈਨੂੰ ਪੈਦਲ ਲੰਘਣ ਦੇਹ 29ਜਿਵੇਂ ਏਸਾਵੀਆਂ ਨੇ ਜਿਹੜੇ ਸੇਈਰ ਵਿੱਚ ਵੱਸਦੇ ਸਨ ਅਤੇ ਮੋਆਬੀਆਂ ਨੇ ਜਿਹੜੇ ਆਰ ਵਿੱਚ ਵੱਸਦੇ ਸਨ ਮੇਰੇ ਨਾਲ ਕੀਤਾ, ਜਦ ਤੀਕ ਮੈਂ ਯਰਦਨ ਦੇ ਪਾਰ ਉਸ ਧਰਤੀ ਵਿੱਚ ਨਾ ਲੰਘਿਆ ਜਿਹੜੀ ਯਹੋਵਾਹ ਸਾਡਾ ਪਰਮੇਸ਼ੁਰ ਸਾਨੂੰ ਦਿੰਦਾ ਹੈ 30ਪਰ ਹਸ਼ਬੋਨ ਦੇ ਰਾਜੇ ਸੀਹੋਨ ਨੇ ਸਾਨੂੰ ਲੰਘਣ ਨਾ ਦਿੱਤਾ ਕਿਉਂ ਜੋ ਯਹੋਵਾਹ ਤੁਹਾਡੇ ਪਰਮੇਸ਼ੁਰ ਨੇ ਉਸ ਦੇ ਆਤਮਾ ਨੂੰ ਕਠੋਰ ਅਤੇ ਉਸ ਦੇ ਮਨ ਨੂੰ ਸਖ਼ਤ ਹੋਣ ਦਿੱਤਾ ਤਾਂ ਜੋ ਉਹ ਉਸ ਨੂੰ ਤੇਰੇ ਹੱਥ ਵਿੱਚ ਦੇ ਦੇਵੇ ਜਿਵੇਂ ਅੱਜ ਦੇ ਦਿਨ ਹੈ 31ਯਹੋਵਾਹ ਨੇ ਮੈਨੂੰ ਆਖਿਆ, ਵੇਖ, ਮੈਂ ਸੀਹੋਨ ਅਤੇ ਉਸ ਦੀ ਧਰਤੀ ਨੂੰ ਤੇਰੇ ਹੱਥ ਵਿੱਚ ਦੇਣ ਲੱਗਾ ਹਾਂ। ਕਬਜ਼ੇ ਦਾ ਅਰੰਭ ਕਰ ਤਾਂ ਜੋ ਤੂੰ ਉਸ ਦੇ ਦੇਸ ਦੀ ਮਿਲਖ ਲਵੇਂ 32ਤਾਂ ਸੀਹੋਨ ਅਤੇ ਉਸ ਦੇ ਸਾਰੇ ਲੋਕਾਂ ਨੇ ਨਿੱਕਲ ਕੇ ਯਾਹਸ ਵੱਲ ਸਾਡਾ ਸਾਹਮਣਾ ਕੀਤਾ 33ਯਹੋਵਾਹ ਸਾਡੇ ਪਰਮੇਸ਼ੁਰ ਨੇ ਉਸ ਨੂੰ ਸਾਡੇ ਅੱਗੇ ਲਾ ਦਿੱਤਾ ਅਤੇ ਅਸਾਂ ਉਸ ਨੂੰ ਅਤੇ ਉਸ ਦੇ ਪੁੱਤ੍ਰਾਂ ਅਤੇ ਉਸ ਦੇ ਸਾਰੇ ਲੋਕਾਂ ਨੂੰ ਮਾਰ ਸੁੱਟਿਆ 34ਅਸਾਂ ਉਸ ਵੇਲੇ ਉਸ ਦੇ ਸਾਰੇ ਸ਼ਹਿਰ ਖੋਹ ਲਏ ਅਤੇ ਉਨ੍ਹਾਂ ਦੇ ਮਨੁੱਖਾਂ ਦਾ, ਤੀਵੀਆਂ ਅਤੇ ਨਿਆਣਿਆਂ ਸਣੇ ਸੱਤਿਆ ਨਾਸ ਕਰ ਦਿੱਤਾ, ਅਸਾਂ ਇੱਕ ਵੀ ਨਾ ਛੱਡਿਆ 35ਕੇਵਲ ਡੰਗਰ ਸਾਡੀ ਲੁੱਟ ਵਿੱਚ ਆਏ ਨਾਲੇ ਉਨ੍ਹਾਂ ਸ਼ਹਿਰਾਂ ਦਾ ਲੁੱਟ ਦਾ ਮਾਲ ਜਿਹੜੇ ਅਸਾਂ ਖੋਹੇ ਸਨ 36ਅਰੋਏਰ ਤੋਂ ਜਿਹੜਾ ਅਰਨੋਨ ਨਾਲੇ ਦੇ ਬੰਨ੍ਹੇ ਉੱਤੇ ਹੈ ਅਤੇ ਉਸ ਸ਼ਹਿਰ ਤੋਂ ਜਿਹੜਾ ਨਾਲੇ ਦੇ ਕੋਲ ਹੈ ਗਿਲਆਦ ਤੀਕ ਕੋਈ ਨਗਰ ਅਜਿਹਾ ਨਹੀਂ ਸੀ ਜਿਹੜਾ ਸਾਡੇ ਲਈ ਬਹੁਤ ਉੱਚਾ ਸੀ। ਯਹੋਵਾਹ ਸਾਡੇ ਪਰਮੇਸ਼ੁਰ ਨੇ ਸਭ ਕੁਝ ਸਾਡੇ ਅਧੀਨ ਕਰ ਦਿੱਤਾ 37ਕੇਵਲ ਤੁਸੀਂ ਅੰਮੋਨੀਆਂ ਦੇ ਦੇਸ ਦੇ ਨੇੜੇ ਨਾ ਆਏ ਅਰਥਾਤ ਯਾਬੋਕ ਨਦੀ ਦਾ ਸਾਰਾ ਪਾਸਾ ਅਤੇ ਪਹਾੜੀ ਸ਼ਹਿਰ ਅਤੇ ਜਿੱਥੋਂ ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਵਰਜਿਆ ਸੀ।।
Currently Selected:
ਬਿਵਸਥਾਸਾਰ 2: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.