YouVersion Logo
Search Icon

ਦਾਨੀਏਲ 7

7
ਚਾਰ ਦਰਿੰਦੇ ਅਤੇ ਪਰਾਚੀਨ ਅਤੇ ਮਨੁੱਖ ਦਾ ਪੁੱਤ੍ਰ
1ਬਾਬਲ ਦੇ ਰਾਜਾ ਬੇਲਸ਼ੱਸਰ ਦੇ ਪਹਿਲੇ ਵਰ੍ਹੇ ਵਿੱਚ ਦਾਨੀਏਲ ਨੇ ਆਪਣੇ ਪਲੰਘ ਉੱਤੇ ਇੱਕ ਸੁਫ਼ਨਾ ਅਤੇ ਆਪਣੇ ਸਿਰ ਦੀਆਂ ਦਰਿਸ਼ਟਾਂ ਡਿੱਠੀਆਂ, ਤਦ ਉਹ ਨੇ ਉਸ ਸੁਫ਼ਨੇ ਨੂੰ ਲਿਖਿਆ ਅਤੇ ਉਨ੍ਹਾਂ ਗੱਲਾਂ ਦਾ ਸਾਰਾ ਹਾਲ ਕਥਣ ਕੀਤਾ 2ਦਾਨੀਏਲ ਨੇ ਆਖਿਆ ਭਈ ਰਾਤ ਨੂੰ ਮੈਂ ਇੱਕ ਦਰਿਸ਼ਟ ਡਿੱਠੀ ਅਤੇ ਕੀ ਵੇਖਦਾਂ ਹਾਂ ਜੋ ਅਕਾਸ਼ ਦੀਆਂ ਚਾਰੇ ਪੌਣਾਂ ਵੱਡੇ ਸਮੁੰਦਰ ਉੱਤੇ ਜ਼ੋਰ ਨਾਲ ਵਗੀਆਂ 3ਅਤੇ ਸਮੁੰਦਰ ਵਿੱਚੋਂ ਚਾਰ ਵੱਡੇ ਵੱਡੇ ਦਰਿੰਦੇ ਜੋ ਇੱਕ ਦੂਜੇ ਨਾਲੋਂ ਵੱਖੋ ਵੱਖ ਸਨ ਨਿੱਕਲੇ 4ਪਹਿਲਾ ਸ਼ੇਰ ਬਬਰ ਵਰਗਾ ਸੀ ਅਤੇ ਉਕਾਬ ਜਿਹੇ ਖੰਭਾਂ ਵਾਲਾ ਸੀ ਅਰ ਮੈਂ ਵੇਖਦਾ ਰਿਹਾ ਜਦੋਂ ਤੀਕੁਰ ਉਹ ਦੇ ਖੰਭ ਨਾ ਪੁੱਟੇ ਗਏ ਅਤੇ ਉਹ ਧਰਤੀ ਉੱਤੋਂ ਚੁੱਕਿਆ ਗਿਆ ਅਤੇ ਮਨੁੱਖ ਵਾਂਙੁ ਪੈਰਾ ਦੇ ਭਾਰ ਖੜਾ ਕੀਤਾ ਗਿਆ ਅਤੇ ਮਨੁੱਖ ਦਾ ਦਿਲ ਉਸ ਨੂੰ ਦਿੱਤਾ ਗਿਆ 5ਅਤੇ ਫੇਰ ਕੀ ਵੇਖਦਾ ਹਾਂ ਦੂਜਾ ਦਰਿੰਦਾ ਰਿੱਛ ਵਰਗਾ ਸੀ । ਉਹ ਇੱਕ ਪਾਸੇ ਵੱਲ ਖਲੋ ਗਿਆ ਅਤੇ ਉਹ ਦੇ ਮੂੰਹ ਵਿੱਚ ਉਹ ਦਿਆਂ ਦੰਦਾਂ ਦੇ ਵਿਚਕਾਰ ਤਿੰਨ ਪਸਲੀਆਂ ਸਨ। ਉਨ੍ਹਾਂ ਨੇ ਉਸ ਨੂੰ ਆਖਿਆ ਕਿ ਉੱਠ ਅਰ ਢੇਰ ਸਾਰਾ ਮਾਸ ਖਾਹ! 6ਉਹ ਦੇ ਪਿੱਛੋਂ ਮੈਂ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਇੱਕ ਹੋਰ ਦਰਿੰਦਾ ਚਿੱਤਰੇ ਵਰਗਾ ਉੱਠਿਆ ਜਿਹ ਦੀ ਕੰਡ ਉੱਤੇ ਪੰਛੀ ਜਿਹੇ ਚਾਰ ਖੰਭ ਸਨ ਅਤੇ ਉਸ ਦਰਿੰਦੇ ਦੇ ਚਾਰ ਸਿਰ ਸਨ ਅਤੇ ਉਹ ਨੂੰ ਰਾਜ ਦਿੱਤਾ ਗਿਆ 7ਇਹ ਦੇ ਪਿੱਛੋਂ ਮੈਂ ਰਾਤ ਦੀਆਂ ਦਰਿਸ਼ਟੀਆਂ ਵਿੱਚ ਡਿੱਠਾ ਅਤੇ ਕੀ ਵੇਖਦਾ ਹਾਂ ਜੋ ਚੌਥਾ ਦਰਿੰਦਾ ਭਿਆਣਕ ਅਤੇ ਡਰਾਉਣਾ ਅਤੇ ਡਾਢਾ ਬਲਵਾਨ ਅਤੇ ਉਹ ਦੇ ਦੰਦ ਲੋਹੇ ਦੇ ਸਨ ਅਤੇ ਵੱਡੇ ਵੱਡੇ ਸਨ। ਉਹ ਨਿਗਲੀ ਜਾਂਦਾ ਅਤੇ ਟੋਟੇ ਟੋਟੇ ਕਰ ਦਿੰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਤਾੜਦਾ ਸੀ ਅਤੇ ਇਹ ਉਨ੍ਹਾਂ ਸਭਨਾਂ ਦਰਿੰਦਿਆਂ ਨਾਲੋਂ ਜੋ ਉਸ ਦੇ ਪਹਿਲਾਂ ਸਨ ਵੱਖਰਾ ਸੀ ਅਤੇ ਉਹ ਦੇ ਦਸ ਸਿੰਙ ਸਨ 8ਮੈਂ ਉਨ੍ਹਾਂ ਸਿੰਙਾਂ ਨੂੰ ਧਿਆਨ ਲਾ ਕੇ ਡਿੱਠਾ ਅਤੇ ਕੀ ਵੇਖਦਾ ਹਾਂ ਕਿ ਉਨ੍ਹਾਂ ਵਿੱਚੋਂ ਇੱਕ ਹੋਰ ਨਿੱਕਾ ਜਿਹਾ ਸਿੰਙ ਨਿੱਕਲਿਆ ਜਿਹ ਦੇ ਅੱਗੇ ਪਹਿਲਿਆਂ ਵਿੱਚੋਂ ਤਿੰਨ ਸਿੰਙ ਮੁਢੋਂ ਪੁੱਟੇ ਗਏ ਅਤੇ ਕੀ ਵੇਖਦਾ ਹਾਂ ਕਿ ਉਸ ਸਿੰਙ ਵਿੱਚ ਅੱਖਾਂ ਮਨੁੱਖ ਦੀਆਂ ਅੱਖਾਂ ਵਰਗੀਆਂ ਸਨ ਅਤੇ ਇੱਕ ਮੂੰਹ ਸੀ ਜੋ ਵੱਡੀਆਂ ਵੱਡੀਆਂ ਗੱਲਾਂ ਬੋਲ ਰਿਹਾ ਸੀ।।
9ਮੈ ਐਥੋਂ ਤੀਕ ਵੇਖਦਾ ਰਿਹਾ ਕਿ
ਸਿੰਘਾਸਣ ਰੱਖੇ ਗਏ,
ਅਤੇ ਅੱਤ ਪਰਾਚੀਨ ਬੈਠ ਗਿਆ।
ਉਹ ਦਾ ਬਸਤ੍ਰ ਬਰਫ਼ ਵਰਗਾ ਚਿੱਟਾ ਸੀ,
ਅਤੇ ਉਹ ਦੇ ਸਿਰ ਦੇ ਵਾਲ ਉੱਨ ਵਾਂਗਰ ਸੁਥਰੇ,
ਉਹ ਦਾ ਸਿੰਘਾਸਣ ਅੱਗ ਦੀ ਲਾਟ ਵਰਗਾ ਸੀ,
ਅਤੇ ਉਸ ਦੇ ਪਹੀਏ ਬਲਦੀ ਅੱਗ ਵਰਗੇ ਸਨ।
10ਇੱਕ ਅੱਗ ਵਾਲੀ ਨਦੀ ਨਿੱਕਲੀ,
ਜੋ ਉਹ ਦੇ ਅੱਗੇ ਦੀ ਵਗਦੀ ਸੀ।
ਹਜ਼ਾਰਾਂ ਹੀ ਹਜ਼ਾਰ ਉਹ ਦੀ ਟਹਿਲ ਕਰਦੇ ਸਨ,
ਅਤੇ ਲੱਖਾਂ ਦਰ ਲੱਖ ਉਹ ਦੇ ਅੱਗੇ ਖਲੋਤੇ ਸਨ!
ਨਿਆਉਂ ਹੁੰਦਾ ਸੀ ਅਤੇ ਪੋਥੀਆਂ ਖੁਲ੍ਹੀਆਂ ਹੋਈਆਂ
ਸਨ।।
11ਮੈਂ ਉਸ ਵੇਲੇ ਉਸ ਸਿੰਙ ਦੀ ਅਵਾਜ਼ ਦੇ ਕਾਰਨ ਜੋ ਵੱਡੀਆਂ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਡਿੱਠਾ, ਹਾਂ, ਮੈਂ ਐਥੋਂ ਤੀਕ ਵੇਖਦਾ ਰਿਹਾ ਕਿ ਉਹ ਦਰਿੰਦਾ ਮਾਰਿਆ ਗਿਆ ਅਤੇ ਉਹ ਦਾ ਸਰੀਰ ਨਾਸ ਹੋ ਗਿਆ ਅਤੇ ਬਲਦੇ ਭਾਂਬੜ ਵਿੱਚ ਸੁੱਟਿਆ ਗਿਆ 12ਅਤੇ ਬਾਕੀ ਦਰਿੰਦਿਆਂ ਦਾ ਰਾਜ ਵੀ ਉਨ੍ਹਾਂ ਤੋਂ ਲਿਆ ਗਿਆ ਪਰ ਇੱਕ ਵੇਲੇ ਅਤੇ ਇੱਕ ਸਮੇਂ ਤੋੜੀ ਉਨ੍ਹਾਂ ਨੂੰ ਜਿੰਦ ਦਿੱਤੀ ਗਈ 13ਮੈਂ ਰਾਤ ਦੀਆਂ
ਦਰਿਸ਼ਟੀਆਂ ਵਿੱਚ ਡਿੱਠਾ ਅਤੇ
ਵੇਖੋ, ਇੱਕ ਜਣਾ ਮਨੁੱਖ ਦੇ ਪੁੱਤ੍ਰ ਵਰਗਾ
ਅਕਾਸ਼ ਦੇ ਬਦਲਾਂ ਸਣੇ ਆਇਆ,
ਅਤੇ ਅੱਤ ਪਰਾਚੀਨ ਤੀਕ ਅੱਪੜਿਆ,
ਅਤੇ ਓਹ ਉਹ ਨੂੰ ਉਸ ਦੇ ਅੱਗੇ ਲਿਆਏ।
14ਪਾਤਸ਼ਾਹੀ ਅਰ ਪਰਤਾਪ ਅਰ ਰਾਜ ਉਹ ਨੂੰ ਦਿੱਤਾ
ਗਿਆ,
ਭਈ ਸੱਭੇ ਕੌਮਾਂ ਅਰ ਲੋਕ ਅਰ ਬੋਲੀਆਂ,
ਉਹ ਦੀ ਟਹਿਲ ਕਰਨ।
ਉਹ ਦਾ ਰਾਜ ਸਦਾ ਦਾ ਰਾਜ ਹੈ,
ਜਿਹੜਾ ਮਿਟੇਗਾ ਨਾ,
ਅਤੇ ਉਹ ਦਾ ਰਾਜ ਅਜਿਹਾ ਹੈ
ਜੋ ਟਲੇਗਾ ਨਾ।।
15ਮੈਂ ਦਾਨੀਏਲ ਆਪਣੇ ਸਰੀਰ ਦੇ ਵਿਚਕਾਰ ਆਪਣੇ ਆਤਮਾ ਵਿੱਚ ਉਦਾਸ ਹੋਇਆ ਅਤੇ ਮੇਰੇ ਸਿਰ ਦੀਆਂ ਦਰਿਸ਼ਟੀਆਂ ਨੇ ਮੈਨੂ ਓਦਰਾ ਦਿੱਤਾ 16ਅਤੇ ਜਿਹੜੇ ਨੇੜੇ ਤੇੜੇ ਖਲੋਤੇ ਸਨ ਮੈਂ ਉਨ੍ਹਾਂ ਵਿੱਚੋਂ ਇੱਕ ਜਣੇ ਕੋਲ ਗਿਆ ਅਤੇ ਉਹ ਨੂੰ ਇਨ੍ਹਾਂ ਸਾਰੀਆਂ ਗੱਲਾਂ ਦੀ ਅਸਲੀਅਤ ਪੁੱਛੀ। ਉਸ ਨੇ ਮੈਨੂੰ ਦੱਸਿਆ ਅਤੇ ਇਨ੍ਹਾਂ ਗੱਲਾਂ ਦਾ ਅਰਥ ਮੈਨੂੰ ਸਮਝਾਇਆ 17ਏਹ ਚਾਰ ਵੱਡੇ ਦਰਿੰਦੇ ਚਾਰ ਰਾਜੇ ਹਨ ਜੋ ਧਰਤੀ ਉੱਤੇ ਉੱਠਣਗੇ 18ਪਰ ਅੱਤ ਮਹਾਨ ਦੇ ਸੰਤ ਰਾਜ ਲੈ ਲੈਣਗੇ ਅਤੇ ਜੁੱਗਾਂ ਤੀਕ, ਹਾਂ, ਜੁੱਗੋ ਜੁੱਗ ਤੀਕ ਉਸ ਰਾਜ ਦੇ ਮਾਲਕ ਹੋਣਗੇ 19ਤਾਂ ਮੈਂ ਚਾਹਿਆ ਕਿ ਚੌਥੇ ਦਰਿੰਦੇ ਦੀ ਵਾਰਤਾਂ ਵੀ ਜਾਣਾਂ ਜਿਹੜਾ ਉਨ੍ਹਾਂ ਸਭਨਾਂ ਨਾਲੋਂ ਵੱਖਰਾ ਸੀ ਜੋ ਡਾਢਾ ਡਰਾਉਣਾ ਸੀ ਜਿਹ ਦੇ ਦੰਦ ਲੋਹੇ ਦੇ ਅਤੇ ਨਹੁੰ ਪਿੱਤਲ ਦੇ, ਜੋ ਨਿਗਲਦਾ ਅਤੇ ਟੋਟੇ ਟੋਟੇ ਕਰਦਾ ਅਤੇ ਵੱਧਦੇ ਨੂੰ ਆਪਣੇ ਪੈਰਾਂ ਹੇਠ ਲਿਤਾੜਦਾ ਸੀ 20ਅਤੇ ਦਸਾਂ ਸਿੰਙਾਂ ਦੀ, ਜੋ ਉਸ ਦੇ ਸਿਰ ਉੱਤੇ ਸਨ ਅਤੇ ਉਸ ਇੱਕ ਦੀ ਜੋ ਨਿੱਕਲਿਆ ਅਤੇ ਜਿਹ ਦੇ ਅੱਗੇ ਤਿੰਨ ਡਿੱਗ ਪਏ ਸਨ ਹਾਂ, ਉਸ ਸਿੰਙ ਦੀ ਜਿਹ ਦੀਆਂ ਅੱਖਾਂ ਸਨ ਅਤੇ ਇੱਕ ਮੂੰਹ ਜੋ ਵੱਡੇ ਹੰਕਾਰ ਦੀਆਂ ਗੱਲਾਂ ਬੋਲਦਾ ਸੀ ਅਤੇ ਉਹ ਦੇ ਸਾਥੀਆਂ ਨਾਲੋਂ ਵੱਧ ਡਰਾਉਣਾ ਸੀ 21ਮੈਂ ਡਿੱਠਾ ਕਿ ਉਹੋ ਸਿੰਙ ਸੰਤਾਂ ਨਾਲ ਲੜਦਾ ਸੀ ਅਤੇ ਉਨ੍ਹਾਂ ਉੱਤੇ ਜ਼ੋਰ ਪਾ ਲੈਂਦਾ ਸੀ 22ਜਦ ਤੀਕ ਅੱਤ ਪਰਾਚੀਨ ਨਾ ਆਇਆ ਅਤੇ ਅੱਤ ਮਹਾਨ ਦੇ ਸੰਤਾਂ ਦਾ ਨਿਆਉਂ ਨਾ ਦਿੱਤਾ ਗਿਆ ਅਤੇ ਵੇਲਾ ਨਾ ਆ ਪੁੱਜਾ ਕਿ ਸੰਤ ਰਾਜ ਵਾਲੇ ਹੋਣ 23ਉਹ ਇਉਂ ਬੋਲਿਆ ਕਿ ਚੌਥਾ ਦਰਿੰਦਾ ਚੌਥਾ ਰਾਜਾ ਹੈ ਜੋ ਧਰਤੀ ਵਿੱਚ ਹੋਵੇਗਾ। ਉਹ ਸਭਨਾਂ ਰਾਜਾਂ ਨਾਲੋਂ ਵੱਖਰਾ ਹੋਵੇਗਾ ਅਤੇ ਸਾਰੀ ਪਿਰਥਵੀ ਨੂੰ ਨਿਗਲ ਜਾਏਗਾ ਅਤੇ ਉਹ ਨੂੰ ਲਿਤਾੜੇਗਾ ਅਤੇ ਉਹ ਨੂੰ ਟੋਟੇ ਟੋਟੇ ਕਰੇਗਾ 24ਅਤੇ ਓਹ ਦਸ ਸਿੰਙ ਜੋ ਹਨ ਸੋ ਦਸ ਰਾਜੇ ਹਨ ਜੋ ਉਸ ਦੇ ਵਿੱਚ ਉੱਠਣਗੇ ਅਤੇ ਉਨ੍ਹਾਂ ਦੇ ਪਿੱਛੋਂ ਇੱਕ ਹੋਰ ਉੱਠੇਗਾ ਅਤੇ ਉਹ ਪਹਿਲਿਆਂ ਨਾਲੋਂ ਵੱਖਰਾ ਹੋਵੇਗਾ। ਉਹ ਤਿੰਨਾਂ ਰਾਜਿਆਂ ਉੱਤੇ ਜ਼ੋਰ ਪਾ ਲਵੇਗਾ 25ਉਹ ਅੱਤ ਮਹਾਨ ਦੇ ਵਿਰੁੱਧ ਹੰਕਾਰ ਦੀਆਂ ਗੱਲਾਂ ਬੋਲੇਗਾ ਅਤੇ ਅੱਤ ਮਹਾਨ ਦੇ ਸੰਤਾਂ ਨੂੰ ਦੁਖਾਵੇਗਾ ਅਰ ਚਾਹੇਗਾ ਕਿ ਮੁੱਕਰਰ ਸਮਿਆਂ ਅਤੇ ਬਿਵਸਥਾ ਨੂੰ ਬਦਲ ਦੇਵੇ ਅਤੇ ਓਹ ਇਹ ਦੇ ਹੱਥ ਵਿੱਚ ਦਿੱਤੇ ਜਾਣਗੇ ਐਥੋਂ ਤੀਕ ਜੋ ਇੱਕ ਸਮਾ ਅਤੇ ਸਮੇ ਅਰ ਅੱਧਾ ਸਮਾ ਲੰਘ ਜਾਏਗਾ 26ਫੇਰ ਨਿਆਉਂ ਸਭਾ ਬੈਠੇਗੀ ਅਤੇ ਉਹ ਉਹ ਦਾ ਰਾਜ ਉਸ ਤੋਂ ਲੈ ਲਵੇਗੀ ਇਸ ਲਈ ਜੋ ਓੜਕ ਤੀਕਰ ਉਹ ਦਾ ਨਾਸ ਅਤੇ ਨਿਸ਼ਟ ਕਰ ਸੁੱਟਣ 27ਅਤੇ ਸਾਰੇ ਅਕਾਸ਼ ਦੇ ਹੇਠਲੇ ਸਭਨਾਂ ਦੇਸ਼ਾਂ ਦੇ ਰਾਜਾਂ ਦਾ ਪਰਤਾਪ ਅਰ ਪਾਤਸ਼ਾਹੀ ਅਤੇ ਰਾਜ ਅੱਤ ਮਹਾਨ ਦੇ ਸੰਤਾਂ ਦੇ ਲੋਕਾਂ ਨੂੰ ਦਿੱਤੇ ਜਾਣਗੇ। ਉਹ ਦਾ ਰਾਜ ਇੱਕ ਸਦਾ ਦਾ ਰਾਜ ਹੈ ਅਤੇ ਸਾਰੀਆਂ ਪਾਤਸ਼ਾਹੀਆਂ ਉਹ ਦੀ ਉਪਾਸਨਾ ਕਰਨਗੀਆਂ ਅਤੇ ਆਗਿਆਕਾਰ ਹੋਣਗੀਆਂ 28ਉਹ ਗੱਲ ਐਥੇ ਤੀਕ ਮੁੱਕ ਗਈ। ਮੈਂ ਜੋ ਦਾਨੀਏਲ ਹਾਂ, ਮੇਰੀਆਂ ਚਿੰਤਾਂ ਨੇ ਮੈਨੂੰ ਡਾਢਾ ਓਦਰਾ ਦਿੱਤਾ ਅਤੇ ਮੇਰੇ ਮੂੰਹ ਦਾ ਰੰਗ ਬਦਲ ਗਿਆ ਪਰ ਮੈਂ ਏਹ ਗੱਲਾਂ ਆਪਣੇ ਮਨ ਵਿੱਚ ਰੱਖੀਆਂ।।

Highlight

Share

Copy

None

Want to have your highlights saved across all your devices? Sign up or sign in