ਦਾਨੀਏਲ 5
5
ਕੰਧ ਉੱਤੇ ਅਗੰਮ ਲਿਖਤ
1ਬੇਲਸ਼ੱਸਰ ਰਾਜਾ ਨੇ ਆਪਣੇ ਇੱਕ ਹਜ਼ਾਰ ਪਰਧਾਨਾਂ ਦੀ ਵੱਡੀ ਦਾਉਤ ਕੀਤੀ ਅਤੇ ਉਸ ਹਜ਼ਾਰ ਦੇ ਸਾਹਮਣੇ ਨਸ਼ਾ ਪੀਤਾ 2ਬੇਲਸ਼ੱਸਰ ਨੇ ਨਸ਼ਾ ਚਖਦੇ ਹੋਏ ਆਗਿਆ ਦਿੱਤੀ ਕਿ ਸੋਨੇ ਤੇ ਚਾਂਦੀ ਦੇ ਭਾਂਡੇ ਜਿਹੜੇ ਨਬੂਕਦਨੱਸਰ ਉਹ ਦੇ ਪਿਤਾ ਨੇ ਯਰੂਸ਼ਲਮ ਦੀ ਹੈਕਲ ਵਿੱਚੋਂ ਕੱਢੇ ਸਨ ਲਿਆਂਦੇ ਜਾਣ ਤਾਂ ਜੋ ਰਾਜਾ ਤੇ ਉਹ ਦੇ ਪਰਧਾਨ ਤੇ ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖੇਲਾਂ ਉਨ੍ਹਾਂ ਵਿੱਚੋਂ ਨਸ਼ਾ ਪੀਣ 3ਤਾਂ ਓਹ ਸੋਨੇ ਦੇ ਭਾਂਡਿਆਂ ਨੂੰ ਜਿਹੜੇ ਪਰਮੇਸ਼ੁਰ ਦੇ ਭਵਨ ਦੀ ਹੈਕਲ ਵਿੱਚੋਂ ਜੋ ਯਰੂਸ਼ਲਮ ਵਿੱਚ ਹੈ ਕੱਢੇ ਗਏ ਸਨ ਲਿਆਏ ਅਤੇ ਰਾਜਾ ਤੇ ਉਹ ਦੇ ਪਰਧਾਨਾਂ, ਉਹ ਦੀਆਂ ਰਾਣੀਆਂ ਤੇ ਉਹ ਦੀਆਂ ਰਖੇਲਾਂ ਨੇ ਉਨ੍ਹਾਂ ਵਿੱਚੋਂ ਪੀਤੀ 4ਉਨ੍ਹਾਂ ਨੇ ਸ਼ਰਾਬ ਪੀਤੀ ਅਤੇ ਸੋਨੇ, ਚਾਂਦੀ, ਪਿੱਤਲ, ਲੋਹੇ, ਕਾਠ ਦੇ ਪੱਥਰ ਦੇ ਦਿਓਤਿਆਂ ਦੀ ਵੱਡਿਆਈ ਕੀਤੀ।।
5ਉਸੇ ਘੜੀ ਵਿੱਚ ਮਨੁੱਖ ਦੇ ਹੱਥ ਦੀਆਂ ਉਂਗਲੀਆਂ ਪਰਗਟ ਹੋਈਆਂ ਅਤੇ ਉਨ੍ਹਾਂ ਨੇ ਸ਼ਮਾਦਾਨ ਦੇ ਅੱਗੇ ਰਾਜੇ ਦੇ ਮਹਿਲ ਦੀ ਚੂਨੇ ਗੱਚ ਕੰਧ ਉੱਤੇ ਲਿਖਿਆ ਅਤੇ ਰਾਜੇ ਨੇ ਹੱਥ ਦਾ ਉਹ ਹਿੱਸਾ ਜੋ ਲਿਖਦਾ ਸੀ ਵੇਖਿਆ 6ਤਾਂ ਰਾਜੇ ਦਾ ਚਿਹਰਾ ਬਦਲ ਗਿਆ ਅਤੇ ਉਹ ਦੀਆਂ ਚਿੰਤਾਂ ਨੇ ਉਹ ਨੂੰ ਉਦਰਾ ਦਿੱਤਾ ਐਥੋਂ ਤੀਕ ਕਿ ਉਹ ਦੇ ਲੱਕ ਦੇ ਜੋੜ ਢਿੱਲੇ ਪੈ ਗਏ ਤੇ ਉਹ ਦੇ ਗੋਡੇ ਇੱਕ ਦੂਏ ਨਾਲ ਟਕਰਾਉਣ ਲੱਗ ਪਏ 7ਰਾਜੇ ਨੇ ਉੱਚੀ ਅਵਾਜ਼ ਨਾਲ ਚਿੱਲਾ ਕੇ ਆਖਿਆ ਕਿ ਜੋਤਸ਼ੀਆਂ, ਕਸਦੀਆਂ ਤੇ ਅਗੰਮ ਗਿਆਨੀਆਂ ਨੂੰ ਸਾਹਮਣੇ ਕਰੋ! ਰਾਜੇ ਨੇ ਬਾਬਲ ਦੇ ਗਿਆਨੀਆਂ ਨੂੰ ਆਖਿਆ ਭਈ ਜੋ ਕੋਈ ਏਸ ਲਿਖਤ ਨੂੰ ਪੜ੍ਹੇ ਅਤੇ ਏਹ ਦਾ ਅਰਥ ਮੈਨੂੰ ਦੱਸੇ ਉਹ ਨੂੰ ਕਿਰਮਚੀ ਰੰਗ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਉਹ ਦੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣੇਗਾ 8ਤਦ ਰਾਜੇ ਦੇ ਸਾਰੇ ਗਿਆਨੀ ਸਾਹਮਣੇ ਆਏ ਪਰ ਨਾ ਉਸ ਲਿਖਤ ਨੂੰ ਪੜ੍ਹ ਸੱਕੇ, ਨਾ ਰਾਜੇ ਨੂੰ ਉਹ ਦਾ ਅਰਥ ਦੱਸ ਸੱਕੇ 9ਤਾਂ ਬੇਲਸ਼ੱਸਰ ਰਾਜਾ ਬਹੁਤ ਘਬਰਾ ਗਿਆ ਅਤੇ ਉਹ ਦਾ ਚਿਹਰਾ ਬਦਲ ਗਿਆ ਅਤੇ ਉਹ ਦੇ ਪਰਧਾਨ ਹੱਕੇ ਬੱਕੇ ਰਹਿ ਗਏ 10ਫੇਰ ਰਾਜੇ ਤੇ ਉਹ ਦੇ ਪਰਧਾਨਾਂ ਦੀਆਂ ਗੱਲਾਂ ਸੁਣ ਕੇ ਰਾਜੇ ਦੀ ਮਾਤਾ ਦਾਉਤ ਦੇ ਘਰ ਵਿੱਚ ਆਈ ਅਤੇ ਮਹਾਰਾਣੀ ਆਖਣ ਲੱਗੀ, ਹੇ ਰਾਜਾ, ਜੁੱਗੋ ਜੁਗ ਜੀਉਂਦਾ ਰਹੁ! ਤੇਰੀਆਂ ਚਿੰਤਾਂ ਤੈਨੂੰ ਹੱਕਾ ਬੱਕਾ ਨਾ ਕਰਨ ਅਤੇ ਨਾ ਤੇਰਾ ਚਿਹਰਾ ਬੱਦਲੇ! 11ਤੇਰੇ ਰਾਜ ਵਿੱਚ ਇੱਕ ਮਨੁੱਖ ਹੈ ਜਿਸ ਵਿੱਚ ਪਵਿੱਤ੍ਰ ਦਿਓਤਿਆਂ ਦਾ ਆਤਮਾ ਹੈ ਅਤੇ ਤੇਰੇ ਪਿਤਾ ਦੇ ਦਿਨਾਂ ਵਿੱਚ ਚਾਨਣ ਤੇ ਸਮਝ ਤੇ ਬੁੱਧ ਦਿਓਤਿਆਂ ਦੀ ਬੁੱਧ ਉਸ ਵਿੱਚ ਪਾਈ ਜਾਂਦੀ ਸੀ ਜਿਹ ਨੂੰ ਤੇਰੇ ਪਿਤਾ ਮਹਾਰਾਜਾ ਨਬੂਕਦਨੱਸਰ ਨੇ, ਹਾਂ, ਤੇਰੇ ਪਿਤਾ ਮਹਾਰਾਜੇ ਨੇ ਜਾਦੂਗਰਾਂ, ਜੋਤਸ਼ੀਆਂ, ਕਸਦੀਆਂ ਤੇ ਅਗੰਮ ਗਿਆਨੀਆਂ ਦਾ ਸਰਦਾਰ ਬਣਾਇਆ ਹੋਇਆ ਸੀ 12ਕਿਉਂ ਜੋ ਉਸ ਵਿੱਚ ਇੱਕ ਚੰਗਾ ਆਤਮਾ ਤੇ ਗਿਆਨ ਤੇ ਸਮਝ ਤੇ ਸੁਫ਼ਨਿਆਂ ਦੇ ਅਰਥ ਦੱਸਣ ਦੀ ਸ਼ਕਤੀ ਤੇ ਔਖੀਆਂ ਗੱਲਾਂ ਦੇ ਭੇਤ ਖੋਲ੍ਹਣ ਤੇ ਵਹਿਮਾਂ ਨੂੰ ਹਲ ਕਰਨ ਦੀ ਸਮਰੱਥਾ ਸੀ, ਉਸੇ ਦਾਨੀਏਲ ਜਿਹ ਦਾ ਨਾਉਂ ਰਾਜੇ ਨੇ ਬੇਲਟਸ਼ੱਸਰ ਰੱਖਿਆ ਸੀ। ਹੁਣ ਦਾਨੀਏਲ ਨੂੰ ਸਦਵਾ ਲੈ ਤੇ ਉਹ ਅਰਥ ਦੱਸੇਗਾ 13ਤਾਂ ਦਾਨੀਏਲ ਰਾਜੇ ਦੇ ਦਰਬਾਰ ਲਿਆਂਦਾ ਗਿਆ। ਤਦ ਰਾਜੇ ਨੂੰ ਦਾਨੀਏਲ ਇਉਂ ਆਖਿਆ, ਕੀ ਤੂੰ ਉਹੋ ਦਾਨੀਏਲ ਹੈਂ ਜੋ ਯਹੂਦਾਹ ਦੇ ਕੈਦੀਆਂ ਵਿੱਚੋਂ ਹੈਂ ਜਿਨ੍ਹਾਂ ਨੂੰ ਮਹਾਰਾਜਾ ਮੇਰਾ ਪਿਤਾ ਯਹੂਦਾਹ ਥੀਂ ਲਿਆਇਆ ਸੀ? 14ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਕਿ ਦਿਓਤਿਆਂ ਦਾ ਆਤਮਾ ਤੇਰੇ ਵਿੱਚ ਹੈ ਅਤੇ ਚਾਨਣ ਤੇ ਸਮਝ ਤੇ ਚੰਗੀ ਬੁੱਧ ਤੇਰੇ ਵਿੱਚ ਹੈ 15ਅਤੇ ਹੁਣ ਗਿਆਨੀ ਤੇ ਜੋਤਸ਼ੀ ਮੇਰੇ ਸਾਹਮਣੇ ਕੀਤੇ ਗਏ ਸਨ ਇਸ ਕਰਕੇ ਜੋ ਉਸ ਲਿਖਤ ਨੂੰ ਪੜ੍ਹਨ ਅਤੇ ਉਹ ਦਾ ਅਰਥ ਮੇਰੇ ਉੱਤੇ ਪਰਗਟ ਕਰਨ ਪਰ ਓਹ ਉਹ ਦਾ ਅਰਥ ਪਰਗਟ ਨਾ ਕਰ ਸੱਕੇ 16ਅਤੇ ਮੈਂ ਤੇਰੇ ਬਾਰੇ ਵਿੱਚ ਸੁਣਿਆ ਹੈ ਜੋ ਤੂੰ ਅਰਥ ਦੱਸ ਸਕਦਾ ਹੈਂ ਅਤੇ ਭਰਮ ਹਟਾ ਦਿੰਦਾ ਹੈਂ । ਹੁਣ ਜੇ ਤੂੰ ਉਸ ਲਿਖਤ ਨੂੰ ਪੜ੍ਹੇਂ ਅਤੇ ਉਹ ਦਾ ਅਰਥ ਮੈਨੂੰ ਦੱਸੇਂ ਤਾਂ ਤੈਨੂੰ ਕਿਰਮਚੀ ਰੰਗਾ ਦਾ ਚੋਗਾ ਪਹਿਨਾਇਆ ਜਾਵੇਗਾ ਅਤੇ ਤੇਰੇ ਗਲ ਵਿੱਚ ਸੋਨੇ ਦਾ ਕੈਂਠਾ ਪਾਇਆ ਜਾਵੇਗਾ ਅਤੇ ਤੂੰ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਜਾਏਂਗਾ 17ਤਦ ਦਾਨੀਏਲ ਨੇ ਉੱਤਰ ਦੇ ਕੇ ਰਾਜੇ ਦੇ ਸਾਹਮਣੇ ਆਖਿਆ, ਤੇਰੇ ਇਨਾਮ ਤੇਰੇ ਕੋਲ ਹੀ ਰਹਿਣ ਅਤੇ ਆਪਣੀਆਂ ਦਾਤਾਂ ਕਿਸੇ ਹੋਰ ਨੂੰ ਦੇਹ ਤਾਂ ਵੀ ਮੈਂ ਰਾਜੇ ਦੇ ਲਈ ਇਸ ਲਿਖਤ ਨੂੰ ਪੜ੍ਹਾਂਗਾ ਅਤੇ ਉਹ ਦਾ ਅਰਥ ਦੱਸਾਂਗਾ 18ਹੇ ਰਾਜਾ ਅੱਤ ਮਹਾਨ ਪਰਮੇਸ਼ੁਰ ਨੇ ਨਬੂਕਦਨੱਸਰ ਤੇਰੇ ਪਿਤਾ ਨੂੰ ਰਾਜ, ਬਜ਼ੁਰਗੀ, ਮਹਿਮਾ ਤੇ ਪਰਤਾਪ ਦਿੱਤਾ 19ਅਤੇ ਉਸ ਬਜ਼ੁਰਗੀ ਦੇ ਕਾਰਨ ਜੋ ਉਸ ਨੇ ਤੈਨੂੰ ਦਿੱਤੀ ਸਾਰੇ ਲੋਕ ਅਤੇ ਕੌਮਾਂ ਅਤੇ ਭਾਖਿਆਂ ਉਹ ਦੇ ਸਾਹਮਣੇ ਕੰਬੀਆਂ ਅਤੇ ਡਰੀਆਂ। ਜਿਹ ਨੂੰ ਚਾਹਿਆ ਉਹ ਨੂੰ ਉਸ ਨੇ ਮਾਰ ਸੁੱਟਿਆ ਅਤੇ ਜਿਹ ਨੂੰ ਚਾਹਿਆ ਉਹ ਨੂੰ ਉਸ ਨੇ ਜੀਉਂਦਾ ਛੱਡਿਆ । ਜਿਹ ਨੂੰ ਚਾਹਿਆ ਉਸ ਨੂੰ ਵਧਾਇਆ ਅਤੇ ਜਿਹ ਨੂੰ ਚਾਹਿਆ ਉਸ ਨੂੰ ਘਟਾਇਆ 20ਪਰ ਜਦੋਂ ਉਸਦਾ ਸੁਭਾ ਹੰਕਾਰੀ ਹੋਇਆ ਅਤੇ ਉਹ ਦਾ ਆਤਮਾ ਕਰੜਾ ਹੋਇਆ ਐਥੋਂ ਤੀਕੁਰ ਕਿ ਉਹ ਘੁਮੰਡ ਕਰਦਾ ਰਿਹਾ ਤਾਂ ਉਹ ਆਪਣੇ ਰਾਜ ਸਿੰਘਾਸਣ ਤੋਂ ਲਾਹਿਆ ਗਿਆ ਅਤੇ ਉਹ ਦੀ ਪਤ ਪਰਤੀਤ ਖੁੱਸ ਗਈ 21ਅਤੇ ਉਹ ਮਨੁੱਖ ਵੰਸ਼ੀਆਂ ਵਿੱਚੋਂ ਧੱਕਿਆ ਗਿਆ ਅਤੇ ਉਸ ਦਾ ਮਨ ਪਸ਼ੂਆਂ ਜਿਹਾ ਬਣਿਆ ਅਤੇ ਉਜਾੜ ਦੇ ਖੋਤਿਆਂ ਨਾਲ ਵੱਸਦਾ ਸੀ ਅਤੇ ਉਹ ਨੂੰ ਬਲਦਾਂ ਵਾਂਙੁ ਘਾਹ ਚਰਾਉਂਦੇ ਸਨ ਅਤੇ ਉਹ ਦਾ ਸਰੀਰ ਅਕਾਸ਼ ਦੀ ਤ੍ਰੇਲ ਨਾਲ ਗਿੱਲਾ ਹੋਇਆ ਐਥੋਂ ਤੀਕੁਰ ਜੋ ਉਹ ਨੇ ਨਹੀਂ ਜਾਤਾ ਭਈ ਅੱਤ ਮਹਾਨ ਪਰਮੇਸ਼ੁਰ ਮਨੁੱਖਾਂ ਦੇ ਰਾਜ ਉਤੇ ਰਾਜ ਕਰਦਾ ਹੈ ਅਤੇ ਜਿਹ ਨੂੰ ਚਾਹੇ ਉਹ ਨੂੰ ਉਸ ਦੇ ਉੱਤੇ ਅਟੱਲ ਕਰਦਾ ਹੈ 22ਪਰ ਹੇ ਬੇਲਸ਼ੱਸਰ, ਤੂੰ ਜੋ ਉਹ ਦਾ ਪੁੱਤ੍ਰ ਹੈਂ ਭਾਵੇਂ ਜੇ ਤੂੰ ਇਸ ਸਾਰੀ ਗੱਲ ਨੂੰ ਜਾਣ ਲਿਆ ਤਦ ਵੀ ਤੈਂ ਆਪਣੇ ਮਨ ਨੂੰ ਨਿਮਾਣਾ ਨਾ ਕੀਤਾ 23ਸਗੋਂ ਅਕਾਸ਼ਾਂ ਦੇ ਪ੍ਰਭੁ ਦੇ ਸਨਮੁਖ ਆਪਣੇ ਆਪ ਨੂੰ ਅਕੜਾਇਆ ਅਤੇ ਉਹ ਦੇ ਘਰ ਦੇ ਭਾਂਡੇ ਉਹ ਤੇਰੇ ਅੱਗੇ ਲਿਆਏ ਤੈਂ ਆਪਣੇ ਸਰਦਾਰਾਂ, ਆਪਣੀਆਂ ਰਾਣੀਆਂ ਅਰ ਆਪਣੀਆਂ ਰਖੇਲੀਆਂ ਦੇ ਨਾਲ ਉਨ੍ਹਾਂ ਵਿੱਚ ਨਸ਼ਾ ਪੀਤਾ ਅਤੇ ਤੈਂ ਚਾਂਦੀ ਅਰ ਸੋਨੇ ਅਤੇ ਪਿੱਤਲ, ਲੋਹੇ ਅਤੇ ਲੱਕੜੀ ਅਰ ਪੱਥਰ ਦੇ ਦਿਓਤਿਆਂ ਦੀ ਜੋ ਨਾ ਵੇਖਦੇ, ਨਾ ਹੀ ਸੁਣਦੇ ਅਤੇ ਨਾ ਹੀ ਜਾਣਦੇ ਹਨ ਉਨ੍ਹਾਂ ਦੀ ਵੱਡਿਆਈ ਕੀਤੀ ਅਤੇ ਉਸ ਪਰਮੇਸ਼ੁਰ ਦਾ ਜਿਹ ਦੇ ਹੱਥ ਵਿੱਚ ਤੇਰਾ ਦਮ ਅਤੇ ਤੇਰੇ ਸਾਰੇ ਰਾਹ ਹਨ ਉਹ ਦਾ ਆਦਰ ਨਾ ਕੀਤਾ 24ਸੋ ਉਹ ਦੀ ਵੱਲੋਂ ਉਸ ਹੱਥ ਦਾ ਸਿਰਾ ਭੇਜਿਆ ਗਿਆ ਅਤੇ ਇਹ ਲਿਖਤ ਲਿਖੀ ਗਈ।।
25ਅਤੇ ਲਿਖਤ ਜੋ ਲਿਖੀ ਗਈ ਸੋ ਇਹ ਹੈ, "ਮਨੇ ਮਨੇ ਤਕੇਲ ਊਫਰਸੀਨ" 26ਅਤੇ "ਮਨੇ" ਪਦ ਦਾ ਇਹ ਅਰਥ ਹੈ ਪਰਮੇਸ਼ੁਰ ਨੇ ਤੇਰੇ ਰਾਜ ਦਾ ਲੇਖਾ ਕੀਤਾ ਅਤੇ ਉਹ ਦਾ ਛੇਕੜ ਕਰ ਦਿੱਤਾ 27"ਤਕੇਲ" ਦਾ ਇਹ ਅਰਥ ਹੈ ਜੋ ਤੂੰ ਤਕੜੀ ਵਿੱਚ ਤੋਂਲਿਆ ਗਿਆ ਅਤੇ ਘੱਟ ਨਿੱਕਲਿਆ 28"ਪਰੇਸ" ਦਾ ਇਹ ਅਰਥ ਹੈ ਜੋ ਤੇਰਾ ਰਾਜ ਵੰਡਿਆ ਗਿਆ ਅਤੇ ਮਾਦੀਆਂ ਅਰ ਫਾਰਸੀਆਂ ਨੂੰ ਦਿੱਤਾ ਗਿਆ 29ਤਦ ਬੇਲਸ਼ੱਸਰ ਨੇ ਆਗਿਆ ਦਿੱਤੀ ਅਤੇ ਉਨ੍ਹਾਂ ਨੇ ਦਾਨੀਏਲ ਨੂੰ ਕਰਿਮਚੀ ਚੋਗਾ ਪਹਿਨਾਇਆ ਅਤੇ ਸੋਨੇ ਦਾ ਕੈਂਠਾ ਉਸ ਦੇ ਗਲ ਵਿੱਚ ਪਾਇਆ ਅਤੇ ਉਸ ਦੇ ਲਈ ਢੰਡੋਰਾ ਫਿਰਾਇਆ ਭਈ ਉਹ ਰਾਜ ਵਿੱਚ ਤੀਜੇ ਦਰਜੇ ਦਾ ਹਾਕਮ ਬਣਾਇਆ ਗਿਆ ਹੈ।।
30ਉਸੇ ਰਾਤ ਨੂੰ ਬੇਲਸ਼ੱਸਰ ਜੋ ਕਸਦੀਆਂ ਦਾ ਰਾਜਾ ਸੀ ਵੱਢਿਆ ਗਿਆ 31ਅਤੇ ਦਾਰਾ ਮਾਦੀ ਨੇ ਬਾਹਠਾਂ ਵਰਿਹਾਂ ਦੀ ਉਮਰ ਵਿੱਚ ਰਾਜ ਲੈ ਲਿਆ।।
Currently Selected:
ਦਾਨੀਏਲ 5: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.