YouVersion Logo
Search Icon

ਦਾਨੀਏਲ 1

1
ਦਾਨੀਏਲ ਅਤੇ ਉਹ ਦੇ ਸਾਥੀਆਂ ਦੀ ਸਿੱਖਸ਼ਾ
1ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਰਾਜ ਦੇ ਤੀਜੇ ਵਰ੍ਹੇ ਵਿੱਚ ਬਾਬਲ ਦੇ ਰਾਜਾ ਨਬੂਕਦਨੱਸਰ ਨੇ ਯਰੂਸ਼ਲਮ ਉੱਤੇ ਚੜ੍ਹਾਈ ਕਰ ਕੇ ਉਹ ਦੇ ਆਲੇ ਦੁਆਲੇ ਘੇਰਾ ਪਾਇਆ 2ਅਰ ਪ੍ਰਭੁ ਨੇ ਯਹੂਦਾਹ ਦੇ ਰਾਜਾ ਯਹੋਯਾਕੀਮ ਨੂੰ ਅਤੇ ਪਰਮੇਸ਼ੁਰ ਦੇ ਘਰ ਦੇ ਕੁਝ ਭਾਂਡਿਆਂ ਨੂੰ ਉਹ ਦੇ ਹੱਥ ਵਿੱਚ ਕਰ ਦਿੱਤਾ ਅਤੇ ਉਹ ਉਨ੍ਹਾਂ ਨੂੰ ਸ਼ਿਨਆਰ ਦੀ ਧਰਤੀ ਵਿੱਚ ਆਪਣੇ ਦਿਓਤੇ ਦੇ ਘਰ ਵਿੱਚ ਲੈ ਗਿਆ ਅਤੇ ਉਹ ਭਾਂਡਿਆਂ ਨੂੰ ਆਪਣੇ ਦਿਓਤੇ ਦੇ ਭੰਡਾਰ ਵਿੱਚ ਲਿਆਇਆ 3ਅਰ ਰਾਜੇ ਨੇ ਖੁਸਰਿਆਂ ਦੇ ਸਰਦਾਰ ਅਸਪਨਜ਼ ਨੂੰ ਹੁਕਮ ਦਿੱਤਾ ਕਿ ਉਹ ਇਸਰਾਏਲੀਆਂ ਵਿੱਚੋਂ ਅਤੇ ਰਾਜੇ ਦੇ ਅੰਸ ਵਿੱਚੋਂ ਅਤੇ ਕੁਲੀਨਾਂ ਵਿੱਚੋਂ ਲੋਕਾਂ ਨੂੰ ਲਿਆ ਕੇ ਪੇਸ਼ ਕਰੇ 4ਓਹ ਨਿਰਮਲ ਜੁਆਨ ਸਗੋਂ ਰੂਪਵੰਤ ਅਤੇ ਸਾਰੀ ਮੱਤ ਵਿੱਚ ਹੁਸ਼ਿਆਰ ਤੇ ਗਿਆਨਵੰਤ ਤੇ ਵਿਦਿਆਵਾਨ ਹੋਣ ਜਿਨ੍ਹਾਂ ਦੇ ਵਿੱਚ ਏਹ ਸ਼ਕਤੀ ਹੋਵੇ ਭਈ ਪਾਤਸ਼ਾਹੀ ਮਹਿਲ ਵਿੱਚ ਖੜੇ ਰਹਿ ਸੱਕਣ ਅਤੇ ਉਹ ਉਨ੍ਹਾਂ ਨੂੰ ਕਸਦੀਆਂ ਦੀ ਵਿਦਿਆ ਅਤੇ ਉਨ੍ਹਾਂ ਦੀ ਬੋਲੀ ਸਿਖਾਏ 5ਅਤੇ ਰਾਜੇ ਨੇ ਉਨ੍ਹਾਂ ਦੇ ਲਈ ਆਪਣੇ ਸੁਆਦਲੇ ਭੋਜਨ ਵਿੱਚੋਂ ਅਤੇ ਆਪਣੇ ਪੀਣ ਦੀ ਸ਼ਰਾਬ ਵਿੱਚੋਂ ਨਿੱਤ ਦਿਹਾੜੇ ਦਾ ਹਿੱਸਾ ਠਹਿਰਾਇਆ ਕਿ ਤਿੰਨਾਂ ਵਰਿਹਾਂ ਤੀਕਰ ਓਹ ਪਾਲੇ ਜਾਣ ਤਾਂ ਜੋ ਓੜਕ ਨੂੰ ਓਹ ਰਾਜੇ ਦੀ ਦਰਗਾਹੇ ਖੜੇ ਹੋਣ 6ਅਤੇ ਉਨ੍ਹਾਂ ਵਿੱਚ ਯਹੂਦਾਹ ਦੇ ਵੰਸ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਅਤੇ ਅਜ਼ਰਯਾਹ ਸਨ 7ਅਤੇ ਖੁਸਰਿਆਂ ਦੇ ਸਰਦਾਰ ਨੇ ਉਨ੍ਹਾਂ ਦੇ ਨਾਉਂ ਰੱਖੇ। ਉਹ ਨੇ ਦਾਨੀਏਲ ਨੂੰ ਬੇਲਟਸ਼ੱਸਰ ਅਰ ਹਨਨਯਾਹ ਨੂੰ ਸ਼ਦਰਕ ਅਤੇ ਮੀਸ਼ਾਏਲ ਨੂੰ ਮੇਸ਼ਕ ਅਤੇ ਅਜ਼ਰਯਾਹ ਨੂੰ ਅਬੇਦਨਗੋ ਆਖਿਆ 8ਪਰ ਦਾਨੀਏਲ ਨੇ ਆਪਣੇ ਦਿਲ ਵਿੱਚ ਮਨਸ਼ਾ ਬੰਨ੍ਹੀ ਭਈ ਆਪਣੇ ਤਾਈਂ ਰਾਜੇ ਦੇ ਸੁਆਦਲੇ ਭੋਜਨ ਨਾਲ ਅਤੇ ਉਹ ਦੀ ਸ਼ਰਾਬ ਨਾਲ ਜਿਹੜੀ ਉਹ ਪੀਂਦਾ ਸੀ ਨਪਾਕ ਨਾ ਕਰੇ, ਏਸ ਕਰਕੇ ਉਸ ਨੇ ਖੁਸਰਿਆਂ ਦੇ ਸਰਦਾਰ ਦੇ ਅੱਗੇ ਬੇਨਤੀ ਕੀਤੀ ਭਈ ਉਹ ਆਪਣੇ ਆਪ ਨੂੰ ਨਪਾਕ ਕਰਨ ਤੋਂ ਮੁਆਫ ਕੀਤਾ ਜਾਵੇ 9ਅਤੇ ਪਰਮੇਸ਼ੁਰ ਨੇ ਅਜੇਹਾ ਕੀਤਾ ਕਿ ਖੁਸਰਿਆਂ ਦੇ ਸਰਦਾਰ ਦੀ ਕਿਰਪਾ ਤੇ ਪ੍ਰੇਮ ਦੀ ਨਿਗਾਹ ਦਾਨੀਏਲ ਉੱਤੇ ਰਹੀ 10ਅਰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ ਨੂੰ ਆਖਿਆ ਭਈ ਮੈਂ ਆਪਣੇ ਸੁਆਮੀ ਮਹਾਰਾਜੇ ਤੋਂ ਜਿਹ ਨੇ ਤੁਹਾਡੇ ਖਾਣੇ ਪੀਣ ਨੂੰ ਠਹਿਰਾਇਆ ਹੈ ਡਰਦਾ ਹਾਂ । ਤੁਹਾਡੇ ਮੂੰਹ ਓਹ ਦੀ ਨਿਗਾਹ ਵਿੱਚ ਤੁਹਾਡੇ ਹਾਣੀਆਂ ਦੇ ਮੂਹਾਂ ਨਾਲੋਂ ਕਾਹ ਨੂੰ ਮਾੜੇ ਦਿੱਸਣ ਅਤੇ ਇਉਂ ਤੁਸੀਂ ਮੇਰਾ ਸਿਰ ਰਾਜੇ ਦੇ ਦਰਬਾਰ ਖਤਰੇ ਵਿੱਚ ਪਾਓ? 11ਤਦ ਦਾਨੀਏਲ ਨੇ ਦਰੋਗੇ ਨੂੰ ਜਿਹ ਨੂੰ ਖੁਸਰਿਆਂ ਦੇ ਸਰਦਾਰ ਨੇ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਉੱਤੇ ਥਾਪਿਆ ਸੀ ਆਖਿਆ 12ਭਈ ਤੂੰ ਦਸ ਦਿਨ ਤੀਕਰ ਆਪਣੇ ਬੰਦਿਆਂ ਨੂੰ ਪਰਖ ਕੇ ਵੇਖਣਾ ਅਤੇ ਖਾਣ ਲਈ ਦਾਲ ਤੇ ਪੀਣ ਲਈ ਪਾਣੀ ਸਾਨੂੰ ਦਿਵਾਉਣਾ 13ਤਦ ਸਾਡੇ ਮੂੰਹ ਅਤੇ ਉਨ੍ਹਾਂ ਜੁਆਨਾਂ ਦੇ ਮੂੰਹ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਹਨ ਤੇਰੇ ਸਾਹਮਣੇ ਵੇਖੇ ਜਾਣ, ਫੇਰ ਆਪਣੇ ਬੰਦਿਆਂ ਨਾਲ ਜੋ ਤੂੰ ਠੀਕ ਸਮਝੇ ਕਰੀਂ 14ਸੋ ਉਸ ਨੇ ਉਨ੍ਹਾਂ ਦੀ ਏਹ ਗੱਲ ਮੰਨੀ ਅਤੇ ਦਸ ਦਿਨ ਤੀਕਰ ਉਨ੍ਹਾਂ ਨੂੰ ਪਰਖਿਆ 15ਅਤੇ ਦਸ ਦਿਨਾਂ ਦੇ ਮਗਰੋਂ ਉਨ੍ਹਾਂ ਸਾਰਿਆਂ ਜੁਆਨਾਂ ਦੇ ਨਾਲੋਂ ਜਿਹੜੇ ਰਾਜੇ ਦਾ ਸੁਆਦਲਾ ਭੋਜਨ ਖਾਂਦੇ ਸਨ ਉਨ੍ਹਾ ਦੇ ਮੂੰਹ ਵਧੀਕ ਸੁੰਦਰ ਅਤੇ ਸਰੀਰ ਮੋਟੇ ਦਿੱਸਦੇ ਸਨ 16ਤਦ ਦਰੋਗੇ ਨੇ ਉਨ੍ਹਾਂ ਦਾ ਸੁਆਦਲਾ ਭੋਜਨ ਅਤੇ ਸ਼ਰਾਬ ਜਿਹੜੀ ਉਨ੍ਹਾਂ ਦੇ ਪੀਣ ਲਈ ਥਾਪੀ ਹੋਈ ਸੀ ਬੰਦ ਕਰ ਦਿੱਤੀ ਅਤੇ ਉਨ੍ਹਾਂ ਨੂੰ ਦਾਲ ਦੇ ਦਿੱਤੀ 17ਹੁਣ ਰਹੇ ਓਹ ਚਾਰ ਜੁਆਨ, - ਪਰਮੇਸ਼ੁਰ ਨੇ ਉਨ੍ਹਾਂ ਨੂੰ ਗਿਆਨ ਅਤੇ ਸਾਰੀ ਵਿਦਿਆ ਤੇ ਮੱਤ ਵਿੱਚ ਬੁੱਧੀ ਦਿੱਤੀ ਅਤੇ ਦਾਨੀਏਲ ਵਿੱਚ ਹਰ ਤਰਾਂ ਦਿਆਂ ਦਰਸ਼ਣਾਂ ਤੇ ਸੁਫ਼ਨਿਆਂ ਦੀ ਸਮਝ ਸੀ 18ਅਰ ਜਦ ਓਹ ਦਿਨ ਹੋ ਚੁੱਕੇ ਜਿਨ੍ਹਾਂ ਦੇ ਮਗਰੋਂ ਰਾਜੇ ਦੇ ਹੁਕਮ ਦੇ ਅਨੁਸਾਰ ਉਨ੍ਹਾਂ ਨੇ ਉਹ ਦੇ ਸਾਹਮਣੇ ਆਉਣਾ ਸੀ ਤਦ ਖੁਸਰਿਆਂ ਦਾ ਸਰਦਾਰ ਉਨ੍ਹਾਂ ਨੂੰ ਨਬੂਕਦਨੱਸਰ ਦੇ ਦਰਬਾਰ ਲਿਆਇਆ 19ਅਤੇ ਰਾਜੇ ਨੇ ਉਨ੍ਹਾਂ ਦੇ ਨਾਲ ਗੱਲਾਂ ਕੀਤੀਆਂ ਅਤੇ ਉਨ੍ਹਾਂ ਵਿੱਚੋਂ ਦਾਨੀਏਲ, ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਵਾਂਙੁ ਕੋਈ ਨਾ ਸੀ, ਏਸ ਲਈ ਓਹ ਰਾਜੇ ਦੇ ਦਰਬਾਰ ਖੜੇ ਰਹਿਣ ਲੱਗੇ 20ਅਤੇ ਬੁੱਧ ਤੇ ਸ਼ਿਨਾਸ ਦੀ ਹਰ ਇੱਕ ਗੱਲ ਵਿੱਚ ਜਿਹ ਦੇ ਵਿਖੇ ਰਾਜੇ ਨੇ ਉਨ੍ਹਾਂ ਕੋਲੋਂ ਸਵਾਲ ਕੀਤਾ ਉਸ ਨੇ ਉਨ੍ਹਾਂ ਨੂੰ ਜਾਦੂਗਰਾਂ ਅਤੇ ਜੋਤਸ਼ੀਆਂ ਨਾਲੋਂ ਜਿਹੜੇ ਉਹ ਦੇ ਸਾਰੇ ਦੇਸ ਵਿੱਚ ਸਨ ਦਸ ਗੁਣਾ ਅੱਛਾ ਪਾਇਆ 21ਅਤੇ ਦਾਨੀਏਲ ਖੋਰਸ ਰਾਜਾ ਦੇ ਪਹਿਲੇ ਵਰ੍ਹੇ ਤੀਕੁਰ ਰਿਹਾ।।

Highlight

Share

Copy

None

Want to have your highlights saved across all your devices? Sign up or sign in