YouVersion Logo
Search Icon

ਕੁਲੁੱਸੀਆਂ ਨੂੰ 4

4
ਸੇਵਕਾਈ ਵਿੱਚ ਪੌਲੁਸ ਦੇ ਸਾਥੀ
1ਹੇ ਮਾਲਕੋ, ਤੁਸੀਂ ਆਪਣਿਆਂ ਨੌਕਰਾਂ ਨਾਲ ਇਹੋ ਜਿਹਾ ਵਰਤਾਰਾ ਕਰੋ ਜਿਹੜਾ ਐਨ ਠੀਕ ਅਤੇ ਜਥਾਰਥ ਹੈ ਕਿਉਂ ਜੋ ਤੁਸੀਂ ਜਾਣਦੇ ਹੋ ਭਈ ਸੁਰਗ ਵਿੱਚ ਤੁਹਾਡਾ ਵੀ ਇੱਕ ਮਾਲਕ ਹੈ।।
2ਲਗਾਤਾਰ ਪ੍ਰਾਰਥਨਾ ਕਰਦੇ ਰਹੋ ਅਤੇ ਧੰਨਵਾਦ ਕਰਦਿਆਂ ਹੋਇਆਂ ਉਸ ਵਿੱਚ ਸੁਚੇਤ ਰਹੋ 3ਨਾਲੇ ਸਾਡੇ ਲਈ ਭੀ ਪ੍ਰਾਰਥਨਾ ਕਰੋ ਭਈ ਪਰਮੇਸ਼ੁਰ ਸਾਡੇ ਲਈ ਬਾਣੀ ਲਈ ਬੂਹਾ ਖੋਲ੍ਹੇ ਤਾਂ ਜੋ ਅਸੀਂ ਮਸੀਹ ਦੇ ਭੇਤ ਦਾ ਵਰਨਣ ਕਰੀਏ ਜਿਹ ਦੇ ਕਾਰਨ ਮੈਂ ਜਕੜਿਆ ਵੀ ਪਿਆ ਹਾਂ 4ਭਈ ਜਿਵੇਂ ਮੈਨੂੰ ਵਰਨਣ ਕਰਨਾ ਜੋਗ ਹੈ ਤਿਹਾ ਹੀ ਉਸ ਨੂੰ ਪਰਗਟ ਕਰਾਂ 5ਤੁਸੀਂ ਸਮੇਂ ਨੂੰ ਲਾਹਾ ਜਾਣ ਕੇ ਬਾਹਰਲਿਆਂ ਦੇ ਅੱਗੇ ਹੋਸ਼ ਨਾਲ ਚੱਲੋ 6ਤੁਹਾਡੀ ਗੱਲ ਬਾਤ ਸਦਾ ਕਿਰਪਾਮਈ ਅਤੇ ਸਲੂਣੀ ਹੋਵੇ ਤਾਂ ਜੋ ਤੁਸੀਂ ਜਾਣੋ ਭਈ ਹਰੇਕ ਨੂੰ ਕਿਵੇਂ ਉੱਤਰ ਦੇਣਾ ਚਾਹੀਦਾ ਹੈ।।
7ਤੁਖਿਕੁਸ ਜਿਹੜਾ ਪ੍ਰਭੁ ਵਿੱਚ ਪਿਆਰਾ ਭਾਈ ਅਤੇ ਮਾਤਬਰ ਸੇਵਕ ਅਤੇ ਮੇਰੇ ਨਾਲ ਦਾ ਦਾਸ ਹੈ ਮੇਰਾ ਸਾਰਾ ਹਾਲ ਚਾਲ ਤੁਹਾਨੂੰ ਦੱਸੇਗਾ 8ਅਤੇ ਮੈਂ ਉਹ ਨੂੰ ਇਸੇ ਲਈ ਤੁਹਾਡੇ ਕੋਲ ਘੱਲਿਆ ਹੈ ਜੋ ਤੁਸੀਂ ਸਾਡੀ ਵਿਥਿਆ ਜਾਣ ਲਵੋ ਅਤੇ ਉਹ ਤੁਹਾਡਿਆਂ ਦਿਲਾਂ ਨੂੰ ਤਸੱਲਾ ਦੇਵੇ 9ਮੈਂ ਉਹ ਦੇ ਨਾਲ ਉਨੇਸਿਮੁਸ ਨੂੰ ਘੱਲਿਆ ਜਿਹੜਾ ਮਾਤਬਰ ਅਤੇ ਪਿਆਰਾ ਭਾਈ ਅਰ ਤੁਹਾਡੇ ਹੀ ਵਿੱਚੋਂ ਹੈ। ਓਹ ਐਥੋਂ ਦੀਆਂ ਸਾਰੀਆਂ ਗੱਲਾਂ ਤੁਹਾਨੂੰ ਦੱਸਣਗੇ।।
10ਅਰਿਸਤਰਖੁਸ ਜੋ ਮੇਰੇ ਨਾਲ ਕੈਦ ਹੈ, ਨਾਲੇ ਮਰਕੁਸ ਜਿਹੜਾ ਬਰਨਬਾਸ ਦਾ ਸਾਕ ਹੈ ਜਿਹ ਦੇ ਵਿਖੇ ਤੁਹਾਨੂੰ ਹੁਕਮ ਮਿਲਿਆ ਸੀ - ਜੇ ਉਹ ਤੁਹਾਡੇ ਕੋਲ ਆਵੇ ਤਾਂ ਉਹ ਦਾ ਆਦਰ ਭਾਉ ਕਰਨਾ 11ਅਤੇ ਯਿਸੂ ਜਿਹੜਾ ਯੂਸਤੁਸ ਕਰਕੇ ਸੱਦੀਦਾ ਹੈ ਏਹ ਜਿਹੜੇ ਸੁੰਨਤੀਆਂ ਵਿੱਚੋਂ ਹਨ ਤੁਹਾਡੀ ਸੁਖ ਸਾਂਦ ਪੁੱਛਦੇ ਹਨ। ਪਰਮੇਸ਼ੁਰ ਦੇ ਰਾਜ ਲਈ ਨਿਰੇ ਏਹੋ ਮੇਰੇ ਨਾਲ ਕੰਮ ਕਰਨ ਵਾਲੇ ਹਨ ਅਤੇ ਇਨ੍ਹਾਂ ਤੋਂ ਮੈਨੂੰ ਤਸੱਲੀ ਹੋਈ ਹੈ 12ਇਪਫ੍ਰਾਸ ਮਸੀਹ ਯਿਸੂ ਦਾ ਦਾਸ ਜਿਹੜਾ ਤੁਹਾਡੇ ਵਿੱਚੋਂ ਹੈ ਤੁਹਾਡੀ ਸੁਖ ਸਾਂਦ ਪੁੱਛਦਾ ਹੈ ਅਤੇ ਉਹ ਆਪਣੀਆਂ ਪ੍ਰਾਰਥਨਾਂ ਵਿੱਚ ਸਦਾ ਤੁਹਾਡੇ ਲਈ ਵੱਡਾ ਜਤਨ ਕਰਦਾ ਹੈ ਭਈ ਤੁਸੀਂ ਪਰਮੇਸ਼ੁਰ ਦੀ ਸਾਰੀ ਇੱਛਿਆ ਵਿੱਚ ਸਿੱਧ ਅਤੇ ਪੱਕੇ ਹੋ ਕੇ ਟਿਕੇ ਰਹੋ 13ਕਿਉਂ ਜੋ ਮੈਂ ਉਹ ਦੀ ਸਾਖੀ ਭਰਦਾ ਹਾਂ ਭਈ ਉਹ ਤੁਹਾਡੇ ਅਤੇ ਉਨ੍ਹਾਂ ਦੇ ਲਈ ਜਿਹੜੇ ਲਾਉਦਿਕੀਆ ਵਿੱਚ ਅਤੇ ਜਿਹੜੇ ਹੀਏਰਪੁਲਿਸ ਵਿੱਚ ਰਹਿੰਦੇ ਹਨ ਬਹੁਤ ਮਿਹਨਤ ਕਰਦਾ ਹੈ 14ਲੂਕਾ ਪਿਆਰਾ ਵੈਦ ਅਤੇ ਤੇਮਾਸ ਤੁਹਾਡੀ ਸੁਖ ਸਾਂਦ ਪੁੱਛਦੇ ਹਨ 15ਤੁਸੀਂ ਉਨ੍ਹਾਂ ਭਾਈਆਂ ਨੂੰ ਜਿਹੜੇ ਲਾਉਦਿਕੀਆ ਵਿੱਚ ਰਹਿੰਦੇ ਹਨ ਅਤੇ ਨੁਮਫ਼ਾਸ ਨੂੰ ਅਤੇ ਉਸ ਕਲੀਸਿਯਾ ਨੂੰ ਜੋ ਉਹ ਦੇ ਘਰ ਵਿੱਚ ਹੈ ਸੁਖ ਸਾਂਦ ਆਖੋ 16ਅਤੇ ਜਾਂ ਇਹ ਪੱਤ੍ਰੀ ਤੁਹਾਡੇ ਵਿੱਚ ਪੜ੍ਹੀ ਗਈ ਹੋਵੇ ਤਾਂ ਇਉਂ ਕਰੋ ਭਈ ਏਹ ਲਾਉਦਿਕੀਆ ਦੀ ਕਲੀਸਿਯਾ ਵਿੱਚ ਭੀ ਪੜ੍ਹੀ ਜਾਵੇ ਅਤੇ ਜਿਹੜੀ ਪ੍ਰੱਤੀ ਲਾਉਦਿਕੀਆ ਤੋਂ ਆਵੇ ਉਹ ਤੁਸੀਂ ਭੀ ਪੜ੍ਹੋ 17ਅਤੇ ਅਰਖਿੱਪੁਸ ਨੂੰ ਆਖਣਾ ਭਈ ਜਿਹੜੀ ਸੇਵਕਾਈ ਤੈਨੂੰ ਪ੍ਰਭੁ ਵਿੱਚ ਪਰਾਪਤ ਹੋਈ ਹੈ ਵੇਖੀਂ ਤੂੰ ਉਸ ਨੂੰ ਪੂਰਿਆਂ ਕਰੀਂ।।
18ਮੇਰਾ ਪੌਲੁਸ ਦਾ ਆਪਣੇ ਹੱਥ ਦਾ ਲਿਖਿਆ ਹੋਇਆ ਸਲਾਮ । ਤੁਸਾਂ ਮੇਰੇ ਬੰਧਨਾਂ ਨੂੰ ਚੇਤੇ ਰੱਖਣਾ ਤੁਹਾਡੇ ਉੱਤੇ ਕਿਰਪਾ ਹੁੰਦੀ ਰਹੇ।।

Highlight

Share

Copy

None

Want to have your highlights saved across all your devices? Sign up or sign in