ਰਸੂਲਾਂ ਦੇ ਕਰਤੱਬ 23
23
ਪੌਲੁਸ ਘਾਤੀਆਂ ਤੋਂ ਬਚਾਇਆ ਜਾਂਦਾ ਹੈ
1ਤਾਂ ਪੌਲੁਸ ਨੇ ਸਭਾ ਦੀ ਵੱਲ ਧਿਆਨ ਲਾ ਕੇ ਕਿਹਾ, ਹੇ ਭਰਾਵੋ, ਮੈਂ ਅੱਜ ਤੀਕ ਪੂਰੀ ਨੇਕਨੀਅਤੀ ਨਾਲ ਪਰਮੇਸ਼ੁਰ ਦੇ ਅੱਗੇ ਚੱਲਦਾ ਰਿਹਾ ਹਾਂ 2ਤਾਂ ਹਨਾਨਿਯਾਹ ਨਾਮੇ ਸਰਦਾਰ ਜਾਜਕ ਨੇ ਉਨ੍ਹਾਂ ਨੂੰ ਜਿਹੜੇ ਕੋਲ ਖਲੋਤੇ ਸਨ ਹੁਕਮ ਦਿੱਤਾ ਭਈ ਮਾਰੋ ਏਹ ਦੇ ਮੂੰਹ ਤੇ! 3ਤਦ ਪੌਲੁਸ ਨੇ ਉਹ ਨੂੰ ਆਖਿਆ, ਹੇ ਸ਼ਫ਼ੇਦੀ ਫੇਰੀ ਹੋਈ ਕੰਧੇ, ਪਰਮੇਸ਼ੁਰ ਤੈਨੂੰ ਮਾਰੇਗਾ! ਤੂੰ ਤਾਂ ਸ਼ਰਾ ਦੇ ਮੂਜਬ ਮੇਰਾ ਨਿਆਉਂ ਕਰਨ ਲਈ ਬੈਠਾ ਹੈਂ ਅਤੇ ਸ਼ਰਾ ਦੇ ਉਲਟ ਕੀ ਮੈਨੂੰ ਮਾਰਨ ਦਾ ਹੁਕਮ ਦਿੰਦਾ ਹੈਂ? 4ਤਾਂ ਜਿਹੜੇ ਕੋਲ ਖੜੇ ਸਨ ਓਹ ਬੋਲੇ, ਕੀ ਤੂੰ ਪਰਮੇਸ਼ੁਰ ਦੇ ਸਰਦਾਰ ਜਾਜਕ ਨੂੰ ਗਾਲ ਕੱਢਦਾ ਹੈਂ? 5ਤਾਂ ਪੌਲੁਸ ਨੇ ਆਖਿਆ, ਹੇ ਭਰਾਵੋ, ਮੈਨੂੰ ਖਬਰ ਨਾ ਸੀ ਜੋ ਇਹ ਸਰਦਾਰ ਜਾਜਕ ਹੈ ਕਿਉਂ ਜੋ ਲਿਖਿਆ ਹੈ ਭਈ ਤੂੰ ਆਪਣੀ ਕੌਮ ਦੇ ਸਰਦਾਰ ਨੂੰ ਬੁਰਾ ਨਾ ਕਹੁ 6ਪਰ ਜਾਂ ਪੌਲੁਸ ਨੇ ਮਲੂਮ ਕੀਤਾ ਜੋ ਇਨ੍ਹਾਂ ਵਿੱਚੋਂ ਕਈ ਸਦੂਕੀ ਅਤੇ ਕਈ ਫ਼ਰੀਸੀ ਹਨ ਤਾਂ ਸਭਾ ਵਿੱਚ ਉੱਚੀ ਬੋਲਿਆਂ, ਹੇ ਭਰਾਵੋ, ਮੈਂ ਫ਼ਰੀਸੀ ਅਤੇ ਫ਼ਰੀਸੀਆਂ ਦੀ ਅੰਸ ਹਾਂ। ਮੁਰਦਿਆਂ ਦੀ ਆਸ ਅਤੇ ਜੀ ਉੱਠਣ ਦੇ ਬਦਲੇ ਮੇਰੇ ਜੁੰਮੇ ਦੋਸ਼ ਲਾਈਦਾ ਹੈ! 7ਜਾਂ ਉਹ ਨੇ ਇਹ ਕਿਹਾ ਤਾਂ ਫ਼ਰੀਸੀਆਂ ਅਤੇ ਸਦੂਕੀਆਂ ਵਿੱਚ ਝਗੜਾ ਹੋਇਆ ਅਤੇ ਭੀੜ ਵਿੱਚ ਫੁੱਟ ਪੈ ਗਈ 8ਕਿਉਂ ਜੋ ਸਦੂਕੀ ਆਖਦੇ ਹਨ ਭਈ ਨਾ ਕੋਈ ਜੀ ਉੱਠਣਾ, ਨਾ ਦੂਤ ਅਤੇ ਨਾ ਕੋਈ ਆਤਮਾ ਹੈ ਪਰ ਫ਼ਰੀਸੀ ਦੋਹਾਂ ਨੂੰ ਮੰਨਦੇ ਹਨ 9ਤਦ ਵੱਡਾ ਰੌਲਾ ਪਿਆ ਅਤੇ ਫ਼ਰੀਸੀਆਂ ਦੀ ਵੱਲ ਦੇ ਗ੍ਰੰਥੀਆਂ ਵਿੱਚੋਂ ਕਈਕੁ ਪੁਰਸ਼ ਉੱਠੇ ਅਤੇ ਇਹ ਕਹਿ ਕੇ ਝਗੜਨ ਲੱਗੇ ਜੋ ਐਸ ਮਨੁੱਖ ਵਿੱਚ ਸਾਨੂੰ ਕੋਈ ਬੁਰਿਆਈ ਨਹੀਂ ਮਲੂਮ ਹੁੰਦੀ ਪਰ ਜੇ ਕਿਸੇ ਆਤਮਾ ਯਾ ਦੂਤ ਨੇ ਉਹ ਦੇ ਨਾਲ ਗੱਲ ਕੀਤੀ ਹੈ ਤਾਂ ਫੇਰ ਕੀ ਹੋਇਆ? 10ਜਾਂ ਵੱਡਾ ਝਗੜਾ ਹੋਇਆ ਤਾਂ ਫੌਜ ਦੇ ਸਰਦਾਰ ਨੇ ਇਸ ਡਰ ਦੇ ਮਾਰੇ ਭਈ ਕਿਤੇ ਓਹ ਪੌਲੁਸ ਦੇ ਟੋਟੇ ਨਾ ਕਰਨ ਸਿਪਾਹੀਆਂ ਨੂੰ ਹੁਕਮ ਦਿੱਤਾ ਜੋ ਉਤਰ ਕੇ ਉਹ ਨੂੰ ਉਨ੍ਹਾਂ ਵਿੱਚੋਂ ਬਦੋ ਬਦੀ ਕੱਢ ਕੇ ਕਿਲੇ ਦੇ ਅੰਦਰ ਲੈ ਜਾਓ।।
11ਓਸੇ ਰਾਤ ਪ੍ਰਭੁ ਨੇ ਉਹ ਦੇ ਕੋਲ ਖੜ੍ਹੋ ਕੇ ਕਿਹਾ, ਹੌਸਲਾ ਰੱਖ ਕਿਉਂਕਿ ਜਿਸ ਤਰਾਂ ਤੈਂ ਮੇਰੀਆਂ ਗੱਲਾਂ ਉੱਤੇ ਯਰੂਸ਼ਲਮ ਵਿੱਚ ਸਾਖੀ ਦਿੱਤੀ ਓਸੇ ਤਰਾਂ ਤੈਨੂੰ ਰੋਮ ਵਿੱਚ ਭੀ ਸਾਖੀ ਦੇਣੀ ਪਵੇਗੀ।।
12ਜਾਂ ਦਿਨ ਚੜ੍ਹਿਆ ਤਾਂ ਯਹੂਦੀਆਂ ਨੇ ਏਕਾ ਕਰ ਕੇ ਆਖਿਆ ਕਿ ਅਸੀਂ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਜੇ ਕੁਝ ਖਾਈਏ ਪੀਵੀਏ ਤਾਂ ਸਾਡੇ ਉੱਤੇ ਧ੍ਰਿਗ ਹੋਵੇ ! 13ਜਿਨ੍ਹਾਂ ਆਪਸ ਵਿੱਚ ਰਲ ਕੇ ਇਹ ਸੌਂਹ ਖਾਧੀ ਸੀ ਓਹ ਚਾਹਲੀਆਂ ਤੋਂ ਵੱਧ ਸਨ 14ਸੋ ਉਨ੍ਹਾਂ ਨੇ ਪਰਧਾਨ ਜਾਜਕਾਂ ਅਤੇ ਬਜ਼ੁਰਗਾਂ ਦੇ ਕੋਲ ਜਾ ਕੇ ਕਿਹਾ ਭਈ ਅਸਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤੀਕੁਰ ਪੌਲੁਸ ਨੂੰ ਮਾਰ ਨਾ ਲਈਏ ਅਸੀਂ ਕੁਝ ਨਾ ਚੱਖਾਂਗੇ 15ਸੋ ਹੁਣ ਤੁਸੀਂ ਸਭਾ ਦੇ ਨਾਲ ਰਲ ਕੇ ਫੌਜ ਦੇ ਸਰਦਾਰ ਨੂੰ ਕਹੋ ਜੋ ਉਹ ਨੂੰ ਤੁਹਾਡੇ ਕੋਲ ਲੈ ਆਵੇ ਭਈ ਜਿੱਕੂੰ ਤੁਸੀਂ ਉਹ ਦੀ ਹਕੀਕਤ ਹੋਰ ਵੀ ਠੀਕ ਤਰਾਂ ਨਾਲ ਮਲੂਮ ਕਰਨੀ ਚਾਹੁੰਦੇ ਹੋ ਅਤੇ ਅਸੀਂ ਉਸ ਦੇ ਨੇੜੇ ਆਉਣ ਤੋਂ ਪਹਿਲਾਂ ਹੀ ਉਹ ਦੇ ਮਾਰ ਘੱਤਣ ਨੂੰ ਤਿਆਰ ਹੋ ਰਹਾਂਗੇ 16ਪਰ ਪੌਲੁਸ ਦਾ ਭਣੇਵਾਂ ਉਨ੍ਹਾਂ ਦੇ ਘਾਤ ਲਾਉਣ ਦਾ ਹਾਲ ਸੁਣ ਕੇ ਆਇਆ ਅਤੇ ਕਿਲੇ ਦੇ ਅੰਦਰ ਜਾ ਕੇ ਪੌਲੂਸ ਨੂੰ ਦੱਸ ਦਿੱਤਾ 17ਤਦ ਪੌਲੁਸ ਨੇ ਸੂਬੇਦਾਰਾਂ ਵਿੱਚੋਂ ਇੱਕ ਨੂੰ ਕੋਲ ਸੱਦ ਕੇ ਆਖਿਆ ਭਈ ਇਸ ਜੁਆਨ ਨੂੰ ਫੌਜ ਦੇ ਸਰਦਾਰ ਕੋਲ ਲੈ ਜਾਹ ਕਿਂਉ ਜੋ ਇਸ ਨੇ ਉਹ ਨੂੰ ਕੁਝ ਦੱਸਣਾ ਹੈ 18ਸੋ ਉਸ ਨੇ ਉਹ ਨੂੰ ਆਪਣੇ ਨਾਲ ਲੈ ਕੇ ਸਰਦਾਰ ਕੋਲ ਲਿਆਂਦਾ ਅਤੇ ਕਿਹਾ, ਪੌਲੁਸ ਕੈਦੀ ਨੇ ਮੈਨੂੰ ਕੋਲ ਸੱਦ ਕੇ ਅਰਜ਼ ਕੀਤੀ ਜੋ ਇਸ ਜੁਆਨ ਨੂੰ ਤੁਹਾਡੇ ਕੋਲ ਲਿਆਵਾਂ ਕਿ ਉਹ ਨੇ ਤੁਹਾਡੇ ਨਾਲ ਕੋਈ ਗੱਲ ਕਰਨੀ ਹੈ 19ਉਪਰੰਤ ਸਰਦਾਰ ਨੇ ਉਹ ਦਾ ਹੱਥ ਫੜਿਆ ਅਤੇ ਲਾਂਭੇ ਲੈ ਜਾ ਕੇ ਇਕਾਂਤ ਵਿੱਚ ਪੁੱਛਿਆ, ਉਹ ਕੀ ਹੈ ਜੋ ਤੈਂ ਮੈਨੂੰ ਦੱਸਣਾ ਹੈ 20ਉਹ ਬੋਲਿਆ, ਯਹੂਦੀਆਂ ਨੇ ਏਕਾ ਕੀਤਾ ਹੈ ਕਿ ਤੁਹਾਡੇ ਕੋਲ ਅਰਜ਼ ਕਰਨ ਜੋ ਤੁਸੀਂ ਭਲਕੇ ਪੌਲੁਸ ਨੂੰ ਸਭਾ ਵਿੱਚ ਲਿਆਵੋ ਭਈ ਜਿੱਕੂੰ ਤੁਸੀਂ ਉਹ ਦੇ ਵਿਖੇ ਕੁਝ ਹੋਰ ਵੀ ਠੀਕ ਤਰਾਂ ਨਾਲ ਪੁੱਛਿਆ ਚਾਹੁੰਦੇ ਹੋ 21ਸੋ ਤੁਸੀਂ ਉਨ੍ਹਾਂ ਦੀ ਨਾ ਮੰਨਿਓ ਕਿਉਂ ਜੋ ਉਨ੍ਹਾਂ ਵਿੱਚੋਂ ਚਾਹਲੀਆਂ ਮਨੁੱਖਾਂ ਤੋਂ ਵੱਧ ਉਹ ਦੀ ਘਾਤ ਵਿੱਚ ਲੱਗ ਰਹੇ ਹਨ ਜਿਨ੍ਹਾਂ ਆਪਣੇ ਉੱਤੇ ਧ੍ਰਿਗ ਲਈ ਹੈ ਕਿ ਜਦ ਤਾਈਂ ਉਹ ਨੂੰ ਮਾਰ ਨਾ ਲਈਏ ਅਸੀਂ ਨਾ ਖਾਵਾਂਗੇ ਨਾ ਪੀਵਾਂਗੇ ਅਤੇ ਹੁਣ ਓਹ ਤਿਆਰ ਹੋ ਕੇ ਤੁਹਾਡੇ ਹੁਕਮ ਦੀ ਉਡੀਕ ਵਿੱਚ ਬੈਠੇ ਸਨ 22ਤਾਂ ਸਰਦਾਰ ਨੇ ਉਸ ਜੁਆਨ ਨੂੰ ਇਹ ਹੁਕਮ ਦੇ ਕੇ ਵਿਦਿਆ ਕੀਤਾ ਭਈ ਕਿਸੇ ਕੋਲ ਨਾ ਆਖੀਂ ਜੋ ਤੈਂ ਇਹ ਗੱਲ ਮੈਨੂੰ ਦੱਸੀ ਹੈ 23ਅਤੇ ਉਸ ਨੇ ਸੂਬੇਦਾਰਾਂ ਵਿੱਚੋਂ ਦੋ ਜਣਿਆਂ ਨੂੰ ਸੱਦ ਕੇ ਕਿਹਾ ਭਈ ਦੋ ਸੌ ਸਿਪਾਹੀ ਕੈਸਰਿਯਾ ਨੂੰ ਜਾਣ ਲਈ ਅਰ ਸੱਤਰ ਅਸਵਾਰ ਅਤੇ ਦੋ ਸੌ ਭਾਲੇਬਰਦਾਰ ਪਹਿਰ ਰਾਤ ਗਈ ਨੂੰ ਤਿਆਰ ਕਰ ਰੱਖੋ 24ਅਤੇ ਅਸਵਾਰੀ ਹਾਜ਼ਰ ਕਰੋ ਜੋ ਓਹ ਪੌਲੁਸ ਨੂੰ ਚੜ੍ਹਾ ਕੇ ਫ਼ੇਲਿਕਸ ਹਾਕਮ ਦੇ ਕੋਲ ਸੁਖ ਸਾਂਦ ਨਾਲ ਪੁਚਾ ਦੇਣ 25ਫੇਰ ਉਸ ਨੇ ਇਸ ਪਰਕਾਰ ਦਾ ਖਤ ਲਿਖਿਆ, -
26ਕਲੌਦਿਯੁਸ ਲੁਸਿਯਸ ਦਾ ਹਾਕਮ ਫ਼ੇਲਿਕਸ ਬਹਾਦੁਰ ਨੂੰ ਪਰਨਾਮ 27ਇਸ ਮਰਦ ਨੂੰ ਜਾਂ ਯਹੂਦੀ ਲੋਕਾਂ ਨੇ ਫੜ ਕੇ ਮਾਰ ਸੁੱਟਣ ਉੱਤੇ ਲੱਕ ਬੰਨ੍ਹਿਆ ਤਾਂ ਮੈਂ ਇਹ ਮਲੂਮ ਕਰ ਕੇ ਭਈ ਉਹ ਰੋਮੀ ਹੈ ਸਿਪਾਹੀਆਂ ਦੇ ਨਾਲ ਜਾ ਕੇ ਇਹ ਨੂੰ ਛੁਡਾ ਲਿਆਇਆ 28ਅਤੇ ਜਾਂ ਮੈਂ ਇਹ ਮਲੂਮ ਕਰਨਾ ਚਾਹਿਆ ਕਿ ਉਨ੍ਹਾਂ ਕਿਸ ਕਾਰਨ ਇਸ ਉੱਤੇ ਨਾਲਸ਼ ਕੀਤੀ ਤਾਂ ਉਨ੍ਹਾਂ ਦੀ ਸਭਾ ਵਿੱਚ ਇਹ ਨੂੰ ਲੈ ਗਿਆ 29ਸੋ ਮੈਨੂੰ ਪਤਾ ਲੱਗ ਗਿਆ ਜੋ ਉਨ੍ਹਾਂ ਦੀ ਸ਼ਰਾ ਦੇ ਝਗੜਿਆਂ ਵਿਖੇ ਇਸ ਉੱਤੇ ਨਾਲਸ਼ ਹੋਈ ਹੈ ਪਰ ਕੋਈ ਇਹੋ ਜਿਹਾ ਦਾਵਾ ਨਹੀਂ ਸੀ ਜੋ ਉਹ ਦੇ ਕਤਲ ਯਾ ਕੈਦ ਦਾ ਕਾਰਨ ਹੋਵੇ 30ਜਾਂ ਮੈਨੂੰ ਖਬਰ ਹੋਈ ਜੋ ਓਹ ਐਸ ਮਰਦ ਦੀ ਘਾਤ ਵਿੱਚ ਲੱਗਣਗੇ ਤਾਂ ਮੈਂ ਤਾਬੜਤੋਂੜ ਇਹ ਨੂੰ ਤੁਹਾਡੇ ਕੋਲ ਘੱਲ ਦਿੱਤਾ ਅਤੇ ਇਹ ਦੇ ਮੁਦਈਆਂ ਨੂੰ ਭੀ ਹੁਕਮ ਕੀਤਾ ਜੋ ਤੁਹਾਡੇ ਅੱਗੇ ਇਹ ਦੇ ਉੱਤੇ ਨਾਲਸ਼ ਕਰਨ ।।
31ਉਪਰੰਤ ਸਿਪਾਹੀਆਂ ਨੇ ਹੁਕਮ ਅਨੁਸਾਰ ਪੌਲੁਸ ਨੂੰ ਲੈ ਕੇ ਰਾਤੋਂ ਰਾਤ ਅੰਤਿਪਤ੍ਰਿਸ ਵਿੱਚ ਪੁਚਾਇਆ 32ਪਰ ਅਗਲੇ ਭਲਕ ਅਸਵਾਰਾਂ ਨੂੰ ਉਹਦੇ ਨਾਲ ਜਾਣ ਲਈ ਛੱਡ ਕੇ ਓਹ ਆਪ ਕਿਲੇ ਨੂੰ ਮੁੜੇ 33ਸੋ ਉਨ੍ਹਾਂ ਨੇ ਕੈਸਰਿਯਾ ਵਿੱਚ ਆਣ ਕੇ ਹਾਕਮ ਨੂੰ ਖਤ ਦੇ ਦਿੱਤਾ ਅਤੇ ਪੌਲੁਸ ਨੂੰ ਵੀ ਉਹ ਦੇ ਅੱਗੇ ਹਾਜ਼ਰ ਕੀਤਾ 34ਉਸ ਨੇ ਖਤ ਪੜ੍ਹ ਕੇ ਪੁੱਛਿਆ ਭਈ ਉਹ ਕਿਹੜੇ ਸੂਬੇ ਦਾ ਹੈ ਅਰ ਜਦ ਮਲੂਮ ਕੀਤਾ ਜੋ ਉਹ ਕਿਲਿਕਿਯਾ ਦਾ ਹੈ 35ਤਾਂ ਕਿਹਾ ਕਿ ਤੇਰੇ ਮੁਦਈ ਭੀ ਆ ਲੈਣ ਤਦ ਮੈਂ ਤੇਰੀ ਸੁਣਾਂਗਾ ਅਤੇ ਹੁਕਮ ਦਿੱਤਾ ਜੋ ਹੇਰੋਦੇਸ ਦੇ ਮਹਿਲ ਵਿੱਚ ਉਹ ਨੂੰ ਚੌਕਸੀ ਨਾਲ ਰੱਖੋ।।
Currently Selected:
ਰਸੂਲਾਂ ਦੇ ਕਰਤੱਬ 23: PUNOVBSI
Highlight
Share
Copy

Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.