੨ ਸਮੂਏਲ 16
16
ਦਾਊਦ ਉੱਤੇ ਸ਼ਿਮਈ ਦਾ ਸਰਾਪ
1ਜਾਂ ਦਾਊਦ ਪਹਾੜ ਦੀ ਟੀਸੀ ਤੋਂ ਕੁਝ ਅੱਗੇ ਵੱਧਿਆ ਤਾਂ ਮਫ਼ੀਬੋਸ਼ਥ ਦਾ ਜੁਆਨ ਸੀਬਾ ਦੋ ਖੋਤੇ ਕੱਸੇ ਹੋਏ ਜਿਨ੍ਹਾਂ ਉੱਤੇ ਦੋ ਸੌ ਰੋਟੀਆਂ ਅਤੇ ਸੌ ਗੁੱਛਾ ਦਾਖਾਂ ਦਾ ਅਤੇ ਸੌ ਫਲ ਹਾੜੂ ਅਤੇ ਇੱਕ ਮਸ਼ਕ ਮੈਂ ਦੀ ਲੱਦੀ ਹੋਈ ਸੀ ਉਹ ਦੇ ਮਿਲਣ ਨੂੰ ਆਇਆ 2ਅਤੇ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਇਨ੍ਹਾਂ ਤੋਂ ਤੇਰਾ ਕੀ ਪਰੋਜਨ ਹੈ? ਸੀਬਾ ਨੇ ਆਖਿਆ, ਏਹ ਖੋਤੇ ਪਾਤਸ਼ਾਹ ਦੇ ਘਰਾਣੇ ਦੇ ਚੜ੍ਹਨ ਲਈ ਤੇ ਰੋਟੀਆਂ ਅਤੇ ਹਾੜੂ ਫਲ ਜੁਆਨਾਂ ਦੇ ਖਾਣ ਲਈ ਹੋਣ ਅਤੇ ਇਹ ਮੈ ਓਹ ਜੋ ਉਜਾੜ ਵਿੱਚ ਹੁੱਸ ਜਾਣ ਸੋ ਪੀ ਲੈਣ 3ਸੋ ਪਾਤਸ਼ਾਹ ਨੇ ਆਖਿਆ, ਤੇਰੇ ਮਾਲਕ ਦਾ ਪੁੱਤ੍ਰ ਕਿੱਥੇ ਹੈ? ਸੀਬਾ ਨੇ ਪਾਤਸ਼ਾਹ ਨੂੰ ਆਖਿਆ, ਵੇਖੋ, ਉਹ ਯਰੂਸ਼ਲਮ ਵਿੱਚ ਰਹਿੰਦਾ ਹੈ ਕਿਉਂ ਜੋ ਉਸ ਨੇ ਆਖਿਆ ਹੈ ਭਈ ਇਸਰਾਏਲ ਦਾ ਘਰਾਣਾ ਅੱਜੋ ਹੀ ਮੇਰੇ ਪਿਤਾ ਦਾ ਰਾਜ ਮੈਨੂੰ ਮੋੜ ਦੇਵੇਗਾ 4ਤਦ ਪਾਤਸ਼ਾਹ ਨੇ ਸੀਬਾ ਨੂੰ ਆਖਿਆ, ਵੇਖ, ਜੋ ਕੁਝ ਮਫ਼ੀਬੋਸ਼ਥ ਦਾ ਹੈ ਸੋ ਸਭ ਤੇਰਾ ਹੋਇਆ। ਤਦ ਸੀਬਾ ਨੇ ਆਖਿਆ, ਤੁਹਾਡੇ ਪੈਰੀਂ ਪੈਂਦਾ ਹਾਂ ਜੋ ਮੈਂ ਆਪਣੇ ਮਾਹਰਾਜ ਪਾਤਸ਼ਾਹ ਦੀ ਨਿਗਾਹ ਵਿੱਚ ਕਿਰਪਾ ਜੋਗ ਹੋਵਾਂ।।
5ਫੇਰ ਉੱਥੋਂ ਦਾਊਦ ਪਾਤਸ਼ਾਹ ਬਹੁਰੀਮ ਵਿੱਚ ਆਇਆ ਤਾਂ ਵੇਖੋ, ਉੱਥੋਂ ਸ਼ਾਊਲ ਦੇ ਘਰਾਣੇ ਦੀ ਕੁਲ ਵਿੱਚੋਂ ਇੱਕ ਜਣਾ ਗੇਰਾ ਦਾ ਪੁੱਤ੍ਰ ਸ਼ਿਮਈ ਨਾਮੇ ਨਿੱਕਲਿਆ ਅਤੇ ਸਰਾਪ ਦਿੰਦਾ ਤੁਰਿਆ ਜਾਂਦਾ ਸੀ 6ਅਤੇ ਉਸ ਨੇ ਦਾਊਦ ਉੱਤੇ ਅਤੇ ਦਾਊਦ ਪਾਤਸ਼ਾਹ ਦੇ ਸਾਰਿਆਂ ਟਹਿਲੂਆਂ ਉੱਤੇ ਵੱਟੇ ਮਾਰੇ ਅਤੇ ਉਸ ਵੇਲੇ ਸਾਰੇ ਸੂਰਮੇ ਅਤੇ ਸਭ ਲੋਕ ਉਹ ਦੇ ਸੱਜੇ ਖੱਬੇ ਹੱਥ ਸਨ 7ਅਤੇ ਸ਼ਿਮਈ ਸਰਾਪ ਦਿੰਦਾ ਹੋਇਆ ਇਹ ਆਖਦਾ ਸੀ, ਨਿੱਕਲ ਆ, ਤੂੰ ਨਿੱਕਲ ਆ, ਹੇ ਖ਼ੂਨੀ ਮਨੁੱਖ! ਹੇ ਸ਼ਤਾਨ ਦੇ ਮਨੁੱਖ! 8ਕਿਉਂ ਜੋ ਯਹੋਵਾਹ ਨੇ ਸ਼ਾਊਲ ਦੇ ਘਰਾਣੇ ਦੇ ਸਾਰੇ ਖ਼ੂਨ ਨੂੰ ਜਿਸ ਦੇ ਥਾਂ ਤੂੰ ਪਾਤਸ਼ਾਹ ਬਣਿਆ ਤੇਰੇ ਉੱਤੇ ਮੋੜ ਦਿੱਤਾ ਅਤੇ ਯਹੋਵਾਹ ਨੇ ਤੇਰਾ ਰਾਜ ਤੇਰੇ ਪੁੱਤ੍ਰ ਅਬਸ਼ਾਲੋਮ ਦੇ ਹੱਥ ਦਿੱਤਾ ਅਤੇ ਵੇਖ, ਤੂੰ ਆਪਣੀ ਬੁਰਿਆਈ ਵਿੱਚ ਫਸਿਆ ਹੋਇਆ ਹੈਂ ਕਿਉਂ ਜੋ ਤੂੰ ਖ਼ੂਨੀ ਮਨੁੱਖ ਹੈਂ!।।
9ਤਦ ਸਰੂਯਾਹ ਦੇ ਪੁੱਤ੍ਰ ਅਬੀਸ਼ਈ ਨੇ ਪਾਤਸ਼ਾਹ ਨੂੰ ਆਖਿਆ, ਏਹ ਮੋਇਆ ਹੋਇਆ ਕੁੱਤਾ ਕਾਹਨੂੰ ਮੇਰੇ ਮਾਹਰਾਜ ਪਾਤਸ਼ਾਹ ਨੂੰ ਸਰਾਪ ਦੇਵੇ? ਆਗਿਆ ਹੋਵੇ ਤਾਂ ਜਾ ਕੇ ਉਹ ਦਾ ਸਿਰ ਉਡਾਵਾਂ! 10ਪਾਤਸ਼ਾਹ ਨੇ ਆਖਿਆ, ਹੇ ਸਰੂਯਾਹ ਦੇ ਪੁੱਤ੍ਰੋ, ਤੁਹਾਡੇ ਨਾਲ ਮੇਰਾ ਕੀ ਕੰਮ ਹੈ? ਉਹ ਨੂੰ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਆਖਿਆ ਹੈ ਭਈ ਦਾਊਦ ਨੂੰ ਸਰਾਪ ਦੇਹ। ਫੇਰ ਕੌਣ ਆਖ ਸੱਕਦਾ ਹੈ ਜੋ ਤੈਂ ਅਜੇਹਾ ਕਿਉਂ ਕੀਤਾ? 11ਦਾਊਦ ਨੇ ਅਬੀਸ਼ਈ ਅਤੇ ਆਪਣੇ ਸਾਰੇ ਟਹਿਲੂਆਂ ਨੂੰ ਆਖਿਆ, ਵੇਖੋ, ਮੇਰਾ ਪੁੱਤ੍ਰ ਹੀ ਜੋ ਮੇਰੇ ਤੁਖਮੋਂ ਜੰਮਿਆਂ ਸੀ ਮੇਰੀ ਜਿੰਦ ਨੂੰ ਭਾਲਦਾ ਹੈ ਤਾਂ ਫੇਰ ਹੁਣ ਇਹ ਬਿਨਯਾਮੀਨੀ ਭਲਾ ਕੁਝ ਹੋਰ ਨਾ ਕਰੇਗਾ? ਉਹ ਨੂੰ ਜਾਣ ਦਿਓ ਅਤੇ ਸਰਾਪ ਦੇਣ ਦਿਓ ਕਿਉਂ ਜੋ ਯਹੋਵਾਹ ਨੇ ਉਹ ਨੂੰ ਹੁਕਮ ਦਿੱਤਾ ਹੈ 12ਕੀ ਜਾਣੀਏ ਜੋ ਯਹੋਵਾਹ ਮੇਰੀ ਬਦੀ ਵੱਲ ਵੇਖੇ ਅਤੇ ਯਹੋਵਾਹ ਅੱਜ ਦੇ ਦਿਨ ਉਹ ਦੇ ਸਰਾਪ ਦੇ ਵੱਟੇ ਮੇਰੇ ਨਾਲ ਭਲਿਆਈ ਕਰੇ? 13ਜਿਸ ਵੇਲੇ ਦਾਊਦ ਅਤੇ ਉਸ ਦੇ ਲੋਕ ਰਾਹ ਦੇ ਵਿੱਚ ਤੁਰੇ ਜਾਂਦੇ ਸਨ ਤਾਂ ਸ਼ਿਮਈ ਪਹਾੜ ਦੇ ਬੰਨੇ ਉੱਤੇ ਉਸ ਦੇ ਨਾਲ ਨਾਲ ਲੰਘਦਾ ਸੀ, ਸਰਾਪ ਦਿੰਦਾ ਜਾਂਦਾ ਸੀ, ਉਹ ਦੇ ਵੱਲ ਵੱਟੇ ਮਾਰਦਾ ਅਤੇ ਘੱਟਾ ਸੁੱਟਦਾ ਸੀ 14ਪਾਤਸ਼ਾਹ ਅਤੇ ਉਹ ਦੇ ਨਾਲ ਦੇ ਸਭ ਥੱਕੇ ਹੋਏ ਆਏ ਅਤੇ ਉੱਥੇ ਸਾਹ ਲਿਆ 15ਅਬਸ਼ਾਲੋਮ ਅਤੇ ਉਹ ਦੇ ਸਾਰੇ ਲੋਕ ਅਰਥਾਤ ਇਸਰਾਏਲ ਦੇ ਮਨੁੱਖ ਯਰੂਸ਼ਲਮ ਵਿੱਚ ਆਏ ਅਤੇ ਅਹੀਥੋਫ਼ਲ ਉਸ ਦੇ ਨਾਲ ਸੀ 16ਤਾਂ ਅਜਿਹਾ ਹੋਇਆ ਜਾਂ ਦਾਊਦ ਦਾ ਮਿੱਤ੍ਰ ਹੂਸ਼ਈ ਅਰਕੀ ਅਬਸ਼ਾਲੋਮ ਕੋਲ ਆਇਆ ਤਾਂ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਪਾਤਸ਼ਾਹ ਜੀਉਂਦਾ ਰਹੇ, ਪਾਤਸ਼ਾਹ ਜੀਉਂਦਾ ਰਹੇ! 17ਅਬਸ਼ਾਲੋਮ ਨੇ ਹੂਸ਼ਈ ਨੂੰ ਆਖਿਆ, ਭਲਾ, ਤੂੰ ਆਪਣੇ ਮਿੱਤ੍ਰ ਉੱਤੇ ਇਹੋ ਕਿਰਪਾ ਕੀਤੀ? ਤੂੰ ਆਪਣੇ ਮਿੱਤ੍ਰ ਨਾਲ ਕਿਉਂ ਨਹੀਂ ਗਿਆ? 18ਤਦ ਹੂਸ਼ਈ ਨੇ ਅਬਸ਼ਾਲੋਮ ਨੂੰ ਆਖਿਆ, ਐਉਂ ਨਹੀਂ ਸਗੋਂ ਜਿਹ ਨੂੰ ਯਹੋਵਾਹ ਅਤੇ ਏਹ ਲੋਕ ਅਤੇ ਇਸਰਾਏਲ ਦੇ ਸਾਰੇ ਮਨੁੱਖ ਚੁਣ ਲੈਣ ਮੈਂ ਉੱਸੇ ਦਾ ਹੋਵਾਂਗਾ ਅਰ ਉਸ ਦੇ ਨਾਲ ਰਹਾਂਗਾ 19ਫੇਰ ਮੈਂ ਕਿਹਦੀ ਟਹਿਲ ਕਰਾਂ? ਭਲਾ, ਉਹ ਦੇ ਪੁੱਤ੍ਰ ਦੀ ਨਹੀਂ? ਜੇਹੀ ਮੈਂ ਤੁਹਾਡੇ ਪਿਤਾ ਦੇ ਅੱਗੇ ਟਹਿਲ ਕੀਤੀ ਤੇਹੀ ਹੀ ਤੁਹਾਡੇ ਅੱਗੇ ਵੀ ਕਰਾਂਗਾ।।
20ਤਦ ਅਬਸ਼ਾਲੋਮ ਨੇ ਅਹੀਥੋਫ਼ਲ ਨੂੰ ਆਖਿਆ, ਤੁਸੀਂ ਆਪੋ ਵਿੱਚ ਸਲਾਹ ਕਰੋ ਜੋ ਅਸੀਂ ਕੀ ਕਰੀਏ 21ਅਹੀਥੋਫ਼ਲ ਨੇ ਅਬਸ਼ਾਲੋਮ ਨੂੰ ਆਖਿਆ, ਜਿਨ੍ਹਾਂ ਨੂੰ ਉਹ ਘਰ ਦੀ ਰਾਖੀ ਕਰਨ ਲਈ ਛੱਡ ਗਿਆ ਹੈ ਆਪਣੇ ਪਿਤਾ ਦੀਆਂ ਉਨ੍ਹਾਂ ਸੁਰੀਤਾਂ ਦੇ ਨਾਲ ਭੋਗ ਕਰੋ ਕਿਉਂ ਜੋ ਜਿਸ ਵੇਲੇ ਸਾਰੇ ਇਸਰਾਏਲੀ ਸੁਣਨਗੇ ਭਈ ਤੁਹਾਡੇ ਪਿਤਾ ਦੀ ਤੁਹਾਡੇ ਨਾਲ ਘਿਣ ਹੈ ਤਾਂ ਜੋ ਤੁਹਾਡੇ ਨਾਲ ਹਨ ਉਨ੍ਹਾਂ ਸਭਨਾਂ ਦੇ ਹੱਥ ਤਕੜੇ ਹੋਣਗੇ 22ਸੋ ਉਨ੍ਹਾਂ ਨੇ ਹਵੇਲੀ ਦੀ ਛੱਤ ਉੱਤੇ ਅਬਸ਼ਾਲੋਮ ਦੇ ਲਈ ਤੰਬੂ ਲਾਇਆ ਅਤੇ ਅਬਸ਼ਾਲੋਮ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਤੇ ਆਪਣੇ ਪਿਤਾ ਦੀਆਂ ਸੁਰੀਤਾਂ ਦੇ ਨਾਲ ਸੰਗ ਕੀਤਾ 23ਅਤੇ ਅਹੀਥੋਫ਼ਲ ਦੀ ਸਲਾਹ ਜੋ ਉਨ੍ਹਾਂ ਦਿਨਾਂ ਵਿੱਚ ਉਹ ਦਿੰਦਾ ਸੀ ਅਜੇਹੀ ਹੁੰਦੀ ਸੀ ਭਈ ਜਾਣੀਦਾ ਪਰਮੇਸ਼ੁਰ ਦੀ ਬਾਣੀ ਦੇ ਰਾਹੀਂ ਉਹ ਨੇ ਪਾਈ ਸੀ ਸੋ ਅਹੀਥੋਫ਼ਲ ਦੀ ਸਲਾਹ ਦਾਊਦ ਅਤੇ ਅਬਸ਼ਾਲੋਮ ਦੇ ਨਾਲ ਐਹੋ ਜਿਹੀ ਸੀ।।
Currently Selected:
੨ ਸਮੂਏਲ 16: PUNOVBSI
Highlight
Share
Copy
Want to have your highlights saved across all your devices? Sign up or sign in
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.