YouVersion Logo
Search Icon

੨ ਕੁਰਿੰਥੀਆਂ ਨੂੰ 11

11
ਪੌਲੁਸ ਦਾ ਅਭਮਾਨ ਅਤੇ ਕਸ਼ਟਾਂ ਦਾ ਸਹਾਰਨਾ
1ਮੈਂ ਚਾਹੁੰਦਾ ਹਾਂ ਜੋ ਤੁਸੀਂ ਮੇਰੀ ਥੋੜੀ ਜਿਹੀ ਮੂਰਖਤਾਈ ਨੂੰ ਸਹਾਰੋ, ਹਾਂ, ਤੁਸੀਂ ਜਰੂਰ ਸਹਾਰੋ! 2ਤੁਹਾਡੇ ਲਈ ਮੇਰੀ ਅਣਖ ਪਰਮੇਸ਼ੁਰ ਜਹੀ ਅਣਖ ਹੈ, ਇਸ ਲਈ ਜੋ ਮੈਂ ਇੱਕੋ ਹੀ ਪਤੀ ਨਾਲ ਤੁਹਾਡੀ ਕੁੜਮਾਈ ਕੀਤੀ ਭਈ ਤਾਹਨੂੰ ਪਾਕ ਕੁਆਰੀਂ ਵਾਂਙੁ ਮਸੀਹ ਦੇ ਅਰਪਨ ਕਰਾਂ 3ਪਰ ਮੈਂ ਡਰਦਾ ਹਾਂ ਭਈ ਕਿਤੇ ਐਉਂ ਨਾ ਹੋਵੇ ਕਿ ਜਿਵੇਂ ਸੱਪ ਨੇ ਆਪਣੀ ਖਚਰ ਵਿੱਦਿਆ ਨਾਲ ਹੱਵਾਹ ਨੂੰ ਭਰਮਾਇਆ ਤੁਹਾਡੇ ਮਨ ਵੀ ਉਸ ਸਾਦਗੀ ਅਤੇ ਪਵਿੱਤਰਤਾਈ ਤੋਂ ਜੋ ਮਸੀਹ ਦੀ ਵੱਲ ਹੈ ਵਿਗੜ ਜਾਣ 4ਜੇ ਤਾਂ ਕੋਈ ਆਉਣ ਵਾਲਾ ਕਿਸੇ ਦੂਜੇ ਯਿਸੂ ਦੀ ਮਨਾਦੀ ਕਰਦਾ ਜਿਹ ਦੀ ਅਸਾਂ ਨਾ ਕੀਤੀ ਯਾ ਤੁਹਾਨੂੰ ਕੋਈ ਹੋਰ ਆਤਮਾ ਮਿਲਦਾ ਜਿਹੜਾ ਤੁਹਾਨੂੰ ਨਾ ਮਿਲਿਆ ਯਾ ਕੋਈ ਹੋਰ ਖੁਸ਼ ਖਬਰੀ ਜਿਹ ਨੂੰ ਤੁਸਾਂ ਕਬੂਲ ਨਾ ਕੀਤਾ ਤਾਂ ਤੁਸੀਂ ਅੱਛੀ ਤਰਾਂ ਉਹ ਨੂੰ ਸਹਾਰ ਲੈਂਦੇ ! 5ਕਿਉ ਜੋ ਮੈਂ ਆਪਣੇ ਆਪ ਨੂੰ ਉਨ੍ਹਾਂ ਮਹਾਨ ਰਸੂਲਾਂ ਤੋਂ ਕਿਸੇ ਗੱਲ ਵਿੱਚ ਘੱਟ ਨਹੀਂ ਸਮਝਦਾ ਹਾਂ 6ਪਰ ਭਾਵੇਂ ਮੈਂ ਬੋਲਣ ਵਿੱਚ ਅਨਾੜੀ ਵੀ ਹੋਵਾਂ ਤਾਂ ਗਿਆਨ ਵਿੱਚ ਤਾਂ ਨਹੀਂ ਸਗੋਂ ਅਸਾਂ ਹਰ ਤਰਾਂ ਤੁਹਾਡੇ ਲਈ ਸਭਨਾਂ ਗੱਲਾਂ ਵਿੱਚ ਇਹ ਨੂੰ ਪਰਗਟ ਕੀਤਾ 7ਅਥਵਾ ਮੈਂ ਜੋ ਪਰਮੇਸ਼ੁਰ ਦੀ ਖੁਸ਼ ਖਬਰੀ ਤੁਹਾਨੂੰ ਮੁਖਤ ਸੁਣਾ ਕੇ ਆਪ ਨੂੰ ਨੀਵੀਆਂ ਕੀਤਾ ਭਈ ਤੁਸੀਂ ਉੱਚੇ ਕੀਤੇ ਜਾਓ ਭਲਾ, ਇਹ ਦੇ ਵਿੱਚ ਕੋਈ ਪਾਪ ਕੀਤਾ 8ਤੁਹਾਡੀ ਸੇਵਾ ਕਰਨ ਲਈ ਮੈਂ ਤਾਂ ਹੋਰਨਾਂ ਕਲੀਸਿਯਾਂ ਤੋਂ ਖਰਚ ਲੈ ਕੇ ਉਨ੍ਹਾਂ ਨੂੰ ਲੁੱਟ ਲਿਆ 9ਅਰ ਜਦ ਤੁਹਾਡੇ ਕੋਲ ਹੁੰਦਿਆਂ ਮੈਨੂੰ ਲੋੜ ਪਈ ਤਾਂ ਕਿਸੇ ਉੱਤੇ ਭਾਰੂ ਨਾ ਹੋਇਆ ਕਿਉਂ ਜੋ ਭਰਾਵਾਂ ਨੇ ਮਕਦੂਨਿਯਾ ਤੋਂ ਆ ਕੇ ਮੇਰੀ ਲੋੜ ਪੂਰੀ ਕੀਤੀ ਅਤੇ ਹਰ ਇੱਕ ਗੱਲ ਵਿੱਚ ਮੈਂ ਤੁਹਾਡੇ ਉੱਤੇ ਭਾਰੂ ਹੋਣ ਤੋਂ ਰੁਕਿਆ ਰਿਹਾ ਅਤੇ ਰੁਕਿਆ ਰਹਾਂਗਾ ਵੀ 10ਜੇ ਮਸੀਹ ਦੀ ਸਚਿਆਈ ਮੇਰੇ ਵਿੱਚ ਹੈ ਤਾਂ ਅਖਾਯਾ ਦਿਆਂ ਹਲਕਿਆਂ ਵਿੱਚ ਏਹ ਮੇਰਾ ਅਭਮਾਨ ਕਦੀ ਨਹੀਂ ਰੁਕੇਗਾ 11ਕਿਉਂ? ਇਸ ਕਰਕੇ ਜੋ ਮੈਂ ਤੁਹਾਡੇ ਨਾਲ ਪ੍ਰੀਤ ਨਹੀਂ ਰੱਖਦਾ? ਪਰਮੇਸ਼ੁਰ ਜਾਣਦਾ ਹੈ !।।
12ਪਰ ਮੈਂ ਜੋ ਕਰਦਾ ਹਾਂ ਸੋਈ ਕਰਦਾ ਰਹਾਂਗਾ ਤਾਂ ਜੋ ਮੈਂ ਦਾਉ ਲੱਭਣ ਵਾਲਿਆਂ ਦੇ ਦਾਉ ਝਾੜ ਸੁੱਟਾਂ ਭਈ ਜਿਸ ਗੱਲ ਵਿੱਚ ਓਹ ਅਭਮਾਨ ਕਰਦੇ ਹਨ ਉਸ ਵਿੱਚ ਸਾਡੇ ਵਰਗੇ ਠਹਿਰਨ 13ਕਿਉਂ ਜੋ ਏਹੋ ਜੇਹੇ ਲੋਕ ਝੂਠੇ ਰਸੂਲ ਅਤੇ ਛਲ ਵਲ ਕਰਨ ਵਾਲੇ ਹਨ ਜੋ ਆਪਣੇ ਰੂਪ ਨੂੰ ਮਸੀਹ ਦੇ ਰਸੂਲਾਂ ਦੇ ਰੂਪ ਵਿੱਚ ਵਟਾਉਂਦੇ ਹਨ 14ਅਤੇ ਇਹ ਅਚਰਜ ਦੀ ਗੱਲ ਨਹੀਂ ਕਿਉਂ ਜੋ ਸ਼ਤਾਨ ਵੀ ਆਪਣੇ ਰੂਪ ਨੂੰ ਚਾਨਣ ਦੇ ਦੂਤ ਦੇ ਰੂਪ ਵਿੱਚ ਵਟਾਉਂਦਾ ਹੈ 15ਇਸ ਲਈ ਜੋ ਉਹ ਦੇ ਸੇਵਕ ਆਪਣੇ ਰੂਪ ਨੂੰ ਧਰਮ ਦੇ ਸੇਵਕਾਂ ਦੇ ਰੂਪ ਵਿੱਚ ਵਟਾਉਂਦੇ ਹਨ ਤਾਂ ਕੋਈ ਵੱਡੀ ਗੱਲ ਨਹੀਂ ਪਰ ਉਨ੍ਹਾਂ ਦਾ ਅੰਤ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਹੋਵੇਗਾ।।
16ਮੈਂ ਫੇਰ ਇਹ ਆਖਦਾ ਹਾਂ ਭਈ ਕੋਈ ਮੈਨੂੰ ਮੂਰਖ ਨਾ ਸਮਝੇ, ਨਹੀਂ ਤਾਂ ਮੈਨੂੰ ਮੂਰਖ ਹੀ ਜਾਣ ਕੇ ਕਬੂਲ ਕਰੋ ਤਾਂ ਜੋ ਮੈਂ ਵੀ ਥੋੜਾ ਜਿਹਾ ਅਭਮਾਨ ਕਰਾਂ 17ਜੋ ਕੁਝ ਮੈਂ ਇਸ ਅਭਮਾਨ ਕਰਨ ਦੇ ਭਰੋਸੇ ਨਾਲ ਕਹਿੰਦਾ ਹਾਂ ਸੋ ਪ੍ਰਭੁ ਦੀ ਮੱਤ ਦੇ ਅਨੁਸਾਰ ਨਹੀਂ ਪਰ ਜਿਵੇਂ ਮੂਰਖਤਾਈ ਨਾਲ ਕਹਿੰਦਾ ਹਾਂ 18ਜਦੋਂ ਬਾਹਲੇ ਲੋਕ ਸਰੀਰ ਦੇ ਅਨੁਸਾਰ ਅਭਮਾਨ ਕਰਦੇ ਹਨ ਮੈਂ ਵੀ ਅਭਮਾਨ ਕਰਾਂਗਾ 19ਕਿਉਂ ਜੋ ਤੁਸੀਂ ਆਪ ਸਿਆਣੇ ਹੋ ਜੋ ਤਦੇ ਮੂਰਖਾਂ ਦਾ ਖੁਸ਼ੀ ਨਾਲ ਸਹਾਰਾ ਲੈਂਦੇ ਹੋ 20ਜਦ ਕੋਈ ਤੁਹਾਨੂੰ ਗੁਲਾਮੀ ਵਿੱਚ ਲਿਆਉਂਦਾ ਹੈ, ਜਦ ਕੋਈ ਤੁਹਾਨੂੰ ਚੱਟ ਕਰ ਜਾਂਦਾ ਹੈ, ਜਦ ਕੋਈ ਤੁਹਾਨੂੰ ਬੰਧਨ ਵਿੱਚ ਲਿਆਉਂਦਾ ਹੈ, ਜਦ ਕੋਈ ਆਪਣੇ ਆਪ ਨੂੰ ਉੱਚਿਆਂ ਕਰਦਾ ਹੈ, ਜਦ ਕੋਈ ਤੁਹਾਡੇ ਮੂੰਹ ਉੱਤੇ ਚਪੇੜਾਂ ਮਾਰਦਾ ਹੈ, ਤਦ ਤੁਸੀਂ ਸਹਾਰ ਲੈਂਦੇ ਹੋ 21ਮੈਂ ਨਿਆਦਰੀ ਦੇ ਰਾਹ ਵਿੱਚ ਆਖਦਾ ਹੈਂ ਭਈ ਅਸੀਂ ਵੀ ਮਾੜੇ ਜੇਹੇ ਸਾਂ ਪਰ ਜਿਸ ਗੱਲ ਵਿੱਚ ਕੋਈ ਦਿਲੇਰ ਹੈ (ਮੈਂ ਮੂਰਖਤਾਈ ਨਾਲ ਇਹ ਆਖਦਾ ਹਾਂ) ਮੈਂ ਵੀ ਦਿਲੇਰ ਹਾਂ 22ਕੀ ਓਹ ਇਬਰਾਨੀ ਹਨ? ਮੈਂ ਵੀ ਹਾਂ ਕੀ ਓਹ ਇਸਰਾਏਲੀ ਹਨ? ਮੈਂ ਵੀ ਹਾਂ। ਕੀ ਓਹ ਅਬਰਾਹਾਮ ਦੀ ਅੰਸ ਹਨ? ਮੈਂ ਵੀ ਹਾਂ 23ਕੀ ਓਹ ਮਸੀਹ ਦੇ ਸੇਵਕ ਹਨ? ਮੈਂ ਬੇਸੁੱਧ ਵਾਂਙੁ ਬੋਲਦਾ ਹਾਂ, ਮੈਂ ਵਧੀਕ ਹਾਂ, ਅਰਥਾਤ ਮਿਹਨਤਾਂ ਦੇ ਵਿੱਚ ਵਧੀਕ, ਕੈਦਾਂ ਵਿੱਚ ਵਧੀਕ, ਮਾਰ ਖਾਣ ਵਿੱਚ ਹੱਦੋਂ ਬਾਹਰ, ਮੌਤਾਂ ਵਿੱਚ ਬਹੁਤ ਵਾਰੀ 24ਮੈਂ ਪੰਜ ਵਾਰੀ ਯਹੂਦੀਆਂ ਦੇ ਹੱਥੋਂ ਇੱਕ ਘੱਟ ਚਾਲੀ ਕੋਰੜੇ ਖਾਧੇ 25ਮੈਂ ਤਿੰਨ ਵਾਰੀ ਬੈਂਤਾਂ ਦੀ ਮਾਰ ਖਾਧੀ, ਇੱਕ ਵਾਰੀ ਪਥਰਾਉ ਹੋਇਆ, ਤਿੰਨ ਵਾਰੀ ਬੇੜੇ ਦੇ ਗਰਕਣ ਤੋਂ ਦੁਖ ਭੋਗਿਆ, ਇੱਕ ਰਾਤ ਦਿਨ ਸਮੁੰਦਰ ਵਿੱਚ ਕੱਟਿਆ 26ਬਹੁਤ ਵਾਰ ਪੈਂਡਿਆਂ ਵਿੱਚ, ਦਰਿਆਵਾਂ ਦਿਆਂ ਭੌਜਲਾਂ ਵਿੱਚ, ਡਾਕੂਆਂ ਦਿਆਂ ਭੌਜਲਾਂ ਵਿੱਚ, ਆਪਣੀ ਕੌਮ ਵੱਲੋਂ ਭੌਜਲਾਂ ਵਿੱਚ, ਪਰਾਈਆਂ ਕੌਮਾਂ ਦੀ ਵੱਲੋਂ ਭੌਜਲਾਂ ਵਿੱਚ, ਨਗਰ ਦਿਆਂ ਭੌਜਲਾਂ ਵਿੱਚ, ਉਜਾੜ ਦਿਆਂ ਭੌਜਲਾਂ ਵਿੱਚ, ਸਮੁੰਦਰ ਦਿਆਂ ਭੌਜਲਾਂ ਵਿੱਚ, ਖੋਟੇ ਭਰਾਵਾਂ ਦਿਆਂ ਭੌਜਲਾਂ ਵਿੱਚ 27ਮਿਹਨਤ ਪੋਹਰਿਆਂ ਵਿੱਚ, ਕਈ ਵਾਰੀ ਉਣੀਂਦਿਆਂ ਵਿੱਚ, ਭੁੱਖ ਅਤੇ ਤਰੇਹ ਵਿੱਚ, ਕਈ ਵਾਰੀ ਫਾਕਿਆਂ ਵਿੱਚ, ਪਾਲੇ ਅਤੇ ਨੰਗੇ ਰਹਿਣ ਵਿੱਚ ਪਿਆ ਹਾਂ 28ਅਤੇ ਹੋਰ ਗੱਲਾਂ ਤੋਂ ਬਾਝ ਸਾਰੀਆਂ ਕਲੀਸਿਯਾਂ ਦੀ ਚਿੰਤਾ ਮੈਨੂੰ ਰੋਜ ਆਣ ਦਬਾਉਂਦੀ ਹੈ 29ਕੌਣ ਨਿਰਬਲ ਹੈ ਜੋ ਮੈਂ ਨਿਰਬਲ ਨਹੀਂ ਹਾਂ? ਕੌਣ ਠੋਕਰ ਖਾਂਦਾ ਹੈ ਜੋ ਮੈਂ ਨਹੀਂ ਜਲਦਾ?।।
30ਜੇ ਅਭਮਾਨ ਕਰਨਾ ਵੀ ਪਵੇ ਤਾਂ ਮੈਂ ਆਪਣੀ ਨਿਰਬਲਤਾਈ ਦੀਆਂ ਗੱਲਾਂ ਉੱਤੇ ਅਭਮਾਨ ਕਰਾਂਗਾ 31ਪ੍ਰਭੁ ਯਿਸੂ ਦਾ ਪਰਮੇਸ਼ੁਰ ਅਤੇ ਪਿਤਾ ਜਿਹੜਾ ਜੁੱਗੋ ਜੁੱਗ ਮੁਬਾਰਕ ਹੈ ਜਾਣਦਾ ਹੈ ਜੋ ਮੈਂ ਝੂਠ ਨਹੀਂ ਬੋਲਦਾ 32ਦੰਮਿਸਕ ਵਿੱਚ ਉਸ ਹਾਕਮ ਨੇ ਜਿਹੜਾ ਰਾਜਾ ਅਰਿਤਾਸ ਦੀ ਵੱਲੋਂ ਸੀ ਦੰਮਿਸ਼ਕੀਆਂ ਦੇ ਸ਼ਹਿਰ ਉੱਤੇ ਮੇਰੇ ਫੜਨ ਲਈ ਪਹਿਰਾ ਬਹਾਲਿਆ 33ਅਤੇ ਮੈਂ ਤਾਕੀ ਥਾਣੀ ਟੋਕਰੇ ਵਿੱਚ ਸਫ਼ੀਲ ਉੱਪਰ ਦੀ ਉਤਾਰਿਆ ਗਿਆ ਅਤੇ ਉਹ ਦੇ ਹੱਥੋਂ ਬਚ ਨਿੱਕਲਿਆ।।

Highlight

Share

Copy

None

Want to have your highlights saved across all your devices? Sign up or sign in

Video for ੨ ਕੁਰਿੰਥੀਆਂ ਨੂੰ 11