ਲੂਕਾ 14
14
ਪਰਾਹੁਣਿਆਂ ਲਈ ਨਸੀਹਤ। ਚੇਲੇ ਹੋਣ ਦੀ ਸ਼ਰਤ
1ਇਉਂ ਹੋਇਆ ਕਿ ਜਦ ਉਹ ਸਬਤ ਦੇ ਦਿਨ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਰੋਟੀ ਖਾਣ ਗਿਆ ਤਦ ਓਹ ਉਸ ਦੀ ਤਾੜ ਵਿੱਚ ਲੱਗੇ ਹੋਏ ਸਨ 2ਅਰ ਵੇਖੋ ਇੱਕ ਜਲੋਧਰੀ ਮਨੁੱਖ ਉਹ ਦੇ ਸਾਹਮਣੇ ਸੀ 3ਯਿਸੂ ਅੱਗੋਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਅਤੇ ਫ਼ਰੀਸੀਆਂ ਨੂੰ ਇਹ ਆਖਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਜੋਗ ਹੈ ਕਿ ਨਹੀਂ? 4ਪਰ ਓਹ ਚੁੱਪ ਵੱਟ ਗਏ। ਤਾਂ ਉਸ ਨੇ ਉਹ ਨੂੰ ਲੈ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ 5ਅਤੇ ਉਨ੍ਹਾਂ ਨੂੰ ਆਖਿਆ ਭਈ ਤੁਹਾਡੇ ਵਿੱਚੇਂ ਕੌਣ ਹੈ ਜੇ ਉਹ ਦਾ ਗਧਾ ਯਾ ਬੈਲ ਖੂਹ ਵਿੱਚ ਡਿਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਹ ਨੂੰ ਨਾ ਕੱਢੇ? 6ਅਤੇ ਓਹ ਇਨ੍ਹਾਂ ਗੱਲਾਂ ਦਾ ਉੱਤਰ ਨਾ ਦੇ ਸੱਕੇ।।
7ਜਾਂ ਉਸ ਨੇ ਵੇਖਿਆ ਭਈ ਪਰਾਹੁਣੇ ਕਿਸ ਤਰਾਂ ਉੱਚੀਆਂ ਥਾਵਾਂ ਨੂੰ ਪਸਿੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ 8ਕਿ ਜਾਂ ਕੋਈ ਤੈਨੂੰ ਵਿਆਹ ਵਿੱਚ ਨਿਉਤਾ ਦੇਵੇ ਤਾਂ ਉੱਚੀ ਥਾਂ ਨਾ ਬੈਠ। ਕੀ ਜਾਣੀਏ ਕਿ ਓਨ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਨਿਉਤਾ ਦਿੱਤਾ ਹੋਵੇ 9ਅਰ ਜਿਸ ਨੇ ਤੈਨੂੰ ਅਤੇ ਉਸ ਨੂੰ ਨਿਉਤਾ ਦਿੱਤਾ ਹੈ ਜੋ ਆਣ ਕੇ ਤੈਨੂੰ ਆਖੇ ਕਿ ਇਹ ਨੂੰ ਜਗ੍ਹਾ ਦਿਹ ਅਰ ਤਦ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਨੀਵੀਂ ਥਾਂ ਬੈਠਣਾ ਪਵੇ 10ਪਰ ਜਾਂ ਤੈਨੂੰ ਨਿਉਤਾ ਦਿੱਤਾ ਜਾਵੇ ਜਾਂ ਸਭ ਤੋਂ ਨੀਵੀਂ ਥਾਂ ਜਾ ਬੈਠ, ਫੇਰ ਜਿਹ ਨੇ ਤੈਨੂੰ ਨਿਉਤਾ ਦਿੱਤਾ ਹੈ ਜਦ ਉਹ ਆਵੇ ਤਦ ਤੈਨੂੰ ਆਖੇ,"ਮਿੱਤ੍ਰਾ, ਅੱਗੇ ਆ ਜਾਹ" ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ 11ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ।।
12ਜਿਨ ਉਸ ਨੂੰ ਨਿਉਤਾ ਦਿੱਤਾ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਯਾ ਰਾਤ ਦੀ ਜ਼ਿਆਫ਼ਤ ਕਰੇਂ ਤਾਂ ਆਪਣਿਆਂ ਮਿੱਤ੍ਰਾਂ ਅਤੇ ਆਪਣਿਆਂ ਭਾਈਆਂ ਅਤੇ ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਓਹ ਫੇਰ ਤੈਨੂੰ ਵੀ ਬੁਲਾਉਣ ਅਰ ਤੇਰਾ ਬਦਲਾ ਹੋ ਜਾਵੇ 13ਪਰ ਜਾ ਤੂੰ ਦਾਉਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਙਿਆਂ, ਅੰਨ੍ਹਿਆ ਨੂੰ ਸੱਦ 14ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਦੇਣ ਨੂੰ ਉਨ੍ਹਾਂ ਕੋਲ ਕੁਝ ਨਹੀਂ ਹੈ ਸੋ ਤੈਨੂੰ ਧਰਮੀਆਂ ਦੀ ਕਿਆਮਤ ਵਿੱਚ ਬਦਲਾ ਦਿੱਤਾ ਜਾਵੇਗਾ।।
15ਉਹ ਦੇ ਨਾਲ ਦੇ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕਿ ਉਹ ਨੂੰ ਕਿਹਾ ਕਿ ਧੰਨ ਉਹ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਰੋਟੀ ਖਾਊਗਾ 16ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਵੱਡੀ ਜ਼ਿਆਫ਼ਤ ਕੀਤੀ ਅਤੇ ਬਹੁਤਿਆਂ ਨੂੰ ਬੁਲਾਇਆ 17ਅਤੇ ਉਸ ਨੇ ਖਾਣੇ ਦੇ ਵੇਲੇ ਆਪਣੇ ਨੌਕਰ ਨੂੰ ਘੱਲਿਆ ਜੋ ਉਹ ਸੱਦੇ ਹੋਇਆਂ ਨੂੰ ਕਹੇ ਭਈ ਆਓ ਕਿਉਂ ਜੋ ਹੁਣ ਸੱਭੋ ਕੁਝ ਤਿਆਰ ਹੈ 18ਤਾਂ ਓਹ ਸੱਭੇ ਇੱਕ ਮੱਤ ਹੋ ਕੇ ਉਜ਼ਰ ਕਰਨ ਲੱਗੇ। ਪਹਿਲੇ ਨੇ ਉਹ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਹ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਭਈ ਮੇਰੀ ਵੱਲੋਂ ਉਜ਼ਰ ਕਰੀਂ 19ਅਤੇ ਦੂਏ ਨੇ ਆਖਿਆ, ਮੈਂ ਬਲਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣੇ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੇਰੀ ਵੱਲੋਂ ਉਜ਼ਰ ਕਰੀਂ 20ਅਤੇ ਹੋਰ ਨੇ ਆਖਿਆ, ਮੈਂ ਵਿਆਹ ਕੀਤਾ ਹੈ ਅਤੇ ਇਸ ਲਈ ਮੈਂ ਨਹੀਂ ਆ ਸੱਕਦਾ 21ਤਾਂ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਨ੍ਹਾਂ ਗੱਲਾਂ ਦੀ ਖਬਰ ਦਿੱਤੀ ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ, ਸ਼ਤਾਬੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾਹ ਅਰ ਕੰਗਾਲਾਂ ਅਤੇ ਟੁੰਡਿਆਂ ਅਤੇ ਅੰਨ੍ਹਿਆਂ ਅਤੇ ਲੰਙਿਆਂ ਨੂੰ ਐੱਥੇ ਅੰਦਰ ਲਿਆ 22ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸਾਂ ਹੁਕਮ ਕੀਤਾ ਸੀ ਤਿਵੇਂ ਹੀ ਹੋਇਆ ਹੈ ਅਤੇ ਅਜੇ ਥਾਂ ਹੈ 23ਮਾਲਕ ਨੇ ਨੌਕਰ ਨੂੰ ਕਿਹਾ ਭਈ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨਿਆ ਵੱਲ ਜਾਹ ਅਤੇ ਵੱਡੀ ਤਗੀਦ ਕਰਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਭਰ ਜਾਵੇ 24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਭਈ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰਾ ਖਾਣਾ ਨਾ ਚੱਖੇਗਾ।। 25ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ 26ਜੇ ਕੋਈ ਮੇਰੇ ਕੋਲ ਆਵੇ ਅਰ ਆਪਣੇ ਪਿਉ ਅਤੇ ਮਾਂ ਅਤੇ ਤੀਵੀਂ ਅਤੇ ਬਾਲ ਬੱਚਿਆਂ ਅਤੇ ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨਾਲ ਵੀ ਵੈਰ ਨਾ ਰੱਖੇ ਤਾਂ ਓਹ ਮੇਰਾ ਚੇਲਾ ਨਹੀਂ ਹੋ ਸੱਕਦਾ 27ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਆਵੇ ਮੇਰਾ ਚੇਲਾ ਨਹੀਂ ਹੋ ਸੱਕਦਾ 28ਤੁਹਾਡੇ ਵਿੱਚੋਂ ਕੌਣ ਹੈ ਜਿਹ ਦੀ ਬੁਰਜ ਬਣਾਉਣ ਦੀ ਦਲੀਲ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਲੇਖਾ ਨਾ ਕਰੇ ਭਈ ਮੇਰੇ ਕੋਲ ਉਹ ਦੇ ਪੂਰਾ ਕਰਨ ਜੋਗਾ ਹੈ ਕਿ ਨਹੀਂ? 29ਕਿਤੇ ਐਉਂ ਨਾ ਹੋਵੇ ਕਿ ਜਾਂ ਉਸ ਨੇ ਨੀਉਂ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸ ਉੱਤੇ ਸਭ ਹੱਸਣ ਲੱਗ ਪੈਣ 30ਕਿ ਇਹ ਮਨੁੱਖ ਮਕਾਨ ਬਣਾਉਣ ਲੱਗਾ ਪਰ ਪੂਰਾ ਨਾ ਕਰ ਸੱਕਿਆ! 31ਯਾ ਕਿਹੜਾ ਰਾਜਾ ਹੈ ਕਿ ਜਾਂ ਦੂਏ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ ਭਈ ਕੀ ਮੈ ਦਸ ਹਜ਼ਾਰ ਨਾਲ ਉਹ ਦਾ ਸਾਹਮਣਾ ਕਰ ਸੱਕਦਾ ਹਾਂ ਜਿਹ ਨੇ ਵੀਹ ਹਜ਼ਾਰ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ? 32ਜੇ ਨਹੀਂ ਤਾਂ ਦੂਏ ਦੇ ਅਜੇ ਦੂਰ ਹੁੰਦਿਆਂ ਉਹ ਵਕੀਲ ਘੱਲ ਕੇ ਮੇਲ ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ 33ਸੋ ਇਸੇ ਤਰਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸੱਕਦਾ 34ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਾਹ ਦੇ ਨਾਲ ਸੁਆਦੀ ਕੀਤਾ ਜਾਵੇ? 35ਉਹ ਨਾ ਖੇਤ ਨਾ ਰੂੜੀ ਦੇ ਕੰਮ ਦਾ ਹੈ। ਲੋਕ ਉਹ ਨੂੰ ਬਾਹਰ ਸੁੱਟ ਦਿੰਦੇ ਹਨ। ਜਿਹ ਦੇ ਸੁਣਨ ਦੇ ਕੰਨ ਹੋਣ ਸੋ ਸੁਣੇ।।
Избрани в момента:
ਲੂਕਾ 14: PUNOVBSI
Маркирай стих
Споделяне
Копиране

Искате ли вашите акценти да бъдат запазени на всички ваши устройства? Регистрирайте се или влезте
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.