Лого на YouVersion
Иконка за търсене

ਲੂਕਾ 11

11
ਪ੍ਰਾਰਥਨਾ ਦੇ ਵਿਖੇ । ਯੂਨਾਹ ਦਾ ਨਿਸ਼ਾਨ
1ਤਾਂ ਐਉਂ ਹੋਇਆ ਕਿ ਉਹ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਅਰ ਜਾਂ ਕਰ ਹਟਿਆ ਤਾਂ ਉਹ ਦੇ ਚੇਲਿਆਂ ਵਿੱਚੋਂ ਇੱਕ ਨੇ ਉਹ ਨੂੰ ਆਖਿਆ, ਪ੍ਰਭੁ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾਲ ਜਿਵੇਂ ਯੂਹੰਨਾ ਨੇ ਭੀ ਆਪਣੇ ਚੇਲਿਆਂ ਨੂੰ ਸਿਖਾਲੀ 2ਫੇਰ ਜਦ ਉਸ ਨੇ ਉਨ੍ਹਾਂ ਨੂੰ ਕਿਹਾ, ਜਾਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਹੋ,ਹੇ ਪਿਤਾ, ਤੇਰਾ ਨਾਮ ਪਾਕ ਮੰਨਿਆਂ ਜਾਵੇ,ਤੇਰਾ ਰਾਜ ਆਵੇ, 3ਸਾਡੀ ਰੋਜ਼ ਦੀ ਰੋਟੀ ਰੋਜ਼ ਸਾਨੂੰ ਦਿਹ, 4ਅਤੇ ਸਾਡੇ ਪਾਪ ਸਾਨੂੰ ਮਾਫ਼ ਕਰ,ਕਿਉਂ ਜੋ ਅਸੀਂ ਆਪ ਵੀ ਆਪਣੇ ਹਰੇਕ ਕਰਜਾਈ ਨੂੰ ਮਾਫ਼ ਕਰਦੇ ਹਾਂ, ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।।
5ਉਸ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਹ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਹ ਦੇ ਕੋਲ ਜਾ ਕੇ ਉਹ ਨੂੰ ਕਹੇ, ਮਿੱਤ੍ਰਾ ਤਿੰਨ ਰੋਟੀਆਂ ਮੈਨੂੰ ਉਧਾਰੀਆਂ ਦਿਹ 6ਕਿਉਂ ਜੋ ਮੇਰਾ ਇੱਕ ਮਿੱਤਰ ਪੈਂਡਾ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਕੁਝ ਨਹੀਂ ਜੋ ਉਹ ਦੇ ਅੱਗੇ ਰੱਖਾਂ 7ਅਰ ਉਹ ਅੰਦਰੋਂ ਉੱਤਰ ਦੇਵੇ ਭਈ ਮੈਨੂੰ ਔਖਾ ਨਾ ਕਰ, ਹੁਣ ਬੂਹਾ ਵੱਜਿਆ ਹੋਇਆ ਹੈ ਅਤੇ ਮੇਰੇ ਲੜਕੇ ਬਾਲੇ ਮੇਰੇ ਨਾਲ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਦੇ ਨਹੀਂ ਸੱਕਦਾ 8ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਹ ਉਸ ਦਾ ਮਿੱਤਰ ਹੋਣ ਦੇ ਕਾਰਨ ਉੱਠ ਕੇ ਉਹ ਨੂੰ ਨਾ ਦੇਵੇ ਪਰ ਉਹ ਦੇ ਢੀਠਪੁਣੇ ਦੇ ਕਾਰਨ ਉੱਠੇਗਾ ਅਤੇ ਜਿੰਨੀਆਂ ਦੀ ਲੋੜ ਹੋਵੇਗੀ ਉਹ ਨੂੰ ਦੇਵੇਗਾ 9ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਢੂੰਡੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ 10ਕਿਉਂਕਿ ਹਰੇਕ ਜਿਹੜਾ ਮੰਗਦਾ ਹੈ ਉਹ ਲੈਂਦਾ ਹੈ ਅਤੇ ਜਿਹੜਾ ਢੂੰਡਦਾ ਹੈ ਉਹ ਨੂੰ ਲੱਭਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਹ ਦੇ ਲ਼ਈ ਖੋਲ੍ਹਿਆ ਜਾਵੇਗਾ 11ਪਰ ਤੁਹਾਡੇਵਿੱਚੋਂ ਉਹ ਕਿਹੜਾ ਪਿਉ ਹੈ ਕਿ ਜੇ ਉਹ ਦਾ ਪੁੱਤ੍ਰ ਮੱਛੀ ਮੰਗੇ ਤਾਂ ਉਹ ਨੂੰ ਮੱਛੀ ਦੇ ਥਾਂ ਸੱਪ ਦੇਵੇਗਾ? 12ਯਾ ਜੇ ਆਂਡਾ ਮੰਗੇ ਤਾਂ ਉਹ ਨੂੰ ਬਿੱਛੂ ਦੇਵੇਗਾ? 13ਸੋ ਜੇ ਤੁਸੀਂ ਬੁਰੇ ਹੋ ਕੇ ਆਪਣਿਆਂ ਬਾਲਕਾਂ ਨੂੰ ਚੰਗੀਆਂ ਦਾਤਾਂ ਦੇਣੀਆਂ ਜਾਣਦੇ ਹੋ ਤਾਂ ਉਹ ਸੁਰਗੀ ਪਿਤਾ ਕਿੰਨਾ ਵਧੀਕ ਆਪਣੇ ਮੰਗਣ ਵਾਲਿਆਂ ਨੂੰ ਪਵਿੱਤ੍ਰ ਆਤਮਾ ਦੇਵੇਗਾ ! ।।
14ਉਹ ਇੱਕ ਗੂੰਗੇ ਭੂਤ ਨੂੰ ਕੱਢਦਾ ਪਿਆ ਸੀ ਅਤੇ ਐਉਂ ਹੋਇਆ ਕਿ ਜਾਂ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਰ ਲੋਕ ਹੈਰਾਨ ਹੋਏ 15ਪਰ ਉਨ੍ਹਾਂ ਵਿੱਚੋਂ ਕਿੰਨਿਆਂ ਨੇ ਆਖਿਆ ਜੋ ਉਹ ਭੂਤਾਂ ਦੇ ਸਰਦਾਰ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ 16ਅਤੇ ਹੋਰਨਾਂ ਨੇ ਪਰਤਾਉਣ ਲਈ ਅਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ 17ਪਰ ਉਸ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਉਨ੍ਹਾਂ ਨੂੰ ਆਖਿਆ ਭਈ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਸੋ ਉੱਜੜ ਜਾਂਦਾ ਹੈ ਅਤੇ ਘਰ ਘਰ ਉੱਤੇ ਡਿੱਗ ਪੈਂਦਾ ਹੈ 18ਸੋ ਜੇ ਸ਼ਤਾਨ ਦੇ ਆਪਣੇ ਆਪ ਵਿੱਚ ਫੁੱਟ ਪੈ ਗਈ ਤਾਂ ਉਹ ਦਾ ਰਾਜ ਕਿੱਕੁਰ ਠਹਿਰੇਗਾ? ਤੁਸੀਂ ਤਾਂ ਆਖਦੇ ਹੋ ਭਈ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ 19ਅਰ ਜੇ ਮੈਂ ਬਆਲਜ਼ਬੂਲ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤ੍ਰ ਕਿਹ ਦੀ ਸਹਾਇਤਾ ਨਾਲ ਕੱਢਦੇ ਹਨ? ਬੱਸ, ਤੁਹਾਡਾ ਨਿਆਉਂ ਕਰਨ ਵਾਲੇ ਉਹੋ ਹੋਣਗੇ 20ਪਰ ਜੇ ਮੈਂ ਪਰਮੇਸ਼ੁਰ ਦੀ ਉਗਲ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਸਾਂ ਉੱਤੇ ਆ ਪਹੁੰਚਿਆਂ ਹੈ 21ਜਦ ਕੋਈ ਜ਼ੋਰਾਵਰ ਹਥਿਆਰ ਬੰਨ੍ਹੀਂ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਹ ਦਾ ਮਾਲ ਬਚ ਰਹਿੰਦਾ ਹੈ 22ਪਰ ਜੇ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਹ ਨੂੰ ਜਿੱਤ ਲਵੇ ਤਾਂ ਉਹ ਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਹ ਦਾ ਮਾਣ ਸੀ ਖੋਹ ਲੈਂਦਾ ਅਤੇ ਉਹ ਦੀ ਲੁੱਟ ਵੰਡ ਦਿੰਦਾ ਹੈ 23ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਸੰਗ ਇੱਕਠਾ ਨਹੀਂ ਕਰਦਾ ਸੋ ਖਿੰਡਾਉਂਦਾ ਹੈ 24ਜਾਂ ਭਰਿਸ਼ਟ ਆਤਮਾ ਮਨੁੱਖ ਤੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਢੂੰਢਦਾ ਫਿਰਦਾ ਹੈ ਅਤੇ ਨਾ ਲੱਭ ਕੇ ਆਖਦਾ ਹੈ, ਮੈਂ ਆਪਣੇ ਘਰ ਮੁੜ ਜਾਵਾਂਗਾ ਜਿੱਥੋਂ ਨਿੱਕਲਿਆਂ ਸਾਂ 25ਅਰ ਆਣ ਕੇ ਉਨ੍ਹਾਂ ਨੂੰ ਝਾੜਿਆ ਸੁਆਰਿਆ ਵੇਖਦਾ ਹੈ 26ਤਦ ਉਹ ਜਾ ਕੇ ਹੋਰ ਸੱਤ ਆਤਮੇ ਆਪਣੇ ਨਾਲੋਂ ਵੀ ਭੈੜੇ ਸੰਗ ਲਿਆਉਂਦਾ ਹੈ ਅਤੇ ਓਹ ਅੰਦਰ ਵੜ ਕੇ ਉੱਥੇ ਵੱਸਦੇ ਹਨ, ਤਾਂ ਉਸ ਮਨੁੱਖ ਦਾ ਪਿੱਛਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ।।
27ਅਤੇ ਐਉਂ ਹੋਇਆ ਕਿ ਜਾਂ ਉਹ ਇਹ ਗੱਲਾਂ ਕਰਦਾ ਪਿਆ ਸੀ ਤਾਂ ਭੀੜ ਵਿੱਚੋਂ ਇੱਕ ਤੀਵੀਂ ਬੋਲ ਉੱਠੀ ਅਤੇ ਉਸ ਨੂੰ ਕਿਹਾ ਕਿ ਧੰਨ ਹੈ ਉਹ ਕੁੱਖ ਜਿਸ ਵਿੱਚ ਤੂੰ ਪਿਆ ਸੈਂ ਅਤੇ ਉਹ ਦੁੱਧੀਆਂ ਜਿਨ੍ਹਾਂ ਨੂੰ ਤੈਂ ਚੁੰਘਿਆ ਸੀ! 28ਤਾਂ ਉਸ ਆਖਿਆ, ਹਾਂ, ਪਰ ਧੰਨ ਹੋਣਗੇ ਓਹ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।।
29ਜਾਂ ਬਹੁਤ ਲੋਕ ਉਹ ਦੇ ਕੋਲ ਇੱਕਠੇ ਹੁੰਦੇ ਜਾਂਦੇ ਸਨ ਤਾਂ ਉਹ ਕਹਿਣ ਲੱਗਾ ਜੋ ਇਹ ਪੀਹੜੀ ਬੁਰੀ ਪੀਹੜੀ ਹੈ। ਇਹ ਨਿਸ਼ਾਨ ਚਾਹੁੰਦੀ ਹੈ ਪਰ ਯੂਨਾਹ ਦੇ ਨਿਸ਼ਾਨ ਬਿਨਾ ਕੋਈ ਨਿਸ਼ਾਨ ਉਸ ਨੂੰ ਦਿੱਤਾ ਨਾ ਜਾਵੇਗਾ 30ਜਿਸ ਤਰਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਹੋਇਆ ਉਸੇ ਤਰਾਂ ਮਨੁੱਖ ਦਾ ਪੁੱਤ੍ਰ ਵੀ ਇਸ ਪੀਹੜੀ ਦੇ ਲੋਕਾਂ ਲਈ ਹੋਵੇਗਾ 31ਦੱਖਣ ਦੀ ਰਾਣੀ ਅਦਾਲਤ ਵਿੱਚ ਇਸ ਪੀਹੜੀ ਦੇ ਲੋਕਾਂ ਦੇ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦੋਂ ਸੁਲੇਮਾਨ ਦਾ ਗਿਆਨ ਸੁਣਨ ਆਈ ਅਤੇ ਵੇਖੋ ਏਥੇਂ ਸੁਲੇਮਾਨ ਨਾਲੋਂ ਵੀ ਇੱਕ ਵੱਡਾ ਹੈ 32ਨੀਨਵਾਹ ਦੇ ਲੋਕ ਅਦਾਲਤ ਵਿੱਚ ਏਸ ਪੀਹੜੀ ਦੇ ਲੋਕਾਂ ਨਾਲ ਉੱਠ ਖੜੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਏਥੇ ਯੂਨਾਹ ਨਾਲੋਂ ਵੀ ਇੱਕ ਵੱਡਾ ਹੈ ।।
33ਕੋਈ ਦੀਵਾ ਬਾਲ ਕੇ ਭੋਰੇ ਵਿੱਚ ਯਾਂ ਟੋਪੇ ਦੇ ਹੇਠ ਨਹੀਂ ਸਗੋਂ ਦੀਵਟ ਉੱਤੇ ਰੱਖਦਾ ਹੈ ਭਈ ਅੰਦਰ ਆਉਣ ਵਾਲੇ ਚਾਨਣ ਵੇਖਣ 34ਤੇਰੇ ਸਰੀਰ ਦਾ ਦੀਵਾ ਤੇਰਾ ਨੇਤਰ ਹੈ। ਜਾਂ ਤੇਰਾ ਨੇਤਰ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ ਪਰ ਜਾਂ ਉਹ ਬੁਰਾ ਹੈ ਤੈਂ ਤੇਰਾ ਸਰੀਰ ਵੀ ਅਨ੍ਹੇਰਾ ਹੈ 35ਇਸ ਲਈ ਵੇਖ ਕਿ ਉਹ ਚਾਨਣ ਜੋ ਤੇਰੇ ਵਿੱਚ ਹੈ ਕੀਤੇ ਅਨ੍ਹੇਰਾ ਨਾ ਹੋਵੇ 36ਉਪਰੰਤ ਤੇਰਾ ਸਾਰਾ ਸਰੀਰ ਚਾਨਣਾ ਹੋਵੇ ਅਤੇ ਕੋਈ ਅੰਗ ਅਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣਾ ਹੋਵੇਗਾ ਜਿਵੇਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ।।
37ਜਾਂ ਉਹ ਗੱਲ ਕਰਦਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਅਰਦਾਸ ਕੀਤੀ ਜੋ ਮੇਰੇ ਨਾਲ ਰੋਟੀ ਖਾਹ। ਸੋ ਉਹ ਅੰਦਰ ਆਣ ਕੇ ਖਾਣ ਬੈਠਾ 38ਅਤੇ ਫ਼ਰੀਸੀ ਨੇ ਇਹ ਵੇਖ ਕੇ ਅਚਰਜ ਮੰਨਿਆ ਜੋ ਉਸ ਨੇ ਪਹਿਲਾਂ ਖਾਣ ਤੋਂ ਅੱਗੇ ਆਪਣੇ ਆਪ ਨੂੰ ਨਹੀਂ ਧੋਤਾ 39ਪਰ ਪ੍ਰਭੁ ਨੇ ਉਹ ਨੂੰ ਆਖਿਆ, ਹੁਣ ਤੁਸੀਂ ਫ਼ਰੀਸੀ ਥਾਲੀ ਅਤੇ ਛੱਨੇ ਨੂੰ ਬਾਹਰੋਂ ਮਾਂਜਦੇ ਹੋ ਪਰ ਤੁਹਾਡਾ ਅੰਦਰ ਲੁੱਟ ਅਤੇ ਬੁਰਿਆਈ ਨਾਲ ਭਰਿਆ ਹੋਇਆ ਹੈ 40ਹੇ ਮੂਰਖੋ, ਜਿਨ ਬਾਹਰ ਨੂੰ ਬਣਾਇਆ ਭਲਾ ਉਸ ਨੇ ਅੰਦਰ ਨੂੰ ਭੀ ਨਹੀਂ ਬਣਾਇਆ? 41ਅੰਦਰਲੀਆਂ ਚੀਜ਼ਾਂ ਨੂੰ ਦਾਨ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੈ।।
42ਪਰ ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਪੂਦਨੇ ਅਤੇ ਹਰਮਲ ਅਤੇ ਹਰੇਕ ਸਾਗ ਦਾ ਦਸੌਂਧ ਦਿੰਦੇ ਹੋ ਅਤੇ ਨਿਆਉਂ ਤੇ ਪਰਮੇਸ਼ੁਰ ਦੀ ਪ੍ਰੀਤ ਨੂੰ ਉਲੰਘਦੇ ਹੋ ਪਰ ਚਾਹੀਦਾ ਸੀ ਜੋ ਇਨ੍ਹਾਂ ਨੂੰ ਕਰਦੇ ਅਤੇ ਉਨ੍ਹਾਂ ਨੂੰ ਵੀ ਨਾ ਛੱਡਦੇ 43ਤੁਸਾਂ ਫ਼ਰੀਸੀਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਸਮਾਜਾਂ ਵਿੱਚ ਅਗਲੀ ਕੁਰਸੀ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ 44ਤੁਹਾਡੇ ਉੱਤੇ ਹਾਇ ਹਾਇ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜਿਹੜੀਆਂ ਮਲੂਮ ਨਹੀਂ ਦਿੰਦੀਆਂ ਅਤੇ ਮਨੁੱਖ ਉਨ੍ਹਾਂ ਦੇ ਉੱਤੋਂ ਦੀ ਅਣਜਾਣੇ ਚੱਲਦੇ ਹਨ।।
45ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਵਿੱਚੋਂ ਇੱਕ ਨੇ ਉਹ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਕਹਿ ਕੇ ਤੂੰ ਸਾਡੀ ਭੀ ਪਤ ਲਾਹੁੰਦਾ ਹੈਂ 46ਪਰ ਉਹ ਨੇ ਆਖਿਆ, ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਵੀ ਹਾਇ ਹਾਇ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜੇਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਅਤੇ ਆਪ ਆਪਣੀ ਇੱਕ ਉਂਗਲ ਨਾਲ ਉਨ੍ਹਾਂ ਭਾਰਾਂ ਨੂੰ ਨਹੀਂ ਛੋਹੰਦੇ ਹੋ 47ਹਾਇ ਤੁਹਾਨੂੰ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਰ ਤੁਹਾਡਿਆਂ ਪਿਉਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ 48ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਉਦਾਦਿਆਂ ਦੇ ਕੰਮ ਤੁਹਾਨੂੰ ਭਾਉਂਦੇ ਹਨ ਏਸ ਲਈ ਜੋ ਉਨ੍ਹਾਂ ਨੇ ਓਹਨਾਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਓਹਨਾਂ ਦੀਆਂ ਕਬਰਾਂ ਬਣਾਉਂਦੇ ਹੋ 49ਇਸ ਲਈ ਪਰਮੇਸ਼ੁਰ ਦੇ ਗਿਆਨ ਨੇ ਵੀ ਆਖਿਆ ਭਈ ਮੈਂ ਉਨ੍ਹਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਘੱਲਾਂਗਾ ਅਤੇ ਓਹਨਾਂ ਵਿੱਚੋਂ ਕਈਆਂ ਨੂੰ ਓਹ ਮਾਰ ਸੁੱਟਣਗੇ ਅਤੇ ਸਤਾਉਣਗੇ 50ਭਈ ਸਭਨਾਂ ਨਬੀਆਂ ਦਾ ਲਹੂ ਜੋ ਸੰਸਾਰ ਦੇ ਮੁੱਢੋਂ ਵਹਾਇਆ ਗਿਆ ਹੈ 51ਹਾਬਲ ਦੇ ਲਹੂ ਤੋਂ ਲੈ ਕੇ ਜ਼ਕਰਯਾਹ ਦੇ ਲਹੂ ਤੀਕਰ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਇਸ ਪੀਹੜੀ ਤੋਂ ਭਰਿਆ ਜਾਵੇ। ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀਹੜੀ ਤੋਂ ਭਰਿਆ ਜਾਵੇਗਾ! 52ਤੁਸਾਂ ਸ਼ਰ੍ਹਾ ਦੇ ਸਿਖਲਾਉਣ ਵਾਲਿਆਂ ਉੱਤੇ ਹਾਇ ਹਾਇ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਲੈ ਗਏ। ਤੁਸੀਂ ਆਪ ਨਹੀਂ ਵੜੇ ਅਤੇ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ।। 53ਜਾਂ ਉਹ ਉੱਥੋਂ ਨਿੱਕਲਿਆ ਤਾਂ ਗ੍ਰੰਥੀ ਅਰ ਫ਼ਰੀਸੀ ਬੁਰੀ ਤਰਾਂ ਉਹ ਦੇ ਗਲ ਪੈਣ ਅਤੇ ਉਸ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ 54ਅਰ ਘਾਤ ਵਿੱਚ ਸਨ ਜੋ ਉਹ ਦੇ ਮੂੰਹ ਦੀ ਕੋਈ ਗੱਲ ਫੜਨ।।

Избрани в момента:

ਲੂਕਾ 11: PUNOVBSI

Маркирай стих

Споделяне

Копиране

None

Искате ли вашите акценти да бъдат запазени на всички ваши устройства? Регистрирайте се или влезте

Безплатни планове за прочит и посвещения, свързани с ਲੂਕਾ 11

YouVersion използва бисквитки, за да персонализира Вашето преживяване. Като използвате нашия уебсайт, Вие приемате използването на бисквитки, както е описано в нашата Политика за поверителност