የYouVersion አርማ
የፍለጋ አዶ

ਮੱਤੀ 10

10
ਬਾਰ੍ਹਾਂ ਚੇਲੇ
1ਯਿਸੂ ਨੇ ਆਪਣੇ ਬਾਰ੍ਹਾਂ ਚੇਲਿਆਂ ਨੂੰ ਆਪਣੇ ਕੋਲ ਬੁਲਾਇਆ ਅਤੇ ਉਹਨਾਂ ਨੂੰ ਅਸ਼ੁੱਧ ਆਤਮਾਵਾਂ ਨੂੰ ਕੱਢਣ ਅਤੇ ਹਰ ਤਰ੍ਹਾਂ ਦੀਆਂ ਬਿਮਾਰੀਆਂ ਅਤੇ ਰੋਗਾਂ ਨੂੰ ਚੰਗਾ ਕਰਨ ਦਾ ਅਧਿਕਾਰ ਦਿੱਤਾ । 2ਉਹਨਾਂ ਬਾਰ੍ਹਾਂ ਰਸੂਲਾਂ ਦੇ ਨਾਂ ਇਹ ਹਨ, ਪਹਿਲਾ ਸ਼ਮਊਨ (ਜਿਸ ਦਾ ਉਪਨਾਮ ਪਤਰਸ ਸੀ) ਅਤੇ ਉਸ ਦਾ ਭਰਾ ਅੰਦ੍ਰਿਆਸ, ਯਾਕੂਬ ਅਤੇ ਉਸ ਦਾ ਭਰਾ ਯੂਹੰਨਾ (ਜਿਹੜੇ ਜ਼ਬਦੀ ਦੇ ਪੁੱਤਰ ਸਨ), 3ਫ਼ਿਲਿੱਪੁਸ, ਬਰਥਲਮਈ, ਥੋਮਾ, ਮੱਤੀ (ਟੈਕਸ ਲੈਣ ਵਾਲਾ), ਯਾਕੂਬ, ਹਲਫ਼ਾਈ ਦਾ ਪੁੱਤਰ, ਥੱਦਈ, 4ਸ਼ਮਊਨ ਕਨਾਨੀ#10:4 ਕਨਾਨੀ ਯਹੂਦੀਆਂ ਦਾ ਇੱਕ ਸਿਆਸੀ ਦੇਸ਼-ਭਗਤ ਜੱਥਾ । ਅਤੇ ਯਹੂਦਾ ਇਸਕਰਿਯੋਤੀ (ਜਿਸ ਨੇ ਯਿਸੂ ਨਾਲ ਧੋਖਾ ਕੀਤਾ) ।
ਬਾਰ੍ਹਾਂ ਰਸੂਲਾਂ ਦਾ ਪ੍ਰਚਾਰ ਲਈ ਭੇਜਿਆ ਜਾਣਾ
5ਇਹਨਾਂ ਬਾਰ੍ਹਾਂ ਨੂੰ ਯਿਸੂ ਨੇ ਇਹ ਕਹਿ ਕੇ ਬਾਹਰ ਭੇਜਿਆ, “ਪਰਾਈਆਂ ਕੌਮਾਂ ਦੇ ਇਲਾਕੇ ਵੱਲ ਨਾ ਜਾਣਾ ਅਤੇ ਨਾ ਹੀ ਸਾਮਰੀਯਾ ਦੇ ਕਿਸੇ ਸ਼ਹਿਰ ਵਿੱਚ ਪ੍ਰਵੇਸ਼ ਕਰਨਾ । 6ਸਗੋਂ ਤੁਸੀਂ ਇਸਰਾਏਲ ਕੌਮ ਦੀਆਂ ਗੁਆਚੀਆਂ ਭੇਡਾਂ ਕੋਲ ਜਾਣਾ । 7#ਲੂਕਾ 10:4-12ਜਾਓ, ਅਤੇ ਪ੍ਰਚਾਰ ਕਰੋ, ‘ਸਵਰਗ ਦਾ ਰਾਜ ਨੇੜੇ ਆ ਗਿਆ ਹੈ ।’ 8ਬਿਮਾਰਾਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਊਂਦੇ ਕਰੋ, ਕੋੜ੍ਹੀਆਂ ਨੂੰ ਸ਼ੁੱਧ ਕਰੋ ਅਤੇ ਅਸ਼ੁੱਧ ਆਤਮਾਵਾਂ ਨੂੰ ਕੱਢੋ । ਤੁਸੀਂ ਬਿਨਾਂ ਮੁੱਲ ਦੇ ਹੀ ਪ੍ਰਾਪਤ ਕੀਤਾ ਹੈ ਇਸ ਲਈ ਬਿਨਾਂ ਮੁੱਲ ਦੇ ਹੀ ਦੂਜਿਆਂ ਨੂੰ ਦਿਓ । 9ਆਪਣੇ ਕਮਰਬੰਦ ਵਿੱਚ ਕੋਈ ਪੈਸਾ ਨਾ ਲੈਣਾ, ਨਾ ਸੋਨੇ ਦਾ, ਨਾ ਚਾਂਦੀ ਦਾ ਅਤੇ ਨਾ ਹੀ ਤਾਂਬੇ ਦਾ । 10#1 ਕੁਰਿ 9:14, 1 ਤਿਮੋ 5:18ਨਾ ਹੀ ਆਪਣੇ ਨਾਲ ਥੈਲਾ, ਇੱਕ ਤੋਂ ਵੱਧ ਕੁੜਤਾ, ਜੁੱਤੀ ਅਤੇ ਲਾਠੀ ਲੈਣਾ । ਕੰਮ ਕਰਨ ਵਾਲੇ ਨੂੰ ਭੋਜਨ ਮਿਲਣਾ ਉਸ ਦਾ ਹੱਕ ਹੈ ।
11“ਜਦੋਂ ਤੁਸੀਂ ਕਿਸੇ ਸ਼ਹਿਰ ਜਾਂ ਪਿੰਡ ਵਿੱਚ ਪਹੁੰਚੋ ਤਾਂ ਦੇਖੋ ਕਿ ਉੱਥੇ ਕੋਈ ਤੁਹਾਡਾ ਸੁਆਗਤ ਕਰਨ ਵਾਲਾ ਹੈ ਅਤੇ ਵਿਦਾ ਹੋਣ ਤੱਕ ਉਸ ਨਾਲ ਉਸੇ ਥਾਂ ਉੱਤੇ ਠਹਿਰੋ । 12ਜਦੋਂ ਤੁਸੀਂ ਕਿਸੇ ਘਰ ਵਿੱਚ ਜਾਓ ਤਾਂ ਸਭ ਤੋਂ ਪਹਿਲਾਂ ਕਹੋ, ‘ਤੁਹਾਨੂੰ ਸ਼ਾਂਤੀ ਮਿਲੇ ।’ 13ਜੇਕਰ ਉਸ ਘਰ ਦੇ ਲੋਕ ਇਸ ਦੇ ਯੋਗ ਹੋਣਗੇ ਤਾਂ ਤੁਹਾਡੀ ਸ਼ਾਂਤੀ ਉਹਨਾਂ ਉੱਤੇ ਠਹਿਰੇਗੀ । ਪਰ ਜੇਕਰ ਉਹ ਇਸ ਦੇ ਯੋਗ ਨਹੀਂ ਹੋਣਗੇ ਤਾਂ ਤੁਹਾਡੀ ਸ਼ਾਂਤੀ ਤੁਹਾਡੇ ਕੋਲ ਵਾਪਸ ਆ ਜਾਵੇਗੀ । 14#ਰਸੂਲਾਂ 13:51ਜੇਕਰ ਕੋਈ ਘਰ ਜਾਂ ਸ਼ਹਿਰ ਵਿੱਚ ਤੁਹਾਡਾ ਸੁਆਗਤ ਨਾ ਕਰੇ ਜਾਂ ਤੁਹਾਡਾ ਉਪਦੇਸ਼ ਨਾ ਸੁਣੇ ਤਾਂ ਉਸ ਥਾਂ ਨੂੰ ਛੱਡ ਦਿਓ ਅਤੇ ਆਪਣੇ ਪੈਰਾਂ ਦਾ ਘੱਟਾ ਵੀ ਝਾੜ ਦਿਓ । 15#ਮੱਤੀ 11:24, ਉਤ 19:24-28ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਨਿਆਂ ਵਾਲੇ ਦਿਨ ਪਰਮੇਸ਼ਰ ਇਸ ਸ਼ਹਿਰ ਦੇ ਲੋਕਾਂ ਦੀ ਬਜਾਏ ਸਦੋਮ ਅਤੇ ਗੋਮੋਰਾਹ ਦੇ ਲੋਕਾਂ ਉੱਤੇ ਜ਼ਿਆਦਾ ਰਹਿਮ ਕਰਨਗੇ ।”
ਆਉਣ ਵਾਲੇ ਦੁੱਖ
16 # ਲੂਕਾ 10:3 “ਸੁਣੋ, ਮੈਂ ਤੁਹਾਨੂੰ ਭੇਡਾਂ ਦੇ ਵਾਂਗ ਬਘਿਆੜਾਂ ਵਿੱਚ ਭੇਜ ਰਿਹਾ ਹਾਂ । ਇਸ ਲਈ ਸੱਪ ਦੀ ਤਰ੍ਹਾਂ ਚਲਾਕ ਅਤੇ ਕਬੂਤਰ ਦੀ ਤਰ੍ਹਾਂ ਭੋਲੇ ਬਣੋ । 17#ਮਰ 13:9-11, ਲੂਕਾ 12:11-12, 21:12-15ਚੌਕਸ ਰਹੋ, ਲੋਕ ਤੁਹਾਨੂੰ ਫੜਨਗੇ ਅਤੇ ਸਭਾਵਾਂ ਵਿੱਚ ਲੈ ਜਾਣਗੇ । ਉਹ ਤੁਹਾਨੂੰ ਆਪਣੇ ਪ੍ਰਾਰਥਨਾ ਘਰਾਂ ਵਿੱਚ ਕੋਰੜੇ ਮਾਰਨਗੇ । 18ਤੁਹਾਨੂੰ ਰਾਜਪਾਲਾਂ ਅਤੇ ਰਾਜਿਆਂ ਦੇ ਸਾਹਮਣੇ ਮੇਰੇ ਨਾਮ ਦੇ ਕਾਰਨ ਪੇਸ਼ ਕੀਤਾ ਜਾਵੇਗਾ । ਇਹ ਉਹਨਾਂ ਦੇ ਅਤੇ ਪਰਾਈਆਂ ਕੌਮਾਂ ਦੇ ਸਾਹਮਣੇ ਗਵਾਹੀ ਹੋਵੇਗੀ । 19ਇਸ ਲਈ ਜਦੋਂ ਉਹ ਤੁਹਾਨੂੰ ਪੇਸ਼ ਕਰਨ, ਤੁਸੀਂ ਚਿੰਤਾ ਨਾ ਕਰਨਾ ਕਿ ਤੁਸੀਂ ਕੀ ਕਹੋਗੇ ਅਤੇ ਕਿਸ ਤਰ੍ਹਾਂ ਕਹੋਗੇ । ਇਸ ਬਾਰੇ ਤੁਹਾਨੂੰ ਉਸੇ ਘੜੀ ਦੱਸ ਦਿੱਤਾ ਜਾਵੇਗਾ ਕਿ ਤੁਸੀਂ ਕੀ ਕਹਿਣਾ ਹੈ । 20ਕਿਉਂਕਿ ਜੋ ਸ਼ਬਦ ਤੁਸੀਂ ਉਸ ਸਮੇਂ ਕਹੋਗੇ, ਉਹ ਤੁਹਾਡੇ ਨਹੀਂ ਹੋਣਗੇ, ਉਹ ਤੁਹਾਡੇ ਪਿਤਾ ਦੇ ਆਤਮਾ ਦੇ ਹੋਣਗੇ ਜਿਹੜਾ ਤੁਹਾਡੇ ਰਾਹੀਂ ਬੋਲ ਰਿਹਾ ਹੋਵੇਗਾ ।
21 # ਮਰ 13:12, ਲੂਕਾ 21:16 “ਉਸ ਸਮੇਂ ਭਰਾ ਭਰਾ ਨੂੰ ਮਾਰਨ ਦੇ ਲਈ ਫੜਵਾਏਗਾ ਅਤੇ ਪਿਤਾ ਬੱਚਿਆਂ ਨੂੰ, ਬੱਚੇ ਆਪਣੇ ਮਾਪਿਆਂ ਦੇ ਵਿਰੁੱਧ ਖੜ੍ਹੇ ਹੋਣਗੇ ਅਤੇ ਉਹਨਾਂ ਨੂੰ ਜਾਨੋਂ ਮਰਵਾਉਣਗੇ । 22#ਮੱਤੀ 24:9,13, ਮਰ 13:13, ਲੂਕਾ 21:17ਸਾਰੇ ਲੋਕ ਤੁਹਾਨੂੰ ਮੇਰੇ ਨਾਮ ਦੇ ਕਾਰਨ ਨਫ਼ਰਤ ਕਰਨਗੇ ਪਰ ਜਿਹੜਾ ਅੰਤ ਤੱਕ ਸਹੇਗਾ, ਉਹ ਮੁਕਤੀ ਪਾਵੇਗਾ । 23ਜਦੋਂ ਉਹ ਤੁਹਾਨੂੰ ਇੱਕ ਸ਼ਹਿਰ ਵਿੱਚ ਸਤਾਉਣ ਤਾਂ ਤੁਸੀਂ ਦੂਜੇ ਵੱਲ ਦੌੜ ਜਾਣਾ । ਇਹ ਸੱਚ ਜਾਣੋ ਕਿ ਤੁਸੀਂ ਸਾਰੇ ਇਸਰਾਏਲ ਦੇ ਸ਼ਹਿਰਾਂ ਵਿੱਚ ਆਪਣਾ ਕੰਮ ਨਾ ਖ਼ਤਮ ਕਰੋਗੇ ਕਿ ਮਨੁੱਖ ਦਾ ਪੁੱਤਰ ਆ ਜਾਵੇਗਾ ।
24 # ਲੂਕਾ 6:40, ਯੂਹ 13:16, 15:20 “ਕੋਈ ਚੇਲਾ ਆਪਣੇ ਗੁਰੂ ਨਾਲੋਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਕੋਈ ਗ਼ੁਲਾਮ ਆਪਣੇ ਮਾਲਕ ਨਾਲੋਂ । 25#ਮੱਤੀ 9:34, 12:24, ਮਰ 3:22, ਲੂਕਾ 11:15ਇਸ ਲਈ ਇਹ ਕਾਫ਼ੀ ਹੈ ਕਿ ਚੇਲਾ ਆਪਣੇ ਗੁਰੂ ਵਰਗਾ ਬਣ ਜਾਵੇ ਅਤੇ ਗ਼ੁਲਾਮ ਆਪਣੇ ਮਾਲਕ ਵਰਗਾ । ਜੇਕਰ ਉਹਨਾਂ ਨੇ ਘਰ ਦੇ ਮਾਲਕ ਨੂੰ ਹੀ ‘ਬਾਲਜ਼ਬੂਲ#10:25 ਅਸ਼ੁੱਧ ਆਤਮਾਵਾਂ ਦਾ ਹਾਕਮ’ ਕਿਹਾ ਤਾਂ ਉਹ ਘਰ ਦੇ ਬਾਕੀ ਲੋਕਾਂ ਨੂੰ ਤਾਂ ਇਸ ਤੋਂ ਵੀ ਬੁਰੇ ਨਾਂ ਦੇਣਗੇ ।”
ਕਿਸ ਕੋਲੋਂ ਡਰਨਾ ਚਾਹੀਦਾ ਹੈ
26 # ਮਰ 4:22, ਲੂਕਾ 8:17 “ਤੁਸੀਂ ਆਦਮੀਆਂ ਤੋਂ ਨਾ ਡਰੋ । ਅਜਿਹਾ ਕੁਝ ਨਹੀਂ ਹੈ ਜੋ ਬੰਦ ਹੈ ਅਤੇ ਖੋਲ੍ਹਿਆ ਨਾ ਜਾਵੇਗਾ, ਜੋ ਗੁਪਤ ਹੈ ਅਤੇ ਪ੍ਰਗਟ ਨਾ ਕੀਤਾ ਜਾਵੇਗਾ । 27ਜੋ ਕੁਝ ਮੈਂ ਤੁਹਾਨੂੰ ਹਨੇਰੇ ਵਿੱਚ ਕਿਹਾ ਹੈ, ਉਸ ਨੂੰ ਤੁਸੀਂ ਚਾਨਣ ਵਿੱਚ ਕਹੋ ਅਤੇ ਜੋ ਕੁਝ ਤੁਸੀਂ ਕੰਨ ਵਿੱਚ ਸੁਣਿਆ ਹੈ, ਉਸ ਦਾ ਮਕਾਨ ਦੀ ਛੱਤ ਉੱਤੋਂ ਪ੍ਰਚਾਰ ਕਰੋ । 28ਤੁਸੀਂ ਉਹਨਾਂ ਤੋਂ ਨਾ ਡਰੋ ਜਿਹੜੇ ਕੇਵਲ ਸਰੀਰ ਨੂੰ ਹੀ ਮਾਰ ਸਕਦੇ ਹਨ ਪਰ ਆਤਮਾ ਦਾ ਕੁਝ ਵੀ ਨਹੀਂ ਵਿਗਾੜ ਸਕਦੇ । ਹਾਂ, ਪਰਮੇਸ਼ਰ ਤੋਂ ਜ਼ਰੂਰ ਡਰੋ ਜਿਹੜੇ ਸਰੀਰ ਅਤੇ ਆਤਮਾ ਦੋਨਾਂ ਦਾ ਨਰਕ ਕੁੰਡ ਵਿੱਚ ਨਾਸ਼ ਕਰ ਸਕਦੇ ਹਨ । 29ਕੀ ਦੋ ਚਿੜੀਆਂ ਦਾ ਮੁੱਲ ਕੇਵਲ ਇੱਕ ਪੈਸਾ ਨਹੀਂ ? ਪਰ ਫਿਰ ਵੀ ਉਹਨਾਂ ਵਿੱਚੋਂ ਇੱਕ ਵੀ ਤੁਹਾਡੇ ਪਿਤਾ ਦੀ ਇੱਛਾ ਤੋਂ ਬਿਨਾਂ ਧਰਤੀ ਉੱਤੇ ਨਹੀਂ ਡਿੱਗਦੀ । 30ਜਿੱਥੋਂ ਤੱਕ ਤੁਹਾਡਾ ਸਵਾਲ ਹੈ, ਤੁਹਾਡੇ ਸਿਰ ਦੇ ਵਾਲ ਵੀ ਗਿਣੇ ਹੋਏ ਹਨ । 31ਇਸ ਲਈ ਡਰੋ ਨਹੀਂ । ਤੁਸੀਂ ਚਿੜੀਆਂ ਨਾਲੋਂ ਜ਼ਿਆਦਾ ਬਹੁਮੁੱਲੇ ਹੋ ।”
ਮਸੀਹ ਨੂੰ ਲੋਕਾਂ ਦੇ ਸਾਹਮਣੇ ਮੰਨਣਾ ਜਾਂ ਨਾ ਮੰਨਣਾ
32“ਹਰ ਕੋਈ ਜਿਹੜਾ ਮਨੁੱਖਾਂ ਦੇ ਸਾਹਮਣੇ ਮੇਰਾ ਇਕਰਾਰ ਕਰਦਾ ਹੈ, ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਸਵਰਗ ਵਿੱਚ ਉਸ ਦਾ ਇਕਰਾਰ ਕਰਾਂਗਾ । 33#2 ਤਿਮੋ 2:12ਪਰ ਜਿਹੜਾ ਮਨੁੱਖਾਂ ਦੇ ਸਾਹਮਣੇ ਮੇਰਾ ਇਨਕਾਰ ਕਰਦਾ, ਮੈਂ ਵੀ ਆਪਣੇ ਪਿਤਾ ਦੇ ਸਾਹਮਣੇ ਸਵਰਗ ਵਿੱਚ ਉਸ ਦਾ ਇਨਕਾਰ ਕਰਾਂਗਾ ।”
ਸ਼ਾਂਤੀ ਨਹੀਂ ਸਗੋਂ ਤਲਵਾਰ
34“ਇਹ ਨਾ ਸੋਚੋ ਕਿ ਮੈਂ ਧਰਤੀ ਉੱਤੇ ਸ਼ਾਂਤੀ ਲੈ ਕੇ ਆਇਆ ਹਾਂ । ਨਹੀਂ, ਮੈਂ ਸ਼ਾਂਤੀ ਲੈ ਕੇ ਨਹੀਂ ਆਇਆ ਸਗੋਂ ਤਲਵਾਰ ਲੈ ਕੇ ਆਇਆ ਹਾਂ । 35#ਮੀਕਾ 7:6ਮੈਂ ਪੁੱਤਰਾਂ ਨੂੰ ਪਿਓ ਦੇ, ਧੀਆਂ ਨੂੰ ਮਾਂ ਦੇ ਅਤੇ ਨੂੰਹਾਂ ਨੂੰ ਸੱਸ ਦੇ ਵਿਰੁੱਧ ਕਰਨ ਆਇਆ ਹਾਂ । 36ਮਨੁੱਖ ਦੇ ਆਪਣੇ ਘਰ ਦੇ ਲੋਕ ਹੀ ਉਸ ਦੇ ਸਭ ਤੋਂ ਵੱਡੇ ਵੈਰੀ ਹੋਣਗੇ ।
37“ਜਿਹੜਾ ਆਪਣੇ ਮਾਤਾ-ਪਿਤਾ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਉਹ ਮੇਰੇ ਯੋਗ ਨਹੀਂ ਹੈ । ਇਸੇ ਤਰ੍ਹਾਂ ਜੇਕਰ ਕੋਈ ਆਪਣੇ ਪੁੱਤਰ ਜਾਂ ਬੇਟੀ ਨੂੰ ਮੇਰੇ ਤੋਂ ਵੱਧ ਪਿਆਰ ਕਰਦਾ ਹੈ, ਮੇਰੇ ਯੋਗ ਨਹੀਂ ਹੈ । 38#ਮੱਤੀ 16:24, ਮਰ 8:34, ਲੂਕਾ 9:23ਜਿਹੜਾ ਆਪਣੀ ਸਲੀਬ ਚੁੱਕ ਕੇ ਮੇਰੇ ਪਿੱਛੇ ਨਹੀਂ ਚੱਲਦਾ, ਉਹ ਮੇਰੇ ਯੋਗ ਨਹੀਂ ਹੈ । 39#ਮੱਤੀ 16:25, ਮਰ 8:35, ਲੂਕਾ 9:24, 17:33, ਯੂਹ 12:25ਜਿਹੜਾ ਆਪਣਾ ਜੀਵਨ ਬਚਾਵੇਗਾ, ਉਹ ਉਸ ਨੂੰ ਗੁਆਵੇਗਾ ਅਤੇ ਜਿਹੜਾ ਮੇਰੇ ਕਾਰਨ ਆਪਣਾ ਜੀਵਨ ਗੁਆਵੇਗਾ, ਉਹ ਉਸ ਨੂੰ ਬਚਾਵੇਗਾ ।”
ਫਲ
40 # ਮਰ 9:37, ਲੂਕਾ 9:48, 10:16, ਯੂਹ 13:20 “ਜਿਹੜਾ ਤੁਹਾਡਾ ਸੁਆਗਤ ਕਰਦਾ ਹੈ, ਉਹ ਮੇਰਾ ਸੁਆਗਤ ਕਰਦਾ ਹੈ ਅਤੇ ਜਿਹੜਾ ਮੇਰਾ ਸੁਆਗਤ ਕਰਦਾ ਹੈ, ਉਹ ਮੇਰੇ ਭੇਜਣ ਵਾਲੇ ਦਾ ਸੁਆਗਤ ਕਰਦਾ ਹੈ । 41ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦੇ ਸੰਦੇਸ਼ਵਾਹਕ ਦਾ ਸੁਆਗਤ ਕਰਦਾ ਹੈ ਕਿਉਂਕਿ ਉਹ ਪਰਮੇਸ਼ਰ ਦਾ ਸੰਦੇਸ਼ਵਾਹਕ ਹੈ, ਉਹ ਆਪਣਾ ਫਲ ਪ੍ਰਾਪਤ ਕਰੇਗਾ । ਜਿਹੜਾ ਕਿਸੇ ਨੇਕ ਮਨੁੱਖ ਦਾ ਸੁਆਗਤ ਕਰਦਾ ਹੈ ਕਿਉਂਕਿ ਉਹ ਨੇਕ ਹੈ, ਉਹ ਵੀ ਆਪਣਾ ਫਲ ਪ੍ਰਾਪਤ ਕਰੇਗਾ । 42ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜੋ ਕੋਈ ਮੇਰੇ ਚੇਲਿਆਂ ਵਿੱਚੋਂ ਕਿਸੇ ਛੋਟੇ ਤੋਂ ਛੋਟੇ ਨੂੰ ਇਹ ਜਾਣ ਕੇ ਕਿ ਉਹ ਮੇਰਾ ਚੇਲਾ ਹੈ, ਇੱਕ ਠੰਡੇ ਪਾਣੀ ਦਾ ਗਲਾਸ ਦੇਵੇਗਾ, ਉਹ ਇਸ ਦਾ ਫਲ ਜ਼ਰੂਰ ਪ੍ਰਾਪਤ ਕਰੇਗਾ ।”

Currently Selected:

ਮੱਤੀ 10: CL-NA

ማድመቅ

Share

Copy

None

ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ