ਯੂਹੰਨਾ 2
2
ਪ੍ਰਭੁ ਦੀ ਪਹਿਲੀ ਕਰਾਮਾਤ ਅਤੇ ਹੈਕਲ ਦਾ ਪਾਕ ਸਾਫ਼ ਕਰਨਾ
1ਤੀਏ ਦਿਨ ਗਲੀਲ ਦੇ ਕਾਨਾ ਵਿੱਚ ਇੱਕ ਵਿਆਹ ਹੋਇਆ ਅਤੇ ਯਿਸੂ ਦੀ ਮਾਤਾ ਉੱਥੇ ਸੀ 2ਯਿਸੂ ਅਰ ਉਹ ਦੇ ਚੇਲੇ ਵੀ ਵਿਆਹ ਵਿੱਚ ਬੁਲਾਏ ਗਏ 3ਜਾਂ ਮੈ ਮੁੱਕ ਗਈ ਤਾਂ ਯਿਸੂ ਦੀ ਮਾਤਾ ਨੇ ਉਸ ਨੂੰ ਆਖਿਆ ਕਿ ਉਨ੍ਹਾਂ ਕੋਲ ਮੈ ਨਾ ਰਹੀ 4ਯਿਸੂ ਨੇ ਉਹ ਨੂੰ ਆਖਿਆ, ਬੀਬੀ ਜੀ, ਮੈਨੂੰ ਤੈਨੂੰ ਕੀ? ਮੇਰਾ ਸਮਾ ਅਜੇ ਨਹੀਂ ਆਇਆ 5ਉਸ ਦੀ ਮਾਤਾ ਨੇ ਟਹਿਲੂਆਂ ਨੂੰ ਆਖਿਆ, ਜੋ ਕੁਝ ਉਹ ਤੁਹਾਨੂੰ ਕਹੇ ਸੋ ਕਰੋ 6ਅਤੇ ਯਹੂਦੀਆਂ ਦੇ ਸ਼ੁੱਧ ਕਰਨ ਦੀ ਰੀਤ ਅਨੁਸਾਰ ਪੱਥਰ ਦੇ ਛੇ ਮੱਟ ਉੱਥੇ ਧਰੇ ਹੋਏ ਸਨ ਜੋ ਹਰੇਕ ਵਿੱਚ ਦੋ ਯਾ ਤਿੰਨ ਮਣ ਜਲ ਪੈਂਦਾ ਸੀ 7ਯਿਸੂ ਨੇ ਉਨ੍ਹਾਂ ਨੂੰ ਆਖਿਆ, ਮੱਟਾਂ ਵਿੱਚ ਜਲ ਭਰੋ। ਸੋ ਉਨ੍ਹਾਂ ਨੇ ਮੱਟ ਨੱਕੋ ਨੱਕ ਭਰ ਦਿੱਤੇ 8ਫੇਰ ਉਸ ਨੇ ਉਨ੍ਹਾਂ ਨੂੰ ਆਖਿਆ, ਹੁਣ ਕੱਢੋ ਅਤੇ ਸਭਾ ਦੇ ਪਰਧਾਨ ਕੋਲ ਲੈ ਜਾਉ । ਸੋ ਉਹ ਲੈ ਗਏ । 9ਜਾਂ ਸਭਾ ਦੇ ਪਰਧਾਨ ਨੇ ਉਹ ਜਲ ਜਿਹੜਾ ਮੈ ਬਣ ਗਿਆ ਸੀ ਚੱਖਿਆ ਅਰ ਨਾ ਜਾਤਾ ਜੋ ਇਹ ਕਿੱਥੋਂ ਹੈ ਪਰ ਟਹਿਲੂਏ ਜਿਨ੍ਹਾਂ ਨੇ ਉਹ ਜਲ ਕੱਢਿਆ ਸੀ ਜਾਣਦੇ ਸਨ ਸਭਾ ਦੇ ਪਰਧਾਨ ਨੇ ਲਾੜੇ ਨੂੰ ਸੱਦ ਕੇ 10ਉਹ ਨੂੰ ਆਖਿਆ, ਹਰੇਕ ਮਨੁੱਖ ਪਹਿਲਾਂ ਅੱਛੀ ਮੈ ਦਿੰਦਾ ਹੈ ਅਤੇ ਜਾਂ ਬਹੁਤ ਪੀ ਚੁੱਕੇ ਤਾਂ ਮਗਰੋਂ ਮਾੜੀ ਪਰ ਤੈਂ ਅੱਛੀ ਮੈ ਹੁਣ ਤੀਕੁਰ ਰੱਖ ਛੱਡੀ ਹੈ!।।
11ਇਹ ਨਿਸ਼ਾਨਾਂ ਦਾ ਅੰਰਭ ਸੀ ਜਿਹੜਾ ਯਿਸੂ ਨੇ ਗਲੀਲ ਦੇ ਕਾਨਾ ਵਿੱਚ ਵਿਖਾ ਕੇ ਆਪਣਾ ਤੇਜ ਪਰਗਟ ਕੀਤਾ, ਅਰ ਉਹ ਦੇ ਚੇਲਿਆਂ ਨੇ ਉਸ ਉੱਤੇ ਨਿਹਚਾ ਕੀਤੀ।। 12ਇਹ ਦੇ ਪਿੱਛੋਂ ਉਹ ਅਰ ਉਸ ਦੀ ਮਾਤਾ ਅਤੇ ਉਸ ਦੇ ਭਰਾ ਅਤੇ ਉਸ ਦੇ ਚੇਲੇ ਕਫ਼ਰਨਾਹੂਮ ਨੂੰ ਗਏ ਅਤੇ ਉੱਥੇ ਕੁਝ ਦਿਨ ਟਿਕੇ।।
13ਯਹੂਦੀਆਂ ਦਾ ਪਸਾਹ ਦਾ ਤਿਉਹਾਰ ਨੇੜੇ ਸੀ ਤਾਂ ਯਿਸੂ ਯਰੂਸ਼ਲਮ ਨੂੰ ਗਿਆ 14ਅਰ ਉਸ ਨੇ ਹੈਕਲ ਵਿੱਚ ਡੰਗਰਾਂ ਅਤੇ ਭੇਡਾਂ ਅਤੇ ਕਬੂਤਰਾਂ ਦੇ ਵੇਚਣ ਵਾਲਿਆਂ ਅਰ ਸਰਾਫ਼ਾਂ ਨੂੰ ਬੈਠੇ ਵੇਖਿਆ 15ਉਪਰੰਤ ਉਸ ਨੇ ਰੱਸੀ ਦਾ ਕੋਰੜਾ ਬਣਾ ਕੇ ਸਭਨਾਂ ਨੂੰ ਹੈਕਲੋਂ ਬਾਹਰ ਕੱਢ ਦਿੱਤਾ, ਨਾਲੇ ਭੇਡਾਂ, ਨਾਲੇ ਡੰਗਰ ਅਤੇ ਸਰਾਫ਼ਾਂ ਦੀ ਰੋਕੜ ਖਿੰਡਾ ਦਿੱਤੀ ਅਤੇ ਤਖ਼ਤਪੋਸ਼ ਉਲਟਾ ਸੁੱਟੇ 16ਅਰ ਕਬੂਤਰ ਵੇਚਣ ਵਾਲਿਆਂ ਨੂੰ ਆਖਿਆ, ਇਨ੍ਹਾਂ ਚੀਜ਼ਾਂ ਨੂੰ ਐੱਥੋਂ ਲੈ ਜਾਓ! ਮੇਰੇ ਪਿਤਾ ਦੇ ਘਰ ਨੂੰ ਬੁਪਾਰ ਦੀ ਮੰਡੀ ਨਾ ਬਣਾਓ! 17ਅਰ ਉਹ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਇਉਂ ਲਿਖਿਆ ਹੋਇਆ ਹੈ#ਜ਼. 69:9 ਕਿ ਤੇਰੇ ਘਰ ਦੀ ਗੈਰਤ ਮੈਨੂੰ ਖਾ ਜਾਵੇਗੀ 18ਉਪਰੰਤ ਯਹੂਦੀਆਂ ਨੇ ਅੱਗੋਂ ਉਸ ਨੂੰ ਆਖਿਆ, ਤੂੰ ਕਿਹੜੇ ਨਿਸ਼ਾਨ ਵਿਖਾਲਦਾ ਹੈਂ ਜੋ ਏਹ ਕੰਮ ਕਰਦਾ ਹੈਂ? 19ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਇਸ ਹੈਕਲ ਨੂੰ ਢਾਹ ਸੁੱਟੋ ਤਾਂ ਮੈਂ ਤਿੰਨਾਂ ਦਿਨਾਂ ਵਿੱਚ ਇਹ ਨੂੰ ਖੜਾ ਕਰ ਦਿਆਂਗਾ 20ਤਦ ਯਹੂਦੀਆਂ ਨੇ ਕਿਹਾ, ਛਿਤਾਹਲੀਆਂ ਵਰਿਹਾਂ ਵਿੱਚ ਇਹ ਹੈਕਲ ਬਣੀ ਸੀ, ਫੇਰ ਕੀ ਤੂੰ ਇਹ ਨੂੰ ਤਿੰਨਾਂ ਦਿਨਾਂ ਵਿੱਚ ਖੜਾ ਕਰੇਂਗਾ? 21ਪਰ ਉਸ ਨੇ ਆਪਣੇ ਸਰੀਰ ਦੀ ਹੈਕਲ ਦੀ ਗੱਲ ਕਹੀ ਸੀ 22ਸੋ ਜਾਂ ਉਹ ਮੁਰਦਿਆਂ ਵਿੱਚੋਂ ਜੀ ਉੱਠਿਆ ਤਾਂ ਉਸ ਦੇ ਚੇਲਿਆਂ ਨੂੰ ਚੇਤੇ ਆਇਆ ਜੋ ਉਸ ਨੇ ਇਹ ਆਖਿਆ ਸੀ ਅਤੇ ਉਨ੍ਹਾਂ ਨੇ ਉਸ ਲਿਖਤ ਦੀ ਅਤੇ ਉਸ ਬਚਨ ਦੀ ਜੋ ਯਿਸੂ ਨੇ ਕਿਹਾ ਸੀ ਪਰਤੀਤ ਕੀਤੀ।।
23ਜਾਂ ਉਹ ਪਸਾਹ ਤੇ ਤਿਉਹਾਰ ਦੇ ਵੇਲੇ ਯਰੂਸ਼ਲਮ ਵਿੱਚ ਸੀ ਤਾਂ ਬਹੁਤ ਲੋਕਾਂ ਨੇ ਉਨ੍ਹਾਂ ਨਿਸ਼ਾਨਾਂ ਨੂੰ ਜਿਹੜੇ ਉਸ ਨੇ ਵਿਖਾਏ ਸਨ ਵੇਖ ਕੇ ਉਹ ਦੇ ਨਾਮ ਉੱਤੇ ਨਿਹਚਾ ਕੀਤੀ 24ਪਰ ਯਿਸੂ ਨੇ ਆਪ ਨੂੰ ਉਨ੍ਹਾਂ ਦੇ ਹੱਥ ਵਿੱਚ ਨਾ ਸੌਂਪਿਆ ਇਸ ਲਈ ਜੋ ਉਹ ਸਭਨਾਂ ਨੂੰ ਜਾਣਦਾ ਸੀ 25ਅਤੇ ਉਹ ਨੂੰ ਇਹ ਲੋੜ ਨਹੀਂ ਸੀ ਕਿ ਮਨੁੱਖ ਦੇ ਵਿਖੇ ਕੋਈ ਸਾਖੀ ਦੇਵੇ ਕਿਉਂਕਿ ਉਹ ਆਪੇ ਜਾਣਦਾ ਸੀ ਭਈ ਮਨੁੱਖ ਦੇ ਅੰਦਰ ਕੀ ਹੈ।।
Currently Selected:
ਯੂਹੰਨਾ 2: PUNOVBSI
ማድመቅ
Share
Copy
ያደመቋቸው ምንባቦች በሁሉም መሣሪያዎችዎ ላይ እንዲቀመጡ ይፈልጋሉ? ይመዝገቡ ወይም ይግቡ
Punjabi O.V. - ਪਵਿੱਤਰ ਬਾਈਬਲ O.V.
Copyright © 2016 by The Bible Society of India
Used by permission. All rights reserved worldwide.