ਲੂਕਾ 19
19
ਚੁੰਗੀ ਲੈਣ ਵਾਲਾ ਜ਼ੱਕੀ
1ਯਿਸੂ ਯਰੀਹੋ ਦੇ ਵਿੱਚੋਂ ਦੀ ਨਿੱਕਲ ਰਿਹਾ ਸੀ। 2ਵੇਖੋ ਜ਼ੱਕੀ ਨਾਮ ਦਾ ਇੱਕ ਆਦਮੀ ਸੀ, ਜਿਹੜਾ ਚੁੰਗੀ ਲੈਣ ਵਾਲਿਆਂ ਦਾ ਸਰਦਾਰ ਅਤੇ ਧਨਵਾਨ ਸੀ। 3ਅਤੇ ਉਸ ਨੇ ਯਿਸੂ ਨੂੰ ਵੇਖਣ ਦਾ ਯਤਨ ਕੀਤਾ ਜੋ ਉਹ ਕੌਣ ਹੈ ਪਰ ਭੀੜ ਦੇ ਕਾਰਨ ਵੇਖ ਨਾ ਸਕਿਆ ਕਿਉਂ ਜੋ ਉਸ ਦਾ ਕੱਦ ਮਧਰਾ ਸੀ। 4ਸੋ ਉਹ ਅੱਗੇ ਦੌੜ ਕੇ ਇੱਕ ਗੁੱਲਰ ਦੇ ਰੁੱਖ ਉੱਤੇ ਚੜ੍ਹ ਗਿਆ ਜੋ ਯਿਸੂ ਨੂੰ ਵੇਖ ਸਕੇ ਕਿਉਂ ਜੋ ਉਸ ਨੇ ਉਸੇ ਰਸਤੇ ਲੰਘਣਾ ਸੀ। 5ਜਦ ਯਿਸੂ ਉਸ ਜਗਾ ਆਇਆ ਤਾਂ ਉੱਪਰ ਨਜ਼ਰ ਮਾਰ ਕੇ ਉਸ ਨੂੰ ਆਖਿਆ, ਹੇ ਜ਼ੱਕੀ ਛੇਤੀ ਨਾਲ ਉੱਤਰ ਆ ਕਿਉਂਕਿ ਅੱਜ ਮੈਂ ਤੇਰੇ ਹੀ ਘਰ ਠਹਿਰਣਾ ਹੈ। 6ਤਾਂ ਉਹ ਛੇਤੀ ਉੱਤਰ ਆਇਆ ਅਤੇ ਖੁਸ਼ੀ ਨਾਲ ਉਸ ਨੂੰ ਆਦਰ-ਸਤਿਕਾਰ ਨਾਲ ਘਰ ਲੈ ਗਿਆ। 7ਤਾਂ ਸਭ ਵੇਖ ਕੇ ਕੁੜ੍ਹਨ ਲੱਗੇ ਅਤੇ ਬੋਲੇ ਜੋ ਉਹ ਇੱਕ ਪਾਪੀ ਆਦਮੀ ਦੇ ਘਰ ਜਾ ਠਹਿਰਿਆ ਹੈ। 8ਤਦ ਜ਼ੱਕੀ ਨੇ ਖੜ੍ਹੇ ਹੋ ਕੇ ਪ੍ਰਭੂ ਨੂੰ ਕਿਹਾ, ਪ੍ਰਭੂ ਜੀ ਮੈਂ ਆਪਣੀ ਅੱਧੀ ਜਾਇਦਾਦ ਗਰੀਬਾਂ ਨੂੰ ਵੰਡ ਦਿੰਦਾ ਹਾਂ ਅਤੇ ਜੇ ਮੈਂ ਕਿਸੇ ਕੋਲੋਂ ਧੋਖੇ ਨਾਲ ਲਿਆ ਹੈ, ਤਾਂ ਚਾਰ ਗੁਣਾ ਮੋੜ ਦਿਆਂਗਾ। 9ਯਿਸੂ ਨੇ ਉਸ ਨੂੰ ਆਖਿਆ, ਅੱਜ ਇਸ ਘਰ ਵਿੱਚ ਮੁਕਤੀ ਆਈ ਹੈ, ਜੋ ਇਹ ਵੀ ਅਬਰਾਹਾਮ ਦਾ ਪੁੱਤਰ ਹੈ। 10ਕਿਉਂ ਜੋ ਮਨੁੱਖ ਦਾ ਪੁੱਤਰ ਗੁਆਚੇ ਹੋਏ ਨੂੰ ਲੱਭਣ ਅਤੇ ਬਚਾਉਣ ਆਇਆ ਹੈ।
ਦਸ ਅਸ਼ਰਫ਼ੀਆਂ ਦਾ ਦ੍ਰਿਸ਼ਟਾਂਤ
ਮੱਤੀ 25:14-30
11ਜਦ ਉਹ ਇਹ ਗੱਲਾਂ ਨੂੰ ਸੁਣਦੇ ਸਨ ਤਾਂ ਯਿਸੂ ਨੇ ਹੋਰ ਇੱਕ ਦ੍ਰਿਸ਼ਟਾਂਤ ਦਿੱਤਾ, ਇਸ ਲਈ ਜੋ ਉਹ ਯਰੂਸ਼ਲਮ ਦੇ ਨੇੜੇ ਸੀ ਅਤੇ ਉਹ ਸਮਝੇ ਸਨ ਕਿ ਪਰਮੇਸ਼ੁਰ ਦਾ ਰਾਜ ਹੁਣੇ ਪਰਗਟ ਹੋਣ ਵਾਲਾ ਹੈ। 12ਉਸ ਨੇ ਆਖਿਆ ਕਿ ਇੱਕ ਅਮੀਰ ਦੂਰ ਦੇਸ ਨੂੰ ਗਿਆ, ਜੋ ਆਪਣੇ ਲਈ ਪਾਤਸ਼ਾਹੀ ਲੈ ਕੇ ਮੁੜ ਆਵੇ। 13ਅਤੇ ਉਸ ਨੇ ਆਪਣੇ ਦਸ ਨੌਕਰਾਂ ਨੂੰ ਬੁਲਾ ਕੇ ਉਨ੍ਹਾਂ ਨੂੰ ਦਸ ਅਸ਼ਰਫ਼ੀਆਂ ਦਿੱਤੀਆਂ ਅਤੇ ਉਨ੍ਹਾਂ ਨੂੰ ਕਿਹਾ, ਜਦ ਤੱਕ ਮੈਂ ਨਾ ਆਵਾਂ ਤੁਸੀਂ ਇਨ੍ਹਾਂ ਰੁਪਿਆਂ ਨਾਲ ਵਪਾਰ ਕਰੋ। 14ਪਰ ਉਸ ਸ਼ਹਿਰ ਦੇ ਰਹਿਣ ਵਾਲੇ ਉਸ ਨਾਲ ਵੈਰ ਰੱਖਦੇ ਸਨ ਅਤੇ ਉਸ ਦੇ ਪਿੱਛੇ ਦਾਸਾਂ ਦੁਆਰਾ ਸੁਨੇਹਾ ਭੇਜਿਆ ਕਿ ਅਸੀਂ ਨਹੀਂ ਚਾਹੁੰਦੇ ਜੋ ਇਹ ਸਾਡੇ ਉੱਤੇ ਰਾਜ ਕਰੇ। 15ਇਹ ਹੋਇਆ ਕਿ ਜਦ ਉਹ ਪਾਤਸ਼ਾਹੀ ਲੈ ਕੇ ਮੁੜ ਆਇਆ ਤਾਂ ਉਹਨਾਂ ਨੌਕਰਾਂ ਨੂੰ ਜਿਨ੍ਹਾਂ ਨੂੰ ਉਸ ਨੇ ਰੁਪਏ ਦਿੱਤੇ ਸਨ ਬੁਲਾਵਾ ਭੇਜਿਆ ਤਾਂ ਜੋ ਪਤਾ ਕਰੇ ਜੋ ਉਨ੍ਹਾਂ ਨੇ ਵਪਾਰ ਵਿੱਚ ਕੀ ਕਮਾਇਆ ਹੈ। 16ਤਦ ਪਹਿਲੇ ਨੇ ਆਣ ਕੇ ਕਿਹਾ, ਸੁਆਮੀ ਜੀ, ਮੈਂ ਤੁਹਾਡੀ ਅਸ਼ਰਫ਼ੀ ਦੇ ਨਾਲ ਦਸ ਅਸ਼ਰਫ਼ੀਆਂ ਹੋਰ ਕਮਾਈਆਂ ਹਨ। 17ਤਾਂ ਉਸ ਨੇ ਦਾਸ ਨੂੰ ਆਖਿਆ, ਹੇ ਚੰਗੇ ਨੌਕਰ ਸ਼ਾਬਾਸ਼! ਇਸ ਲਈ ਜੋ ਤੂੰ ਬਹੁਤ ਥੋੜ੍ਹੇ ਵਿੱਚ ਇਮਾਨਦਾਰ ਨਿੱਕਲਿਆ, ਤੂੰ ਦਸਾਂ ਨਗਰਾਂ ਉੱਤੇ ਅਧਿਕਾਰ ਰੱਖ। 18ਅਤੇ ਦੂਜੇ ਨੇ ਆਣ ਕੇ ਕਿਹਾ, ਸੁਆਮੀ ਜੀ, ਤੁਹਾਡੀ ਅਸ਼ਰਫ਼ੀ ਨਾਲ ਮੈਂ ਪੰਜ ਅਸ਼ਰਫ਼ੀਆਂ ਹੋਰ ਕਮਾਈਆਂ ਹਨ। 19ਤਾਂ ਉਸ ਨੇ ਦੂਜੇ ਦਾਸ ਨੂੰ ਵੀ ਆਖਿਆ ਕਿ ਤੂੰ ਵੀ ਪੰਜਾਂ ਨਗਰਾਂ ਉੱਤੇ ਅਧਿਕਾਰ ਰੱਖ। 20ਅਤੇ ਹੋਰ ਨੇ ਆਣ ਕੇ ਕਿਹਾ, ਸੁਆਮੀ ਜੀ ਵੇਖੋ, ਇਹ ਤੁਹਾਡੀ ਅਸ਼ਰਫ਼ੀ ਹੈ ਜਿਸ ਨੂੰ ਮੈਂ ਰੁਮਾਲ ਵਿੱਚ ਰੱਖ ਛੱਡਿਆ ਹੈ। 21ਇਸ ਲਈ ਜੋ ਮੈਂ ਤੁਹਾਡੇ ਕੋਲੋਂ ਡਰਿਆ ਕਿਉਂ ਜੋ ਤੁਸੀਂ ਸਖ਼ਤ ਸੁਭਾਅ ਵਾਲੇ ਆਦਮੀ ਹੋ। ਜੋ ਤੁਸੀਂ ਨਹੀਂ ਰੱਖਿਆ ਉੱਥੋਂ ਚੁੱਕਦੇ ਹੋ ਅਤੇ ਜਿੱਥੇ ਨਹੀਂ ਬੀਜਿਆ ਉੱਥੋਂ ਵੱਢਦੇ ਹੋ। 22ਉਸ ਨੇ ਆਪਣੇ ਦਾਸ ਨੂੰ ਆਖਿਆ, ਹੇ ਦੁਸ਼ਟ ਨੌਕਰ! ਤੇਰੇ ਹੀ ਮੂੰਹੋਂ ਮੈਂ ਤੈਨੂੰ ਦੋਸ਼ੀ ਠਹਿਰਾਉਂਦਾ ਹਾਂ। ਤੂੰ ਮੈਨੂੰ ਜਾਣਿਆ ਜੋ ਮੈਂ ਸਖ਼ਤ ਸੁਭਾਅ ਵਾਲਾ ਆਦਮੀ ਹਾਂ ਅਤੇ ਜਿੱਥੇ ਮੈਂ ਨਹੀਂ ਰੱਖਿਆ ਉੱਥੋਂ ਮੈਂ ਚੁੱਕਦਾ ਹਾਂ ਅਤੇ ਜਿੱਥੇ ਮੈਂ ਨਹੀਂ ਬੀਜਿਆ ਉੱਥੋਂ ਮੈਂ ਵੱਢਦਾ ਹਾਂ। 23ਫੇਰ ਤੂੰ ਮੇਰੇ ਰੁਪਏ ਸ਼ਾਹੂਕਾਰ ਦੇ ਕੋਲ ਕਿਉਂ ਨਾ ਰੱਖੇ, ਜੋ ਮੈਂ ਆਣ ਕੇ ਉਨ੍ਹਾਂ ਨੂੰ ਵਿਆਜ ਸਮੇਤ ਵਸੂਲ ਕਰ ਲੈਂਦਾ? 24ਅਤੇ ਉਸ ਨੇ ਉਨ੍ਹਾਂ ਨੌਕਰਾਂ ਨੂੰ ਜਿਹੜੇ ਕੋਲ ਖੜ੍ਹੇ ਸਨ ਆਖਿਆ, ਅਸ਼ਰਫ਼ੀ ਉਸ ਦੁਸ਼ਟ ਦਾਸ ਕੋਲੋਂ ਲੈ ਲਓ ਅਤੇ ਜਿਸ ਦੇ ਕੋਲ ਦਸ ਅਸ਼ਰਫ਼ੀਆਂ ਹਨ, ਉਸ ਨੂੰ ਦਿਉ। 25ਤਾਂ ਉਨ੍ਹਾਂ ਨੇ ਉਸ ਨੂੰ ਕਿਹਾ, ਸੁਆਮੀ ਜੀ ਉਸ ਦੇ ਕੋਲ ਦਸ ਅਸ਼ਰਫ਼ੀਆਂ ਹਨ। 26ਮੈਂ ਤੁਹਾਨੂੰ ਆਖਦਾ ਹਾਂ ਕਿ ਜਿਸ ਕਿਸੇ ਕੋਲ ਕੁਝ ਹੈ ਉਸ ਨੂੰ ਹੋਰ ਦਿੱਤਾ ਜਾਵੇਗਾ ਪਰ ਜਿਸ ਦੇ ਕੋਲ ਨਹੀਂ ਹੈ ਉਸ ਕੋਲੋਂ ਜੋ ਹੈ ਉਹ ਵੀ ਲੈ ਲਿਆ ਜਾਵੇਗਾ। 27ਮੇਰੇ ਇਨ੍ਹਾਂ ਵੈਰੀਆਂ ਨੂੰ ਜਿਹੜੇ ਨਹੀਂ ਚਾਹੁੰਦੇ ਸਨ ਕਿ ਮੈਂ ਉਨ੍ਹਾਂ ਉੱਤੇ ਰਾਜ ਕਰਾਂ ਇੱਥੇ ਲਿਆਓ ਅਤੇ ਮੇਰੇ ਸਾਹਮਣੇ ਮਾਰ ਸੁੱਟੋ!
ਯਿਸੂ ਯਰੂਸ਼ਲਮ ਵਿੱਚ ਇੱਕ ਰਾਜਾ ਦੇ ਰੂਪ ਵਿੱਚ ਆਉਂਦਾ ਹੈ
ਮੱਤੀ 21:1-11; ਮਰਕੁਸ 11:1-11; ਯੂਹੰਨਾ 12:12-19
28ਇਹ ਗੱਲਾਂ ਕਰ ਕੇ ਯਿਸੂ ਯਰੂਸ਼ਲਮ ਨੂੰ ਜਾਂਦਿਆਂ ਹੋਇਆਂ ਅੱਗੇ-ਅੱਗੇ ਤੁਰਿਆ ਜਾਂਦਾ ਸੀ। 29ਅਤੇ ਇਹ ਹੋਇਆ ਕਿ ਜਦ ਉਹ ਉਸ ਪਹਾੜ ਕੋਲ ਜਿਹੜਾ ਜ਼ੈਤੂਨ ਅਖਵਾਉਂਦਾ ਹੈ, ਬੈਤਫ਼ਗਾ ਅਤੇ ਬੈਤਅਨੀਆ ਦੇ ਨੇੜੇ ਪਹੁੰਚਿਆ ਤਾਂ ਉਸ ਨੇ ਚੇਲਿਆਂ ਵਿੱਚੋਂ ਦੋ ਨੂੰ ਇਹ ਕਹਿ ਕੇ ਭੇਜਿਆ 30ਕਿ ਸਾਹਮਣੇ ਪਿੰਡ ਨੂੰ ਜਾਓ ਅਤੇ ਉੱਥੇ ਪਹੁੰਚ ਕੇ ਤੁਸੀਂ ਇੱਕ ਗਧੀ ਦਾ ਬੱਚਾ ਬੰਨ੍ਹਿਆ ਹੋਇਆ ਵੇਖੋਗੇ ਜਿਸ ਦੇ ਉੱਤੇ ਕਦੇ ਕੋਈ ਸਵਾਰ ਨਹੀਂ ਹੋਇਆ, ਉਸ ਨੂੰ ਖੋਲ੍ਹ ਲਿਆਓ। 31ਅਤੇ ਜੇ ਕੋਈ ਤੁਹਾਨੂੰ ਪੁੱਛੇ ਕਿ ਤੁਸੀਂ ਇਸ ਨੂੰ ਕਿਉਂ ਖੋਲ੍ਹਦੇ ਹੋ? ਤਾਂ ਇਹ ਆਖਣਾ ਜੋ ਪ੍ਰਭੂ ਨੂੰ ਇਸ ਦੀ ਲੋੜ ਹੈ। 32ਸੋ ਜਿਹੜੇ ਭੇਜੇ ਗਏ ਸਨ ਉਨ੍ਹਾਂ ਨੇ ਉਸ ਪਿੰਡ ਵਿੱਚ ਜਾ ਕੇ ਜਿਸ ਤਰ੍ਹਾਂ ਉਨ੍ਹਾਂ ਨੂੰ ਕਿਹਾ ਸੀ ਉਸੇ ਤਰ੍ਹਾਂ ਵੇਖਿਆ। 33ਅਤੇ ਜਦ ਉਸ ਗਧੀ ਦੇ ਬੱਚੇ ਨੂੰ ਖੋਲ੍ਹਦੇ ਸਨ, ਤਾਂ ਉਸ ਦੇ ਮਾਲਕਾਂ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਬੱਚੇ ਨੂੰ ਕਿਉਂ ਖੋਲ੍ਹਦੇ ਹੋ? 34ਫੇਰ ਉਨ੍ਹਾਂ ਨੇ ਉੱਤਰ ਦਿੱਤਾ ਕਿ ਪ੍ਰਭੂ ਨੂੰ ਇਸ ਦੀ ਲੋੜ ਹੈ। 35ਉਹ ਉਸ ਨੂੰ ਯਿਸੂ ਦੇ ਕੋਲ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਤੇ ਪਾ ਕੇ ਯਿਸੂ ਨੂੰ ਉਸ ਉੱਪਰ ਬਿਠਾ ਦਿੱਤਾ। 36ਜਿਸ ਸਮੇਂ ਉਹ ਅੱਗੇ ਵਧਿਆ ਜਾਂਦਾ ਸੀ ਤਾਂ ਲੋਕੀ ਆਪਣੇ ਕੱਪੜੇ ਉਸ ਦੀ ਰਾਹ ਵਿੱਚ ਵਿਛਾਉਂਦੇ ਸਨ। 37ਅਤੇ ਜਦ ਉਹ ਜ਼ੈਤੂਨ ਦੀ ਉਤਰਾਈ ਤੇ ਪਹੁੰਚਿਆ ਤਾਂ ਚੇਲਿਆਂ ਦੀ ਸਾਰੀ ਟੋਲੀ ਅਨੰਦ ਨਾਲ ਭਰ ਕੇ ਉਨ੍ਹਾਂ ਸਭ ਚਮਤਕਾਰਾਂ ਦੇ ਲਈ ਜੋ ਉਨ੍ਹਾਂ ਨੇ ਵੇਖੇ ਸਨ, ਉੱਚੀ ਅਵਾਜ਼ ਨਾਲ ਇਹ ਕਹਿ ਕੇ ਪਰਮੇਸ਼ੁਰ ਦੀ ਉਸਤਤ ਕਰਨ ਲੱਗੀ 38ਕਿ ਮੁਬਾਰਕ ਉਹ ਪਾਤਸ਼ਾਹ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ! ਸਵਰਗ ਵਿੱਚ ਸ਼ਾਂਤੀ ਅਤੇ ਅਕਾਸ਼ ਵਿੱਚ ਵਡਿਆਈ ਹੋਵੇ! 39ਤਦ ਭੀੜ ਵਿੱਚ ਕਿੰਨਿਆਂ ਫ਼ਰੀਸੀਆਂ ਨੇ ਉਸ ਨੂੰ ਕਿਹਾ, ਗੁਰੂ ਜੀ ਆਪਣਿਆਂ ਚੇਲਿਆਂ ਨੂੰ ਚੁੱਪ ਕਰਾ! 40ਯਿਸੂ ਨੇ ਉੱਤਰ ਦਿੱਤਾ, ਮੈਂ ਤੁਹਾਨੂੰ ਆਖਦਾ ਹਾਂ ਕਿ ਜੇ ਇਹ ਚੁੱਪ ਕਰ ਜਾਣ ਤਾਂ ਪੱਥਰ ਬੋਲ ਉੱਠਣਗੇ!
ਯਰੂਸ਼ਲਮ ਦੇ ਲਈ ਵਿਰਲਾਪ
41ਜਦ ਉਹ ਨੇੜੇ ਆਇਆ ਤਾਂ ਸ਼ਹਿਰ ਨੂੰ ਵੇਖ ਕੇ ਉਸ ਉੱਤੇ ਰੋਇਆ 42ਅਤੇ ਆਖਿਆ, ਕਾਸ਼ ਕਿ ਤੂੰ ਅੱਜ ਸ਼ਾਂਤੀ ਦੀਆਂ ਗੱਲਾਂ ਨੂੰ ਜਾਣਦਾ, ਪਰ ਹੁਣ ਉਹ ਤੇਰੀਆਂ ਅੱਖਾਂ ਤੋਂ ਲੁੱਕੀਆਂ ਹੋਈਆਂ ਹਨ। 43ਕਿਉਂਕਿ ਉਹ ਦਿਨ ਤੇਰੇ ਉੱਤੇ ਆਉਣਗੇ ਜਦ ਤੇਰੇ ਵੈਰੀ ਤੇਰੇ ਵਿਰੁੱਧ ਮੋਰਚਾ ਬੰਨ੍ਹਣਗੇ ਅਤੇ ਤੈਨੂੰ ਘੇਰ ਲੈਣਗੇ ਅਤੇ ਚਾਰੋਂ ਪਾਸੋਂ ਤੈਨੂੰ ਦੱਬਣਗੇ, 44ਅਤੇ ਤੇਰੇ ਬੱਚਿਆਂ ਸਮੇਤ ਜੋ ਤੇਰੇ ਵਿੱਚ ਹਨ ਤੈਨੂੰ ਧਰਤੀ ਉੱਤੇ ਪਟਕਾ ਦੇਣਗੇ ਅਤੇ ਤੇਰੇ ਵਿੱਚ ਪੱਥਰ ਉੱਤੇ ਪੱਥਰ ਨਾ ਛੱਡਣਗੇ, ਕਿਉਂ ਜੋ ਤੂੰ ਆਪਣੀ ਭਲਾਈ ਦੇ ਮੌਕੇ ਨੂੰ ਨਾ ਜਾਣਿਆ। 45ਫਿਰ ਉਹ ਹੈਕਲ ਵਿੱਚ ਜਾ ਕੇ ਉਨ੍ਹਾਂ ਨੂੰ ਜਿਹੜੇ ਵੇਚਦੇ ਸਨ ਬਾਹਰ ਕੱਢਣ ਲੱਗਾ।
ਹੈਕਲ ਵਿੱਚੋਂ ਵਪਾਰੀਆਂ ਨੂੰ ਕੱਢਣਾ
ਮੱਤੀ 21:12-17; ਮਰਕੁਸ 11:15-19; ਯੂਹੰਨਾ 2:13-22
46ਉਨ੍ਹਾਂ ਨੂੰ ਆਖਿਆ ਕਿ ਲਿਖਿਆ ਹੈ ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ ਪਰ ਤੁਸੀਂ ਉਸ ਨੂੰ ਡਾਕੂਆਂ ਦਾ ਅੱਡਾ ਬਣਾ ਦਿੱਤਾ ਹੈ। 47ਉਹ ਹੈਕਲ ਵਿੱਚ ਹਰ ਰੋਜ਼ ਉਪਦੇਸ਼ ਕਰਦਾ ਸੀ, ਪਰ ਮੁੱਖ ਜਾਜਕ ਅਤੇ ਉਪਦੇਸ਼ਕ ਅਤੇ ਲੋਕਾਂ ਦੇ ਸਰਦਾਰ ਉਸ ਦਾ ਨਾਸ ਕਰਨ ਦੀ ਖੋਜ ਵਿੱਚ ਸਨ। 48ਪਰ ਇਹ ਕਰਨ ਦਾ ਕੋਈ ਤਰੀਕਾ ਨਾ ਲੱਭਿਆ ਕਿਉਂ ਜੋ ਸਭ ਲੋਕ ਉਸ ਦੀ ਸੁਣਨ ਵਿੱਚ ਲੀਨ ਸਨ।
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.