ਯੂਹੰਨਾ 11
11
ਲਾਜ਼ਰ ਦੀ ਮੌਤ
1ਲਾਜ਼ਰ ਨਾਮ ਦਾ ਇੱਕ ਬਿਮਾਰ ਮਨੁੱਖ ਸੀ ਜੋ ਕਿ ਬੈਤਅਨਿਯਾ ਨਗਰ ਵਿੱਚ ਰਹਿੰਦਾ ਸੀ। ਇਹ ਉਹ ਨਗਰ ਸੀ, ਜਿੱਥੇ ਮਰਿਯਮ ਅਤੇ ਉਸ ਦੀ ਭੈਣ ਮਾਰਥਾ ਰਹਿੰਦੀ ਸੀ। 2ਇਹ ਉਹ ਮਰਿਯਮ ਸੀ, ਜਿਸ ਨੇ ਪ੍ਰਭੂ ਉੱਤੇ ਅਤਰ ਪਾ ਦਿੱਤਾ ਅਤੇ ਆਪਣੇ ਸਿਰ ਦੇ ਵਾਲਾਂ ਨਾਲ ਉਸ ਦੇ ਚਰਨ ਸਾਫ਼ ਕੀਤੇ। ਲਾਜ਼ਰ ਮਰਿਯਮ ਦਾ ਭਰਾ ਬਿਮਾਰ ਸੀ। 3ਇਸ ਲਈ ਮਰਿਯਮ ਅਤੇ ਮਾਰਥਾ ਨੇ ਉਸ ਕੋਲ ਇੱਕ ਸੁਨੇਹਾ ਭੇਜਿਆ, “ਪ੍ਰਭੂ, ਤੁਹਾਡਾ ਪਿਆਰਾ ਮਿੱਤਰ ਲਾਜ਼ਰ ਬਿਮਾਰ ਹੈ।” 4ਜਦੋਂ ਯਿਸੂ ਨੇ ਇਹ ਸੁਣਿਆ ਤਾਂ ਉਸ ਨੇ ਕਿਹਾ, “ਇਸ ਬਿਮਾਰੀ ਦਾ ਕਾਰਨ ਮੌਤ ਨਹੀਂ, ਸਗੋਂ ਇਹ ਬਿਮਾਰੀ ਪਰਮੇਸ਼ੁਰ ਦੀ ਮਹਿਮਾ ਲਈ ਅਤੇ ਪਰਮੇਸ਼ੁਰ ਦੇ ਪੁੱਤਰ ਦੀ ਮਹਿਮਾ ਲਈ ਹੋਵੇ।” 5ਪ੍ਰਭੂ ਯਿਸੂ ਮਰਿਯਮ, ਉਸ ਦੀ ਭੈਣ ਮਾਰਥਾ ਅਤੇ ਉਸ ਦੇ ਭਰਾ ਲਾਜ਼ਰ ਨੂੰ ਪਿਆਰ ਕਰਦਾ ਸੀ। 6ਜਦੋਂ ਉਸ ਨੇ ਸੁਣਿਆ ਕਿ ਲਾਜ਼ਰ ਬੜਾ ਬਿਮਾਰ ਹੈ ਤਾਂ ਉਹ ਜਿੱਥੇ ਸੀ, ਉੱਥੇ ਦੋ ਦਿਨ ਤੱਕ ਉਹ ਹੋਰ ਰੁਕ ਗਿਆ। 7ਤਦ ਯਿਸੂ ਨੇ ਆਪਣੇ ਚੇਲਿਆਂ ਨੂੰ ਕਿਹਾ, “ਅਸੀਂ ਹੁਣ ਯਹੂਦਿਯਾ ਨੂੰ ਵਾਪਸ ਚਲੀਏ।” 8ਚੇਲਿਆਂ ਨੇ ਆਖਿਆ, “ਪਰ ਗੁਰੂ! ਥੋੜ੍ਹਾ ਚਿਰ ਪਹਿਲਾਂ, ਯਹੂਦਿਯਾ ਵਿੱਚ ਯਹੂਦੀ ਤੇਰੇ ਉੱਤੇ ਪਥਰਾਹ ਕਰਨਾ ਚਾਹੁੰਦੇ ਸਨ, ਤਾਂ ਕੀ ਤੂੰ ਫਿਰ ਉੱਥੇ ਹੀ ਵਾਪਸ ਜਾਂਦਾ ਹੈਂ।” 9ਯਿਸੂ ਨੇ ਉੱਤਰ ਦਿੱਤਾ, “ਕੀ ਦਿਨ ਦੇ ਬਾਰ੍ਹਾਂ ਘੰਟੇ ਨਹੀਂ ਹੁੰਦੇ? ਜੇਕਰ ਕੋਈ ਦਿਨ ਨੂੰ ਚਲੇ ਤਾਂ ਠੋਕਰ ਨਹੀਂ ਖਾਂਦਾ ਕਿਉਂਕਿ ਉਹ ਇਸ ਦੁਨੀਆਂ ਦੇ ਚਾਨਣ ਨੂੰ ਵੇਖਦਾ ਹੈ। 10ਪਰ ਜੋ ਮਨੁੱਖ ਰਾਤ ਨੂੰ ਚੱਲਦਾ ਹੈ, ਹਨੇਰੇ ਵਿੱਚ ਠੋਕਰ ਖਾਂਦਾ ਕਿਉਂਕਿ ਉਸ ਕੋਲ ਚਾਨਣ ਨਹੀਂ ਹੈ।” 11ਯਿਸੂ ਨੇ ਇਹ ਗੱਲਾਂ ਕਹਿਣ ਤੋਂ ਬਾਅਦ ਕਿਹਾ, “ਸਾਡਾ ਮਿੱਤਰ ਲਾਜ਼ਰ ਸੌਂ ਗਿਆ ਹੈ, ਪਰ ਮੈਂ ਉਸ ਨੂੰ ਜਗਾਉਣ ਜਾਂਦਾ ਹਾਂ।” 12ਚੇਲਿਆਂ ਨੇ ਆਖਿਆ, “ਪ੍ਰਭੂ, ਜੇਕਰ ਉਹ ਸੌਂ ਰਿਹਾ ਹੈ, ਤਾਂ ਉਹ ਜਾਗ ਜਾਵੇਗਾ।” 13ਯਿਸੂ ਦੇ ਕਹਿਣ ਦਾ ਮਤਲਬ ਸੀ, ਲਾਜ਼ਰ ਮਰ ਗਿਆ। ਪਰ ਚੇਲਿਆਂ ਨੇ ਸਮਝਿਆ ਕਿ ਉਹ ਅਸਲੀ ਨੀਂਦ ਬਾਰੇ ਬੋਲ ਰਿਹਾ ਸੀ। 14ਤਾਂ ਯਿਸੂ ਨੇ ਉਨ੍ਹਾਂ ਨੂੰ ਸਾਫ਼-ਸਾਫ਼ ਕਿਹਾ, “ਲਾਜ਼ਰ ਮਰ ਗਿਆ ਹੈ। 15ਅਤੇ ਤੁਹਾਡੀ ਖਾਤਰ ਮੈਂ ਖੁਸ਼ੀ ਮਹਿਸੂਸ ਕਰਦਾ ਹਾਂ ਕਿ ਉਸ ਸਮੇਂ ਮੈਂ ਉੱਥੇ ਨਹੀਂ ਸੀ। ਕਿਉਂਕਿ ਹੁਣ ਤੁਸੀਂ ਮੇਰੇ ਤੇ ਵਿਸ਼ਵਾਸ ਕਰੋਂਗੇ। ਇਸ ਲਈ ਚਲੋ ਅਸੀਂ ਉੱਥੇ ਚੱਲੀਏ।” 16ਤਦ ਥੋਮਾ ਨੇ ਜਿਹੜਾ ਦੀਦੁਮੁਸ ਅਖਵਾਉਂਦਾ ਸੀ, ਆਪਣੇ ਨਾਲ ਦੇ ਚੇਲਿਆਂ ਨੂੰ ਆਖਿਆ, “ਚਲੋ ਆਓ ਅਸੀਂ ਵੀ ਉਸ ਦੇ ਨਾਲ ਚੱਲੀਏ। ਅਤੇ ਉਸ ਨਾਲ ਮਾਰੇ ਜਾਈਏ।”
ਯਿਸੂ ਲਾਜ਼ਰ ਦੀਆਂ ਭੈਣਾਂ ਨੂੰ ਦਿਲਾਸਾ ਦਿੰਦਾ ਹੈ
17ਯਿਸੂ ਬੈਤਅਨਿਯਾ ਵਿੱਚ ਪਹੁੰਚਿਆ ਅਤੇ ਵੇਖਿਆ ਕਿ ਲਾਜ਼ਰ ਨੂੰ ਕਬਰ ਵਿੱਚ ਰੱਖੇ ਚਾਰ ਦਿਨ ਹੋ ਗਏ ਸਨ। 18ਬੈਤਅਨਿਯਾ ਤੋਂ ਯਰੂਸ਼ਲਮ ਵਿਚਕਾਰ ਲੱਗਭਗ ਦੋ ਮੀਲ ਦੀ ਦੂਰੀ ਸੀ। 19ਬਹੁਤ ਸਾਰੇ ਯਹੂਦੀ ਮਾਰਥਾ ਅਤੇ ਮਰਿਯਮ ਕੋਲ ਲਾਜ਼ਰ ਦੀ ਮੌਤ ਦਾ ਅਫ਼ਸੋਸ ਕਰਨ ਆਏ। 20ਜਦ ਮਾਰਥਾ ਨੇ ਸੁਣਿਆ ਕਿ ਯਿਸੂ ਆ ਰਿਹਾ ਹੈ, ਤਾਂ ਉਹ ਉਸ ਨੂੰ ਮਿਲਣ ਲਈ ਬਾਹਰ ਗਈ ਪਰ ਮਰਿਯਮ ਘਰ ਹੀ ਰਹੀ। 21ਮਾਰਥਾ ਨੇ ਯਿਸੂ ਨੂੰ ਕਿਹਾ, “ਹੇ ਪ੍ਰਭੂ, ਜੇਕਰ ਤੁਸੀਂ ਇੱਥੇ ਹੁੰਦੇ, ਤਾਂ ਮੇਰਾ ਭਰਾ ਨਾ ਮਰਦਾ। 22ਪਰ ਮੈਂ ਜਾਣਦੀ ਹਾਂ ਹੁਣ ਵੀ ਤੁਸੀਂ, ਜੋ ਵੀ ਪਰਮੇਸ਼ੁਰ ਕੋਲੋਂ ਮੰਗੋਂਗੇ, ਉਹ ਤੁਹਾਨੂੰ ਦੇਵੇਗਾ।” 23ਯਿਸੂ ਨੇ ਆਖਿਆ, “ਤੇਰਾ ਭਰਾ ਜੀ ਉੱਠੇਗਾ।” 24ਮਾਰਥਾ ਬੋਲੀ “ਮੈਂ ਜਾਣਦੀ ਹਾਂ ਕਿ ਉਹ ਨਿਆਂ ਵਾਲੇ ਦਿਨ ਦੇ ਸਮੇਂ ਅੰਤ ਦੇ ਦਿਨ ਜੀ ਉੱਠੇਗਾ।” 25ਯਿਸੂ ਨੇ ਉਸ ਨੂੰ ਆਖਿਆ, “ਮੁਰਦਿਆਂ ਦਾ ਜੀ ਉੱਠਣਾ ਅਤੇ ਜੀਵਨ ਮੈਂ ਹਾਂ। ਜਿਹੜਾ ਮਨੁੱਖ ਮੇਰੇ ਤੇ ਵਿਸ਼ਵਾਸ ਕਰਦਾ ਹੈ ਭਾਵੇਂ ਉਹ ਮਰ ਜਾਏ ਤਾਂ ਵੀ ਉਹ ਜੀਵੇਗਾ। 26ਹਰ ਮਨੁੱਖ, ਜੋ ਜਿਉਂਦਾ ਹੈ ਅਤੇ ਮੇਰੇ ਤੇ ਵਿਸ਼ਵਾਸ ਕਰਦਾ ਹੈ, ਕਦੀ ਨਹੀਂ ਮਰੇਗਾ। ਮਾਰਥਾ, ਕੀ ਤੂੰ ਇਸ ਦਾ ਵਿਸ਼ਵਾਸ ਕਰਦੀ ਹੈਂ?” 27ਮਾਰਥਾ ਨੇ ਕਿਹਾ, “ਹਾਂ ਪ੍ਰਭੂ, ਮੈਂ ਵਿਸ਼ਵਾਸ ਕਰਦੀ ਹਾਂ ਕਿ ਤੂੰ ਹੀ ਮਸੀਹ ਹੈਂ, ਪਰਮੇਸ਼ੁਰ ਦਾ ਪੁੱਤਰ, ਜੋ ਇਸ ਦੁਨੀਆਂ ਵਿੱਚ ਆਉਣ ਵਾਲਾ ਸੀ।”
ਯਿਸੂ ਰੋਇਆ
28ਯਿਸੂ ਨੂੰ ਇਹ ਕਹਿਣ ਤੋਂ ਬਾਅਦ ਮਾਰਥਾ ਆਪਣੀ ਭੈਣ ਮਰਿਯਮ ਕੋਲ ਗਈ ਤੇ ਉਸ ਨਾਲ ਇਕੱਲਿਆਂ ਗੱਲ ਕੀਤੀ ਅਤੇ ਆਖਿਆ, “ਪ੍ਰਭੂ ਆਇਆ ਹੈ ਅਤੇ ਉਹ ਤੇਰੇ ਬਾਰੇ ਪੁੱਛ ਰਿਹਾ ਹੈ।” 29ਜਦੋਂ ਮਰਿਯਮ ਨੇ ਇਹ ਸੁਣਿਆ ਤਾਂ ਉਹ ਝੱਟ ਉੱਠ ਖੜ੍ਹੀ ਹੋਈ ਅਤੇ ਯਿਸੂ ਕੋਲ ਗਈ। 30ਯਿਸੂ ਹਾਲੇ ਪਿੰਡ ਵਿੱਚ ਨਹੀਂ ਪਹੁੰਚਿਆ ਸੀ, ਸਗੋਂ ਉਹ ਅਜੇ ਉਸ ਥਾਂ ਸੀ ਜਿੱਥੇ ਮਾਰਥਾ ਉਸ ਨੂੰ ਮਿਲਣ ਆਈ ਸੀ। 31ਜਿਹੜੇ ਯਹੂਦੀ ਮਰਿਯਮ ਦੇ ਘਰ ਵਿੱਚ ਉਸ ਨੂੰ ਤਸੱਲੀ ਦੇ ਰਹੇ ਸਨ। ਉਨ੍ਹਾਂ ਨੇ ਮਰਿਯਮ ਨੂੰ ਜਲਦੀ ਨਾਲ ਉੱਠਦਿਆਂ ਅਤੇ ਘਰ ਤੋਂ ਬਹਾਰ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਨੇ ਉਸਦਾ ਪਿੱਛਾ ਕੀਤਾ। ਉਨ੍ਹਾਂ ਨੇ ਸਮਝਿਆ ਕਿ ਉਹ ਕਬਰ ਤੇ ਰੋਣ ਜਾ ਰਹੀ ਹੈ। 32ਮਰਿਯਮ ਉੱਥੇ ਆਈ ਜਿੱਥੇ ਯਿਸੂ ਸੀ। ਜਦੋਂ ਮਰਿਯਮ ਨੇ ਯਿਸੂ ਨੂੰ ਵੇਖਿਆ ਉਹ ਉਸ ਦੇ ਚਰਨਾਂ ਤੇ ਡਿੱਗ ਪਈ ਅਤੇ ਆਖਿਆ, “ਪ੍ਰਭੂ, ਜੇਕਰ ਤੂੰ ਇੱਥੇ ਹੁੰਦਾ, ਮੇਰਾ ਭਰਾ ਨਾ ਮਰਦਾ।” 33ਜਦੋਂ ਯਿਸੂ ਨੇ ਮਰਿਯਮ ਅਤੇ ਉਸ ਦੇ ਨਾਲ ਆਏ ਯਹੂਦੀਆਂ ਨੂੰ ਰੋਂਦੇ ਵੇਖਿਆ ਤਾਂ ਯਿਸੂ ਆਪਣੇ ਆਤਮਾ ਵਿੱਚ ਬਹੁਤ ਦੁੱਖੀ ਹੋਇਆ ਅਤੇ ਦਰਦ ਮਹਿਸੂਸ ਕੀਤਾ। 34ਉਸ ਨੇ ਪੁੱਛਿਆ, “ਲਾਜ਼ਰ ਨੂੰ ਤੁਸੀਂ ਕਿੱਥੇ ਰੱਖਿਆ ਹੈ।” ਉਨ੍ਹਾਂ ਆਖਿਆ, “ਪ੍ਰਭੂ ਜੀ ਆਓ ਅਤੇ ਵੇਖੋ।” 35ਯਿਸੂ ਰੋਇਆ, 36ਫਿਰ ਯਹੂਦੀਆਂ ਨੇ ਆਖਿਆ, “ਵੇਖੋ, ਉਹ ਉਸ ਨਾਲ ਕਿੰਨ੍ਹਾਂ ਪਿਆਰ ਕਰਦਾ ਸੀ।” 37ਪਰ ਕੁਝ ਯਹੂਦੀਆਂ ਨੇ ਆਖਿਆ, “ਉਹ ਜਿਸ ਨੇ ਅੰਨ੍ਹੇ ਨੂੰ ਸੁਜਾਖਾ ਕੀਤਾ, ਕੀ ਉਹ ਲਾਜ਼ਰ ਨੂੰ ਮਰਨ ਤੋਂ ਰੋਕਣ ਲਈ ਕੁਝ ਨਾ ਕਰ ਸਕਿਆ?”
ਲਾਜ਼ਰ ਨੂੰ ਜਿਵਾਲਣਾ
38ਇੱਕ ਵਾਰ ਫੇਰ ਯਿਸੂ ਨੇ ਆਪਣੇ ਮਨ ਵਿੱਚ ਬੜਾ ਦੁੱਖ ਮਹਿਸੂਸ ਕੀਤਾ। ਯਿਸੂ ਲਾਜ਼ਰ ਦੀ ਕਬਰ ਤੇ ਗਿਆ ਜੋ ਕਿ ਇੱਕ ਗੁਫਾ ਸੀ, ਉਸ ਉੱਪਰ ਪੱਥਰ ਧਰਿਆ ਹੋਇਆ ਸੀ। 39ਯਿਸੂ ਨੇ ਆਖਿਆ, “ਇਸ ਪੱਥਰ ਨੂੰ ਹਟਾ ਦੇਵੋ।” ਮਾਰਥਾ ਨੇ ਕਿਹਾ, “ਹੇ ਪ੍ਰਭੂ ਲਾਜ਼ਰ ਨੂੰ ਮਰਿਆਂ ਤਾਂ ਚਾਰ ਦਿਨ ਹੋ ਗਏ ਹਨ, ਉੱਥੋਂ ਤਾਂ ਹੁਣ ਬਦਬੂ ਆਉਂਦੀ ਹੋਵੇਗੀ।” 40ਯਿਸੂ ਨੇ ਮਾਰਥਾ ਨੂੰ ਆਖਿਆ, “ਯਾਦ ਕਰ, ਮੈਂ ਤੈਨੂੰ ਕੀ ਕਿਹਾ ਸੀ? ਜੇਕਰ ਤੂੰ ਵਿਸ਼ਵਾਸ ਕਰੇਂਗੀ ਤਾਂ ਤੂੰ ਪਰਮੇਸ਼ੁਰ ਦੀ ਮਹਿਮਾ ਵੇਖੇਂਗੀ।” 41ਫ਼ੇਰ ਉਨ੍ਹਾਂ ਨੇ ਕਬਰ ਤੋਂ ਪੱਥਰ ਹਟਾਇਆ। ਯਿਸੂ ਨੇ ਉੱਪਰ ਵੇਖਿਆ ਅਤੇ ਆਖਿਆ, “ਹੇ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ ਜੋ ਤੂੰ ਮੇਰੀ ਸੁਣੀ ਹੈ। 42ਮੈਂ ਜਾਣਦਾ ਹਾਂ ਕਿ ਤੂੰ ਮੇਰੀ ਸਦਾ ਸੁਣਦਾ ਹੈਂ, ਪਰ ਇਹ ਗੱਲ ਮੈਂ ਇਸ ਲਈ ਕਹੀ ਕਿਉਂਕਿ ਬਹੁਤ ਸਾਰੇ ਲੋਕ ਇਸ ਸਮੇਂ ਮੇਰੇ ਕੋਲ ਇਕੱਠੇ ਹੋਏ ਹਨ ਤੇ ਮੈਂ ਚਾਹੁੰਦਾ ਹਾਂ ਕਿ ਉਹ ਵਿਸ਼ਵਾਸ ਕਰਨ ਕਿ ਤੂੰ ਮੈਨੂੰ ਭੇਜਿਆ ਹੈ।” 43ਇਸ ਪ੍ਰਾਰਥਨਾ ਤੋਂ ਬਾਅਦ ਉਹ ਉੱਚੀ ਅਵਾਜ਼ ਨਾਲ ਬੁਲਾਇਆ, “ਲਾਜ਼ਰ, ਬਾਹਰ ਨਿੱਕਲ ਆ।” 44ਉਹ ਮਰਿਆ ਹੋਇਆ ਲਾਜ਼ਰ ਬਾਹਰ ਨਿੱਕਲ ਆਇਆ। ਉਸ ਦੇ ਹੱਥ-ਪੈਰ ਕੱਪੜੇ ਨਾਲ ਬੰਨੇ ਹੋਏ ਸਨ ਅਤੇ ਉਸਦਾ ਮੂੰਹ ਰੁਮਾਲ ਨਾਲ ਲਪੇਟਿਆ ਹੋਇਆ ਸੀ। ਯਿਸੂ ਨੇ ਲੋਕਾਂ ਨੂੰ ਆਖਿਆ, “ਇਸ ਦੇ ਉੱਪਰੋਂ ਕੱਪੜਾ ਖੋਲ੍ਹੋ ਅਤੇ ਇਸ ਨੂੰ ਜਾਣ ਦਿਓ।”
ਯਿਸੂ ਦੇ ਵਿਰੋਧ ਵਿੱਚ ਸਾਜਿਸ਼
ਮੱਤੀ 26:1-5; ਮਰਕੁਸ 14:1, 2; ਲੂਕਾ 22:1, 2
45ਬਹੁਤ ਸਾਰੇ ਯਹੂਦੀ ਉੱਥੇ ਮਰਿਯਮ ਨੂੰ ਵੇਖਣ ਲਈ ਆਏ ਹੋਏ ਸਨ। ਜੋ ਯਿਸੂ ਨੇ ਕੀਤਾ ਉਨ੍ਹਾਂ ਨੇ ਵੇਖਿਆ ਅਤੇ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਉਸ ਤੇ ਵਿਸ਼ਵਾਸ ਕੀਤਾ। 46ਪਰ ਕੁਝ ਯਹੂਦੀ ਫ਼ਰੀਸੀਆਂ ਕੋਲ ਗਏ ਤੇ ਜਾ ਕੇ ਫ਼ਰੀਸੀਆਂ ਨੂੰ ਯਿਸੂ ਦੇ ਕੰਮ ਬਾਰੇ ਦੱਸਿਆ ਕਿ ਉਸ ਨੇ ਕੀ ਕੀਤਾ ਸੀ। 47ਤਾਂ ਫਿਰ ਮੁੱਖ ਜਾਜਕਾਂ ਅਤੇ ਫ਼ਰੀਸੀਆਂ ਨੇ ਯਹੂਦੀਆਂ ਦੀ ਇੱਕ ਸਭਾ ਬੁਲਾਈ ਅਤੇ ਕਿਹਾ, “ਸਾਨੂੰ ਕੀ ਕਰਨਾ ਚਾਹੀਦਾ ਹੈ? ਇਹ ਮਨੁੱਖ ਬਹੁਤ ਚਮਤਕਾਰ ਕਰ ਰਿਹਾ ਹੈ। 48ਜੇਕਰ ਅਸੀਂ ਇਸ ਨੂੰ ਓਵੇਂ ਹੀ ਛੱਡ ਦਿੱਤਾ, ਤਾਂ ਹਰ ਕੋਈ ਉਸ ਉੱਤੇ ਵਿਸ਼ਵਾਸ ਕਰੇਗਾ। ਤਦ ਫਿਰ ਰੋਮੀ ਆ ਜਾਣਗੇ ਅਤੇ ਸਾਡੀ ਹੈਕਲ ਅਤੇ ਸਾਡੀ ਕੌਮ ਨੂੰ ਨਾਸ ਕਰ ਦੇਣਗੇ।” 49ਉਨ੍ਹਾਂ ਵਿੱਚੋਂ ਇੱਕ ਕਯਾਫ਼ਾ ਸੀ। ਉਹ ਉਸ ਸਾਲ ਦਾ ਪ੍ਰਧਾਨ ਜਾਜਕ ਸੀ। ਉਸ ਨੇ ਆਖਿਆ, “ਤੁਸੀਂ ਲੋਕ ਕੁਝ ਵੀ ਨਹੀਂ ਜਾਣਦੇ। 50ਕੀ ਤੁਸੀਂ ਮਹਿਸੂਸ ਨਹੀਂ ਕਰਦੇ ਕਿ ਸਾਰੀ ਕੌਮ ਦੇ ਨਾਸ ਦੀ ਬਜਾਏ ਲੋਕਾਂ ਲਈ ਇੱਕ ਮਨੁੱਖ ਦਾ ਮਰ ਜਾਣਾ ਚੰਗਾ ਹੈ।” 51ਕਯਾਫ਼ਾ ਨੇ ਇਹ ਆਪਣੀ ਵਲੋਂ ਨਹੀਂ ਕਿਹਾ ਸੀ। ਉਹ ਉਸ ਸਾਲ ਪ੍ਰਧਾਨ ਜਾਜਕ ਸੀ ਇਸ ਲਈ ਉਸ ਨੇ ਭਵਿੱਖਬਾਣੀ ਕੀਤੀ ਕਿ ਯਿਸੂ ਕੌਮ ਲਈ ਮਰਨ ਵਾਲਾ ਸੀ। 52ਹਾਂ, ਯਿਸੂ ਸਿਰਫ਼ ਯਹੂਦੀ ਕੌਮ ਲਈ ਨਹੀਂ ਮਰੇਗਾ ਸਗੋਂ ਪਰਮੇਸ਼ੁਰ ਦੇ ਸਾਰੇ ਬੱਚਿਆਂ ਵਾਸਤੇ ਜਿਹੜੇ ਕਿ ਸਾਰੀ ਦੁਨੀਆਂ ਵਿੱਚ ਖਿੰਡੇ ਹੋਏ ਹਨ, ਤਾਂ ਕਿ ਉਹ ਉਨ੍ਹਾਂ ਨੂੰ ਇਕੱਠਿਆਂ ਕਰ ਲਵੇ। 53ਉਸ ਦਿਨ ਤੋਂ ਯਹੂਦੀ ਆਗੂਆਂ ਨੇ ਯਿਸੂ ਨੂੰ ਜਾਨੋਂ ਮਾਰਨ ਬਾਰੇ ਮਤਾ ਪਕਾਇਆ। 54ਤਦ ਯਿਸੂ ਨੇ ਯਹੂਦੀਆਂ ਵਿੱਚ ਖੁੱਲੇ-ਆਮ ਘੁੰਮਣਾ ਬੰਦ ਕਰ ਦਿੱਤਾ। ਉਹ ਯਰੂਸ਼ਲਮ ਛੱਡ ਕੇ ਇਫ਼ਰਾਈਮ ਨਾਮ ਦੇ ਇੱਕ ਨਗਰ ਵੱਲ ਚਲਾ ਗਿਆ ਜਿਹੜਾ ਉਜਾੜ ਦੇ ਨੇੜੇ ਸੀ। ਉੱਥੇ ਕੁਝ ਦੇਰ ਉਹ ਆਪਣੇ ਚੇਲਿਆਂ ਨਾਲ ਰਿਹਾ। 55ਯਹੂਦੀਆਂ ਦਾ ਪਸਾਹ ਦਾ ਤਿਉਹਾਰ ਮਨਾਉਣ ਦਾ ਸਮਾਂ ਨੇੜੇ ਸੀ। ਇਸ ਲਈ ਬਹੁਤ ਸਾਰੇ ਲੋਕ ਕਈ ਦੇਸਾਂ ਤੋਂ ਯਰੂਸ਼ਲਮ ਵਿੱਚ ਆਪਣੇ ਆਪ ਨੂੰ ਸ਼ੁੱਧ ਕਰਨ ਲਈ ਆਏ। 56ਇਨ੍ਹਾਂ ਲੋਕਾਂ ਨੇ ਯਿਸੂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਉਹ ਹੈਕਲ ਦੇ ਇਲਾਕੇ ਵਿੱਚ ਖੜ੍ਹੇ ਹੋ ਗਏ ਅਤੇ ਇੱਕ ਦੂਜੇ ਨੂੰ ਕਿਹਾ, “ਕੀ ਉਹ ਇਸ ਤਿਉਹਾਰ ਤੇ ਨਹੀਂ ਆਵੇਗਾ? ਤੁਸੀਂ ਕੀ ਸੋਚਦੇ ਹੋ?” 57ਪਰ ਮੁੱਖ ਜਾਜਕ ਅਤੇ ਫ਼ਰੀਸੀਆਂ ਨੇ ਆਗਿਆ ਦਿੱਤੀ ਕਿ ਜੇ ਕੋਈ ਜਾਣਦਾ ਹੋਵੇ ਕਿ ਯਿਸੂ ਕਿੱਥੇ ਹੈ। ਉਹ ਉਨ੍ਹਾਂ ਨੂੰ ਦੱਸਣ ਤਾਂ ਜੋ ਪ੍ਰਧਾਨ ਜਾਜਕ ਅਤੇ ਫ਼ਰੀਸੀ ਉਸ ਨੂੰ ਕੈਦ ਕਰ ਸਕਣ।
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.