YouVersion 標誌
搜尋圖標

ਉਤ 9

9
ਪਰਮੇਸ਼ੁਰ ਵੱਲੋਂ ਨੂਹ ਨਾਲ ਨੇਮ ਬੰਨਿਆ ਜਾਣਾ
1ਪਰਮੇਸ਼ੁਰ ਨੇ ਨੂਹ ਅਤੇ ਉਹ ਦੇ ਪੁੱਤਰਾਂ ਨੂੰ ਇਹ ਆਖ ਕੇ ਅਸੀਸ ਦਿੱਤੀ, ਫਲੋ ਅਤੇ ਵਧੋ ਅਤੇ ਧਰਤੀ ਨੂੰ ਭਰ ਦਿਉ 2ਤੁਹਾਡਾ ਡਰ ਅਤੇ ਭੈਅ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਹਰੇਕ ਪ੍ਰਾਣੀ ਉੱਤੇ ਜਿਹੜਾ ਜ਼ਮੀਨ ਉੱਤੇ ਘਿੱਸਰਦਾ ਹੈ ਅਤੇ ਸਮੁੰਦਰ ਦੀਆਂ ਸਾਰੀਆਂ ਮੱਛੀਆਂ ਉੱਤੇ ਹੋਵੇਗਾ, ਕਿਉਂ ਜੋ ਉਹ ਤੁਹਾਡੇ ਵੱਸ ਵਿੱਚ ਕੀਤੇ ਗਏ ਹਨ। 3ਹਰੇਕ ਚੱਲਣ ਵਾਲਾ ਪ੍ਰਾਣੀ ਜਿਸ ਦੇ ਵਿੱਚ ਜੀਵਨ ਹੈ, ਤੁਹਾਡੇ ਭੋਜਨ ਲਈ ਹੈ। ਜਿਵੇਂ ਮੈਂ ਤੁਹਾਨੂੰ ਸਾਗ ਪੱਤ ਦਿੱਤਾ ਸੀ, ਉਸੇ ਤਰ੍ਹਾਂ ਹੁਣ ਸਭ ਕੁਝ ਦਿੰਦਾ ਹਾਂ। 4ਪਰ ਮਾਸ ਨੂੰ ਪ੍ਰਾਣ ਸਮੇਤ ਅਰਥਾਤ ਲਹੂ ਸਮੇਤ ਤੁਸੀਂ ਨਾ ਖਾਇਓ। 5ਮੈਂ ਜ਼ਰੂਰ ਹੀ ਤੁਹਾਡੇ ਲਹੂ ਅਰਥਾਤ ਪ੍ਰਾਣ ਦਾ ਬਦਲਾ ਲਵਾਂਗਾ, ਹਰ ਇੱਕ ਜੰਗਲੀ ਜਾਨਵਰ ਅਤੇ ਮਨੁੱਖ ਦੋਵਾਂ ਤੋਂ ਉਸ ਦਾ ਬਦਲਾ ਲਵਾਂਗਾ ਅਤੇ ਹਰੇਕ ਮਨੁੱਖ ਦੀ ਜਾਨ ਦਾ ਬਦਲਾ ਮੈਂ ਉਸ ਦੇ ਭਰਾ ਤੋਂ ਲਵਾਂਗਾ। 6ਜੋ ਮਨੁੱਖ ਦਾ ਲਹੂ ਵਹਾਵੇਗਾ, ਉਸ ਦਾ ਲਹੂ ਮਨੁੱਖ ਦੇ ਹੱਥੋਂ ਵਹਾਇਆ ਜਾਵੇਗਾ ਕਿਉਂਕਿ ਪਰਮੇਸ਼ੁਰ ਨੇ ਮਨੁੱਖ ਨੂੰ ਆਪਣੇ ਹੀ ਸਰੂਪ ਵਿੱਚ ਰਚਿਆ ਸੀ। 7ਤੁਸੀਂ ਫਲੋ ਅਤੇ ਵਧੋ ਅਤੇ ਧਰਤੀ ਉੱਤੇ ਆਪਣੀ ਸੰਤਾਨ ਨੂੰ ਪੈਦਾ ਕਰਕੇ ਉਸ ਨੂੰ ਭਰ ਦਿਉ। 8ਪਰਮੇਸ਼ੁਰ ਨੂਹ ਅਤੇ ਉਸ ਦੇ ਪੁੱਤਰਾਂ ਨਾਲ ਬੋਲਿਆ, 9ਮੈਂ, ਵੇਖੋ, ਮੈਂ ਹੀ ਆਪਣਾ ਨੇਮ ਤੁਹਾਡੇ ਨਾਲ ਅਤੇ ਤੁਹਾਡੇ ਬਾਅਦ ਤੁਹਾਡੀ ਅੰਸ ਨਾਲ ਬੰਨ੍ਹਾਂਗਾ, 10ਅਤੇ ਹਰੇਕ ਜੀਉਂਦੇ ਪ੍ਰਾਣੀ ਨਾਲ ਜੋ ਤੁਹਾਡੇ ਸੰਗ ਹੈ, ਅਰਥਾਤ ਹਰੇਕ ਪੰਛੀ, ਪਸ਼ੂ, ਧਰਤੀ ਦੇ ਹਰੇਕ ਜਾਨਵਰ, ਸਗੋਂ ਹਰ ਇੱਕ ਦੇ ਨਾਲ ਜਿਹੜਾ ਕਿਸ਼ਤੀ ਤੋਂ ਨਿੱਕਲਿਆ ਹੈ। 11ਮੈਂ ਆਪਣਾ ਨੇਮ ਤੁਹਾਡੇ ਨਾਲ ਬੰਨ੍ਹਦਾ ਹਾਂ ਕਿ ਸਾਰੇ ਪ੍ਰਾਣੀਆਂ ਦਾ ਨਾਸ ਫੇਰ ਕਦੇ ਜਲ ਪਰਲੋ ਨਾਲ ਨਹੀਂ ਕੀਤਾ ਜਾਵੇਗਾ ਅਤੇ ਧਰਤੀ ਦਾ ਨਾਸ ਕਰਨ ਲਈ ਫੇਰ ਕਦੇ ਜਲ ਪਰਲੋ ਨਾ ਆਵੇਗੀ। 12ਤਦ ਪਰਮੇਸ਼ੁਰ ਨੇ ਆਖਿਆ, ਇਹ ਉਸ ਨੇਮ ਦਾ ਨਿਸ਼ਾਨ ਹੈ ਜਿਹੜਾ ਮੈਂ ਆਪਣੇ ਅਤੇ ਤੁਹਾਡੇ ਅਤੇ ਹਰੇਕ ਜੀਵ-ਜੰਤੂ ਨਾਲ ਜੋ ਤੁਹਾਡੇ ਸੰਗ ਹੈ, ਪੀੜ੍ਹੀਓਂ ਪੀੜ੍ਹੀ ਸਦਾ ਲਈ ਦਿੰਦਾ ਹਾਂ। 13ਮੈਂ ਬੱਦਲਾਂ ਵਿੱਚ ਆਪਣੀ ਸਤਰੰਗੀ ਪੀਂਘ ਰੱਖੀ ਹੈ। ਇਹ ਮੇਰੇ ਅਤੇ ਧਰਤੀ ਦੇ ਵਿਚਕਾਰ ਨੇਮ ਦੀ ਨਿਸ਼ਾਨੀ ਹੋਵੇਗੀ। 14ਜਦੋਂ ਮੈਂ ਧਰਤੀ ਉੱਤੇ ਬੱਦਲਾਂ ਨੂੰ ਲਿਆਵਾਂਗਾ ਤਦ ਇਹ ਸਤਰੰਗੀ ਪੀਂਘ ਬੱਦਲਾਂ ਵਿੱਚ ਵਿਖਾਈ ਦੇਵੇਗੀ। 15ਅਤੇ ਮੈਂ ਆਪਣੇ ਨੇਮ ਨੂੰ ਜੋ ਮੇਰੇ ਅਤੇ ਤੁਹਾਡੇ ਵਿਚਕਾਰ ਅਤੇ ਸਾਰੇ ਜੀਉਂਦੇ ਪ੍ਰਾਣੀਆਂ ਦੇ ਨਾਲ ਹੈ, ਯਾਦ ਕਰਾਂਗਾ ਅਤੇ ਅਜਿਹੀ ਜਲ ਪਰਲੋ ਫੇਰ ਕਦੇ ਨਾ ਹੋਵੇਗੀ ਜਿਹੜੀ ਸਾਰੇ ਪ੍ਰਾਣੀਆਂ ਦਾ ਨਾਸ ਕਰੇ। 16ਬੱਦਲ ਵਿੱਚ ਇਸ ਸਤਰੰਗੀ ਪੀਂਘ ਨੂੰ ਵੇਖ ਕੇ ਮੈਂ ਉਸ ਸਦੀਪਕ ਨੇਮ ਨੂੰ ਯਾਦ ਕਰਾਂਗਾ ਜਿਹੜਾ ਮੇਰੇ ਅਤੇ ਧਰਤੀ ਦੇ ਸਾਰੇ ਜੀਉਂਦੇ ਪ੍ਰਾਣੀਆਂ ਦੇ ਨਾਲ ਹੈ। 17ਫਿਰ ਪਰਮੇਸ਼ੁਰ ਨੇ ਨੂਹ ਨੂੰ ਕਿਹਾ, ਇਹ ਉਸ ਨੇਮ ਦਾ ਨਿਸ਼ਾਨ ਹੈ ਜੋ ਮੈਂ ਆਪਣੇ ਅਤੇ ਧਰਤੀ ਦੇ ਸਾਰੇ ਪ੍ਰਾਣੀਆਂ ਦੇ ਵਿਚਕਾਰ ਠਹਿਰਾਇਆ ਹੈ।
ਨੂਹ ਅਤੇ ਉਸ ਦੇ ਪੁੱਤਰ
18ਨੂਹ ਦੇ ਪੁੱਤਰ ਜਿਹੜੇ ਕਿਸ਼ਤੀ ਵਿੱਚੋਂ ਨਿੱਕਲੇ ਉਹ ਸ਼ੇਮ, ਹਾਮ ਅਤੇ ਯਾਫ਼ਥ ਸਨ ਅਤੇ ਹਾਮ ਕਨਾਨ ਦਾ ਪਿਤਾ ਸੀ। 19ਇਹ ਨੂਹ ਦੇ ਤਿੰਨ ਪੁੱਤਰ ਸਨ ਅਤੇ ਇਨ੍ਹਾਂ ਤੋਂ ਹੀ ਸਾਰੀ ਧਰਤੀ ਆਬਾਦ ਹੋਈ। 20ਨੂਹ ਖੇਤੀ ਕਰਨ ਲੱਗਾ ਅਤੇ ਉਸ ਨੇ ਅੰਗੂਰ ਦਾ ਬਾਗ਼ ਲਾਇਆ। 21ਉਸ ਨੇ ਮਧ ਪੀਤੀ ਅਤੇ ਮਤਵਾਲਾ ਹੋ ਗਿਆ, ਅਤੇ ਤੰਬੂ ਦੇ ਵਿੱਚ ਨੰਗਾ ਪੈ ਗਿਆ। 22ਤਦ ਕਨਾਨ ਦੇ ਪਿਤਾ ਹਾਮ ਨੇ ਆਪਣੇ ਪਿਤਾ ਦਾ ਨੰਗੇਜ਼ ਵੇਖਿਆ ਅਤੇ ਉਸ ਨੇ ਆਪਣੇ ਦੋਹਾਂ ਭਰਾਵਾਂ ਨੂੰ ਜੋ ਬਾਹਰ ਸਨ, ਜਾ ਕੇ ਦੱਸਿਆ। 23ਤਦ ਸ਼ੇਮ ਅਤੇ ਯਾਫ਼ਥ ਨੇ ਕੱਪੜਾ ਲੈ ਕੇ ਆਪਣੇ ਦੋਹਾਂ ਮੋਢਿਆਂ ਤੇ ਰੱਖਿਆ ਅਤੇ ਪੁੱਠੇ ਪੈਰੀਂ ਜਾ ਕੇ ਆਪਣੇ ਪਿਤਾ ਦਾ ਨੰਗੇਜ਼ ਢੱਕਿਆ। ਉਨ੍ਹਾਂ ਦੇ ਮੂੰਹ ਪਿਛਲੇ ਪਾਸੇ ਨੂੰ ਸਨ, ਇਸ ਲਈ ਉਨ੍ਹਾਂ ਨੇ ਆਪਣੇ ਪਿਤਾ ਦੇ ਨੰਗੇਜ਼ ਨੂੰ ਨਾ ਵੇਖਿਆ। 24ਜਦ ਨੂਹ ਦਾ ਨਸ਼ਾ ਉਤਰ ਗਿਆ ਤਾਂ ਉਸ ਨੂੰ ਪਤਾ ਲੱਗਿਆ ਕਿ ਉਸ ਦੇ ਛੋਟੇ ਪੁੱਤਰ ਨੇ ਉਸ ਦੇ ਨਾਲ ਕੀ ਕੀਤਾ ਸੀ।
25ਤਦ ਉਸ ਨੇ ਆਖਿਆ,
ਕਨਾਨ ਸਰਾਪੀ ਹੈ।
ਉਹ ਆਪਣੇ ਭਰਾਵਾਂ ਦੇ ਦਾਸਾਂ ਦਾ ਦਾਸ ਹੋਵੇਗਾ।
26ਉਸ ਨੇ ਇਹ ਵੀ ਆਖਿਆ,
ਸ਼ੇਮ ਦਾ ਪਰਮੇਸ਼ੁਰ ਯਹੋਵਾਹ ਧੰਨ ਹੋਵੇ
ਅਤੇ ਕਨਾਨ ਸ਼ੇਮ ਦਾ ਦਾਸ ਹੋਵੇ।
27ਪਰਮੇਸ਼ੁਰ ਯਾਫ਼ਥ ਦੀ ਪੀੜ੍ਹੀ ਨੂੰ ਵਧਾਵੇ,
ਉਹ ਸ਼ੇਮ ਦੇ ਤੰਬੂਆਂ ਵਿੱਚ ਵੱਸੇ
ਅਤੇ ਕਨਾਨ ਉਸ ਦਾ ਦਾਸ ਹੋਵੇ।
28ਪਰਲੋ ਤੋਂ ਬਾਅਦ ਨੂਹ ਤਿੰਨ ਸੌ ਪੰਜਾਹ ਸਾਲਾਂ ਤੱਕ ਜੀਉਂਦਾ ਰਿਹਾ 29ਅਤੇ ਨੂਹ ਦੀ ਸਾਰੀ ਉਮਰ ਨੌ ਸੌ ਪੰਜਾਹ ਸਾਲ ਹੋਈ, ਤਦ ਉਹ ਮਰ ਗਿਆ।

目前選定:

ਉਤ 9: IRVPun

醒目顯示

分享

複製

None

想在你所有裝置上儲存你的醒目顯示?註冊帳戶或登入