ਉਤ 20

20
ਅਬਰਾਹਾਮ ਅਤੇ ਅਬੀਮਲਕ
1ਤਦ ਅਬਰਾਹਾਮ ਨੇ ਉੱਥੋਂ ਦੱਖਣ ਦੇਸ਼ ਵੱਲ ਕੂਚ ਕੀਤਾ ਅਤੇ ਕਾਦੇਸ਼ ਅਤੇ ਸ਼ੂਰ ਦੇ ਵਿਚਕਾਰ ਠਹਿਰਿਆ ਅਤੇ ਗਰਾਰ ਵਿੱਚ ਜਾ ਵੱਸਿਆ। 2ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਦੇ ਵਿਖੇ ਆਖਿਆ, ਇਹ ਮੇਰੀ ਭੈਣ ਹੈ, ਇਸ ਲਈ ਗਰਾਰ ਦੇ ਰਾਜਾ ਅਬੀਮਲਕ ਨੇ ਆਦਮੀ ਭੇਜ ਕੇ ਸਾਰਾਹ ਨੂੰ ਬੁਲਾ ਲਿਆ। 3ਪਰਮੇਸ਼ੁਰ ਨੇ ਅਬੀਮਲਕ ਕੋਲ ਰਾਤ ਦੇ ਸੁਫ਼ਨੇ ਵਿੱਚ ਆ ਕੇ ਉਸ ਨੂੰ ਆਖਿਆ, ਵੇਖ, ਤੂੰ ਇਸ ਇਸਤਰੀ ਦੇ ਕਾਰਨ ਜਿਸ ਨੂੰ ਤੂੰ ਲਿਆ ਹੈ, ਮਰਨ ਵਾਲਾ ਹੈਂ, ਕਿਉਂ ਜੋ ਉਹ ਵਿਆਹੀ ਹੋਈ ਹੈ। 4ਪਰ ਅਜੇ ਅਬੀਮਲਕ ਸਾਰਾਹ ਦੇ ਕੋਲ ਨਹੀਂ ਗਿਆ ਸੀ, ਇਸ ਲਈ ਉਸ ਨੇ ਆਖਿਆ, ਹੇ ਪ੍ਰਭੂ, ਕੀ ਤੂੰ ਇੱਕ ਧਰਮੀ ਕੌਮ ਨੂੰ ਵੀ ਮਾਰ ਸੁੱਟੇਂਗਾ? 5ਕੀ ਉਸ ਨੇ ਆਪ ਹੀ ਮੈਨੂੰ ਨਹੀਂ ਆਖਿਆ, ਇਹ ਮੇਰੀ ਭੈਣ ਹੈ? ਅਤੇ ਕੀ ਉਸ ਇਸਤਰੀ ਨੇ ਵੀ ਆਪ ਹੀ ਨਹੀਂ ਆਖਿਆ, ਉਹ ਮੇਰਾ ਭਰਾ ਹੈ? ਮੈਂ ਤਾਂ ਆਪਣੇ ਦਿਲ ਦੀ ਖਰਿਆਈ ਅਤੇ ਆਪਣੇ ਹੱਥਾਂ ਦੀ ਸਚਿਆਈ ਨਾਲ ਇਹ ਕੰਮ ਕੀਤਾ ਹੈ। 6ਪਰਮੇਸ਼ੁਰ ਨੇ ਸੁਫ਼ਨੇ ਵਿੱਚ ਉਹ ਨੂੰ ਆਖਿਆ, ਹਾਂ, ਮੈਂ ਜਾਣਦਾ ਹਾਂ ਕਿ ਤੂੰ ਆਪਣੇ ਦਿਲ ਦੀ ਖਰਿਆਈ ਨਾਲ ਇਹ ਕੰਮ ਕੀਤਾ ਹੈ ਇਸ ਕਾਰਨ ਮੈਂ ਵੀ ਤੈਨੂੰ ਆਪਣੇ ਵਿਰੁੱਧ ਪਾਪ ਕਰਨ ਤੋਂ ਰੋਕਿਆ ਹੈ ਅਤੇ ਮੈਂ ਤੈਨੂੰ ਉਸ ਨੂੰ ਹੱਥ ਲਾਉਣ ਨਹੀਂ ਦਿੱਤਾ। 7ਹੁਣ ਤੂੰ ਉਸ ਮਨੁੱਖ ਨੂੰ ਉਹ ਦੀ ਪਤਨੀ ਮੋੜ ਦੇ ਕਿਉਂ ਜੋ ਉਹ ਨਬੀ ਹੈ, ਉਹ ਤੇਰੇ ਲਈ ਬੇਨਤੀ ਕਰੇਗਾ ਅਤੇ ਤੂੰ ਜੀਉਂਦਾ ਰਹੇਂਗਾ ਪਰ ਜੇ ਤੂੰ ਉਸ ਨੂੰ ਨਾ ਮੋੜੇਂ ਤਾਂ ਜਾਣ ਲੈ ਕਿ ਤੂੰ ਅਤੇ ਤੇਰੇ ਸਾਰੇ ਲੋਕ ਜ਼ਰੂਰ ਮਰਨਗੇ। 8ਅਬੀਮਲਕ ਸਵੇਰੇ ਹੀ ਉੱਠਿਆ ਅਤੇ ਆਪਣੇ ਸਾਰੇ ਕਰਮਚਾਰੀਆਂ ਨੂੰ ਬੁਲਾ ਕੇ ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਦੱਸੀਆਂ ਤਦ ਉਹ ਸਾਰੇ ਲੋਕ ਬਹੁਤ ਹੀ ਡਰ ਗਏ। 9ਤਦ ਅਬੀਮਲਕ ਨੇ ਅਬਰਾਹਾਮ ਨੂੰ ਬੁਲਵਾ ਕੇ ਆਖਿਆ, ਤੂੰ ਸਾਡੇ ਨਾਲ ਇਹ ਕੀ ਕੀਤਾ ਹੈ? ਮੈਂ ਤੇਰਾ ਕੀ ਵਿਗਾੜਿਆ ਸੀ ਕਿ ਤੂੰ ਮੇਰੇ ਅਤੇ ਮੇਰੇ ਰਾਜ ਉੱਤੇ ਇਹ ਵੱਡਾ ਪਾਪ ਲੈ ਆਂਦਾ ਹੈਂ? ਤੂੰ ਮੇਰੇ ਨਾਲ ਉਹ ਕੰਮ ਕੀਤਾ ਹੈ, ਜੋ ਤੈਨੂੰ ਨਹੀਂ ਕਰਨਾ ਚਾਹੀਦਾ ਸੀ। 10ਫਿਰ ਅਬੀਮਲਕ ਨੇ ਅਬਰਾਹਾਮ ਨੂੰ ਪੁੱਛਿਆ, ਤੂੰ ਕੀ ਸੋਚ ਕੇ ਇਹ ਕੰਮ ਕੀਤਾ? 11ਅਬਰਾਹਾਮ ਨੇ ਆਖਿਆ, ਮੈਂ ਸੋਚਿਆ ਕਿ ਜ਼ਰੂਰ ਹੀ ਇਸ ਸਥਾਨ ਵਿੱਚ ਪਰਮੇਸ਼ੁਰ ਦਾ ਕੋਈ ਡਰ ਨਹੀਂ ਹੋਵੇਗਾ, ਇਸ ਲਈ ਇਹ ਲੋਕ ਮੇਰੀ ਪਤਨੀ ਦੇ ਕਾਰਨ ਮੈਨੂੰ ਮਾਰ ਸੁੱਟਣਗੇ। 12ਪਰ ਉਹ ਸੱਚ-ਮੁੱਚ ਮੇਰੀ ਭੈਣ ਹੈ, ਕਿਉਂ ਜੋ ਉਹ ਮੇਰੇ ਪਿਤਾ ਦੀ ਧੀ ਹੈ ਪਰ ਮੇਰੀ ਮਾਤਾ ਦੀ ਧੀ ਨਹੀਂ ਹੈ, ਫੇਰ ਉਹ ਮੇਰੀ ਪਤਨੀ ਹੋ ਗਈ। 13ਜਦ ਪਰਮੇਸ਼ੁਰ ਨੇ ਮੈਨੂੰ ਮੇਰੇ ਪਿਤਾ ਦਾ ਘਰ ਛੱਡਣ ਦਾ ਹੁਕਮ ਦਿੱਤਾ, ਤਦ ਮੈਂ ਉਸ ਨੂੰ ਕਿਹਾ, ਤੈਨੂੰ ਮੇਰੇ ਉੱਤੇ ਇਹ ਦਯਾ ਕਰਨੀ ਹੋਵੇਗੀ ਕਿ ਜਿੱਥੇ ਕਿਤੇ ਅਸੀਂ ਜਾਈਏ, ਉੱਥੇ ਤੂੰ ਮੇਰੇ ਵਿਖੇ ਆਖੀਂ ਕਿ ਇਹ ਮੇਰਾ ਭਰਾ ਹੈ। 14ਤਦ ਅਬੀਮਲਕ ਨੇ ਇੱਜੜ, ਪਸ਼ੂ ਅਤੇ ਦਾਸ-ਦਾਸੀਆਂ ਲੈ ਕੇ ਅਬਰਾਹਾਮ ਨੂੰ ਦਿੱਤੇ ਅਤੇ ਉਸ ਦੀ ਪਤਨੀ ਸਾਰਾਹ ਨੂੰ ਵੀ ਮੋੜ ਦਿੱਤਾ। 15ਅਬੀਮਲਕ ਨੇ ਆਖਿਆ, ਵੇਖ, ਮੇਰਾ ਦੇਸ਼ ਤੇਰੇ ਸਾਹਮਣੇ ਹੈ। ਜਿੱਥੇ ਤੈਨੂੰ ਚੰਗਾ ਲੱਗੇ, ਤੂੰ ਉੱਥੇ ਵੱਸ। 16ਸਾਰਾਹ ਨੂੰ ਉਸ ਨੇ ਆਖਿਆ, ਵੇਖ, ਮੈਂ ਤੇਰੇ ਭਰਾ ਨੂੰ ਇੱਕ ਹਜ਼ਾਰ ਚਾਂਦੀ ਦੇ ਸਿੱਕੇ#20:16 ਇੱਕ ਸਿੱਕਾ ਇੱਕ ਦਿਨ ਦੀ ਮਜ਼ਦੂਰੀ ਦਿੱਤੇ ਹਨ। ਵੇਖ, ਉਹ ਤੇਰੇ ਲਈ ਅਤੇ ਸਾਰਿਆਂ ਲਈ ਜੋ ਤੇਰੇ ਸੰਗ ਹਨ, ਅੱਖਾਂ ਦਾ ਪਰਦਾ ਹੋਣਗੇ ਅਤੇ ਸਾਰਿਆਂ ਦੇ ਸਾਹਮਣੇ ਤੂੰ ਸਹੀ ਸਾਬਤ ਹੋਵੇਂਗੀ। 17ਤਦ ਅਬਰਾਹਾਮ ਨੇ ਪਰਮੇਸ਼ੁਰ ਦੇ ਅੱਗੇ ਪ੍ਰਾਰਥਨਾ ਕੀਤੀ, ਅਤੇ ਪਰਮੇਸ਼ੁਰ ਨੇ ਅਬੀਮਲਕ ਅਤੇ ਉਸ ਦੀ ਪਤਨੀ ਅਤੇ ਉਸ ਦੀਆਂ ਦਾਸੀਆਂ ਨੂੰ ਚੰਗਾ ਕਰ ਦਿੱਤਾ ਅਤੇ ਓਹ ਫੇਰ ਜਣਨ ਲੱਗ ਪਈਆਂ। 18ਕਿਉਂਕਿ ਯਹੋਵਾਹ ਨੇ ਅਬਰਾਹਾਮ ਦੀ ਪਤਨੀ ਸਾਰਾਹ ਦੇ ਕਾਰਨ ਅਬੀਮਲਕ ਦੇ ਘਰਾਣੇ ਦੀ ਹਰੇਕ ਇਸਤਰੀ ਦੀ ਕੁੱਖ ਨੂੰ ਸਖ਼ਤੀ ਨਾਲ ਬੰਦ ਕਰ ਦਿੱਤਾ ਸੀ।

目前選定:

ਉਤ 20: IRVPun

醒目顯示

分享

複製

None

想在你所有裝置上儲存你的醒目顯示?註冊帳戶或登入