ਉਤਪਤ 21

21
ਇਸਹਾਕ ਦਾ ਜਨਮ
1ਯਹੋਵਾਹ ਨੇ ਜਿਵੇਂ ਉਹ ਨੇ ਆਖਿਆ ਸੀ ਸਾਰਾਹ ਉੱਤੇ ਨਜ਼ਰ ਕੀਤੀ ਅਰ ਯਹੋਵਾਹ ਨੇ ਸਾਰਾਹ ਲਈ ਉਹ ਕੀਤਾ ਜੋ ਉਹ ਨੇ ਬਚਨ ਕੀਤਾ ਸੀ 2ਅਤੇ ਸਾਰਾਹ ਗਰਭਵੰਤੀ ਹੋਈ ਅਰ ਅਬਰਾਹਾਮ ਲਈ ਉਹ ਦੇ ਬੁਢੇਪੇ ਵਿੱਚ ਉਸੇ ਰੁਤੇ ਜੋ ਪਰਮੇਸ਼ੁਰ ਨੇ ਉਹ ਨੂੰ ਦੱਸੀ ਸੀ ਪੁੱਤ੍ਰ ਜਣੀ 3ਅਤੇ ਅਬਰਾਹਾਮ ਨੇ ਆਪਣੇ ਪੁੱਤ੍ਰ ਦਾ ਨਾਉਂ ਜੋ ਉਹ ਦੇ ਲਈ ਜੰਮਿਆਂ ਸੀ ਅਰਥਾਤ ਜਿਹ ਨੂੰ ਸਾਰਾਹ ਨੇ ਉਸ ਲਈ ਜਣਿਆ ਸੀ ਇਸਹਾਕ ਰੱਖਿਆ 4ਅਤੇ ਅਬਰਾਹਾਮ ਨੇ ਆਪਣੇ ਪੁੱਤ੍ਰ ਇਸਹਾਕ ਦੀ ਸੁੰਨਤ ਅੱਠਾਂ ਦਿਨਾਂ ਦੀ ਉਮਰ ਵਿੱਚ ਕਰਾਈ ਜਿਵੇਂ ਪਰਮੇਸ਼ੁਰ ਨੇ ਉਹ ਨੂੰ ਆਗਿਆ ਦਿੱਤੀ ਸੀ 5ਅਬਰਾਹਾਮ ਸੌ ਵਰਿਹਾਂ ਦਾ ਸੀ ਜਾਂ ਉਹ ਦਾ ਪੁੱਤ੍ਰ ਇਸਹਾਕ ਉਹ ਦੇ ਲਈ ਜੰਮਿਆਂ 6ਉਪਰੰਤ ਸਾਰਾਹ ਨੇ ਆਖਿਆ, ਪਰਮੇਸ਼ੁਰ ਨੇ ਮੈਨੂੰ ਹਸਾਇਆ ਹੈ ਅਤੇ ਸਾਰੇ ਸੁਣਨਵਾਲੇ ਮੇਰੇ ਨਾਲ ਹੱਸਣਗੇ 7ਉਸ ਨੇ ਆਖਿਆ, ਕੌਣ ਅਬਰਾਹਾਮ ਨੂੰ ਆਖਦਾ ਹੈ ਭਈ ਸਾਰਾਹ ਪੁੱਤ੍ਰਾਂ ਨੂੰ ਦੁੱਧ ਚੁੰਘਾਏਗੀ? ਕਿਉਂਕਿ ਮੈਂ ਉਹ ਦੇ ਬੁਢੇਪੇ ਲਈ ਪੁੱਤ੍ਰ ਜਣੀ 8ਉਹ ਮੁੰਡਾ ਵਧਦਾ ਗਿਆ ਅਰ ਉਹ ਦਾ ਦੁੱਧ ਛੁਡਾਇਆ ਗਿਆ ਅਰ ਅਬਰਾਹਾਮ ਨੇ ਇਸਹਾਕ ਦੇ ਦੁੱਧ ਛੁਡਾਉਣ ਦੇ ਦਿਨ ਵੱਡਾ ਖਾਣਾ ਕੀਤਾ।।
9ਸਾਰਾਹ ਨੇ ਹਾਜਰਾ ਮਿਸਰਨ ਦੇ ਪੁੱਤ੍ਰ ਨੂੰ ਜਿਹ ਨੂੰ ਉਹ ਅਬਰਾਹਾਮ ਲਈ ਜਣੀ ਸੀ ਹਿੜ ਹਿੜ ਕਰਦੇ ਹੋਏ ਡਿੱਠਾ 10ਏਸ ਲਈ ਉਹ ਨੇ ਅਬਾਰਾਹਮ ਨੂੰ ਆਖਿਆ ਭਈ ਏਸ ਗੋੱਲੀ ਅਰ ਇਹ ਦੇ ਪੁੱਤ੍ਰ ਨੂੰ ਕੱਢ ਛੱਡ ਕਿਉਂਜੋ ਏਸ ਗੋੱਲੀ ਦਾ ਪੁੱਤ੍ਰ ਮੇਰੇ ਪੁੱਤ੍ਰ ਇਸਹਾਕ ਦੇ ਨਾਲ ਵਾਰਸ ਨਹੀਂ ਹੋਵੇਗਾ 11ਪਰ ਆਪਣੇ ਪੁੱਤ੍ਰ ਦੇ ਕਾਰਨ ਅਬਰਾਹਾਮ ਦੀ ਨਿਗਾਹ ਵਿੱਚ ਇਹ ਗੱਲ ਅੱਤ ਬੁਰੀ ਸੀ 12ਤਾਂ ਪਰਮੇਸ਼ੁਰ ਨੇ ਅਬਰਾਹਾਮ ਨੂੰ ਆਖਿਆ ਕਿ ਏਹ ਗੱਲ ਏਸ ਮੁੰਡੇ ਅਤੇ ਤੇਰੀ ਗੋੱਲੀ ਦੇ ਵਿੱਖੇ ਤੇਰੀ ਨਿਗਾਹ ਵਿੱਚ ਬੁਰੀ ਨਾ ਲੱਗੇ। ਜੋ ਕੁਝ ਸਾਰਾਹ ਨੇ ਤੈਨੂੰ ਆਖਿਆ ਹੈ ਤੂੰ ਉਹ ਦੀ ਅਵਾਜ਼ ਸੁਣ ਕਿਉਂਜੋ ਤੇਰੀ ਅੰਸ ਇਸਹਾਕ ਤੋਂ ਹੀ ਪੁਕਾਰੀ ਜਾਵੇਗੀ 13ਅਤੇ ਮੈਂ ਉਸ ਗੋੱਲੀ ਦੇ ਪੁੱਤ੍ਰ ਤੋਂ ਵੀ ਇੱਕ ਕੌਮ ਬਣਾਵਾਂਗਾ ਕਿਉਂਕਿ ਉਹ ਵੀ ਤੇਰੀ ਅੰਸ ਹੈ 14ਤਦ ਅਬਾਰਾਹਮ ਤੜਕੇ ਉੱਠਿਆ ਅਰ ਰੋਟੀ ਅਰ ਪਾਣੀ ਦੀ ਇੱਕ ਮਸ਼ਕ ਲੈਕੇ ਹਾਜਰਾ ਦੇ ਮੋਢਿਆਂ ਉੱਤੇ ਰੱਖ ਦਿੱਤੀ ਅਤੇ ਮੁੰਡਾ ਵੀ ਦੇ ਦਿੱਤਾ ਤਾਂ ਉਹ ਤੁਰ ਪਈ ਅਤੇ ਬਏਰਸਬਾ ਦੀ ਉਜਾੜ ਵਿੱਚ ਭੌਂਦੀ ਫਿਰਦੀ ਰਹੀ 15ਜਦ ਮਸ਼ਕ ਵਿੱਚੋਂ ਪਾਣੀ ਮੁੱਕ ਗਿਆ ਤਾਂ ਉਸ ਨੇ ਉਸ ਮੁੰਡੇ ਨੂੰ ਇੱਕ ਝਾੜੀ ਦੇ ਹੇਠ ਸੁੱਟ ਦਿੱਤਾ 16ਤਾਂ ਆਪ ਸਾਹਮਣੇ ਇੱਕ ਤੀਰ ਦੀ ਮਾਰ ਉੱਤੇ ਦੂਰ ਜਾ ਬੈਠੀ ਕਿਉਂਜੋ ਉਸ ਆਖਿਆ, ਮੈਂ ਬੱਚੇ ਦੀ ਮੌਤ ਨਾ ਦੇਖਾਂ ਸੋ ਉਹ ਸਾਹਮਣੇ ਦੂਰ ਬੈਠਕੇ ਉੱਚੀ ਉੱਚੀ ਰੋਈ 17ਤਾਂ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਸੁਣ ਲਈ ਅਰ ਪਰਮੇਸ਼ੁਰ ਦੇ ਦੂਤ ਨੇ ਅਕਾਸ਼ ਤੋਂ ਹਾਜਰਾ ਨੂੰ ਬੁਲਾਕੇ ਆਖਿਆ, ਹਾਜਰਾ ਤੈਨੂੰ ਕੀ ਹੋਇਆ? ਨਾ ਡਰ ਕਿਉਂਕਿ ਪਰਮੇਸ਼ੁਰ ਨੇ ਮੁੰਡੇ ਦੀ ਅਵਾਜ਼ ਜਿੱਥੇ ਉਹ ਪਿਆ ਹੈ ਓੱਥੋਂ ਸੁਣ ਲਈ ਹੈ 18ਉੱਠ ਅਰ ਮੁੰਡੇ ਨੂੰ ਚੁੱਕ ਲੈ ਅਰ ਆਪਣੇ ਹੱਥਾਂ ਵਿੱਚ ਸਾਂਭ ਕਿਉਂਕਿ ਮੈਂ ਏਸ ਨੂੰ ਇੱਕ ਵੱਡੀ ਕੌਮ ਬਣਾਵਾਂਗਾ 19ਤਾਂ ਪਰਮੇਸ਼ੁਰ ਨੇ ਉਸ ਦੀਆਂ ਅੱਖਾਂ ਖੋਲ੍ਹੀਆਂ ਅਰ ਉਸ ਨੇ ਪਾਣੀ ਦਾ ਇੱਕ ਖੂਹ ਡਿੱਠਾ ਅਤੇ ਉਹ ਜਾਕੇ ਮਸ਼ਕ ਨੂੰ ਪਾਣੀ ਨਾਲ ਭਰ ਲੈ ਆਈ ਅਰ ਮੁੰਡੇ ਨੂੰ ਪਿਲਾਇਆ 20ਅਤੇ ਪਰਮੇਸ਼ੁਰ ਉਸ ਮੁੰਡੇ ਦੇ ਅੰਗ ਸੰਗ ਸੀ ਤਾਂ ਉਹ ਵਧਦਾ ਗਿਆ ਅਤੇ ਉਜਾੜ ਵਿੱਚ ਰਿਹਾ ਅਰ ਵੱਡਾ ਹੋਕੇ ਤੀਰ ਅਨਦਾਜ ਬਣਿਆ 21ਉਹ ਪਾਰਾਨ ਦੀ ਉਜਾੜ ਵਿੱਚ ਰਹਿੰਦਾ ਸੀ ਅਤੇ ਉਸ ਦੀ ਮਾਤਾ ਮਿਸਰ ਦੇਸ ਵਿੱਚੋਂ ਇੱਕ ਤੀਵੀਂ ਉਸ ਦੇ ਲਈ ਲੈ ਆਈ।।
22ਫੇਰ ਉਸ ਸਮੇਂ ਐਉਂ ਹੋਇਆ ਕਿ ਅਬੀਮਲਕ ਅਰ ਉਸ ਦੀ ਸੈਨਾ ਦੇ ਸਰਦਾਰ ਫੀਕੋਲ ਨੇ ਅਬਰਾਹਾਮ ਨੂੰ ਆਖਿਆ ਕਿ ਜੋ ਕੁਝ ਤੂੰ ਕਰਦਾ ਹੈਂ ਪਰਮੇਸ਼ੁਰ ਤੇਰੇ ਸੰਗ ਹੈ 23ਹੁਣ ਤੂੰ ਮੇਰੇ ਨਾਲ ਪਰਮੇਸ਼ੁਰ ਦੀ ਸੌਂਹ ਖਾਹ ਕਿ ਤੂੰ ਮੇਰੇ ਨਾਲ ਅਤੇ ਮੇਰੇ ਪੁੱਤ੍ਰਾਂ ਨਾਲ ਅਤੇ ਮੇਰੇ ਪੋਤਿਆਂ ਨਾਲ ਧੋਖਾ ਨਾ ਕਮਾਵੇਂਗਾ ਸਗੋਂ ਉਸ ਕਿਰਪਾ ਦੇ ਅਨੁਸਾਰ ਜੋ ਮੈਂ ਤੇਰੇ ਉੱਤੇ ਕੀਤੀ ਹੈ ਤੂੰ ਵੀ ਮੇਰੇ ਉੱਤੇ ਅਰ ਏਸ ਦੇਸ ਉੱਤੇ ਜਿਸ ਵਿੱਚ ਤੂੰ ਪਰਦੇਸੀ ਰਿਹਾ ਹੈਂ ਕਰੇਂਗਾ 24ਤਦ ਅਬਰਾਹਾਮ ਨੇ ਆਖਿਆ, ਮੈਂ ਸੌਂਹ ਖਾਵਾਂਗਾ 25ਤਾਂ ਅਬਰਾਹਾਮ ਨੇ ਅਬੀਮਲਕ ਨੂੰ ਇੱਕ ਖੂਹ ਦਾ ਉਲਾਂਭਾ ਦਿੱਤਾ ਜਿਹੜਾ ਉਸ ਦੇ ਨੌਕਰਾਂ ਨੇ ਜੋਰ ਨਾਲ ਖੋਹ ਲਿਆ ਸੀ 26ਤਾਂ ਅਬੀਮਲਕ ਨੇ ਆਖਿਆ, ਮੈਨੂੰ ਪਤਾ ਨਹੀਂ ਕਿ ਇਹ ਕੰਮ ਕਿਹਨੇ ਕੀਤਾ ਅਤੇ ਤੈਂ ਵੀ ਮੈਨੂੰ ਨਹੀਂ ਦੱਸਿਆ। ਮੈਂ ਅੱਜ ਦੇ ਦਿਨ ਤੋਂ ਅੱਗੇ ਸੁਣਿਆ ਵੀ ਨਹੀਂ 27ਤਾਂ ਅਬਰਾਹਾਮ ਨੇ ਭੇਡਾਂ ਅਰ ਗਾਈਆਂ ਬਲਦ ਲੈਕੇ ਅਬੀਮਲਕ ਨੂੰ ਦਿੱਤੇ ਅਤੇ ਦੋਹਾਂ ਨੇ ਆਪੋ ਵਿੱਚ ਨੇਮ ਕੀਤਾ 28ਅਬਰਾਹਾਮ ਨੇ ਭੇਡਾਂ ਦੀਆਂ ਸੱਤ ਲੇਲੀਆਂ ਲੈਕੇ ਵੱਖਰੀਆਂ ਕਰ ਲਈਆਂ 29ਤਾਂ ਅਬੀਮਲਕ ਨੇ ਅਬਰਾਹਾਮ ਨੂੰ ਆਖਿਆ ਕਿ ਇਨ੍ਹਾਂ ਸੱਤਾਂ ਵੱਖਰੀਆਂ ਕੀਤੀਆਂ ਹੋਈਆਂ ਲੇਲੀਆਂ ਦਾ ਕੀ ਮਤਲਬ ਹੈ? 30ਉਸ ਆਖਿਆ, ਤੂੰ ਇਹ ਸੱਤ ਲੇਲੀਆਂ ਮੇਰੇ ਹੱਥੋਂ ਲੈ ਲੈ ਤਾਂਜੋ ਏਹ ਮੇਰੀਆਂ ਗਵਾਹ ਹੋਣ ਭਈ ਏਹ ਖੂਹ ਮੈਂ ਪੁੱਟਿਆ ਹੈ 31ਏਸੇ ਲਈ ਉਸ ਥਾਂ ਦਾ ਨਾਉਂ ਬਏਰਸਬਾ ਪੈ ਗਿਆ ਕਿਉਂਜੋ ਉੱਥੇ ਉਨ੍ਹਾਂ ਦੋਹਾਂ ਨੇ ਸੌਂਹ ਖਾਧੀ ਸੀ 32ਸੋ ਉਨ੍ਹਾਂ ਨੇ ਬਏਰਸਬਾ ਵਿੱਚ ਨੇਮ ਕੀਤਾ ਅਰ ਅਬੀਮਲਕ ਅਰ ਉਸ ਦੀ ਸੈਨਾ ਦਾ ਸਰਦਾਰ ਫੀਕੋਲ ਉੱਠੇ ਅਤੇ ਫਲਿਸਤੀਆਂ ਦੇ ਦੇਸ ਨੂੰ ਮੁੜ ਆਏ 33ਉਪਰੰਤ ਉਸ ਨੇ ਬਏਰਸਬਾ ਵਿੱਚ ਝਾਊ ਦਾ ਇੱਕ ਰੁੱਖ ਲਾਇਆ ਅਤੇ ਉੱਥੇ ਯਹੋਵਾਹ ਅਟੱਲ ਪਰਮੇਸ਼ੁਰ ਦਾ ਨਾਮ ਲਿਆ 34ਅਤੇ ਅਬਰਾਹਾਮ ਬਹੁਤਿਆਂ ਦਿਨਾਂ ਤੀਕ ਫਲਿਸਤੀਆਂ ਦੇ ਦੇਸ ਵਿੱਚ ਪਰਦੇਸੀ ਹੋ ਕੇ ਰਿਹਾ ।।

醒目顯示

分享

複製

None

想在你所有裝置上儲存你的醒目顯示?註冊帳戶或登入