ਉਤ 7

7
ਜਲ ਪਰਲੋ
1ਫੇਰ ਯਹੋਵਾਹ ਨੇ ਨੂਹ ਨੂੰ ਆਖਿਆ, ਤੂੰ ਅਤੇ ਤੇਰਾ ਸਾਰਾ ਘਰਾਣਾ ਕਿਸ਼ਤੀ ਵਿੱਚ ਜਾਓ ਕਿਉਂ ਜੋ ਮੈਂ ਤੈਨੂੰ ਇਸ ਪੀੜ੍ਹੀ ਵਿੱਚ ਧਰਮੀ ਵੇਖਿਆ ਹੈ। 2ਸਾਰੇ ਸ਼ੁੱਧ ਪਸ਼ੂਆਂ ਵਿੱਚੋਂ ਸੱਤ-ਸੱਤ ਨਰ ਅਤੇ ਮਾਦਾ ਆਪਣੇ ਨਾਲ ਲੈ ਲੈ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ ਦੋ-ਦੋ ਨਰ ਅਤੇ ਮਾਦਾ। 3ਅਤੇ ਅਕਾਸ਼ ਦੇ ਪੰਛੀਆਂ ਵਿੱਚੋਂ ਸੱਤ-ਸੱਤ ਨਰ ਮਾਦਾ ਲੈ ਤਾਂ ਜੋ ਸਾਰੀ ਧਰਤੀ ਉੱਤੇ ਅੰਸ ਜੀਉਂਦੀ ਰਹੇ। 4ਕਿਉਂਕਿ ਸੱਤ ਦਿਨ ਬਾਅਦ ਮੈਂ ਧਰਤੀ ਉੱਤੇ ਚਾਲ੍ਹੀ ਦਿਨ, ਚਾਲ੍ਹੀ ਰਾਤ ਮੀਂਹ ਵਰਾਉਣ ਵਾਲਾ ਹਾਂ ਅਤੇ ਮੈਂ ਸਾਰੇ ਪ੍ਰਾਣੀਆਂ ਨੂੰ ਜਿਹਨਾਂ ਦੀ ਮੈਂ ਸਿਰਜਣਾ ਕੀਤੀ ਧਰਤੀ ਦੇ ਉੱਤੋਂ ਮਿਟਾ ਦਿਆਂਗਾ। 5ਤਦ ਜਿਵੇਂ ਯਹੋਵਾਹ ਨੇ ਆਗਿਆ ਦਿੱਤੀ ਨੂਹ ਨੇ ਸਭ ਕੁਝ ਉਸੇ ਤਰ੍ਹਾਂ ਹੀ ਕੀਤਾ। 6ਨੂਹ ਦੀ ਉਮਰ ਛੇ ਸੌ ਸਾਲਾਂ ਦਾ ਸੀ ਜਦ ਪਰਲੋ ਧਰਤੀ ਉੱਤੇ ਆਈ। 7ਅਤੇ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਜਲ ਪਰਲੋ ਦੇ ਕਾਰਨ ਉਹ ਦੇ ਨਾਲ ਕਿਸ਼ਤੀ ਵਿੱਚ ਗਏ। 8ਸ਼ੁੱਧ ਪਸ਼ੂਆਂ ਵਿੱਚੋਂ ਅਤੇ ਅਸ਼ੁੱਧ ਪਸ਼ੂਆਂ ਵਿੱਚੋਂ, ਪੰਛੀਆਂ ਵਿੱਚੋਂ, ਸਭ ਜ਼ਮੀਨ ਉੱਤੇ ਘਿੱਸਰਨ ਵਾਲਿਆਂ ਵਿੱਚੋਂ 9ਦੋ-ਦੋ ਅਰਥਾਤ ਨਰ ਮਾਦਾ ਕਿਸ਼ਤੀ ਵਿੱਚ ਨੂਹ ਕੋਲ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਆਗਿਆ ਦਿੱਤੀ ਸੀ। 10ਤਦ ਅਜਿਹਾ ਹੋਇਆ ਕਿ ਸੱਤ ਦਿਨਾਂ ਦੇ ਬਾਅਦ ਪਰਲੋ ਦਾ ਪਾਣੀ ਧਰਤੀ ਉੱਤੇ ਆਇਆ। 11ਨੂਹ ਦੇ ਜੀਵਨ ਦੇ ਛੇ ਸੌਵੇਂ ਸਾਲ ਦੇ ਦੂਜੇ ਮਹੀਨੇ ਦੇ ਸਤਾਰਵੇਂ ਦਿਨ, ਵੱਡੀ ਡੁੰਘਿਆਈ ਦੇ ਸਾਰੇ ਸੋਤੇ ਫੁੱਟ ਨਿੱਕਲੇ ਅਤੇ ਅਕਾਸ਼ ਦੀਆਂ ਖਿੜਕੀਆਂ ਖੁੱਲ੍ਹ ਗਈਆਂ 12ਅਤੇ ਧਰਤੀ ਉੱਤੇ ਚਾਲ੍ਹੀ ਦਿਨ ਅਤੇ ਚਾਲ੍ਹੀ ਰਾਤ ਵਰਖਾ ਹੁੰਦੀ ਰਹੀ। 13ਉਸੇ ਦਿਨ ਨੂਹ, ਸ਼ੇਮ, ਹਾਮ, ਯਾਫ਼ਥ ਨੂਹ ਦੇ ਪੁੱਤਰ, ਨੂਹ ਦੀ ਪਤਨੀ ਅਤੇ ਉਹ ਦੀਆਂ ਤਿੰਨੇ ਨੂੰਹਾਂ ਉਹ ਦੇ ਨਾਲ ਕਿਸ਼ਤੀ ਵਿੱਚ ਦਾਖ਼ਿਲ ਹੋਏ। 14ਹਰੇਕ ਜੰਗਲੀ ਜਾਨਵਰ, ਹਰੇਕ ਧਰਤੀ ਉੱਤੇ ਘਿੱਸਰਨ ਵਾਲਾ, ਹਰੇਕ ਕਿਸਮ ਦੇ ਪੰਛੀ ਉਸ ਕਿਸ਼ਤੀ ਦੇ ਵਿੱਚ ਦਾਖਿਲ ਹੋਏ। 15ਜਿਨ੍ਹਾਂ ਦੇ ਵਿੱਚ ਜੀਵਨ ਦਾ ਸਾਹ ਸੀ, ਸਾਰੇ ਪ੍ਰਾਣੀ ਉਹਨਾਂ ਦੀਆਂ ਪ੍ਰਜਾਤੀਆਂ ਵਿੱਚੋਂ ਜੋੜਾ-ਜੋੜਾ ਕਿਸ਼ਤੀ ਵਿੱਚ ਨੂਹ ਕੋਲ ਆਏ। 16ਨਰ-ਮਾਦਾ ਸਾਰੇ ਪ੍ਰਾਣੀਆਂ ਵਿੱਚੋਂ ਆਏ, ਜਿਵੇਂ ਪਰਮੇਸ਼ੁਰ ਨੇ ਆਗਿਆ ਦਿੱਤੀ ਸੀ। ਤਦ ਯਹੋਵਾਹ ਨੇ ਕਿਸ਼ਤੀ ਦਾ ਦਰਵਾਜ਼ਾ ਬੰਦ ਕਰ ਦਿੱਤਾ। 17ਪਰਲੋ ਚਾਲ੍ਹੀ ਦਿਨ ਤੱਕ ਧਰਤੀ ਉੱਤੇ ਰਹੀ ਅਤੇ ਪਾਣੀ ਵੱਧ ਗਿਆ, ਜਿਸ ਕਾਰਨ ਕਿਸ਼ਤੀ ਪਾਣੀ ਉੱਪਰ ਚੁੱਕੀ ਗਈ ਅਤੇ ਉਹ ਧਰਤੀ ਉੱਤੋਂ ਉਤਾਹਾਂ ਹੋ ਗਈ। 18ਫੇਰ ਪਾਣੀ ਹੀ ਪਾਣੀ ਹੋ ਗਿਆ ਅਤੇ ਉਹ ਧਰਤੀ ਉੱਤੇ ਬਹੁਤ ਹੀ ਵੱਧ ਗਿਆ, ਅਤੇ ਕਿਸ਼ਤੀ ਪਾਣੀ ਦੇ ਉੱਤੇ ਤਰਦੀ ਰਹੀ। 19ਅਤੇ ਧਰਤੀ ਦੇ ਉੱਤੇ ਪਾਣੀ ਹੀ ਪਾਣੀ ਹੋ ਗਿਆ ਅਤੇ ਸਾਰੇ ਉੱਚੇ-ਉੱਚੇ ਪਰਬਤ ਜੋ ਸਾਰੇ ਅਕਾਸ਼ ਦੇ ਹੇਠ ਸਨ, ਢੱਕੇ ਗਏ। 20ਪਾਣੀ ਉਨ੍ਹਾਂ ਤੋਂ ਪੰਦਰਾਂ ਹੱਥ#7:20 ਸੱਤ ਮੀਟਰ ਹੋਰ ਉੱਚਾ ਹੋ ਗਿਆ, ਅਤੇ ਪਰਬਤ ਵੀ ਡੁੱਬ ਗਏ। 21ਸਾਰੇ ਪ੍ਰਾਣੀ ਜਿਹੜੇ ਧਰਤੀ ਉੱਤੇ ਚਲਦੇ ਸਨ, ਕੀ ਪੰਛੀ, ਕੀ ਡੰਗਰ, ਸਾਰੇ ਜੰਗਲੀ ਜਾਨਵਰ ਅਤੇ ਸਾਰੇ ਜੀਵ-ਜੰਤੂ ਜਿਨ੍ਹਾਂ ਨਾਲ ਧਰਤੀ ਭਰੀ ਹੋਈ ਸੀ ਮਰ ਗਏ ਅਤੇ ਸਾਰੇ ਮਨੁੱਖ ਵੀ। 22ਜਿਨ੍ਹਾਂ ਵਿੱਚ ਜੀਵਨ ਦਾ ਸਾਹ ਸੀ ਜਿਹੜੇ ਧਰਤੀ ਉੱਤੇ ਸਨ, ਉਹ ਸਾਰੇ ਮਰ ਗਏ। 23ਹਰ ਪ੍ਰਾਣੀ ਜਿਹੜਾ ਜ਼ਮੀਨ ਦੇ ਉੱਤੇ ਸੀ, ਕੀ ਆਦਮੀ, ਕੀ ਡੰਗਰ, ਕੀ ਘਿੱਸਰਨ ਵਾਲਾ ਅਤੇ ਕੀ ਅਕਾਸ਼ ਦਾ ਪੰਛੀ ਸਭ ਮਿਟ ਗਏ। ਉਹ ਧਰਤੀ ਤੋਂ ਮਿਟ ਗਏ, ਪਰ ਨੂਹ ਅਤੇ ਜਿੰਨ੍ਹੇ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਉਹ ਬਚ ਗਏ। 24ਡੇਢ ਸੌ ਦਿਨਾਂ ਤੱਕ ਧਰਤੀ ਉੱਤੇ ਪਾਣੀ ਹੀ ਪਾਣੀ ਰਿਹਾ।

Seçili Olanlar:

ਉਤ 7: IRVPun

Vurgu

Paylaş

Kopyala

None

Önemli anlarınızın tüm cihazlarınıza kaydedilmesini mi istiyorsunuz? Kayıt olun ya da giriş yapın