Logo ng YouVersion
Hanapin ang Icon

ਉਤ 19

19
ਸਦੂਮ ਦੀ ਦੁਸ਼ਟਤਾ
1ਸ਼ਾਮ ਨੂੰ ਦੋ ਦੂਤ ਸਦੂਮ ਨੂੰ ਆਏ ਅਤੇ ਲੂਤ ਸਦੂਮ ਸ਼ਹਿਰ ਦੇ ਫਾਟਕ ਵਿੱਚ ਬੈਠਾ ਹੋਇਆ ਸੀ, ਲੂਤ ਉਨ੍ਹਾਂ ਨੂੰ ਵੇਖ ਕੇ ਮਿਲਣ ਲਈ ਉੱਠਿਆ ਅਤੇ ਉਹ ਨੇ ਆਪਣਾ ਮੂੰਹ ਧਰਤੀ ਤੱਕ ਝੁਕਾਇਆ। 2ਉਸ ਨੇ ਆਖਿਆ, ਵੇਖੋ, ਮੇਰੇ ਪ੍ਰਭੂਓ ਤੁਸੀਂ ਆਪਣੇ ਦਾਸ ਦੇ ਘਰ ਵੱਲ ਮੁੜੋ ਅਤੇ ਰਾਤ ਠਹਿਰੋ ਅਤੇ ਆਪਣੇ ਪੈਰ ਧੋਵੋ, ਫੇਰ ਤੁਸੀਂ ਤੜਕੇ ਉੱਠ ਕੇ ਆਪਣੇ ਰਾਹ ਚਲੇ ਜਾਣਾ। ਪਰ ਉਨ੍ਹਾਂ ਨੇ ਆਖਿਆ, ਨਹੀਂ, ਅਸੀਂ ਚੌਂਕ ਵਿੱਚ ਰਾਤ ਕੱਟਾਂਗੇ। 3ਜਦ ਉਸ ਨੇ ਉਨ੍ਹਾਂ ਦੇ ਅੱਗੇ ਬਹੁਤ ਮਿੰਨਤ ਕੀਤੀ ਤਾਂ ਓਹ ਉਸ ਦੇ ਨਾਲ ਉਸ ਦੇ ਘਰ ਗਏ ਅਤੇ ਉਸ ਨੇ ਉਨ੍ਹਾਂ ਦੀ ਮੇਜ਼ਬਾਨੀ ਕੀਤੀ ਅਤੇ ਪਤੀਰੀ ਰੋਟੀ ਪਕਾਈ ਅਤੇ ਉਨ੍ਹਾਂ ਨੇ ਖਾਧੀ। 4ਪਰ ਉਨ੍ਹਾਂ ਦੇ ਲੰਮੇ ਪੈਣ ਤੋਂ ਪਹਿਲਾਂ, ਸਦੂਮ ਨਗਰ ਦੇ ਸਾਰੇ ਮਨੁੱਖਾਂ ਨੇ ਕੀ ਜਵਾਨ, ਕੀ ਬੁੱਢਾ ਚਾਰੇ ਪਾਸਿਓਂ ਉਸ ਘਰ ਨੂੰ ਘੇਰ ਲਿਆ। 5ਅਤੇ ਉਨ੍ਹਾਂ ਨੇ ਲੂਤ ਨੂੰ ਅਵਾਜ਼ ਮਾਰ ਕੇ ਆਖਿਆ, ਓਹ ਮਨੁੱਖ ਕਿੱਥੇ ਹਨ ਜੋ ਅੱਜ ਰਾਤ ਤੇਰੇ ਕੋਲ ਆਏ ਹਨ? ਉਨ੍ਹਾਂ ਨੂੰ ਸਾਡੇ ਕੋਲ ਬਾਹਰ ਲਿਆ ਤਾਂ ਜੋ ਅਸੀਂ ਉਨ੍ਹਾਂ ਨਾਲ ਸੰਗ ਕਰੀਏ। 6ਤਦ ਲੂਤ ਉਨ੍ਹਾਂ ਦੇ ਕੋਲ ਦਰਵਾਜ਼ੇ ਵਿੱਚੋਂ ਬਾਹਰ ਗਿਆ ਅਤੇ ਦਰਵਾਜ਼ਾ ਆਪਣੇ ਪਿੱਛੇ ਬੰਦ ਕਰ ਲਿਆ। 7ਤਦ ਉਸ ਨੇ ਆਖਿਆ, ਮੇਰੇ ਭਰਾਵੋ, ਇਹ ਬੁਰਿਆਈ ਨਾ ਕਰੋ। 8ਵੇਖੋ ਮੇਰੀਆਂ ਦੋ ਧੀਆਂ ਹਨ, ਜਿਨ੍ਹਾਂ ਨੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ l ਮੈਂ ਉਨ੍ਹਾਂ ਨੂੰ ਤੁਹਾਡੇ ਕੋਲ ਲੈ ਆਉਂਦਾ ਹਾਂ ਤਾਂ ਉਨ੍ਹਾਂ ਨਾਲ ਜਿਵੇਂ ਤੁਹਾਡੀ ਨਿਗਾਹ ਵਿੱਚ ਚੰਗਾ ਹੋਵੇ ਉਸੇ ਤਰ੍ਹਾਂ ਕਰੋ, ਪਰ ਇਨ੍ਹਾਂ ਮਨੁੱਖਾਂ ਨਾਲ ਅਜਿਹਾ ਕੁਝ ਨਾ ਕਰੋ ਕਿਉਂ ਜੋ ਓਹ ਮੇਰੀ ਛੱਤ ਹੇਠ ਆਏ ਹਨ। 9ਪਰ ਉਨ੍ਹਾਂ ਨੇ ਆਖਿਆ, ਪਿੱਛੇ ਹੱਟ ਜਾ, ਉਨ੍ਹਾਂ ਨੇ ਇਹ ਵੀ ਆਖਿਆ ਇਹ ਪਰਦੇਸੀ ਹੋ ਕੇ ਵੱਸਣ ਲਈ ਆਇਆ ਸੀ, ਹੁਣ ਨਿਆਈਂ ਬਣ ਬੈਠਾ ਹੈ। ਅਸੀਂ ਤੇਰੇ ਨਾਲ ਉਨ੍ਹਾਂ ਨਾਲੋਂ ਵੱਧ ਬੁਰਿਆਈ ਕਰਾਂਗੇ। ਫੇਰ ਉਨ੍ਹਾਂ ਨੇ ਲੂਤ ਨੂੰ ਬਹੁਤ ਤੰਗ ਕੀਤਾ ਅਤੇ ਦਰਵਾਜ਼ੇ ਨੂੰ ਭੰਨਣ ਲਈ ਨੇੜੇ ਆਏ। 10ਤਦ ਉਨ੍ਹਾਂ ਮਨੁੱਖਾਂ ਨੇ ਹੱਥ ਵਧਾ ਕੇ ਲੂਤ ਨੂੰ ਆਪਣੇ ਕੋਲ ਘਰ ਵਿੱਚ ਖਿੱਚ ਲਿਆ ਅਤੇ ਦਰਵਾਜ਼ੇ ਨੂੰ ਬੰਦ ਕਰ ਲਿਆ। 11ਜਿਹੜੇ ਮਨੁੱਖ ਬੂਹੇ ਦੇ ਅੱਗੇ ਸਨ ਉਨ੍ਹਾਂ ਨੇ ਉਨ੍ਹਾਂ ਨੂੰ, ਕੀ ਛੋਟਾ ਕੀ ਵੱਡਾ ਅੰਨ੍ਹੇ ਕਰ ਦਿੱਤਾ ਇੱਥੋਂ ਤੱਕ ਕਿ ਓਹ ਦਰਵਾਜ਼ਾ ਲੱਭਦੇ-ਲੱਭਦੇ ਥੱਕ ਗਏ।
ਲੂਤ ਦਾ ਸਦੂਮ ਵਿੱਚੋਂ ਨਿੱਕਲਣਾ
12ਤਦ ਉਹਨਾਂ ਮਨੁੱਖਾਂ ਨੇ ਲੂਤ ਨੂੰ ਆਖਿਆ, ਇੱਥੇ ਤੇਰੇ ਕੋਲ ਹੋਰ ਕੌਣ ਹੈ? ਆਪਣੇ ਜਵਾਈਆਂ, ਪੁੱਤਰਾਂ, ਧੀਆਂ ਨੂੰ ਅਤੇ ਉਹ ਸਭ ਕੁਝ ਜੋ ਤੇਰਾ ਇਸ ਨਗਰ ਵਿੱਚ ਹੈ, ਲੈ ਕੇ ਬਾਹਰ ਨਿੱਕਲ ਜਾ। 13ਕਿਉਂਕਿ ਅਸੀਂ ਇਸ ਸਥਾਨ ਨੂੰ ਨਸ਼ਟ ਕਰਨ ਵਾਲੇ ਹਾਂ ਕਿਉਂ ਜੋ ਉਹਨਾਂ ਦੀ ਬੁਰਿਆਈ ਯਹੋਵਾਹ ਦੇ ਅੱਗੇ ਬਹੁਤ ਵੱਧ ਗਈ ਹੈ ਅਤੇ ਯਹੋਵਾਹ ਨੇ ਸਾਨੂੰ ਇਹਨਾਂ ਦਾ ਨਾਸ ਕਰਨ ਲਈ ਭੇਜਿਆ ਹੈ। 14ਉਪਰੰਤ ਲੂਤ ਨੇ ਬਾਹਰ ਜਾ ਕੇ ਆਪਣੇ ਜਵਾਈਆਂ ਨਾਲ ਜਿਨ੍ਹਾਂ ਨਾਲ ਉਸ ਦੀਆਂ ਧੀਆਂ ਦੀ ਮੰਗਣੀ ਹੋਈ ਸੀ ਗੱਲ ਕੀਤੀ ਅਤੇ ਆਖਿਆ, ਉੱਠੋ ਇਸ ਨਗਰ ਤੋਂ ਨਿੱਕਲ ਜਾਓ ਕਿਉਂਕਿ ਯਹੋਵਾਹ ਇਸ ਨਗਰ ਨੂੰ ਨਸ਼ਟ ਕਰਨ ਵਾਲਾ ਹੈ, ਪਰ ਉਹ ਆਪਣੇ ਜਵਾਈਆਂ ਦੀਆਂ ਨਜ਼ਰਾਂ ਵਿੱਚ ਮਖ਼ੌਲੀਆ ਜਿਹਾ ਜਾਪਿਆ। 15ਜਦ ਸਵੇਰ ਹੋਈ ਤਾਂ ਉਹਨਾਂ ਦੂਤਾਂ ਨੇ ਲੂਤ ਨੂੰ ਛੇਤੀ ਕਰਾਈ ਅਤੇ ਕਿਹਾ, ਉੱਠ, ਆਪਣੀ ਪਤਨੀ ਅਤੇ ਦੋਹਾਂ ਧੀਆਂ ਨੂੰ ਜਿਹੜੀਆਂ ਇੱਥੇ ਹਨ ਲੈ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਇਸ ਨਗਰ ਦੇ ਅਪਰਾਧ ਵਿੱਚ ਭਸਮ ਹੋ ਜਾਵੇਂ। 16ਜਦ ਉਹ ਦੇਰੀ ਕਰ ਰਿਹਾ ਸੀ, ਤਾਂ ਉਨ੍ਹਾਂ ਮਨੁੱਖਾਂ ਨੇ ਯਹੋਵਾਹ ਦੀ ਕਿਰਪਾ ਦੇ ਕਾਰਨ ਜੋ ਉਸ ਦੇ ਉੱਤੇ ਸੀ, ਉਹ ਦੇ ਹੱਥ, ਅਤੇ ਉਹ ਦੀ ਪਤਨੀ ਦੇ ਹੱਥ, ਅਤੇ ਉਹ ਦੀਆਂ ਦੋਹਾਂ ਧੀਆਂ ਦੇ ਹੱਥਾਂ ਨੂੰ ਫੜ੍ਹ ਕੇ ਉਨ੍ਹਾਂ ਨੂੰ ਨਗਰ ਤੋਂ ਬਾਹਰ ਪਹੁੰਚਾ ਦਿੱਤਾ। 17ਅਜਿਹਾ ਹੋਇਆ ਕਿ ਜਦ ਓਹ ਉਨ੍ਹਾਂ ਨੂੰ ਬਾਹਰ ਲੈ ਆਏ ਤਾਂ ਉਸ ਨੂੰ ਆਖਿਆ, ਆਪਣੀ ਜਾਨ ਬਚਾ ਕੇ ਭੱਜ ਜਾ, ਪਿੱਛੇ ਮੁੜ ਕੇ ਨਾ ਵੇਖੀਂ ਅਤੇ ਸਾਰੀ ਘਾਟੀ ਵਿੱਚ ਕਿਤੇ ਨਾ ਠਹਿਰੀਂ। ਪਰਬਤ ਨੂੰ ਭੱਜ ਜਾ, ਅਜਿਹਾ ਨਾ ਹੋਵੇ ਕਿ ਤੂੰ ਵੀ ਭਸਮ ਹੋ ਜਾਵੇਂ। 18ਪਰ ਲੂਤ ਨੇ ਉਨ੍ਹਾਂ ਨੂੰ ਆਖਿਆ, ਹੇ ਮੇਰੇ ਪ੍ਰਭੂਓ, ਅਜਿਹਾ ਨਾ ਕਰਨਾ। 19ਵੇਖੋ, ਤੁਹਾਡੇ ਦਾਸ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ, ਅਤੇ ਤੁਸੀਂ ਬਹੁਤ ਦਯਾ ਕੀਤੀ ਜੋ ਮੇਰੀ ਜਾਨ ਨੂੰ ਬਚਾਇਆ ਹੈ, ਪਰ ਮੈਂ ਪਰਬਤ ਤੱਕ ਨਹੀਂ ਭੱਜ ਸਕਦਾ, ਅਜਿਹਾ ਨਾ ਹੋਵੇ ਕਿ ਮੇਰੇ ਉੱਤੇ ਕੋਈ ਬਿਪਤਾ ਆ ਪਵੇ ਅਤੇ ਮੈਂ ਮਰ ਜਾਂਵਾਂ। 20ਵੇਖੋ, ਉਹ ਨਗਰ ਭੱਜਣ ਲਈ ਨੇੜੇ ਹੈ ਅਤੇ ਉਹ ਛੋਟਾ ਵੀ ਹੈ। ਮੈਨੂੰ ਉੱਥੇ ਭੱਜ ਜਾਣ ਦਿਓ। ਕੀ ਉਹ ਨਗਰ ਛੋਟਾ ਨਹੀਂ ਹੈ? ਇਸ ਤਰ੍ਹਾਂ ਮੇਰੀ ਜਾਨ ਬਚ ਜਾਵੇਗੀ। 21ਉਸ ਨੇ ਉਹ ਨੂੰ ਆਖਿਆ, ਵੇਖ, ਮੈਂ ਤੇਰੀ ਇਸ ਗੱਲ ਨੂੰ ਵੀ ਮੰਨ ਲਿਆ ਹੈ ਅਤੇ ਮੈਂ ਉਸ ਨਗਰ ਨੂੰ ਜਿਹ ਦੇ ਵਿਖੇ ਤੂੰ ਗੱਲ ਕੀਤੀ ਹੈ, ਨਾਸ ਨਾ ਕਰਾਂਗਾ। 22ਛੇਤੀ ਕਰ, ਉੱਥੇ ਨੂੰ ਭੱਜ ਜਾ ਕਿਉਂਕਿ ਜਦ ਤੱਕ ਤੂੰ ਉੱਥੇ ਨਾ ਪਹੁੰਚੇ ਮੈਂ ਕੁਝ ਨਹੀਂ ਕਰ ਸਕਦਾ। ਇਸ ਕਾਰਨ ਉਸ ਨਗਰ ਦਾ ਨਾਮ ਸੋਆਰ#19:22 ਛੋਟੀ ਥਾਂ ਰੱਖਿਆ ਗਿਆ।
ਸਦੂਮ ਅਤੇ ਅਮੂਰਾਹ ਦਾ ਵਿਨਾਸ਼
23ਸੂਰਜ ਅਜੇ ਚੜ੍ਹਿਆ ਹੀ ਸੀ, ਜਦ ਲੂਤ ਸੋਆਰ ਵਿੱਚ ਜਾ ਵੜਿਆ। 24ਤਦ ਯਹੋਵਾਹ ਨੇ ਸਦੂਮ ਅਤੇ ਅਮੂਰਾਹ ਉੱਤੇ ਗੰਧਕ ਅਤੇ ਅੱਗ ਅਕਾਸ਼ ਤੋਂ ਬਰਸਾਈ 25ਅਤੇ ਉਸ ਨੇ ਉਨ੍ਹਾਂ ਨਗਰਾਂ ਨੂੰ, ਅਤੇ ਸਾਰੀ ਘਾਟੀ ਨੂੰ, ਅਤੇ ਨਗਰ ਦੇ ਵਸਨੀਕਾਂ ਨੂੰ ਅਤੇ ਜ਼ਮੀਨ ਦੀ ਸਾਰੀ ਉਪਜ ਨੂੰ ਨਸ਼ਟ ਕਰ ਸੁੱਟਿਆ। 26ਪਰ ਲੂਤ ਦੀ ਪਤਨੀ ਨੇ ਜੋ ਉਸ ਦੇ ਪਿੱਛੇ ਸੀ, ਉਸ ਨੇ ਪਿੱਛੇ ਮੁੜ ਕੇ ਵੇਖਿਆ ਤਾਂ ਉਹ ਲੂਣ ਦਾ ਥੰਮ੍ਹ ਬਣ ਗਈ। 27ਅਬਰਾਹਾਮ ਸਵੇਰੇ ਹੀ ਉੱਠ ਕੇ ਉਸ ਸਥਾਨ ਨੂੰ ਗਿਆ, ਜਿੱਥੇ ਉਹ ਯਹੋਵਾਹ ਦੇ ਸਨਮੁਖ ਖੜ੍ਹਾ ਹੋਇਆ ਸੀ। 28ਜਦ ਉਸ ਨੇ ਸਦੂਮ ਅਤੇ ਅਮੂਰਾਹ ਵੱਲ ਅਤੇ ਘਾਟੀ ਦੇ ਸਾਰੇ ਦੇਸ਼ ਵੱਲ ਵੇਖਿਆ ਤਾਂ ਵੇਖੋ, ਧਰਤੀ ਤੋਂ ਧੂੰਆਂ ਭੱਠੀ ਦੇ ਧੂੰਏਂ ਵਾਂਗੂੰ ਉੱਠ ਰਿਹਾ ਸੀ। 29ਅਜਿਹਾ ਹੋਇਆ ਕਿ ਜਦ ਪਰਮੇਸ਼ੁਰ ਨੇ ਉਸ ਘਾਟੀ ਦੇ ਨਗਰਾਂ ਨੂੰ ਜਿਸ ਵਿੱਚ ਲੂਤ ਰਹਿੰਦਾ ਸੀ, ਨਸ਼ਟ ਕੀਤਾ ਤਦ ਪਰਮੇਸ਼ੁਰ ਨੇ ਅਬਰਾਹਾਮ ਨੂੰ ਯਾਦ ਕਰਕੇ ਲੂਤ ਨੂੰ ਉਸ ਬਰਬਾਦੀ ਤੋਂ ਬਚਾ ਲਿਆ।
ਮੋਆਬੀਆਂ ਅਤੇ ਅੰਮੋਨੀਆਂ ਦੀ ਉਤਪਤੀ
30ਫੇਰ ਲੂਤ ਨੇ ਸੋਆਰ ਨਗਰ ਨੂੰ ਛੱਡ ਦਿੱਤਾ ਅਤੇ ਉੱਪਰ ਜਾ ਕੇ ਆਪਣੀਆਂ ਦੋਹਾਂ ਧੀਆਂ ਸਮੇਤ ਪਰਬਤ ਉੱਤੇ ਵੱਸ ਗਿਆ ਕਿਉਂ ਜੋ ਉਹ ਸੋਆਰ ਵਿੱਚ ਵੱਸਣ ਤੋਂ ਡਰਦਾ ਸੀ, ਇਸ ਲਈ ਉਹ ਅਤੇ ਉਹ ਦੀਆਂ ਦੋਵੇਂ ਧੀਆਂ ਇੱਕ ਗੁਫ਼ਾ ਵਿੱਚ ਰਹਿਣ ਲੱਗ ਪਏ। 31ਤਦ ਵੱਡੀ ਧੀ ਨੇ ਛੋਟੀ ਨੂੰ ਆਖਿਆ, ਸਾਡਾ ਪਿਤਾ ਬੁੱਢਾ ਹੈ ਅਤੇ ਧਰਤੀ ਉੱਤੇ ਕੋਈ ਮਨੁੱਖ ਨਹੀਂ ਹੈ, ਜੋ ਸੰਸਾਰ ਦੀ ਰੀਤ ਅਨੁਸਾਰ ਸਾਡੇ ਕੋਲ ਅੰਦਰ ਆਵੇ। 32ਇਸ ਲਈ ਆ, ਅਸੀਂ ਆਪਣੇ ਪਿਤਾ ਨੂੰ ਮਧ ਪਿਲਾਈਏ ਅਤੇ ਉਸ ਦੇ ਸੰਗ ਲੇਟੀਏ, ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ। 33ਫਿਰ ਉਨ੍ਹਾਂ ਨੇ ਆਪਣੇ ਪਿਤਾ ਨੂੰ ਉਸੇ ਰਾਤ ਮਧ ਪਿਲਾਈ ਅਤੇ ਵੱਡੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਲੂਤ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ। 34ਅਗਲੇ ਦਿਨ ਅਜਿਹਾ ਹੋਇਆ ਕਿ ਵੱਡੀ ਧੀ ਨੇ ਛੋਟੀ ਨੂੰ ਆਖਿਆ, ਵੇਖ, ਮੈਂ ਕੱਲ ਰਾਤ ਆਪਣੇ ਪਿਤਾ ਦੇ ਸੰਗ ਲੇਟੀ। ਅਸੀਂ ਅੱਜ ਰਾਤ ਵੀ ਉਹ ਨੂੰ ਮਧ ਪਿਲਾਈਏ ਅਤੇ ਤੂੰ ਜਾ ਕੇ ਉਹ ਦੇ ਸੰਗ ਲੇਟ ਅਤੇ ਤਾਂ ਜੋ ਅਸੀਂ ਆਪਣੇ ਪਿਤਾ ਦੀ ਅੰਸ ਨੂੰ ਕਾਇਮ ਰੱਖ ਸਕੀਏ। 35ਸੋ ਉਨ੍ਹਾਂ ਨੇ ਉਸ ਰਾਤ ਵੀ ਆਪਣੇ ਪਿਤਾ ਨੂੰ ਮਧ ਪਿਲਾਈ ਅਤੇ ਛੋਟੀ ਧੀ ਜਾ ਕੇ ਆਪਣੇ ਪਿਤਾ ਦੇ ਸੰਗ ਲੇਟੀ ਪਰ ਉਸ ਨੇ ਉਹ ਦਾ ਲੇਟਣਾ ਅਤੇ ਉੱਠਣਾ ਨਹੀਂ ਜਾਣਿਆ। 36ਇਸ ਤਰ੍ਹਾਂ ਲੂਤ ਦੀਆਂ ਦੋਵੇਂ ਧੀਆਂ ਆਪਣੇ ਪਿਤਾ ਤੋਂ ਗਰਭਵਤੀ ਹੋਈਆਂ, 37ਅਤੇ ਵੱਡੀ ਧੀ ਨੇ ਇੱਕ ਪੁੱਤਰ ਜਣਿਆ ਅਤੇ ਉਸ ਦਾ ਨਾਮ ਮੋਆਬ ਰੱਖਿਆ। ਉਹ ਅੱਜ ਤੱਕ ਮੋਆਬੀਆਂ ਦਾ ਪਿਤਾ ਹੈ। 38ਛੋਟੀ ਧੀ ਵੀ ਇੱਕ ਪੁੱਤਰ ਜਣੀ ਅਤੇ ਉਸ ਨੇ ਉਹ ਦਾ ਨਾਮ ਬਿਨ-ਅੰਮੀ ਰੱਖਿਆ। ਉਹ ਅੱਜ ਤੱਕ ਅੰਮੋਨੀਆਂ ਦਾ ਪਿਤਾ ਹੈ।

Kasalukuyang Napili:

ਉਤ 19: IRVPun

Haylayt

Ibahagi

Kopyahin

None

Gusto mo bang ma-save ang iyong mga hinaylayt sa lahat ng iyong device? Mag-sign up o mag-sign in