Logo ng YouVersion
Hanapin ang Icon

ਰਸੂਲਾਂ ਦੇ ਕਰਤੱਬ 1

1
ਜਾਣ-ਪਛਾਣ
1ਹੇ ਥਿਉਫ਼ਿਲੁਸ, ਮੈਂ ਉਹ ਪਹਿਲੀ ਪੋਥੀ ਉਨ੍ਹਾਂ ਸਾਰੀਆਂ ਗੱਲਾਂ ਦੇ ਬਾਰੇ ਲਿਖੀ, ਜਿਹੜੀਆਂ ਯਿਸੂ ਕਰਦਾ ਅਤੇ ਸਿਖਾਉਂਦਾ ਰਿਹਾ। 2ਉਸ ਦਿਨ ਤੱਕ ਉਨ੍ਹਾਂ ਰਸੂਲਾਂ ਨੂੰ, ਜਿਹੜੇ ਉਸ ਨੇ ਚੁਣੇ ਸਨ, ਪਵਿੱਤਰ ਆਤਮਾ ਦੇ ਰਾਹੀਂ ਆਗਿਆ ਦੇ ਕੇ ਉਤਾਹਾਂ ਉਠਾ ਲਿਆ ਗਿਆ। 3ਉਸ ਨੇ ਦੁੱਖ ਭੋਗਣ ਦੇ ਮਗਰੋਂ, ਆਪਣੇ ਆਪ ਨੂੰ ਉਨ੍ਹਾਂ ਉੱਤੇ ਬਹੁਤਿਆਂ ਪ੍ਰਮਾਣਾਂ ਨਾਲ ਜਿਉਂਦਾ ਪਰਗਟ ਕੀਤਾ ਅਤੇ ਉਹ ਚਾਲ੍ਹੀਆਂ ਦਿਨਾਂ ਤੱਕ ਉਨ੍ਹਾਂ ਨੂੰ ਦਰਸ਼ਣ ਦਿੰਦਾ ਅਤੇ ਪਰਮੇਸ਼ੁਰ ਦੇ ਰਾਜ ਦੀਆਂ ਗੱਲਾਂ ਕਰਦਾ ਰਿਹਾ। 4ਅਤੇ ਚੇਲਿਆਂ ਨਾਲ ਇਕੱਠੇ ਹੋ ਕੇ ਉਸ ਨੇ ਉਨ੍ਹਾਂ ਨੂੰ ਆਗਿਆ ਦਿੱਤੀ ਕਿ ਯਰੂਸ਼ਲਮ ਤੋਂ ਬਾਹਰ ਨਾ ਜਾਓ, ਪਰ ਪਿਤਾ ਦੇ ਉਸ ਵਾਇਦੇ ਦੀ ਉਡੀਕ ਵਿੱਚ ਰਹੋ ਜਿਸ ਦੇ ਬਾਰੇ ਤੁਸੀਂ ਮੇਰੇ ਕੋਲੋਂ ਸੁਣਿਆ ਹੈ। 5ਕਿਉਂਕਿ ਜੋ ਯੂਹੰਨਾ ਨੇ ਤਾਂ ਪਾਣੀ ਨਾਲ ਬਪਤਿਸਮਾ ਦਿੱਤਾ ਪਰ ਥੋੜ੍ਹੇ ਦਿਨਾਂ ਬਾਅਦ ਤੁਹਾਨੂੰ ਪਵਿੱਤਰ ਆਤਮਾ ਨਾਲ ਬਪਤਿਸਮਾ ਦਿੱਤਾ ਜਾਵੇਗਾ।
ਯਿਸੂ ਦਾ ਸਵਰਗ ਤੇ ਉਠਾਇਆ ਜਾਣਾ
6ਸੋ ਜਦੋਂ ਉਹ ਇਕੱਠੇ ਹੋਏ ਤਾਂ ਉਸ ਤੋਂ ਪੁੱਛਿਆ ਕਿ ਪ੍ਰਭੂ ਜੀ ਕੀ ਤੂੰ ਇਸ ਸਮੇਂ ਇਸਰਾਏਲ ਦਾ ਰਾਜ ਬਹਾਲ ਕਰੇਗਾ? 7ਉਸ ਨੇ ਉਨ੍ਹਾਂ ਨੂੰ ਆਖਿਆ, ਇਹ ਤੁਹਾਡਾ ਕੰਮ ਨਹੀਂ ਕਿ ਤੁਸੀਂ ਉਨ੍ਹਾਂ ਸਮਿਆਂ ਅਤੇ ਵੇਲਿਆਂ ਨੂੰ ਜਾਣੋ, ਜੋ ਪਿਤਾ ਨੇ ਆਪਣੇ ਅਧਿਕਾਰ ਵਿੱਚ ਰੱਖੇ ਹਨ। 8ਪਰ ਜਦੋਂ ਪਵਿੱਤਰ ਆਤਮਾ ਤੁਹਾਡੇ ਉੱਤੇ ਆਵੇਗਾ ਤਾਂ ਤੁਸੀਂ ਸ਼ਕਤੀ ਪਾਓਗੇ ਅਤੇ ਯਰੂਸ਼ਲਮ, ਯਹੂਦਿਯਾ ਅਤੇ ਸਾਮਰਿਯਾ ਵਿੱਚ ਸਗੋਂ ਧਰਤੀ ਦੇ ਆਖਰੀ ਕਿਨਾਰੇ ਤੱਕ ਮੇਰੇ ਗਵਾਹ ਹੋਵੋਗੇ। 9ਅਤੇ ਜਦੋਂ ਉਹ ਇਹ ਗੱਲਾਂ ਕਹਿ ਚੁੱਕਿਆ ਤਾਂ ਉਨ੍ਹਾਂ ਦੇ ਵੇਖਦਿਆਂ ਹੀ ਉਹ ਉਤਾਹਾਂ ਉੱਠਾਇਆ ਗਿਆ ਅਤੇ ਬੱਦਲ ਨੇ ਉਸ ਨੂੰ ਉਨ੍ਹਾਂ ਦੀ ਨਜ਼ਰੋਂ ਓਹਲੇ ਕਰ ਦਿੱਤਾ। 10ਅਤੇ ਉਸ ਦੇ ਜਾਂਦਿਆਂ ਹੋਇਆਂ ਜਦੋਂ ਉਹ ਅਕਾਸ਼ ਦੀ ਵੱਲ ਤੱਕ ਰਹੇ ਸਨ, ਤਾਂ ਵੇਖੋ ਦੋ ਜਣੇ ਚਿੱਟਾ ਪਹਿਰਾਵਾ ਪਹਿਨੀ ਉਨ੍ਹਾਂ ਦੇ ਕੋਲ ਆ ਖੜੇ ਹੋਏ। 11ਅਤੇ ਉਹ ਆਖਣ ਲੱਗੇ, ਹੇ ਗਲੀਲੀ ਮਨੁੱਖੋ, ਤੁਸੀਂ ਕਿਉਂ ਅਕਾਸ਼ ਦੀ ਵੱਲ ਵੇਖ ਰਹੇ ਹੋ? ਇਹ ਯਿਸੂ ਜਿਹੜਾ ਤੁਹਾਡੇ ਕੋਲੋਂ ਸਵਰਗ ਉੱਪਰ ਉੱਠਾ ਲਿਆ ਗਿਆ, ਉਸੇ ਤਰ੍ਹਾਂ ਫਿਰ ਆਵੇਗਾ ਜਿਸ ਤਰ੍ਹਾਂ ਤੁਸੀਂ ਉਸ ਨੂੰ ਸਵਰਗ ਉੱਤੇ ਜਾਂਦੇ ਵੇਖਿਆ l
ਮੱਥਿਯਾਸ ਦਾ ਯਹੂਦਾ ਦੇ ਸਥਾਨ ਤੇ ਚੁਣਿਆ ਜਾਣਾ
12ਤਦ ਉਹ ਉਸ ਜੈਤੂਨ ਦੇ ਪਹਾੜ ਤੋਂ ਜੋ ਯਰੂਸ਼ਲਮ ਦੇ ਨੇੜੇ ਇੱਕ ਸਬਤ ਦੇ ਦਿਨ ਦੀ ਦੂਰੀ ਤੇ ਹੈ, ਯਰੂਸ਼ਲਮ ਨੂੰ ਮੁੜੇ। 13ਅਤੇ ਜਦੋਂ ਪਹੁੰਚੇ ਤਾਂ ਉਸ ਚੁਬਾਰੇ ਉੱਤੇ ਚੜ੍ਹ ਗਏ ਜਿੱਥੇ ਉਹ ਅਰਥਾਤ ਪਤਰਸ, ਯੂਹੰਨਾ, ਯਾਕੂਬ, ਅੰਦ੍ਰਿਯਾਸ, ਫ਼ਿਲਿਪੁੱਸ, ਥੋਮਾ, ਬਰਥੁਲਮਈ, ਮੱਤੀ ਅਤੇ ਹਲਫ਼ਾ ਦਾ ਪੁੱਤਰ ਯਾਕੂਬ, ਸ਼ਮਊਨ ਜ਼ੇਲੋਤੇਸ ਅਤੇ ਯਾਕੂਬ ਦਾ ਪੁੱਤਰ ਯਹੂਦਾ ਰਹਿੰਦੇ ਸਨ। 14ਇਹ ਸਾਰੇ ਇੱਕ ਮਨ ਹੋ ਕੇ, ਕਈ ਇਸਤ੍ਰੀਆਂ ਅਤੇ ਯਿਸੂ ਦੀ ਮਾਤਾ ਮਰਿਯਮ ਅਤੇ ਉਹ ਦੇ ਭਰਾਵਾਂ ਦੇ ਨਾਲ ਲਗਾਤਾਰ ਪ੍ਰਾਰਥਨਾ ਕਰਦੇ ਰਹੇ।
15ਉਹਨਾਂ ਦਿਨਾਂ ਵਿੱਚ ਪਤਰਸ ਭਰਾਵਾਂ ਦੇ ਵਿਚਕਾਰ, ਜੋ ਸਾਰੇ ਮਿਲ ਕੇ ਲੱਗਭਗ ਇੱਕ ਸੌ ਵੀਹ ਲੋਕ ਇਕੱਠੇ ਹੋਏ ਸਨ, ਖੜੇ ਹੋ ਕੇ ਬੋਲਿਆ 16ਹੇ ਭਰਾਵੋ, ਉਹ ਲਿਖਤ ਪੂਰੀ ਹੋਣੀ ਜ਼ਰੂਰੀ ਸੀ ਕਿ ਜੋ ਪਵਿੱਤਰ ਆਤਮਾ ਨੇ ਦਾਊਦ ਦੀ ਜੁਬਾਨੀ ਯਹੂਦਾ ਦੇ ਬਾਰੇ ਜਿਹੜਾ ਯਿਸੂ ਦੇ ਫੜਵਾਉਣ ਵਾਲਿਆਂ ਦਾ ਆਗੂ ਹੋਇਆ ਪਹਿਲਾਂ ਹੀ ਆਖੀ ਗਈ ਸੀ। 17ਕਿਉਂ ਜੋ ਉਹ ਸਾਡੇ ਨਾਲ ਗਿਣਿਆ ਗਿਆ ਅਤੇ ਉਹ ਨੇ ਇਸ ਸੇਵਾ ਵਿੱਚ ਹਿੱਸਾ ਪਾਇਆ ਸੀ 18ਇਸ ਮਨੁੱਖ ਨੇ ਕੁਧਰਮ ਦੀ ਕਮਾਈ ਨਾਲ ਇੱਕ ਖੇਤ ਮੁੱਲ ਲਿਆ ਅਤੇ ਮੂਧੇ ਮੂੰਹ ਡਿੱਗਿਆ ਅਤੇ ਉਸ ਦਾ ਢਿੱਡ ਪਾਟ ਗਿਆ ਅਤੇ ਉਹ ਦੀਆਂ ਸਾਰੀਆਂ ਆਂਦਰਾਂ ਬਾਹਰ ਆ ਗਈਆਂ। 19ਅਤੇ ਇਹ ਗੱਲ ਸਾਰੇ ਯਰੂਸ਼ਲਮ ਦੇ ਰਹਿਣ ਵਾਲੇ ਜਾਣ ਗਏ, ਐਥੋਂ ਤੱਕ ਜੋ ਉਨਾਂ ਦੀ ਭਾਸ਼ਾ ਵਿੱਚ ਉਸ ਖੇਤ ਦਾ ਨਾਮ “ਅਕਲਦਮਾ” ਅਰਥਾਤ “ਲਹੂ ਦਾ ਖੇਤ” ਪੈ ਗਿਆ 20ਕਿਉਂਕਿ ਜ਼ਬੂਰਾਂ ਦੀ ਪੁਸਤਕ ਵਿੱਚ ਲਿਖਿਆ ਹੋਇਆ ਹੈ ਕਿ ਉਹ ਦਾ ਘਰ ਉੱਜੜ ਜਾਵੇ, ਉਹ ਦੇ ਵਿੱਚ ਕੋਈ ਵੱਸਣ ਵਾਲਾ ਨਾ ਹੋਵੇ l ਅਤੇ ਉਹ ਦਾ ਅਹੁਦਾ ਕੋਈ ਹੋਰ ਲਵੇ।
21ਪਰੰਤੂ ਇਨ੍ਹਾਂ ਲੋਕਾਂ ਵਿੱਚੋਂ ਜਿਹੜੇ ਹਰ ਵੇਲੇ ਸਾਡੇ ਨਾਲ ਰਹੇ, ਜਦੋਂ ਪ੍ਰਭੂ ਯਿਸੂ ਸਾਡੇ ਵਿੱਚ ਆਇਆ ਜਾਇਆ ਕਰਦਾ ਸੀ। 22ਯਹੂੰਨਾ ਦੇ ਬਪਤਿਸਮੇ ਤੋਂ ਲੈ ਕੇ ਉਸ ਦਿਨ ਤੱਕ ਜਦੋਂ ਉਹ ਸਾਡੇ ਕੋਲੋਂ ਉਤਾਹਾਂ ਉੱਠਾਇਆ ਗਿਆ, ਚੰਗਾ ਹੋਵੇਗਾ ਕਿ ਉਨਾਂ ਵਿੱਚੋਂ ਇੱਕ ਸਾਡੇ ਨਾਲ ਉਹ ਦੇ ਜੀ ਉੱਠਣ ਦਾ ਗਵਾਹ ਹੋਵੇ। 23ਤਦ ਉਨ੍ਹਾਂ ਨੇ ਦੋ ਮਨੁੱਖਾਂ ਨੂੰ ਖੜਾ ਕੀਤਾ, ਇੱਕ ਯੂਸੁਫ਼ ਜਿਹੜਾ ਬਰਸੱਬਾਸ ਅਖਵਾਉਂਦਾ ਸੀ, ਜਿਸ ਨੂੰ ਯੂਸਤੁਸ ਵੀ ਕਹਿੰਦੇ ਸਨ, ਦੂਜਾ ਮੱਥਿਯਾਸ। 24ਅਤੇ ਪ੍ਰਾਰਥਨਾ ਕੀਤੀ ਅਤੇ ਆਖਿਆ ਕਿ ਹੇ ਪ੍ਰਭੂ ਤੂੰ ਜੋ ਸਭਨਾਂ ਦੇ ਦਿਲਾਂ ਨੂੰ ਜਾਣਦਾ ਹੈ, ਇਹ ਪਰਗਟ ਕਰ ਇਨ੍ਹਾਂ ਦੋਹਾਂ ਵਿੱਚੋਂ ਤੂੰ ਕਿਸਨੂੰ ਚੁਣਿਆ ਹੈ। 25ਜੋ ਇਸ ਸੇਵਾ ਅਤੇ ਰਸੂਲਗੀ ਦੀ ਉਹ ਜਗ੍ਹਾ ਲਵੇ, ਜਿਸ ਨੂੰ ਯਹੂਦਾ ਨੇ ਕੁਧਰਮ ਵਿੱਚ ਛੱਡਿਆ ਤਾਂ ਕਿ ਆਪਣੇ ਨਿੱਜ ਥਾਂ ਨੂੰ ਜਾਵੇ 26ਅਤੇ ਉਨ੍ਹਾਂ ਨੇ ਉਹਨਾਂ ਦੇ ਲਈ ਪਰਚੀਆਂ ਪਾਈਆਂ ਅਤੇ ਮੱਥਿਯਾਸ ਦੇ ਨਾਮ ਦੀ ਪਰਚੀ ਨਿੱਕਲੀ। ਤਦ ਉਹ ਉਨ੍ਹਾਂ ਗਿਆਰ੍ਹਾਂ ਰਸੂਲਾਂ ਨਾਲ ਗਿਣਿਆ ਗਿਆ।

Haylayt

Ibahagi

Kopyahin

None

Gusto mo bang ma-save ang iyong mga hinaylayt sa lahat ng iyong device? Mag-sign up o mag-sign in