ਮਰਕੁਸ 15
15
ਯਿਸੂ ਦਾ ਪਿਲਾਤੁਸ ਦੇ ਸਾਹਮਣੇ ਪੇਸ਼ ਕੀਤਾ ਜਾਣਾ
1ਤੜਕੇ ਹੀ ਪ੍ਰਧਾਨ ਯਾਜਕਾਂ ਨੇ ਬਜ਼ੁਰਗਾਂ#15:1 ਅਰਥਾਤ ਯਹੂਦੀ ਆਗੂਆਂ ਅਤੇ ਸ਼ਾਸਤਰੀਆਂ ਸਮੇਤ ਸਾਰੀ ਮਹਾਂਸਭਾ ਨਾਲ ਸਲਾਹ ਕਰਕੇ ਯਿਸੂ ਨੂੰ ਬੰਨ੍ਹਿਆ ਅਤੇ ਲਿਜਾ ਕੇ ਪਿਲਾਤੁਸ ਨੂੰ ਸੌਂਪ ਦਿੱਤਾ।
2ਪਿਲਾਤੁਸ ਨੇ ਉਸ ਨੂੰ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਰਾਜਾ ਹੈਂ?” ਉਸ ਨੇ ਉੱਤਰ ਦਿੱਤਾ,“ਤੂੰ ਆਪੇ ਕਹਿ ਦਿੱਤਾ ਹੈ।” 3ਤਦ ਪ੍ਰਧਾਨ ਯਾਜਕ ਉਸ ਉੱਤੇ ਬਹੁਤ ਸਾਰੇ ਦੋਸ਼ ਲਾਉਣ ਲੱਗੇ। 4ਪਿਲਾਤੁਸ ਨੇ ਫੇਰ ਉਸ ਨੂੰ ਪੁੱਛਿਆ, “ਤੂੰ ਕੋਈ ਉੱਤਰ ਨਹੀਂ ਦਿੰਦਾ? ਵੇਖ, ਉਹ ਤੇਰੇ ਉੱਤੇ ਕਿੰਨੇ ਦੋਸ਼ ਲਾਉਂਦੇ ਹਨ#15:4 ਕੁਝ ਹਸਤਲੇਖਾਂ ਵਿੱਚ “ਉਹ ਤੇਰੇ ਉੱਤੇ ਦੋਸ਼ ਲਾਉਂਦੇ ਹਨ” ਦੇ ਸਥਾਨ 'ਤੇ “ਉਹ ਤੇਰੇ ਵਿਰੁੱਧ ਕਿੰਨੀਆਂ ਗਵਾਹੀਆਂ ਦਿੰਦੇ ਹਨ” ਲਿਖਿਆ ਹੈ।!” 5ਪਰ ਯਿਸੂ ਨੇ ਹੋਰ ਕੋਈ ਉੱਤਰ ਨਾ ਦਿੱਤਾ, ਜਿਸ ਕਰਕੇ ਪਿਲਾਤੁਸ ਹੈਰਾਨ ਸੀ।
ਯਿਸੂ ਨੂੰ ਸਲੀਬ ਦੀ ਸਜ਼ਾ
6ਤਿਉਹਾਰ 'ਤੇ ਉਹ ਉਨ੍ਹਾਂ ਲਈ ਇੱਕ ਕੈਦੀ ਨੂੰ, ਜਿਸ ਲਈ ਉਹ ਬੇਨਤੀ ਕਰਦੇ ਸਨ, ਰਿਹਾਅ ਕਰਦਾ ਹੁੰਦਾ ਸੀ। 7ਉਸ ਸਮੇਂ ਬਰੱਬਾਸ ਨਾਮਕ ਇੱਕ ਮਨੁੱਖ ਉਨ੍ਹਾਂ ਵਿਦਰੋਹੀਆਂ ਦੇ ਨਾਲ ਕੈਦ ਸੀ ਜਿਨ੍ਹਾਂ ਨੇ ਵਿਦਰੋਹ ਦੌਰਾਨ ਹੱਤਿਆ ਕੀਤੀ ਸੀ। 8ਭੀੜ ਉੱਪਰ ਜਾ ਕੇ#15:8 ਕੁਝ ਹਸਤਲੇਖਾਂ ਵਿੱਚ “ਉੱਪਰ ਜਾ ਕੇ” ਦੇ ਸਥਾਨ 'ਤੇ “ਚੀਕ ਕੇ” ਲਿਖਿਆ ਹੈ। ਪਿਲਾਤੁਸ ਤੋਂ ਮੰਗ ਕਰਨ ਲੱਗੀ ਕਿ ਜਿਸ ਤਰ੍ਹਾਂ ਤੂੰ ਸਾਡੇ ਲਈ ਕਰਦਾ ਆਇਆ ਹੈਂ, ਉਸੇ ਤਰ੍ਹਾਂ ਕਰ। 9ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕੀ ਤੁਸੀਂ ਚਾਹੁੰਦੇ ਹੋ ਕਿ ਮੈਂ ਤੁਹਾਡੇ ਲਈ ਯਹੂਦੀਆਂ ਦੇ ਰਾਜੇ ਨੂੰ ਛੱਡ ਦਿਆਂ?” 10ਕਿਉਂਕਿ ਉਹ ਜਾਣਦਾ ਸੀ ਕਿ ਪ੍ਰਧਾਨ ਯਾਜਕਾਂ ਨੇ ਉਸ ਨੂੰ ਈਰਖਾ ਦੇ ਕਾਰਨ ਫੜਵਾਇਆ ਹੈ। 11ਪਰ ਪ੍ਰਧਾਨ ਯਾਜਕਾਂ ਨੇ ਭੀੜ ਨੂੰ ਉਕਸਾਇਆ ਕਿ ਉਹ ਬਰੱਬਾਸ ਨੂੰ ਉਨ੍ਹਾਂ ਲਈ ਰਿਹਾਅ ਕਰ ਦੇਵੇ। 12ਪਰ ਪਿਲਾਤੁਸ ਨੇ ਉਨ੍ਹਾਂ ਨੂੰ ਫੇਰ ਪੁੱਛਿਆ, “ਤਾਂ ਜਿਸ ਨੂੰ ਤੁਸੀਂ ਯਹੂਦੀਆਂ ਦਾ ਰਾਜਾ ਕਹਿੰਦੇ ਹੋ, ਉਸ ਨਾਲ ਮੈਂ ਕੀ ਕਰਾਂ?” 13ਤਾਂ ਉਹ ਫੇਰ ਚਿੱਲਾਉਣ ਲੱਗੇ, “ਇਸ ਨੂੰ ਸਲੀਬ 'ਤੇ ਚੜ੍ਹਾਓ!”
14ਪਿਲਾਤੁਸ ਨੇ ਉਨ੍ਹਾਂ ਨੂੰ ਕਿਹਾ, “ਕਿਉਂ! ਇਸ ਨੇ ਕੀ ਬੁਰਾਈ ਕੀਤੀ ਹੈ?” ਪਰ ਉਹ ਹੋਰ ਵੀ ਚੀਕ ਕੇ ਬੋਲੇ, “ਇਸ ਨੂੰ ਸਲੀਬ 'ਤੇ ਚੜ੍ਹਾਓ!”
15ਤਦ ਪਿਲਾਤੁਸ ਨੇ ਭੀੜ ਨੂੰ ਸੰਤੁਸ਼ਟ ਕਰਨ ਦੀ ਇੱਛਾ ਨਾਲ ਬਰੱਬਾਸ ਨੂੰ ਉਨ੍ਹਾਂ ਦੇ ਲਈ ਰਿਹਾਅ ਕਰ ਦਿੱਤਾ ਅਤੇ ਯਿਸੂ ਨੂੰ ਕੋਰੜੇ ਮਰਵਾ ਕੇ ਸਲੀਬ 'ਤੇ ਚੜ੍ਹਾਉਣ ਲਈ ਸੌਂਪ ਦਿੱਤਾ।
ਸਿਪਾਹੀਆਂ ਦੁਆਰਾ ਯਿਸੂ ਦਾ ਅਪਮਾਨ
16ਫਿਰ ਸਿਪਾਹੀ ਉਸ ਨੂੰ ਵਿਹੜੇ ਵਿੱਚ ਲੈ ਗਏ ਜਿਹੜਾ ਰਾਜਭਵਨ#15:16 ਮੂਲ ਸ਼ਬਦ: ਪ੍ਰਾਇਤੋਰੀਅਮ ਹੈ ਅਤੇ ਉਨ੍ਹਾਂ ਨੇ ਸੈਨਾ ਦੇ ਸਾਰੇ ਦਲ ਨੂੰ ਇਕੱਠਾ ਕਰ ਲਿਆ। 17ਫਿਰ ਉਨ੍ਹਾਂ ਨੇ ਉਸ ਨੂੰ ਬੈਂਗਣੀ ਵਸਤਰ ਪਹਿਨਾਇਆ ਅਤੇ ਕੰਡਿਆਂ ਦਾ ਤਾਜ ਗੁੰਦ ਕੇ ਉਸ ਦੇ ਸਿਰ ਉੱਤੇ ਰੱਖਿਆ 18ਅਤੇ ਉਸ ਨੂੰ ਸਲਾਮ ਕਰਕੇ ਕਹਿਣ ਲੱਗੇ, “ਹੇ ਯਹੂਦੀਆਂ ਦੇ ਰਾਜਾ, ਤੇਰੀ ਜੈ ਹੋ!” 19ਉਹ ਉਸ ਦੇ ਸਿਰ 'ਤੇ ਕਾਨਾ ਮਾਰਦੇ, ਉਸ 'ਤੇ ਥੁੱਕਦੇ ਅਤੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਰਹੇ। 20ਜਦੋਂ ਉਹ ਉਸ ਨੂੰ ਮਖੌਲ ਕਰ ਹਟੇ ਤਾਂ ਉਨ੍ਹਾਂ ਨੇ ਉਸ ਤੋਂ ਬੈਂਗਣੀ ਵਸਤਰ ਉਤਾਰ ਲਿਆ ਅਤੇ ਉਸ ਦੇ ਵਸਤਰ ਉਸ ਨੂੰ ਪਹਿਨਾ ਦਿੱਤੇ।
ਫਿਰ ਉਹ ਉਸ ਨੂੰ ਸਲੀਬ 'ਤੇ ਚੜ੍ਹਾਉਣ ਲਈ ਬਾਹਰ ਲੈ ਗਏ।
ਯਿਸੂ ਦਾ ਸਲੀਬ 'ਤੇ ਚੜ੍ਹਾਇਆ ਜਾਣਾ
21ਉਨ੍ਹਾਂ ਨੇ ਸਿਕੰਦਰ ਅਤੇ ਰੂਫ਼ੁਸ ਦੇ ਪਿਤਾ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜਿਹੜਾ ਪਿੰਡੋਂ ਆਉਂਦਿਆਂ ਉੱਥੋਂ ਦੀ ਲੰਘ ਰਿਹਾ ਸੀ ਵਗਾਰੇ ਫੜਿਆ ਕਿ ਯਿਸੂ ਦੀ ਸਲੀਬ ਚੁੱਕ ਕੇ ਲੈ ਚੱਲੇ।
22ਫਿਰ ਉਹ ਯਿਸੂ ਨੂੰ ਗਲਗਥਾ ਨਾਮਕ ਥਾਂ 'ਤੇ ਲਿਆਏ ਜਿਸ ਦਾ ਅਰਥ ਹੈ “ਖੋਪੜੀ ਦਾ ਥਾਂ”। 23ਉਨ੍ਹਾਂ ਨੇ ਉਸ ਨੂੰ ਗੰਧਰਸ ਮਿਲਿਆ ਦਾਖਰਸ ਦੇਣਾ ਚਾਹਿਆ ਪਰ ਉਸ ਨੇ ਨਾ ਲਿਆ।
24ਫਿਰ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾ ਦਿੱਤਾ ਅਤੇ ਪਰਚੀ ਪਾ ਕੇ ਉਸ ਦੇ ਵਸਤਰ ਆਪਸ ਵਿੱਚ ਵੰਡ ਲਏ ਕਿ ਕੌਣ ਕਿਹੜਾ ਲਵੇ। 25ਜਦੋਂ ਉਨ੍ਹਾਂ ਉਸ ਨੂੰ ਸਲੀਬ 'ਤੇ ਚੜ੍ਹਾਇਆ ਤਾਂ ਇਹ ਸਵੇਰ ਦੇ ਨੌਂ ਵਜੇ ਦਾ ਸਮਾਂ ਸੀ। 26ਉਸ ਦੀ ਦੋਸ਼-ਪੱਤਰੀ 'ਤੇ ਲਿਖਿਆ ਹੋਇਆ ਸੀ: “ਯਹੂਦੀਆਂ ਦਾ ਰਾਜਾ!”
27ਉਨ੍ਹਾਂ ਨੇ ਉਸ ਨਾਲ ਦੋ ਡਾਕੂਆਂ ਨੂੰ ਵੀ ਸਲੀਬ 'ਤੇ ਚੜ੍ਹਾਇਆ; ਇੱਕ ਨੂੰ ਉਸ ਦੇ ਸੱਜੇ ਪਾਸੇ ਅਤੇ ਇੱਕ ਨੂੰ ਖੱਬੇ ਪਾਸੇ। 28[ਇਸ ਤਰ੍ਹਾਂ ਇਹ ਲਿਖਤ ਪੂਰੀ ਹੋਈ ਕਿ ਉਹ ਅਪਰਾਧੀਆਂ ਨਾਲ ਗਿਣਿਆ ਗਿਆ।]#15:28 ਕੁਝ ਹਸਤਲੇਖਾਂ ਵਿੱਚ ਇਹ ਆਇਤ ਵੀ ਪਾਈ ਜਾਂਦੀ ਹੈ।
29ਕੋਲੋਂ ਲੰਘਣ ਵਾਲੇ ਸਿਰ ਹਿਲਾ ਕੇ ਉਸ ਦੀ ਨਿੰਦਾ ਕਰਦੇ ਹੋਏ ਕਹਿਣ ਲੱਗੇ, “ਵਾਹ! ਹੈਕਲ ਨੂੰ ਢਾਹੁਣ ਅਤੇ ਤਿੰਨਾਂ ਦਿਨਾਂ ਵਿੱਚ ਬਣਾਉਣ ਵਾਲਿਆ, 30ਸਲੀਬ ਤੋਂ ਹੇਠਾਂ ਉੱਤਰ ਕੇ ਆਪਣੇ ਆਪ ਨੂੰ ਬਚਾ।” 31ਇਸੇ ਤਰ੍ਹਾਂ ਪ੍ਰਧਾਨ ਯਾਜਕਾਂ ਨੇ ਵੀ ਸ਼ਾਸਤਰੀਆਂ ਨਾਲ ਮਿਲ ਕੇ ਮਖੌਲ ਕੀਤਾ ਅਤੇ ਕਿਹਾ, “ਇਸ ਨੇ ਹੋਰਨਾਂ ਨੂੰ ਬਚਾਇਆ, ਆਪਣੇ ਆਪ ਨੂੰ ਨਹੀਂ ਬਚਾ ਸਕਦਾ! 32ਇਸਰਾਏਲ ਦਾ ਰਾਜਾ ਮਸੀਹ ਹੁਣ ਸਲੀਬ ਤੋਂ ਹੇਠਾਂ ਉੱਤਰ ਆਵੇ ਤਾਂਕਿ ਅਸੀਂ ਵੇਖੀਏ ਅਤੇ ਵਿਸ਼ਵਾਸ ਕਰੀਏ!” ਜਿਹੜੇ ਉਸ ਦੇ ਨਾਲ ਸਲੀਬ 'ਤੇ ਚੜ੍ਹਾਏ ਗਏ ਸਨ ਉਹ ਵੀ ਉਸ ਨੂੰ ਤਾਅਨੇ ਮਾਰ ਰਹੇ ਸਨ।
ਯਿਸੂ ਦੀ ਮੌਤ
33ਇਹ ਦਿਨ ਦੇ ਬਾਰਾਂ ਵਜੇ ਦਾ ਸਮਾਂ ਸੀ ਅਤੇ ਤਿੰਨ ਵਜੇ ਤੱਕ ਸਾਰੀ ਧਰਤੀ 'ਤੇ ਹਨੇਰਾ ਛਾਇਆ ਰਿਹਾ 34ਅਤੇ ਤਿੰਨ ਵਜੇ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰਿਆ,“ਏਲੀ, ਏਲੀ ਲਮਾ ਸਬਕਤਾਨੀ?” ਜਿਸ ਦਾ ਅਰਥ ਹੈ, “ਹੇ ਮੇਰੇ ਪਰਮੇਸ਼ਰ, ਹੇ ਮੇਰੇ ਪਰਮੇਸ਼ਰ, ਤੂੰ ਮੈਨੂੰ ਕਿਉਂ ਛੱਡ ਦਿੱਤਾ?” 35ਤਦ ਕੋਲ ਖੜ੍ਹੇ ਕੁਝ ਲੋਕ ਇਹ ਸੁਣ ਕੇ ਕਹਿਣ ਲੱਗੇ, “ਵੇਖੋ! ਇਹ ਏਲੀਯਾਹ ਨੂੰ ਬੁਲਾਉਂਦਾ ਹੈ।” 36ਪਰ ਕਿਸੇ ਨੇ ਦੌੜ ਕੇ ਇੱਕ ਸਪੰਜ ਸਿਰਕੇ ਵਿੱਚ ਡੁਬੋਇਆ ਅਤੇ ਕਾਨੇ 'ਤੇ ਰੱਖ ਕੇ ਉਸ ਨੂੰ ਪੀਣ ਲਈ ਦਿੱਤਾ ਅਤੇ ਕਿਹਾ, “ਰਹਿਣ ਦਿਓ, ਵੇਖਦੇ ਹਾਂ ਭਲਾ ਏਲੀਯਾਹ ਉਸ ਨੂੰ ਹੇਠਾਂ ਉਤਾਰਨ ਲਈ ਆਉਂਦਾ ਹੈ।” 37ਫਿਰ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਪ੍ਰਾਣ ਤਿਆਗ ਦਿੱਤਾ।
38ਤਦ ਹੈਕਲ ਦਾ ਪਰਦਾ ਉੱਪਰੋਂ ਲੈ ਕੇ ਹੇਠਾਂ ਤੱਕ ਪਾਟ ਕੇ ਦੋ ਹਿੱਸੇ ਹੋ ਗਿਆ। 39ਜਦੋਂ ਸੂਬੇਦਾਰ#15:39 ਸੂਬੇਦਾਰ: 100 ਸਿਪਾਹੀਆਂ ਉੱਤੇ ਅਧਿਕਾਰੀ ਨੇ ਜੋ ਯਿਸੂ ਦੇ ਸਾਹਮਣੇ ਖੜ੍ਹਾ ਸੀ, ਉਸ ਨੂੰ ਇਸ ਤਰ੍ਹਾਂ#15:39 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਉੱਚੀ ਪੁਕਾਰ ਕੇ” ਲਿਖਿਆ ਹੈ। ਪ੍ਰਾਣ ਤਿਆਗਦੇ ਵੇਖਿਆ ਤਾਂ ਕਿਹਾ, “ਇਹ ਮਨੁੱਖ ਸੱਚਮੁੱਚ ਪਰਮੇਸ਼ਰ ਦਾ ਪੁੱਤਰ ਸੀ।”
40ਕੁਝ ਔਰਤਾਂ ਵੀ ਦੂਰੋਂ ਵੇਖ ਰਹੀਆਂ ਸਨ ਜਿਨ੍ਹਾਂ ਵਿੱਚ ਮਰਿਯਮ ਮਗਦਲੀਨੀ, ਛੋਟੇ ਯਾਕੂਬ ਅਤੇ ਯੋਸੇਸ ਦੀ ਮਾਤਾ ਮਰਿਯਮ ਅਤੇ ਸਲੋਮੀ ਸਨ। 41ਜਦੋਂ ਉਹ ਗਲੀਲ ਵਿੱਚ ਸੀ ਤਾਂ ਇਹ ਉਸ ਦੇ ਪਿੱਛੇ ਚੱਲਦੀਆਂ ਅਤੇ ਉਸ ਦੀ ਟਹਿਲ ਸੇਵਾ ਕਰਦੀਆਂ ਸਨ ਅਤੇ ਹੋਰ ਵੀ ਕਈ ਸਨ ਜੋ ਉਸ ਦੇ ਨਾਲ ਯਰੂਸ਼ਲਮ ਆਈਆਂ ਸਨ।
ਯਿਸੂ ਦਾ ਕਬਰ ਵਿੱਚ ਰੱਖਿਆ ਜਾਣਾ
42ਜਦੋਂ ਸ਼ਾਮ ਹੋਈ, ਇਸ ਲਈ ਜੋ ਇਹ ਤਿਆਰੀ ਦਾ ਅਰਥਾਤ ਸਬਤ ਤੋਂ ਪਹਿਲਾਂ ਦਾ ਦਿਨ ਸੀ 43ਤਾਂ ਅਰਿਮਥੇਆ ਦਾ ਯੂਸੁਫ਼ ਜਿਹੜਾ ਮਹਾਂਸਭਾ ਦਾ ਇੱਕ ਆਦਰਯੋਗ ਮੈਂਬਰ ਸੀ ਅਤੇ ਆਪ ਵੀ ਪਰਮੇਸ਼ਰ ਦੇ ਰਾਜ ਦੀ ਉਡੀਕ ਵਿੱਚ ਸੀ, ਆਇਆ ਅਤੇ ਦਲੇਰੀ ਨਾਲ ਪਿਲਾਤੁਸ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ। 44ਪਿਲਾਤੁਸ ਹੈਰਾਨ ਸੀ ਕਿ ਉਹ ਐਨੀ ਛੇਤੀ ਮਰ ਗਿਆ! ਤਦ ਉਸ ਨੇ ਸੂਬੇਦਾਰ ਨੂੰ ਕੋਲ ਬੁਲਾ ਕੇ ਉਸ ਤੋਂ ਪੁੱਛਿਆ, “ਕੀ ਉਸ ਨੂੰ ਮਰੇ ਦੇਰ ਹੋ ਗਈ ਹੈ?” 45ਸੂਬੇਦਾਰ ਤੋਂ ਜਾਣਕਾਰੀ ਲੈ ਕੇ ਉਸ ਨੇ ਲਾਸ਼ ਯੂਸੁਫ਼ ਨੂੰ ਸੌਂਪ ਦਿੱਤੀ। 46ਫਿਰ ਯੂਸੁਫ਼ ਨੇ ਇੱਕ ਸੂਤੀ ਕੱਪੜਾ ਖਰੀਦਿਆ ਅਤੇ ਲਾਸ਼ ਨੂੰ ਉਤਾਰ ਕੇ ਉਸ ਕੱਪੜੇ ਵਿੱਚ ਲਪੇਟਿਆ ਤੇ ਇੱਕ ਕਬਰ ਵਿੱਚ ਰੱਖ ਦਿੱਤਾ ਜੋ ਚਟਾਨ ਵਿੱਚ ਖੋਦੀ ਗਈ ਸੀ ਅਤੇ ਕਬਰ ਦੇ ਮੂੰਹ 'ਤੇ ਇੱਕ ਪੱਥਰ ਰੇੜ੍ਹ ਦਿੱਤਾ। 47ਮਰਿਯਮ ਮਗਦਲੀਨੀ ਅਤੇ ਯੋਸੇਸ ਦੀ ਮਾਤਾ ਮਰਿਯਮ ਵੇਖ ਰਹੀਆਂ ਸਨ ਕਿ ਉਸ ਨੂੰ ਕਿੱਥੇ ਰੱਖਿਆ ਜਾ ਰਿਹਾ ਹੈ।
Nu geselecteerd:
ਮਰਕੁਸ 15: PSB
Markering
Deel
Kopiëren

Wil je jouw markerkingen op al je apparaten opslaan? Meld je aan of log in
PUNJABI STANDARD BIBLE©
Copyright © 2023 by Global Bible Initiative