Logo ya YouVersion
Elilingi ya Boluki

ਉਤ 1

1
ਸ੍ਰਿਸ਼ਟੀ ਦਾ ਵਰਨਣ
1ਆਦ ਵਿੱਚ ਪਰਮੇਸ਼ੁਰ ਨੇ ਅਕਾਸ਼ ਅਤੇ ਧਰਤੀ ਨੂੰ ਸਿਰਜਿਆ। 2ਧਰਤੀ ਬੇਡੌਲ ਅਤੇ ਵਿਰਾਨ ਸੀ ਅਤੇ ਡੁੰਘਿਆਈ ਉੱਤੇ ਹਨ੍ਹੇਰਾ ਸੀ, ਪਰਮੇਸ਼ੁਰ ਦਾ ਆਤਮਾ#1:2 ਪਰਮੇਸ਼ੁਰ ਦੀ ਸਮਰੱਥਾ ਪਾਣੀਆਂ ਦੇ ਉੱਤੇ ਮੰਡਲਾਉਂਦਾ ਸੀ। 3ਪਰਮੇਸ਼ੁਰ ਨੇ ਆਖਿਆ, ਚਾਨਣ ਹੋਵੇ, ਤਦ ਚਾਨਣ ਹੋ ਗਿਆ। 4ਪਰਮੇਸ਼ੁਰ ਨੇ ਚਾਨਣ ਨੂੰ ਵੇਖਿਆ ਕਿ ਚੰਗਾ ਹੈ, ਪਰਮੇਸ਼ੁਰ ਨੇ ਚਾਨਣ ਨੂੰ ਹਨ੍ਹੇਰੇ ਤੋਂ ਵੱਖਰਾ ਕੀਤਾ। 5ਪਰਮੇਸ਼ੁਰ ਨੇ ਚਾਨਣ ਨੂੰ ਦਿਨ ਆਖਿਆ ਅਤੇ ਹਨ੍ਹੇਰੇ ਨੂੰ ਰਾਤ ਆਖਿਆ। ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਪਹਿਲਾ ਦਿਨ#1:5 ਪਹਿਲਾਂ ਲੋਕ ਸ਼ਾਮ ਤੋਂ ਲੈ ਕੇ ਅਗਲੇ ਦਿਨ ਸ਼ਾਮ ਤੱਕ ਦਿਨ ਗਿਣਦੇ ਸਨ l ਹੋਇਆ।
6ਫੇਰ ਪਰਮੇਸ਼ੁਰ ਨੇ ਆਖਿਆ, ਪਾਣੀਆਂ ਦੇ ਵਿਚਕਾਰ ਅੰਬਰ ਹੋਵੇ ਅਤੇ ਉਹ ਪਾਣੀਆਂ ਨੂੰ ਪਾਣੀਆਂ ਤੋਂ ਵੱਖਰਾ ਕਰੇ। 7ਸੋ ਪਰਮੇਸ਼ੁਰ ਨੇ ਅੰਬਰ ਨੂੰ ਬਣਾਇਆ ਅਤੇ ਅੰਬਰ ਦੇ ਹੇਠਲੇ ਪਾਣੀਆਂ ਨੂੰ ਅੰਬਰ ਦੇ ਉੱਪਰਲੇ ਪਾਣੀਆਂ ਤੋਂ ਵੱਖਰਾ ਕੀਤਾ ਅਤੇ ਅਜਿਹਾ ਹੀ ਹੋ ਗਿਆ। 8ਤਦ ਪਰਮੇਸ਼ੁਰ ਨੇ ਅੰਬਰ ਨੂੰ ਅਕਾਸ਼ ਆਖਿਆ, ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ ਅਤੇ ਇਹ ਦੂਜਾ ਦਿਨ ਹੋਇਆ।
9ਫੇਰ ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਹੇਠਲੇ ਪਾਣੀ ਇੱਕ ਥਾਂ ਇਕੱਠੇ ਹੋ ਜਾਣ ਤਾਂ ਜੋ ਸੁੱਕੀ ਜ਼ਮੀਨ ਦਿਸੇ ਅਤੇ ਅਜਿਹਾ ਹੀ ਹੋ ਗਿਆ। 10ਪਰਮੇਸ਼ੁਰ ਨੇ ਸੁੱਕੀ ਜ਼ਮੀਨ ਨੂੰ ਧਰਤੀ ਆਖਿਆ, ਪਾਣੀਆਂ ਦੇ ਇਕੱਠ ਨੂੰ ਸਮੁੰਦਰ ਆਖਿਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 11ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਘਾਹ, ਬੀਜ ਵਾਲਾ ਸਾਗ ਪੱਤ ਅਤੇ ਫਲਦਾਰ ਰੁੱਖ ਉਗਾਵੇ ਜਿਹੜੇ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਵਾਲਾ ਫਲ ਧਰਤੀ ਉੱਤੇ ਪੈਦਾ ਕਰਨ ਅਤੇ ਅਜਿਹਾ ਹੀ ਹੋ ਗਿਆ। 12ਸੋ ਧਰਤੀ ਨੇ ਘਾਹ ਤੇ ਬੀਜ ਵਾਲਾ ਸਾਗ ਪੱਤ ਉਹ ਦੀ ਕਿਸਮ ਦੇ ਅਨੁਸਾਰ ਤੇ ਫਲਦਾਰ ਰੁੱਖ ਜਿਨ੍ਹਾਂ ਵਿੱਚ ਆਪੋ-ਆਪਣੀ ਕਿਸਮ ਦੇ ਅਨੁਸਾਰ ਬੀਜ ਹੈ, ਉਗਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 13ਇਸ ਤਰ੍ਹਾਂ ਸ਼ਾਮ ਤੇ ਸਵੇਰ ਹੋਈ, ਇਹ ਤੀਜਾ ਦਿਨ ਹੋਇਆ। 14ਪਰਮੇਸ਼ੁਰ ਨੇ ਆਖਿਆ ਕਿ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਚਮਕਣ ਜਿਹੜੀਆਂ ਦਿਨ ਨੂੰ ਰਾਤ ਤੋਂ ਅਲੱਗ ਕਰਨ, ਇਹ ਸਮਿਆਂ, ਨਿਸ਼ਾਨੀਆਂ, ਰੁੱਤਾਂ, ਵਰਿਆਂ ਅਤੇ ਦਿਨਾਂ ਨੂੰ ਠਹਿਰਾਉਣ। 15ਓਹ ਅਕਾਸ਼ ਦੇ ਅੰਬਰ ਵਿੱਚ ਤੇਜ਼ ਰੌਸ਼ਨੀਆਂ ਹੋਣ ਜੋ ਧਰਤੀ ਉੱਤੇ ਚਮਕਣ ਅਤੇ ਅਜਿਹਾ ਹੀ ਹੋ ਗਿਆ। 16ਪਰਮੇਸ਼ੁਰ ਨੇ ਦੋ ਵੱਡੀਆਂ ਰੌਸ਼ਨੀਆਂ ਬਣਾਈਆਂ - ਵੱਡੀ ਰੋਸ਼ਨੀ ਜਿਹੜੀ ਦਿਨ ਉੱਤੇ ਰਾਜ ਕਰੇ ਅਤੇ ਛੋਟੀ ਰੋਸ਼ਨੀ ਜਿਹੜੀ ਰਾਤ ਉੱਤੇ ਰਾਜ ਕਰੇ, ਉਸ ਨੇ ਤਾਰੇ ਵੀ ਬਣਾਏ। 17ਪਰਮੇਸ਼ੁਰ ਨੇ ਉਨ੍ਹਾਂ ਨੂੰ ਅਕਾਸ਼ ਦੇ ਅੰਬਰ ਵਿੱਚ ਰੱਖਿਆ ਜੋ ਧਰਤੀ ਉੱਤੇ ਚਾਨਣ ਕਰਨ 18ਅਤੇ ਦਿਨ, ਰਾਤ ਉੱਤੇ ਰਾਜ ਕਰਨ ਅਤੇ ਚਾਨਣ ਨੂੰ ਹਨ੍ਹੇਰੇ ਤੋਂ ਅਲੱਗ ਕਰਨ। ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 19ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਚੌਥਾ ਦਿਨ ਹੋਇਆ। 20ਫੇਰ ਪਰਮੇਸ਼ੁਰ ਨੇ ਆਖਿਆ ਕਿ ਪਾਣੀ ਜੀਉਂਦੇ ਪ੍ਰਾਣੀਆਂ ਨਾਲ ਭਰ ਜਾਣ ਅਤੇ ਪੰਛੀ ਧਰਤੀ ਤੋਂ ਉਤਾਹਾਂ ਅਕਾਸ਼ ਦੇ ਅੰਬਰ ਵਿੱਚ ਉੱਡਣ। 21ਪਰਮੇਸ਼ੁਰ ਨੇ ਵੱਡੇ-ਵੱਡੇ ਜਲ ਜੰਤੂਆਂ ਨੂੰ ਅਤੇ ਸਾਰੇ ਚੱਲਣ ਵਾਲੇ ਜੀਉਂਦੇ ਪ੍ਰਾਣੀਆਂ ਨੂੰ ਉਤਪਤ ਕੀਤਾ, ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਪਾਣੀ ਭਰ ਗਏ, ਨਾਲੇ ਸਾਰੇ ਪੰਛੀਆਂ ਨੂੰ ਵੀ ਉਨ੍ਹਾਂ ਦੀ ਪ੍ਰਜਾਤੀ ਅਨੁਸਾਰ ਉਤਪਤ ਕੀਤਾ, ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 22ਪਰਮੇਸ਼ੁਰ ਨੇ ਇਹ ਆਖ ਕੇ ਉਨ੍ਹਾਂ ਨੂੰ ਅਸੀਸ ਦਿੱਤੀ, ਫਲੋ ਅਤੇ ਵਧੋ ਤੇ ਸਮੁੰਦਰਾਂ ਦੇ ਪਾਣੀਆਂ ਨੂੰ ਭਰ ਦਿਓ ਅਤੇ ਪੰਛੀ ਧਰਤੀ ਉੱਤੇ ਵਧਣ। 23ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਪੰਜਵਾਂ ਦਿਨ ਹੋਇਆ। 24ਫੇਰ ਪਰਮੇਸ਼ੁਰ ਨੇ ਆਖਿਆ ਕਿ ਧਰਤੀ ਜੀਉਂਦੇ ਪ੍ਰਾਣੀਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਤੇ ਪਸ਼ੂਆਂ ਨੂੰ, ਘਿੱਸਰਨ ਵਾਲਿਆਂ ਨੂੰ, ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਉਪਜਾਵੇ ਅਤੇ ਅਜਿਹਾ ਹੀ ਹੋ ਗਿਆ। 25ਪਰਮੇਸ਼ੁਰ ਨੇ ਧਰਤੀ ਦੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਅਤੇ ਜਾਨਵਰਾਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ, ਜ਼ਮੀਨ ਦੇ ਸਾਰੇ ਘਿੱਸਰਨ ਵਾਲਿਆਂ ਨੂੰ ਉਨ੍ਹਾਂ ਦੀ ਪ੍ਰਜਾਤੀ ਦੇ ਅਨੁਸਾਰ ਬਣਾਇਆ ਅਤੇ ਪਰਮੇਸ਼ੁਰ ਨੇ ਵੇਖਿਆ ਕਿ ਇਹ ਚੰਗਾ ਹੈ। 26ਪਰਮੇਸ਼ੁਰ ਨੇ ਆਖਿਆ ਕਿ ਅਸੀਂ ਮਨੁੱਖ ਨੂੰ ਆਪਣੇ ਸਰੂਪ ਵਿੱਚ ਅਤੇ ਆਪਣੇ ਵਰਗਾ ਬਣਾਈਏ ਅਤੇ ਓਹ ਸਮੁੰਦਰ ਦੀਆਂ ਮੱਛੀਆਂ ਉੱਤੇ, ਅਕਾਸ਼ ਦੇ ਪੰਛੀਆਂ, ਪਸ਼ੂਆਂ, ਸਗੋਂ ਸਾਰੀ ਧਰਤੀ ਉੱਤੇ ਅਤੇ ਧਰਤੀ ਉੱਤੇ ਸਾਰੇ ਘਿੱਸਰਨ ਵਾਲਿਆਂ ਜੀਵ-ਜੰਤੂਆਂ ਉੱਤੇ ਰਾਜ ਕਰਨ। 27ਇਸ ਤਰ੍ਹਾਂ ਪਰਮੇਸ਼ੁਰ ਨੇ ਮਨੁੱਖ ਦੀ ਰਚਨਾ ਆਪਣੇ ਸਰੂਪ ਵਿੱਚ ਕੀਤੀ। ਪਰਮੇਸ਼ੁਰ ਦੇ ਸਰੂਪ ਵਿੱਚ ਉਸ ਨੂੰ ਰਚਿਆ। ਉਸ ਨੇ ਨਰ ਨਾਰੀ ਦੀ ਸ੍ਰਿਸ਼ਟੀ ਕੀਤੀ। 28ਪਰਮੇਸ਼ੁਰ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਆਖਿਆ ਕਿ ਫਲੋ ਅਤੇ ਵਧੋ, ਧਰਤੀ ਨੂੰ ਭਰ ਦਿਓ ਅਤੇ ਉਹ ਨੂੰ ਆਪਣੇ ਵੱਸ ਵਿੱਚ ਕਰੋ ਅਤੇ ਸਮੁੰਦਰ ਦੀਆਂ ਮੱਛੀਆਂ, ਅਕਾਸ਼ ਦੇ ਪੰਛੀਆਂ ਅਤੇ ਧਰਤੀ ਉੱਤੇ ਘਿਸਰਨ ਵਾਲੇ ਸਾਰੇ ਜੀਵ-ਜੰਤੂਆਂ ਉੱਤੇ ਰਾਜ ਕਰੋ। 29ਪਰਮੇਸ਼ੁਰ ਨੇ ਆਖਿਆ, ਵੇਖੋ ਮੈਂ ਤੁਹਾਨੂੰ ਹਰੇਕ ਬੀਜ ਵਾਲਾ ਸਾਗ ਪੱਤ ਜਿਹੜਾ ਸਾਰੀ ਧਰਤੀ ਦੇ ਉੱਤੇ ਹੈ, ਹਰੇਕ ਰੁੱਖ ਜਿਹ ਦੇ ਵਿੱਚ ਉਸ ਦਾ ਬੀਜ ਵਾਲਾ ਫਲ ਹੈ, ਦੇ ਦਿੱਤਾ ਹੈ। ਇਹ ਤੁਹਾਡੇ ਲਈ ਭੋਜਨ ਹੈ। 30ਮੈਂ ਧਰਤੀ ਦੇ ਹਰੇਕ ਜਾਨਵਰ, ਅਕਾਸ਼ ਦੇ ਹਰੇਕ ਪੰਛੀ, ਧਰਤੀ ਉੱਤੇ ਹਰ ਘਿੱਸਰਨ ਵਾਲੇ ਨੂੰ ਜਿਹਨਾਂ ਦੇ ਵਿੱਚ ਜੀਵਨ ਦਾ ਸਾਹ ਹੈ, ਉਹਨਾਂ ਦੇ ਖਾਣ ਲਈ ਹਰ ਕਿਸਮ ਦਾ ਸਾਗ ਪੱਤ ਦੇ ਦਿੱਤਾ ਅਤੇ ਅਜਿਹਾ ਹੀ ਹੋ ਗਿਆ। 31ਤਦ ਪਰਮੇਸ਼ੁਰ ਨੇ ਸਾਰੀ ਸਿਰਜਣਾ ਨੂੰ ਜਿਸ ਨੂੰ ਉਸ ਨੇ ਬਣਾਇਆ ਸੀ, ਵੇਖਿਆ ਅਤੇ ਵੇਖੋ ਉਹ ਬਹੁਤ ਹੀ ਚੰਗਾ ਸੀ। ਇਸ ਤਰ੍ਹਾਂ ਸ਼ਾਮ ਅਤੇ ਸਵੇਰ ਹੋਈ, ਇਹ ਛੇਵਾਂ ਦਿਨ ਹੋਇਆ।

Currently Selected:

ਉਤ 1: IRVPun

Tya elembo

Share

Copy

None

Olingi kobomba makomi na yo wapi otye elembo na baapareyi na yo nyonso? Kota to mpe Komisa nkombo