YouVersion Logo
Search Icon

ਰਸੂਲ 17

17
ਥੱਸਲੁਨੀਕੇ ਨਗਰ ਵਿੱਚ
1ਫਿਰ ਉਹ ਅਮਫ਼ਿਪੁਲਿਸ ਅਤੇ ਅੱਪੁਲੋਨਿਯਾ ਵਿੱਚੋਂ ਦੀ ਹੋ ਕੇ ਥੱਸਲੁਨੀਕੇ ਨੂੰ ਆਏ ਜਿੱਥੇ ਯਹੂਦੀਆਂ ਦਾ ਇੱਕ ਸਭਾ-ਘਰ ਸੀ। 2ਪੌਲੁਸ ਆਪਣੀ ਰੀਤ ਅਨੁਸਾਰ ਉਨ੍ਹਾਂ ਕੋਲ ਸਭਾ-ਘਰ ਵਿੱਚ ਗਿਆ ਅਤੇ ਤਿੰਨ ਹਫ਼ਤੇ ਹਰ ਸਬਤ 'ਤੇ ਉਨ੍ਹਾਂ ਨਾਲ ਲਿਖਤਾਂ ਵਿੱਚੋਂ ਤਰਕ-ਵਿਤਰਕ ਕਰਦਾ ਰਿਹਾ। 3ਉਹ ਅਰਥ ਖੋਲ੍ਹ-ਖੋਲ੍ਹ ਕੇ ਉਨ੍ਹਾਂ ਨੂੰ ਸਮਝਾਉਂਦਾ ਰਿਹਾ ਕਿ ਮਸੀਹ ਦਾ ਦੁੱਖ ਝੱਲਣਾ ਅਤੇ ਮੁਰਦਿਆਂ ਵਿੱਚੋਂ ਜੀ ਉੱਠਣਾ ਜ਼ਰੂਰੀ ਸੀ ਅਤੇ “ਉਹ ਯਿਸੂ ਜਿਸ ਦਾ ਮੈਂ ਤੁਹਾਨੂੰ ਪ੍ਰਚਾਰ ਕਰਦਾ ਹਾਂ, ਉਹੀ ਮਸੀਹ ਹੈ।” 4ਉਨ੍ਹਾਂ ਵਿੱਚੋਂ ਕਈ ਯਹੂਦੀਆਂ ਨੇ ਮੰਨ ਲਿਆ ਅਤੇ ਵੱਡੀ ਗਿਣਤੀ ਵਿੱਚ ਯੂਨਾਨੀ ਭਗਤ ਅਤੇ ਬਹੁਤ ਸਾਰੀਆਂ ਪਤਵੰਤੀਆਂ ਔਰਤਾਂ ਵੀ ਪੌਲੁਸ ਅਤੇ ਸੀਲਾਸ ਨਾਲ ਮਿਲ ਗਈਆਂ।
ਯਾਸੋਨ ਦੇ ਘਰ 'ਤੇ ਹਮਲਾ
5ਪਰ#17:5 ਕੁਝ ਹਸਤਲੇਖਾਂ ਵਿੱਚ ਇਸ ਜਗ੍ਹਾ 'ਤੇ “ਨਾ ਮੰਨਣਵਾਲੇ” ਲਿਖਿਆ ਹੈ। ਯਹੂਦੀਆਂ ਨੇ ਈਰਖਾ ਨਾਲ ਭਰ ਕੇ ਬਜ਼ਾਰ ਦੇ ਅਵਾਰਾ ਲੋਕਾਂ ਵਿੱਚੋਂ ਕੁਝ ਵਿਅਕਤੀਆਂ ਨੂੰ ਆਪਣੇ ਨਾਲ ਰਲਾ ਲਿਆ ਅਤੇ ਭੀੜ ਇਕੱਠੀ ਕਰਕੇ ਨਗਰ ਵਿੱਚ ਗੜਬੜੀ ਫੈਲਾਉਣ ਲੱਗੇ ਅਤੇ ਯਾਸੋਨ ਦੇ ਘਰ 'ਤੇ ਹਮਲਾ ਕਰਕੇ ਪੌਲੁਸ ਅਤੇ ਸੀਲਾਸ ਨੂੰ ਲੋਕਾਂ ਸਾਹਮਣੇ ਲਿਆਉਣਾ ਚਾਹਿਆ। 6ਪਰ ਜਦੋਂ ਉਹ ਨਾ ਮਿਲੇ ਤਾਂ ਉਹ ਯਾਸੋਨ ਅਤੇ ਕੁਝ ਭਾਈਆਂ ਨੂੰ ਘਸੀਟ ਕੇ ਨਗਰ ਦੇ ਅਧਿਕਾਰੀਆਂ ਕੋਲ ਲੈ ਗਏ ਅਤੇ ਚੀਕਦੇ ਹੋਏ ਕਹਿਣ ਲੱਗੇ, “ਜਿਨ੍ਹਾਂ ਨੇ ਸਾਰੇ ਸੰਸਾਰ ਨੂੰ ਉਲਟਾ ਦਿੱਤਾ ਹੈ ਉਹ ਇੱਥੇ ਵੀ ਆ ਗਏ ਹਨ 7ਅਤੇ ਯਾਸੋਨ ਨੇ ਉਨ੍ਹਾਂ ਨੂੰ ਆਪਣੇ ਘਰ ਰੱਖਿਆ ਹੈ। ਇਹ ਸਭ ਕੈਸਰ ਦੇ ਹੁਕਮਾਂ ਦਾ ਇਹ ਕਹਿੰਦੇ ਹੋਏ ਵਿਰੋਧ ਕਰਦੇ ਹਨ ਕਿ ਯਿਸੂ ਨਾਮ ਦਾ ਕੋਈ ਦੂਜਾ ਰਾਜਾ ਹੈ।” 8ਇਹ ਗੱਲਾਂ ਸੁਣਾ ਕੇ ਉਨ੍ਹਾਂ ਨੇ ਲੋਕਾਂ ਨੂੰ ਅਤੇ ਨਗਰ ਦੇ ਅਧਿਕਾਰੀਆਂ ਨੂੰ ਘਬਰਾ ਦਿੱਤਾ। 9ਤਦ ਉਨ੍ਹਾਂ ਨੇ#17:9 ਅਰਥਾਤ ਅਧਿਕਾਰੀਆਂ ਨੇ ਯਾਸੋਨ ਅਤੇ ਬਾਕੀਆਂ ਕੋਲੋਂ ਜ਼ਮਾਨਤ ਲੈ ਕੇ ਉਨ੍ਹਾਂ ਨੂੰ ਛੱਡ ਦਿੱਤਾ।
ਬਰਿਯਾ ਨਗਰ ਵਿੱਚ
10ਰਾਤ ਹੁੰਦਿਆਂ ਹੀ ਤੁਰੰਤ ਭਾਈਆਂ ਨੇ ਪੌਲੁਸ ਅਤੇ ਸੀਲਾਸ ਨੂੰ ਬਰਿਯਾ ਭੇਜ ਦਿੱਤਾ ਅਤੇ ਉੱਥੇ ਪਹੁੰਚ ਕੇ ਉਹ ਯਹੂਦੀਆਂ ਦੇ ਸਭਾ-ਘਰ ਵਿੱਚ ਗਏ। 11ਇਹ ਲੋਕ ਥੱਸਲੁਨੀਕੇ ਦੇ ਲੋਕਾਂ ਨਾਲੋਂ ਚੰਗੇ ਸਨ ਅਤੇ ਉਨ੍ਹਾਂ ਨੇ ਵੱਡੀ ਚਾਹ ਨਾਲ ਵਚਨ ਨੂੰ ਸਵੀਕਾਰ ਕੀਤਾ। ਉਹ ਹਰ ਰੋਜ਼ ਲਿਖਤਾਂ ਵਿੱਚ ਖੋਜਦੇ ਰਹੇ ਕਿ ਭਲਾ ਇਹ ਗੱਲਾਂ ਇਸੇ ਤਰ੍ਹਾਂ ਹਨ। 12ਸੋ ਉਨ੍ਹਾਂ ਵਿੱਚੋਂ ਬਹੁਤਿਆਂ ਨੇ ਅਤੇ ਅਨੇਕਾਂ ਪਤਵੰਤੀਆਂ ਯੂਨਾਨੀ ਔਰਤਾਂ ਅਤੇ ਮਰਦਾਂ ਨੇ ਵੀ ਵਿਸ਼ਵਾਸ ਕੀਤਾ। 13ਪਰ ਜਦੋਂ ਥੱਸਲੁਨੀਕੇ ਦੇ ਯਹੂਦੀਆਂ ਨੂੰ ਪਤਾ ਲੱਗਾ ਕਿ ਬਰਿਯਾ ਵਿੱਚ ਵੀ ਪੌਲੁਸ ਦੁਆਰਾ ਪਰਮੇਸ਼ਰ ਦੇ ਵਚਨ ਦਾ ਪ੍ਰਚਾਰ ਕੀਤਾ ਗਿਆ ਹੈ ਤਾਂ ਉਹ ਉੱਥੇ ਵੀ ਆ ਕੇ ਲੋਕਾਂ ਨੂੰ ਭੜਕਾਉਣ ਲੱਗੇ। 14ਤਦ ਭਾਈਆਂ ਨੇ ਤੁਰੰਤ ਪੌਲੁਸ ਨੂੰ ਭੇਜ ਦਿੱਤਾ ਕਿ ਉਹ ਸਮੁੰਦਰ ਦੇ ਕੰਢੇ ਚਲਾ ਜਾਵੇ, ਪਰ ਸੀਲਾਸ ਅਤੇ ਤਿਮੋਥਿਉਸ ਉੱਥੇ ਹੀ ਰਹੇ। 15ਪੌਲੁਸ ਨੂੰ ਲਿਜਾਣ ਵਾਲੇ ਭਾਈਆਂ ਨੇ ਉਸ ਨੂੰ ਅਥੇਨੈ ਤੱਕ ਪਹੁੰਚਾਇਆ ਅਤੇ ਸੀਲਾਸ ਅਤੇ ਤਿਮੋਥਿਉਸ ਦੇ ਲਈ ਇਹ ਆਗਿਆ ਲੈ ਕੇ ਵਿਦਾ ਹੋਏ ਕਿ ਉਹ ਛੇਤੀ ਉਸ ਕੋਲ ਆ ਜਾਣ।
ਅਥੇਨੈ ਨਗਰ ਵਿੱਚ
16ਜਦੋਂ ਪੌਲੁਸ ਅਥੇਨੈ ਵਿੱਚ ਉਨ੍ਹਾਂ ਨੂੰ ਉਡੀਕ ਰਿਹਾ ਸੀ ਤਾਂ ਨਗਰ ਨੂੰ ਮੂਰਤੀਆਂ ਨਾਲ ਭਰਿਆ ਵੇਖ ਕੇ ਉਹ ਆਪਣੀ ਆਤਮਾ ਵਿੱਚ ਜਲ ਉੱਠਿਆ। 17ਇਸ ਲਈ ਉਹ ਸਭਾ-ਘਰ ਵਿੱਚ ਯਹੂਦੀਆਂ ਅਤੇ ਭਗਤ ਲੋਕਾਂ ਨਾਲ ਅਤੇ ਹਰ ਦਿਨ ਬਜ਼ਾਰ ਵਿੱਚ ਮਿਲਣ ਵਾਲਿਆਂ ਨਾਲ ਤਰਕ-ਵਿਤਰਕ ਕਰਦਾ ਸੀ। 18ਤਦ ਕੁਝ ਅਪਿਕੂਰੀ ਅਤੇ ਸਤੋਇਕੀ ਵਿਦਵਾਨ ਉਸ ਦੇ ਨਾਲ ਬਹਿਸ ਕਰਨ ਲੱਗੇ ਅਤੇ ਕਈਆਂ ਨੇ ਕਿਹਾ, “ਇਹ ਬਕਵਾਦੀ ਕੀ ਕਹਿਣਾ ਚਾਹੁੰਦਾ ਹੈ?” ਅਤੇ ਕਈ ਕਹਿਣ ਲੱਗੇ, “ਉਹ ਓਪਰੇ ਦੇਵਤਿਆਂ ਦਾ ਪ੍ਰਚਾਰਕ ਲੱਗਦਾ ਹੈ।” ਇਸ ਲਈ ਕਿ ਉਹ ਯਿਸੂ ਅਤੇ ਪੁਨਰ-ਉਥਾਨ ਦੀ ਖੁਸ਼ਖ਼ਬਰੀ ਸੁਣਾਉਂਦਾ ਸੀ। 19ਫਿਰ ਉਹ ਪੌਲੁਸ ਨੂੰ ਫੜ ਕੇ ਅਰਿਯੁਪਗੁਸ ਦੀ ਸਭਾ#17:19 ਅਰਿਯੁਪਗੁਸ ਪਹਾੜ ਉੱਤੇ ਇਕੱਠੀ ਹੋਣ ਵਾਲੀ ਅਥੇਨੈ ਸ਼ਹਿਰ ਦੀ ਸਭਾ ਵਿੱਚ ਲੈ ਗਏ ਅਤੇ ਕਿਹਾ, “ਕੀ ਅਸੀਂ ਜਾਣ ਸਕਦੇ ਹਾਂ ਕਿ ਇਹ ਨਵੀਂ ਸਿੱਖਿਆ ਜਿਹੜੀ ਤੂੰ ਦਿੰਦਾ ਹੈਂ, ਕੀ ਹੈ? 20ਕਿਉਂਕਿ ਸਾਨੂੰ ਤੇਰੇ ਤੋਂ ਕੁਝ ਅਨੋਖੀਆਂ ਗੱਲਾਂ ਸੁਣਨ ਨੂੰ ਮਿਲ ਰਹੀਆਂ ਹਨ, ਇਸ ਲਈ ਅਸੀਂ ਜਾਣਨਾ ਚਾਹੁੰਦੇ ਹਾਂ ਕਿ ਇਨ੍ਹਾਂ ਗੱਲਾਂ ਦਾ ਕੀ ਅਰਥ ਹੈ।” 21ਸਭ ਅਥੇਨੀ ਅਤੇ ਉੱਥੇ ਰਹਿਣ ਵਾਲੇ ਪਰਦੇਸੀ ਨਵੀਆਂ-ਨਵੀਆਂ ਗੱਲਾਂ ਕਹਿਣ ਜਾਂ ਸੁਣਨ ਤੋਂ ਇਲਾਵਾ ਹੋਰ ਕਿਸੇ ਗੱਲ ਵਿੱਚ ਆਪਣਾ ਸਮਾਂ ਬਤੀਤ ਨਹੀਂ ਕਰਦੇ ਸਨ।
ਅਰਿਯੁਪਗੁਸ ਵਿੱਚ ਪੌਲੁਸ ਦਾ ਉਪਦੇਸ਼
22ਸੋ ਪੌਲੁਸ ਨੇ ਅਰਿਯੁਪਗੁਸ ਦੀ ਸਭਾ ਦੇ ਵਿਚਕਾਰ ਖੜ੍ਹੇ ਹੋ ਕੇ ਕਿਹਾ, “ਅਥੇਨੀ ਲੋਕੋ, ਮੈਂ ਵੇਖਦਾ ਹਾਂ ਕਿ ਤੁਸੀਂ ਹਰ ਗੱਲ ਵਿੱਚ ਬਹੁਤ ਧਾਰਮਿਕ ਹੋ। 23ਕਿਉਂਕਿ ਘੁੰਮਦੇ-ਫਿਰਦੇ ਜਦੋਂ ਮੈਂ ਤੁਹਾਡੀਆਂ ਪੂਜਾ ਦੀਆਂ ਵਸਤਾਂ ਨੂੰ ਗੌਹ ਨਾਲ ਵੇਖ ਰਿਹਾ ਸੀ ਤਾਂ ਮੈਨੂੰ ਇੱਕ ਵੇਦੀ ਵੀ ਦਿਸੀ ਜਿਸ ਉੱਤੇ ਲਿਖਿਆ ਸੀ, ‘ਅਣਜਾਣੇ ਦੇਵਤੇ ਲਈ’। ਇਸ ਲਈ ਜਿਸ ਦੀ ਤੁਸੀਂ ਬਿਨਾਂ ਜਾਣੇ ਪੂਜਾ ਕਰਦੇ ਹੋ, ਮੈਂ ਉਸੇ ਦੇ ਵਿਖੇ ਤੁਹਾਨੂੰ ਦੱਸਦਾ ਹਾਂ। 24ਪਰਮੇਸ਼ਰ ਨੇ ਹੀ ਸੰਸਾਰ ਅਤੇ ਇਸ ਵਿਚਲੀਆਂ ਸਭ ਵਸਤਾਂ ਨੂੰ ਬਣਾਇਆ। ਉਹ ਅਕਾਸ਼ ਅਤੇ ਧਰਤੀ ਦਾ ਮਾਲਕ ਹੋ ਕੇ ਹੱਥਾਂ ਦੇ ਬਣਾਏ ਹੋਏ ਮੰਦਰਾਂ ਵਿੱਚ ਨਹੀਂ ਵੱਸਦਾ, 25ਨਾ ਹੀ ਉਹ ਇਸ ਕਰਕੇ ਮਨੁੱਖਾਂ ਦੇ ਹੱਥੋਂ ਸੇਵਾ ਕਰਾਉਂਦਾ ਹੈ ਕਿ ਉਸ ਨੂੰ ਕਿਸੇ ਚੀਜ਼ ਦੀ ਥੁੜ੍ਹ ਹੈ; ਉਹੀ ਸਾਰਿਆਂ ਨੂੰ ਜੀਵਨ ਅਤੇ ਸਾਹ ਅਤੇ ਸਭ ਕੁਝ ਦਿੰਦਾ ਹੈ। 26ਉਸ ਨੇ ਇੱਕ ਤੋਂ ਹੀ ਮਨੁੱਖਾਂ ਦੀ ਹਰੇਕ ਕੌਮ ਨੂੰ ਸਾਰੀ ਧਰਤੀ 'ਤੇ ਵੱਸਣ ਲਈ ਬਣਾਇਆ ਅਤੇ ਉਨ੍ਹਾਂ ਦੇ ਸਮੇਂ ਤੈਅ ਕੀਤੇ ਅਤੇ ਰਹਿਣ ਦੀਆਂ ਹੱਦਾਂ ਠਹਿਰਾਈਆਂ 27ਤਾਂਕਿ ਉਹ ਪਰਮੇਸ਼ਰ ਨੂੰ ਖੋਜਣ, ਹੋ ਸਕਦਾ ਹੈ ਕਿ ਉਸ ਨੂੰ ਟੋਹ ਕੇ ਲੱਭ ਲੈਣ; ਹਾਲਾਂਕਿ ਉਹ ਸਾਡੇ ਵਿੱਚੋਂ ਕਿਸੇ ਤੋਂ ਦੂਰ ਨਹੀਂ ਹੈ। 28ਕਿਉਂਕਿ ਉਸੇ ਵਿੱਚ ਅਸੀਂ ਜੀਉਂਦੇ, ਤੁਰਦੇ-ਫਿਰਦੇ ਅਤੇ ਹੋਂਦ ਵਿੱਚ ਹਾਂ ਜਿਵੇਂ ਕਿ ਤੁਹਾਡੇ ਕੁਝ ਕਵੀਆਂ ਨੇ ਵੀ ਕਿਹਾ ਹੈ, ‘ਅਸੀਂ ਵੀ ਉਸੇ ਦੀ ਸੰਤਾਨ ਹਾਂ’। 29ਇਸ ਲਈ ਪਰਮੇਸ਼ਰ ਦੀ ਸੰਤਾਨ ਹੋ ਕੇ ਸਾਨੂੰ ਇਹ ਨਹੀਂ ਸੋਚਣਾ ਚਾਹੀਦਾ ਕਿ ਪਰਮੇਸ਼ਰ ਸੋਨੇ, ਚਾਂਦੀ ਜਾਂ ਪੱਥਰ ਦੇ ਸਮਾਨ ਹੈ ਜਿਸ ਨੂੰ ਮਨੁੱਖ ਦੀ ਕਾਰੀਗਰੀ ਅਤੇ ਕਲਪਨਾ ਨੇ ਘੜਿਆ ਹੈ। 30ਇਸ ਲਈ ਪਰਮੇਸ਼ਰ ਅਣਜਾਣਪੁਣੇ ਦੇ ਸਮਿਆਂ ਨੂੰ ਅਣਦੇਖਾ ਕਰਕੇ, ਹੁਣ ਹਰ ਥਾਂ ਸਭ ਮਨੁੱਖਾਂ ਨੂੰ ਤੋਬਾ ਕਰਨ ਦਾ ਹੁਕਮ ਦਿੰਦਾ ਹੈ, 31ਕਿਉਂਕਿ ਉਸ ਨੇ ਇੱਕ ਦਿਨ ਠਹਿਰਾਇਆ ਹੈ ਜਦੋਂ ਉਹ ਉਸ ਮਨੁੱਖ ਦੇ ਦੁਆਰਾ ਜਿਸ ਨੂੰ ਉਸ ਨੇ ਨਿਯੁਕਤ ਕੀਤਾ ਹੈ, ਧਾਰਮਿਕਤਾ ਸਹਿਤ ਸੰਸਾਰ ਦਾ ਨਿਆਂ ਕਰੇਗਾ ਅਤੇ ਉਸ ਨੂੰ ਮੁਰਦਿਆਂ ਵਿੱਚੋਂ ਜੀਉਂਦਾ ਕਰਕੇ ਉਸ ਨੇ ਇਹ ਗੱਲ ਸਭਨਾਂ ਉੱਤੇ ਸਾਬਤ ਕਰ ਦਿੱਤੀ ਹੈ।”
32ਜਦੋਂ ਉਨ੍ਹਾਂ ਨੇ ਮੁਰਦਿਆਂ ਦੇ ਪੁਨਰ-ਉਥਾਨ ਬਾਰੇ ਸੁਣਿਆ ਤਾਂ ਕੁਝ ਉਸ ਦਾ ਮਖੌਲ ਉਡਾਉਣ ਲੱਗੇ, ਪਰ ਕਈਆਂ ਨੇ ਕਿਹਾ, “ਅਸੀਂ ਇਸ ਬਾਰੇ ਤੇਰੇ ਤੋਂ ਦੁਬਾਰਾ ਸੁਣਾਂਗੇ।” 33ਸੋ ਪੌਲੁਸ ਉਨ੍ਹਾਂ ਦੇ ਕੋਲੋਂ ਚਲਾ ਗਿਆ। 34ਪਰ ਕੁਝ ਵਿਅਕਤੀ ਉਸ ਨਾਲ ਮਿਲ ਗਏ ਅਤੇ ਪ੍ਰਭੂ ਉੱਤੇ ਵਿਸ਼ਵਾਸ ਕੀਤਾ, ਜਿਨ੍ਹਾਂ ਵਿੱਚ ਅਰਿਯੁਪਗੀ ਦਿਯਾਨੁਸਿਯੁਸ, ਦਾਮਰਿਸ ਨਾਮਕ ਇੱਕ ਔਰਤ ਅਤੇ ਉਨ੍ਹਾਂ ਦੇ ਨਾਲ ਕਈ ਹੋਰ ਲੋਕ ਸਨ।

Currently Selected:

ਰਸੂਲ 17: PSB

Highlight

Share

Copy

None

Want to have your highlights saved across all your devices? Sign up or sign in