YouVersion Logo
Search Icon

ਲੂਕਸ 1:26-38

ਲੂਕਸ 1:26-38 PMT

ਏਲਿਜਾਬੇਥ ਦੇ ਗਰਭਵਤੀ ਹੋਣ ਦੇ ਛੇਵੇਂ ਮਹੀਨੇ ਵਿੱਚ ਪਰਮੇਸ਼ਵਰ ਨੇ ਸਵਰਗਦੂਤ ਗਬਰਿਏਲ ਨੂੰ ਗਲੀਲ ਦੇ ਨਾਜ਼ਰੇਥ ਨਾਮ ਦੇ ਇੱਕ ਨਗਰ ਵਿੱਚ, ਇੱਕ ਕੁਆਰੀ ਕੁੜੀ ਦੇ ਕੋਲ ਭੇਜਿਆ ਗਿਆ, ਜਿਸ ਦਾ ਵਿਆਹ ਯੋਸੇਫ਼ ਨਾਮ ਦੇ ਇੱਕ ਆਦਮੀ ਨਾਲ ਤੈਅ ਹੋਇਆ ਸੀ। ਯੋਸੇਫ਼, ਰਾਜਾ ਦਾਵੀਦ ਦੇ ਘਰਾਣੇ ਵਿੱਚੋਂ ਸੀ। ਉਸ ਕੁਆਰੀ ਕੁੜੀ ਦਾ ਨਾਮ ਮਰਿਯਮ ਸੀ। ਸਵਰਗਦੂਤ ਨੇ ਮਰਿਯਮ ਕੋਲ ਜਾ ਕੇ ਉਸ ਨੂੰ ਕਿਹਾ, “ਵਧਾਈ ਹੋਵੇ! ਤੈਨੂੰ ਜਿਸਨੇ ਪ੍ਰਭੂ ਦੀ ਨਿਗਾਹ ਵਿੱਚ ਕਿਰਪਾ ਪਾਈ ਹੈ, ਪ੍ਰਭੂ ਤੇਰੇ ਨਾਲ ਹੈ।” ਇਹ ਸ਼ਬਦ ਸੁਣ ਕੇ ਮਰਿਯਮ ਬਹੁਤ ਹੀ ਘਬਰਾ ਗਈ ਅਤੇ ਸੋਚਣ ਲੱਗੀ ਕਿ ਇਹ ਕਿਸ ਪ੍ਰਕਾਰ ਦੀ ਵਧਾਈ ਹੋ ਸਕਦੀ ਹੈ। ਪਰ ਸਵਰਗਦੂਤ ਨੇ ਉਸ ਨੂੰ ਕਿਹਾ, “ਨਾ ਡਰ, ਮਰਿਯਮ! ਕਿਉਂਕਿ ਤੇਰੇ ਉੱਤੇ ਪਰਮੇਸ਼ਵਰ ਦੀ ਕਿਰਪਾ ਹੋਈ ਹੈ। ਸੁਣ! ਤੂੰ ਗਰਭਵਤੀ ਹੋਵੇਗੀ ਅਤੇ ਇੱਕ ਪੁੱਤਰ ਨੂੰ ਜਨਮ ਦੇਵੇਗੀ। ਤੂੰ ਉਸ ਦਾ ਨਾਮ ਯਿਸ਼ੂ ਰੱਖੀ। ਉਹ ਮਹਾਨ ਹੋਵੇਗਾ ਅਤੇ ਅੱਤ ਮਹਾਨ ਪਰਮੇਸ਼ਵਰ ਦਾ ਪੁੱਤਰ ਕਹਾਵੇਗਾ ਅਤੇ ਪ੍ਰਭੂ ਪਰਮੇਸ਼ਵਰ ਉਸ ਪੁੱਤਰ ਨੂੰ ਉਸ ਦੇ ਬਜ਼ੁਰਗ ਦਾਵੀਦ ਦਾ ਸਿੰਘਾਸਣ ਸੌਂਪਣਗੇ, ਉਹ ਯਾਕੋਬ ਦੇ ਘਰਾਣੇ ਉੱਤੇ ਹਮੇਸ਼ਾ ਲਈ ਰਾਜ ਕਰਣਗੇ ਅਤੇ ਉਹਨਾਂ ਦੇ ਰਾਜ ਦਾ ਕਦੇ ਅੰਤ ਨਹੀਂ ਹੋਵੇਗਾ।” ਮਰਿਯਮ ਨੇ ਸਵਰਗਦੂਤ ਨੂੰ ਪੁੱਛਿਆ, “ਇਹ ਕਿਵੇਂ ਹੋ ਸਕਦਾ ਹੈ ਕਿਉਂਕਿ ਮੈਂ ਤਾਂ ਕੁਆਰੀ ਹਾਂ?” ਸਵਰਗਦੂਤ ਨੇ ਜਵਾਬ ਦਿੱਤਾ, “ਪਵਿੱਤਰ ਆਤਮਾ ਤੇਰੇ ਉੱਪਰ ਆਵੇਗਾ ਅਤੇ ਅੱਤ ਮਹਾਨ ਦੀ ਸ਼ਕਤੀ ਤੇਰੇ ਉੱਤੇ ਛਾਇਆ ਕਰੇਗੀ। ਇਸ ਲਈ ਜੋ ਜਨਮ ਲੈਣਗੇ, ਉਹ ਪਵਿੱਤਰ ਅਤੇ ਪਰਮੇਸ਼ਵਰ ਦੇ ਪੁੱਤਰ ਕਹੋਣਗੇ। ਅਤੇ ਇਹ ਵੀ ਸੁਣ ਤੇਰੀ ਰਿਸ਼ਤੇਦਾਰ ਏਲਿਜਾਬੇਥ, ਜੋ ਬਾਂਝ ਕਹੋਂਦੀ ਸੀ ਅਤੇ ਆਪਣੇ ਬੁੱਢੇਪੇ ਵਿੱਚ ਹੈ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। ਪਰਮੇਸ਼ਵਰ ਲਈ ਕੁਝ ਵੀ ਅਣਹੋਣਾ ਨਹੀਂ।” ਮਰਿਯਮ ਨੇ ਕਿਹਾ, “ਮੈਂ ਪ੍ਰਭੂ ਦੀ ਦਾਸੀ ਹਾਂ। ਤੁਹਾਡਾ ਬਚਨ ਮੇਰੇ ਲਈ ਪੂਰਾ ਹੋਵੇ।” ਤੱਦ ਉਹ ਸਵਰਗਦੂਤ ਉਸ ਦੇ ਕੋਲੋ ਚਲਾ ਗਿਆ।