ਲੂਕਾ 5
5
ਪਹਿਲੇ ਚੇਲਿਆਂ ਨੂੰ ਬੁਲਾਉਣਾ
ਮੱਤੀ 4:18-22; ਮਰਕੁਸ 1:16-20
1ਇਹ ਹੋਇਆ ਕਿ ਜਦ ਲੋਕ ਉਸ ਦੇ ਉੱਤੇ ਡਿੱਗਦੇ ਅਤੇ ਪਰਮੇਸ਼ੁਰ ਦਾ ਬਚਨ ਸੁਣਦੇ ਸਨ, ਉਸ ਸਮੇਂ ਉਹ ਗਨੇਸਰਤ ਦੀ ਝੀਲ ਦੇ ਕੰਢੇ ਖੜ੍ਹਾ ਸੀ। 2ਅਤੇ ਉਸ ਨੇ ਝੀਲ ਦੇ ਕੰਢੇ ਦੋ ਬੇੜੀਆਂ ਲੱਗੀਆਂ ਹੋਈਆਂ ਵੇਖੀਆਂ, ਪਰ ਮਾਛੀ ਉਨ੍ਹਾਂ ਵਿੱਚੋਂ ਨਿੱਕਲ ਕੇ ਆਪਣੇ ਜਾਲ਼ਾਂ ਨੂੰ ਧੋ ਰਹੇ ਸਨ। 3ਉਸ ਨੇ ਉਨ੍ਹਾਂ ਬੇੜੀਆਂ ਵਿੱਚੋਂ ਇੱਕ ਉੱਤੇ ਜੋ ਸ਼ਮਊਨ ਦੀ ਸੀ ਚੜ੍ਹ ਕੇ ਬੇਨਤੀ ਕੀਤੀ ਜੋ ਕੰਡੇ ਤੋਂ ਥੋੜ੍ਹਾ ਜਿਹਾ ਹਟਾ ਲੈ ਤਦ ਉਹ ਬੇੜੀ ਉੱਤੇ ਬੈਠ ਕੇ ਲੋਕਾਂ ਨੂੰ ਬਚਨ ਸੁਣਾਉਣ ਲੱਗਾ। 4ਜਦ ਉਹ ਉਪਦੇਸ਼ ਦੇ ਚੁੱਕਿਆ ਤਾਂ ਸ਼ਮਊਨ ਨੂੰ ਕਿਹਾ ਕਿ ਡੂੰਘੇ ਪਾਣੀ ਵਿੱਚ ਲੈ ਚੱਲੋ ਅਤੇ ਮੱਛੀਆਂ ਫੜਣ ਲਈ ਆਪਣੇ ਜਾਲ਼ ਪਾਓ। 5ਸ਼ਮਊਨ ਨੇ ਉੱਤਰ ਦਿੱਤਾ ਸੁਆਮੀ ਜੀ, ਅਸੀਂ ਸਾਰੀ ਰਾਤ ਮਿਹਨਤ ਕੀਤੀ ਪਰ ਕੁਝ ਨਾ ਫੜਿਆ ਫਿਰ ਵੀ ਤੇਰੇ ਕਹਿਣ ਨਾਲ ਜਾਲ਼ ਪਾਵਾਂਗਾ। 6ਜਦ ਉਨ੍ਹਾਂ ਨੇ ਇਹ ਕੀਤਾ ਤਾਂ ਬਹੁਤ ਸਾਰੀਆਂ ਮੱਛੀਆਂ ਫੜ ਲਈਆਂ ਅਤੇ ਉਨ੍ਹਾਂ ਦੇ ਜਾਲ਼ ਫੱਟਣ ਲੱਗੇ। 7ਤਦ ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਜਿਹੜੇ ਦੂਜੀ ਬੇੜੀ ਉੱਤੇ ਸਨ, ਇਸ਼ਾਰਾ ਕੀਤਾ ਕਿ ਆ ਕੇ ਸਾਡੀ ਮਦਦ ਕਰੋ। ਸੋ ਉਹ ਆਏ ਅਤੇ ਦੋਵੇਂ ਬੇੜੀਆਂ ਅਜਿਹੀਆਂ ਭਰ ਗਈਆਂ ਕਿ ਉਹ ਡੁੱਬਣ ਲੱਗੀਆਂ। 8ਸ਼ਮਊਨ ਪਤਰਸ ਇਹ ਵੇਖ ਕੇ ਯਿਸੂ ਦੇ ਪੈਰੀਂ ਡਿੱਗ ਪਿਆ ਅਤੇ ਬੋਲਿਆ, ਪ੍ਰਭੂ ਜੀ ਮੇਰੇ ਕੋਲੋਂ ਚਲੇ ਜਾਓ ਕਿਉਂ ਜੋ ਮੈਂ ਪਾਪੀ ਬੰਦਾ ਹਾਂ। 9ਐਨੀਆਂ ਮੱਛੀਆਂ ਫੜਨ ਕਰਕੇ ਉਹ ਅਤੇ ਉਸ ਦੇ ਨਾਲ ਦੇ ਸਾਰੇ ਹੈਰਾਨ ਹੋਏ। 10ਅਤੇ ਇਸੇ ਤਰ੍ਹਾਂ ਜ਼ਬਦੀ ਦੇ ਪੁੱਤਰ ਯਾਕੂਬ ਅਤੇ ਯੂਹੰਨਾ ਵੀ ਜੋ ਸ਼ਮਊਨ ਦੇ ਸਾਥੀ ਸਨ, ਹੈਰਾਨ ਹੋਏ। ਤਦ ਯਿਸੂ ਨੇ ਸ਼ਮਊਨ ਨੂੰ ਆਖਿਆ, ਨਾ ਡਰ, ਹੁਣ ਤੋਂ ਤੂੰ ਮਨੁੱਖਾਂ ਨੂੰ ਫੜ੍ਹਨ ਵਾਲਾ ਮਛਵਾਰਾ ਹੋਵੇਂਗਾ। 11ਤਦ ਉਹ ਆਪਣੀਆਂ ਬੇੜੀਆਂ ਕੰਢੇ ਤੇ ਲਿਆਏ ਅਤੇ ਸਭ ਕੁਝ ਛੱਡ ਕੇ ਉਸ ਦੇ ਮਗਰ ਹੋ ਤੁਰੇ।
ਕੋੜ੍ਹੀ ਨੂੰ ਚੰਗਾ ਕਰਨਾ
ਮੱਤੀ 8:1-14; ਮਰਕੁਸ 1:40-45
12ਜਦੋਂ ਯਿਸੂ ਇੱਕ ਨਗਰ ਵਿੱਚ ਸੀ ਤਾਂ ਵੇਖੋ ਇੱਕ ਮਨੁੱਖ ਕੋੜ੍ਹ ਦਾ ਭਰਿਆ ਹੋਇਆ ਉਸ ਦੇ ਕੋਲ ਆਇਆ ਅਤੇ ਉਹ ਯਿਸੂ ਨੂੰ ਵੇਖ ਕੇ ਮੂੰਹ ਦੇ ਭਾਰ ਡਿੱਗਿਆ ਅਤੇ ਉਸ ਦੇ ਅੱਗੇ ਬੇਨਤੀ ਕਰ ਕੇ ਕਿਹਾ, ਪ੍ਰਭੂ ਜੀ ਜੇ ਤੁਸੀਂ ਚਾਹੋਂ ਤਾਂ ਮੈਨੂੰ ਸ਼ੁੱਧ ਕਰ ਸਕਦੇ ਹੋ। 13ਤਾਂ ਉਸ ਨੇ ਹੱਥ ਵਧਾ ਕੇ ਉਸ ਨੂੰ ਛੂਹਿਆ ਅਤੇ ਆਖਿਆ, ਮੈਂ ਚਾਹੁੰਦਾ ਹਾਂ, ਤੂੰ ਸ਼ੁੱਧ ਹੋ ਜਾ ਅਤੇ ਉਸੇ ਵੇਲੇ ਉਸ ਦਾ ਕੋੜ੍ਹ ਚੰਗਾ ਹੋ ਗਿਆ। 14ਤਦ ਉਸ ਨੇ ਹੁਕਮ ਕੀਤਾ ਕਿ ਕਿਸੇ ਨੂੰ ਨਾ ਦੱਸੀਂ ਪਰ ਜਾ ਕੇ ਆਪਣੇ ਆਪ ਨੂੰ ਜਾਜਕ ਨੂੰ ਵਿਖਾ ਅਤੇ ਆਪਣੇ ਸ਼ੁੱਧ ਹੋਣ ਦੀ ਭੇਟ ਚੜ੍ਹਾ ਜਿਵੇਂ ਮੂਸਾ ਨੇ ਠਹਿਰਾਇਆ ਹੈ ਤਾਂ ਜੋ ਉਨ੍ਹਾਂ ਲਈ ਗਵਾਹੀ ਹੋਵੇ। 15ਪਰ ਉਸ ਦੀ ਚਰਚਾ ਬਹੁਤ ਫੈਲ ਗਈ ਅਤੇ ਵੱਡੀ ਭੀੜ ਉਸ ਦੀਆਂ ਗੱਲਾਂ ਸੁਣਨ ਅਤੇ ਬਿਮਾਰੀਆਂ ਤੋਂ ਚੰਗੇ ਹੋਣ ਲਈ ਇਕੱਠੀ ਹੋਈ। 16ਪਰ ਉਹ ਆਪ ਜੰਗਲਾਂ ਵਿੱਚ ਜਾਂਦਾ ਅਤੇ ਪ੍ਰਾਰਥਨਾ ਕਰਦਾ ਹੁੰਦਾ ਸੀ।
ਅਧਰੰਗੀ ਨੂੰ ਚੰਗਾ ਕਰਨਾ
ਮੱਤੀ 9:1-18; ਮਰਕੁਸ 2:1-12
17ਇੱਕ ਦਿਨ ਇਹ ਹੋਇਆ ਕਿ ਜਿਸ ਸਮੇਂ ਉਹ ਉਪਦੇਸ਼ ਦਿੰਦਾ ਸੀ ਤਾਂ ਕਈ ਫ਼ਰੀਸੀ ਅਤੇ ਬਿਵਸਥਾ ਦੇ ਪੜ੍ਹਾਉਣ ਵਾਲੇ ਉੱਥੇ ਬੈਠੇ ਸਨ, ਜਿਹੜੇ ਗਲੀਲ ਦੇ ਹਰੇਕ ਪਿੰਡ ਅਤੇ ਯਹੂਦਿਯਾ ਅਤੇ ਯਰੂਸ਼ਲਮ ਤੋਂ ਆਏ ਸਨ ਅਤੇ ਪ੍ਰਭੂ ਦੀ ਸਮਰੱਥਾ ਚੰਗਾ ਕਰਨ ਲਈ ਉਸ ਦੇ ਨਾਲ ਸੀ। 18ਉਸ ਸਮੇਂ ਕਈ ਲੋਕ ਇੱਕ ਮਨੁੱਖ ਨੂੰ ਜਿਹੜਾ ਅਧਰੰਗੀ ਸੀ, ਮੰਜੀ ਉੱਤੇ ਲਿਆਏ ਅਤੇ ਚਾਹਿਆ ਜੋ ਉਸ ਨੂੰ ਅੰਦਰ ਲੈ ਜਾ ਕੇ ਯਿਸੂ ਦੇ ਅੱਗੇ ਰੱਖਣ। 19ਅਤੇ ਜਦੋਂ ਭੀੜ ਦੇ ਕਾਰਨ ਉਸ ਨੂੰ ਅੰਦਰ ਲੈ ਜਾਣ ਦਾ ਕੋਈ ਤਰੀਕਾ ਨਾ ਲੱਭਿਆ ਤਾਂ ਛੱਤ ਉੱਤੇ ਚੜ੍ਹ ਗਏ ਅਤੇ ਟਾਇਲਾਂ ਦੇ ਵਿੱਚੋਂ ਦੀ ਉਸ ਨੂੰ ਮੰਜੀ ਸਣੇ ਯਿਸੂ ਦੇ ਅੱਗੇ ਉਤਾਰ ਦਿੱਤਾ। 20ਅਤੇ ਉਸ ਨੇ ਉਨ੍ਹਾਂ ਦਾ ਵਿਸ਼ਵਾਸ ਵੇਖ ਕੇ ਕਿਹਾ, ਮਨੁੱਖਾ ਤੇਰੇ ਪਾਪ ਮਾਫ਼ ਹੋਏ। 21ਤਦ ਉਪਦੇਸ਼ਕ ਅਤੇ ਫ਼ਰੀਸੀ ਵਿਵਾਦ ਕਰਨ ਲੱਗੇ ਕਿ ਇਹ ਕੌਣ ਹੈ ਜੋ ਪਰਮੇਸ਼ੁਰ ਦੀ ਨਿੰਦਿਆ ਕਰਦਾ ਹੈ? ਪਰਮੇਸ਼ੁਰ ਤੋਂ ਬਿਨ੍ਹਾਂ ਹੋਰ ਕੌਣ ਪਾਪ ਨੂੰ ਮਾਫ਼ ਕਰ ਸਕਦਾ ਹੈ? 22ਤਦ ਯਿਸੂ ਨੇ ਉਨ੍ਹਾਂ ਦੀਆਂ ਸੋਚਾਂ ਨੂੰ ਜਾਣ ਕੇ ਅੱਗੋਂ ਉਨ੍ਹਾਂ ਨੂੰ ਆਖਿਆ, ਤੁਸੀਂ ਆਪਣੇ ਮਨਾਂ ਵਿੱਚ ਕੀ ਵਿਚਾਰ ਕਰਦੇ ਹੋ? 23ਕਿਹੜੀ ਗੱਲ ਸੌਖੀ ਹੈ, ਇਹ ਆਖਣਾ ਜੋ ਤੇਰੇ ਪਾਪ ਮਾਫ਼ ਹੋਏ ਜਾਂ ਇਹ ਆਖਣਾ ਕਿ ਉੱਠ ਅਤੇ ਤੁਰ? 24ਪਰ ਇਸ ਲਈ ਜੋ ਤੁਸੀਂ ਜਾਣੋ ਕਿ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ਼ ਕਰਨ ਦਾ ਅਧਿਕਾਰ ਹੈ, ਫਿਰ ਯਿਸੂ ਨੇ ਉਸ ਅਧਰੰਗੀ ਨੂੰ ਕਿਹਾ, ਮੈਂ ਤੈਨੂੰ ਆਖਦਾ ਹਾਂ, ਉੱਠ ਅਤੇ ਆਪਣੀ ਮੰਜੀ ਚੁੱਕ ਕੇ ਘਰ ਚੱਲਿਆ ਜਾ। 25ਤਾਂ ਉਹ ਝੱਟ ਉਨ੍ਹਾਂ ਦੇ ਸਾਹਮਣੇ ਉੱਠਿਆ ਅਤੇ ਮੰਜੀ ਚੁੱਕ ਕੇ ਪਰਮੇਸ਼ੁਰ ਦੀ ਮਹਿਮਾ ਕਰਦਾ ਹੋਇਆ ਆਪਣੇ ਘਰ ਚੱਲਿਆ ਗਿਆ। 26ਅਤੇ ਉਹ ਸਾਰੇ ਬਹੁਤ ਹੈਰਾਨ ਹੋ ਕੇ ਪਰਮੇਸ਼ੁਰ ਦੀ ਮਹਿਮਾ ਕਰਨ ਲੱਗੇ ਅਤੇ ਡਰ ਨਾਲ ਭਰ ਗਏ ਤੇ ਕਹਿਣ ਲੱਗੇ, ਅਸੀਂ ਅੱਜ ਅਚਰਜ਼ ਗੱਲਾਂ ਵੇਖੀਆਂ ਹਨ!।
ਲੇਵੀ ਨੂੰ ਬੁਲਾਉਣਾ
ਮੱਤੀ 9:9-13; ਮਰਕੁਸ 2:13-17
27ਇਸ ਤੋਂ ਬਾਅਦ ਉਹ ਬਾਹਰ ਗਿਆ ਅਤੇ ਲੇਵੀ ਨਾਮ ਦੇ ਇੱਕ ਚੂੰਗੀ ਲੈਣ ਵਾਲੇ ਨੂੰ ਚੂੰਗੀ ਦੀ ਚੌਂਕੀ ਉੱਤੇ ਬੈਠੇ ਵੇਖਿਆ ਅਤੇ ਉਸ ਨੂੰ ਆਖਿਆ ਕਿ ਮੇਰੇ ਪਿੱਛੇ ਹੋ ਤੁਰ। 28ਤਦ ਉਹ ਸਭ ਕੁਝ ਛੱਡ ਕੇ ਉੱਠਿਆ ਅਤੇ ਉਸ ਦੇ ਪਿੱਛੇ ਤੁਰ ਪਿਆ। 29ਫਿਰ ਲੇਵੀ ਨੇ ਆਪਣੇ ਘਰ ਉਸ ਦੇ ਲਈ ਵੱਡੀ ਦਾਵਤ ਕੀਤੀ ਅਤੇ ਉੱਥੇ ਚੂੰਗੀ ਲੈਣ ਵਾਲੇ ਅਤੇ ਹੋਰਾਂ ਦੀ ਜੋ ਉਨ੍ਹਾਂ ਦੇ ਨਾਲ ਖਾਣ ਬੈਠੇ ਸਨ ਵੱਡੀ ਭੀੜ ਸੀ। 30ਫ਼ਰੀਸੀ ਅਤੇ ਉਪਦੇਸ਼ਕ ਉਸ ਦੇ ਚੇਲਿਆਂ ਉੱਤੇ ਬੁੜਬੁੜਾ ਕੇ ਕਹਿਣ ਲੱਗੇ ਕਿ ਤੁਸੀਂ ਕਿਉਂ ਚੂੰਗੀ ਲੈਣ ਵਾਲਿਆਂ ਅਤੇ ਪਾਪੀਆਂ ਨਾਲ ਖਾਂਦੇ-ਪੀਂਦੇ ਹੋ? 31ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ ਕਿ ਨਰੋਇਆਂ ਨੂੰ ਨਹੀਂ ਪਰ ਰੋਗੀਆਂ ਨੂੰ ਹਕੀਮ ਦੀ ਲੋੜ ਹੈ। 32ਮੈਂ ਧਰਮੀਆਂ ਨੂੰ ਨਹੀਂ ਸਗੋਂ ਪਾਪੀਆਂ ਨੂੰ ਤੋਬਾ ਦੇ ਲਈ ਬੁਲਾਉਣ ਆਇਆ ਹਾਂ।
ਵਰਤ ਦੇ ਬਾਰੇ ਪ੍ਰਸ਼ਨ
ਮੱਤੀ 9:14-17; ਮਰਕੁਸ 2:18-22
33ਉਨ੍ਹਾਂ ਨੇ ਯਿਸੂ ਨੂੰ ਆਖਿਆ, ਯੂਹੰਨਾ ਦੇ ਚੇਲੇ ਬਹੁਤ ਵਰਤ ਰੱਖਦੇ ਅਤੇ ਪ੍ਰਾਰਥਨਾ ਕਰਦੇ ਹਨ ਅਤੇ ਉਸੇ ਤਰ੍ਹਾਂ ਨਾਲ ਫ਼ਰੀਸੀਆਂ ਦੇ ਵੀ ਪਰ ਤੇਰੇ ਚੇਲੇ ਤਾਂ ਖਾਂਦੇ-ਪੀਂਦੇ ਹਨ। 34ਯਿਸੂ ਨੇ ਉਨ੍ਹਾਂ ਨੂੰ ਆਖਿਆ, ਜਦ ਤੱਕ ਲਾੜਾ ਬਰਾਤੀਆਂ ਦੇ ਨਾਲ ਹੈ, ਭਲਾ ਤੁਸੀਂ ਉਨ੍ਹਾਂ ਤੋਂ ਵਰਤ ਰਖਾ ਸਕਦੇ ਹੋ? 35ਪਰ ਉਹ ਦਿਨ ਆਉਣਗੇ ਜਦ ਲਾੜਾ ਉਨ੍ਹਾਂ ਕੋਲੋਂ ਅਲੱਗ ਕੀਤਾ ਜਾਵੇਗਾ ਤਦ ਉਨ੍ਹੀਂ ਦਿਨੀਂ ਉਹ ਵਰਤ ਰੱਖਣਗੇ। 36ਅਤੇ ਉਸ ਨੇ ਉਨ੍ਹਾਂ ਨੂੰ ਇੱਕ ਦ੍ਰਿਸ਼ਟਾਂਤ ਵਿੱਚ ਆਖਿਆ, ਕਿ ਨਵੇਂ ਕੱਪੜੇ ਵਿੱਚੋਂ ਟਾਕੀ ਪਾੜ ਕੇ ਪੁਰਾਣੇ ਕੱਪੜੇ ਨੂੰ ਕੋਈ ਨਹੀਂ ਲਾਉਂਦਾ ਨਹੀਂ ਤਾਂ ਉਹ ਨਵੇਂ ਕੱਪੜੇ ਨੂੰ ਪਾੜ ਦੇਵੇਗੀ ਅਤੇ ਨਵੇਂ ਦੀ ਟਾਕੀ ਪੁਰਾਣੇ ਨਾਲ ਸੱਜਣੀ ਵੀ ਨਹੀਂ। 37ਅਤੇ ਨਵੀਂ ਮੈਅ ਨੂੰ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ ਨਹੀਂ ਤਾਂ ਨਵੀਂ ਮੈਅ ਮਸ਼ਕਾਂ ਨੂੰ ਪਾੜ ਕੇ ਆਪ ਵਗ ਜਾਵੇਗੀ ਅਤੇ ਮਸ਼ਕਾਂ ਦਾ ਵੀ ਨਾਸ ਹੋ ਜਾਵੇਗਾ। 38ਪਰ ਨਵੀਂ ਮੈਅ ਨਵੀਆਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਹੈ। 39ਅਤੇ ਪੁਰਾਣੀ ਮੈਅ ਪੀ ਕੇ ਨਵੀਂ ਕੋਈ ਨਹੀਂ ਚਾਹੁੰਦਾ ਕਿਉਂ ਜੋ ਉਹ ਕਹਿੰਦਾ ਹੈ ਕਿ ਪੁਰਾਣੀ ਮੈਅ ਚੰਗੀ ਹੈ।
Currently Selected:
ਲੂਕਾ 5: IRVPun
Highlight
Share
Copy

Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.