YouVersion Logo
Search Icon

ਲੂਕਾ 22

22
ਯਿਸੂ ਦੇ ਵਿਰੁੱਧ ਸਾਜਿਸ਼
ਮੱਤੀ 26:1-5; ਮਰਕੁਸ 14:1, 2; ਯੂਹੰਨਾ 11:45-53
1ਅਖ਼ਮੀਰੀ ਰੋਟੀ ਦਾ ਤਿਉਹਾਰ ਜਿਸ ਨੂੰ ਪਸਾਹ ਕਹਿੰਦੇ ਹਨ ਨੇੜੇ ਆ ਪੁੱਜਿਆ। 2ਅਤੇ ਮੁੱਖ ਜਾਜਕ ਅਤੇ ਉਪਦੇਸ਼ਕ ਇਸ ਗੱਲ ਦੇ ਪਿੱਛੇ ਲੱਗੇ ਕਿ ਯਿਸੂ ਉਸ ਨੂੰ ਕਿਵੇਂ ਜਾਨੋਂ ਮਾਰੀਏ? ਕਿਉਂ ਜੋ ਉਹ ਲੋਕਾਂ ਤੋਂ ਡਰਦੇ ਸਨ।
ਯਹੂਦਾ ਦਾ ਵਿਸ਼ਵਾਸਘਾਤ
ਮੱਤੀ 26:14; ਮਰਕੁਸ 14:10, 11
3ਤਦ ਸ਼ੈਤਾਨ ਯਹੂਦਾ ਵਿੱਚ ਸਮਾਇਆ, ਜਿਹੜਾ ਇਸਕਰਿਯੋਤੀ ਕਰਕੇ ਅਖਵਾਉਂਦਾ ਹੈ ਅਤੇ ਉਹ ਉਨ੍ਹਾਂ ਬਾਰਾਂ ਰਸੂਲਾਂ ਵਿੱਚੋਂ ਇੱਕ ਸੀ। 4ਅਤੇ ਉਸ ਨੇ ਜਾ ਕੇ ਮੁੱਖ ਜਾਜਕਾਂ ਅਤੇ ਸਰਦਾਰਾਂ ਦੇ ਨਾਲ ਯੋਜਨਾ ਬਣਾਈ ਜੋ ਯਿਸੂ ਨੂੰ ਉਨ੍ਹਾਂ ਦੇ ਹੱਥ ਕਿਸ ਤਰ੍ਹਾਂ ਫੜ੍ਹਵਾ ਦੇਵੇ। 5ਉਹ ਬਹੁਤ ਖੁਸ਼ ਹੋਏ ਅਤੇ ਰੁਪਏ ਦੇਣ ਦਾ ਉਸ ਨਾਲ ਵਾਇਦਾ ਕੀਤਾ। 6ਉਸ ਨੇ ਮੰਨ ਲਿਆ ਅਤੇ ਮੌਕਾ ਲੱਭਦਾ ਸੀ ਜੋ ਉਸ ਨੂੰ ਭੀੜ ਦੇ ਨਾ ਹੁੰਦਿਆਂ ਉਨ੍ਹਾਂ ਦੇ ਹੱਥ ਫੜ੍ਹਵਾਏ।
ਚੇਲਿਆਂ ਦੇ ਨਾਲ ਪਸਾਹ ਦਾ ਆਖਰੀ ਭੋਜ
ਮੱਤੀ 26:17-25; ਮਰਕੁਸ 14:12-21; ਯੂਹੰਨਾ 13:21-30
7ਅਖ਼ਮੀਰੀ ਰੋਟੀ ਦਾ ਦਿਨ ਆਇਆ ਜਿਸ ਵਿੱਚ ਪਸਾਹ ਦੇ ਲਈ ਬਲੀਦਾਨ ਕਰਨਾ ਸੀ। 8ਅਤੇ ਯਿਸੂ ਨੇ ਪਤਰਸ ਅਤੇ ਯੂਹੰਨਾ ਨੂੰ ਇਹ ਕਹਿ ਕੇ ਭੇਜਿਆ ਕਿ ਜਾ ਕੇ ਸਾਡੇ ਲਈ ਪਸਾਹ ਤਿਆਰ ਕਰੋ ਤਾਂ ਜੋ ਅਸੀਂ ਖਾਈਏ। 9ਉਨ੍ਹਾਂ ਨੇ ਉਸ ਨੂੰ ਪੁੱਛਿਆ, ਤੁਸੀਂ ਕਿੱਥੇ ਚਾਹੁੰਦੇ ਹੋ ਜੋ ਅਸੀਂ ਤਿਆਰ ਕਰੀਏ? 10ਉਸ ਨੇ ਉਨ੍ਹਾਂ ਨੂੰ ਆਖਿਆ, ਵੇਖੋ, ਜਦ ਤੁਸੀਂ ਸ਼ਹਿਰ ਵਿੱਚ ਵੜੋਂਗੇ ਤਾਂ ਇੱਕ ਆਦਮੀ ਪਾਣੀ ਦਾ ਘੜਾ ਚੁੱਕਿਆ ਤੁਹਾਨੂੰ ਮਿਲੇਗਾ। ਉਹ ਜਿਸ ਘਰ ਵਿੱਚ ਜਾਵੇ ਉਸ ਦੇ ਮਗਰ ਜਾਇਓ। 11ਅਤੇ ਘਰ ਦੇ ਮਾਲਕ ਨੂੰ ਆਖਣਾ ਜੋ ਗੁਰੂ ਤੈਨੂੰ ਆਖਦਾ ਹੈ, ਉਸ ਦੇ ਠਹਿਰਣ ਦਾ ਸਥਾਨ ਕਿੱਥੇ ਹੈ, ਜਿੱਥੇ ਮੈਂ ਆਪਣੇ ਚੇਲਿਆਂ ਸਮੇਤ ਪਸਾਹ ਖਾਵਾਂ? 12ਉਹ ਤੁਹਾਨੂੰ ਇੱਕ ਵੱਡਾ ਚੁਬਾਰਾ ਸਜਾਇਆ ਹੋਇਆ ਵਿਖਾਵੇਗਾ। ਉੱਥੇ ਜਾ ਕੇ ਤੁਸੀਂ ਤਿਆਰੀ ਕਰੋ। 13ਸੋ ਉਨ੍ਹਾਂ ਜਾ ਕੇ ਜਿਸ ਪ੍ਰਕਾਰ ਯਿਸੂ ਨੇ ਉਨ੍ਹਾਂ ਨੂੰ ਦੱਸਿਆ ਸੀ, ਉਹੋ ਜਿਹਾ ਵੇਖਿਆ ਅਤੇ ਪਸਾਹ ਤਿਆਰ ਕੀਤਾ।
ਪ੍ਰਭੂ ਭੋਜ
ਮੱਤੀ 26:26-30; ਮਰਕੁਸ 14:22-26; 1 ਕੁਰਿੰਥੀ 11:23-25
14ਜਦ ਉਹ ਘੜੀ ਆ ਪਹੁੰਚੀ ਤਾਂ ਯਿਸੂ ਰਸੂਲਾਂ ਨਾਲ ਭੋਜਨ ਖਾਣ ਬੈਠਾ। 15ਤਦ ਯਿਸੂ ਨੇ ਉਨ੍ਹਾਂ ਨੂੰ ਕਿਹਾ ਕਿ ਮੇਰੀ ਵੱਡੀ ਇੱਛਾ ਸੀ ਜੋ ਆਪਣੇ ਕਸ਼ਟ ਭੋਗਣ ਤੋਂ ਪਹਿਲਾਂ ਇਹ ਪਸਾਹ ਤੁਹਾਡੇ ਨਾਲ ਖਾਵਾਂ। 16ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜਦ ਤੱਕ ਇਹ ਪਰਮੇਸ਼ੁਰ ਦੇ ਰਾਜ ਵਿੱਚ ਸੰਪੂਰਨ ਨਾ ਹੋਵੇ ਮੈਂ ਇਸ ਨੂੰ ਨਾ ਖਾਵਾਂਗਾ। 17ਉਸ ਨੇ ਪਿਆਲਾ ਲਿਆ ਅਤੇ ਧੰਨਵਾਦ ਕਰ ਕੇ ਆਖਿਆ, ਇਸ ਨੂੰ ਲੈ ਕੇ ਆਪਸ ਵਿੱਚ ਵੰਡ ਲਉ। 18ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਜੋ ਇਸ ਤੋਂ ਬਾਅਦ ਮੈਂ ਦਾਖ਼ਰਸ ਕਦੇ ਨਾ ਪੀਵਾਂਗਾ ਜਦ ਤੱਕ ਪਰਮੇਸ਼ੁਰ ਦਾ ਰਾਜ ਨਾ ਆਵੇ। 19ਤਾਂ ਉਸ ਨੇ ਰੋਟੀ ਲਈ ਅਤੇ ਧੰਨਵਾਦ ਕਰ ਕੇ ਤੋੜੀ ਅਤੇ ਇਹ ਕਹਿ ਕੇ ਉਨ੍ਹਾਂ ਨੂੰ ਦਿੱਤੀ ਕਿ ਇਹ ਮੇਰਾ ਸਰੀਰ ਹੈ ਜੋ ਤੁਹਾਡੇ ਬਦਲੇ ਦਿੱਤਾ ਜਾਂਦਾ ਹੈ, ਮੇਰੀ ਯਾਦਗੀਰੀ ਲਈ ਇਹ ਕਰਿਆ ਕਰੋ। 20ਅਤੇ ਖਾਣ ਦੇ ਬਾਅਦ ਇਸੇ ਤਰ੍ਹਾਂ ਉਸ ਨੇ ਪਿਆਲਾ ਦੇ ਕੇ ਕਿਹਾ ਕਿ ਇਹ ਪਿਆਲਾ ਮੇਰੇ ਲਹੂ ਵਿੱਚ ਜੋ ਤੁਹਾਡੇ ਲਈ ਵਹਾਇਆ ਜਾਂਦਾ ਹੈ, ਨਵਾਂ ਨੇਮ ਹੈ। 21ਪਰ ਵੇਖੋ ਮੇਰੇ ਫੜਵਾਉਣ ਵਾਲੇ ਦਾ ਹੱਥ ਮੇਰੇ ਨਾਲ ਮੇਜ਼ ਉੱਤੇ ਹੈ। 22ਕਿਉਂ ਜੋ ਮਨੁੱਖ ਦਾ ਪੁੱਤਰ ਤਾਂ ਜਾਂਦਾ ਹੈ, ਜਿਵੇਂ ਠਹਿਰਾਇਆ ਹੋਇਆ ਹੈ ਪਰ ਅਫ਼ਸੋਸ ਉਸ ਮਨੁੱਖ ਉੱਤੇ ਜਿਸ ਦੇ ਰਾਹੀਂ ਉਹ ਫੜ੍ਹਵਾਇਆ ਜਾਂਦਾ ਹੈ! 23ਤਦ ਉਹ ਆਪਸ ਵਿੱਚ ਪੁੱਛਣ ਲੱਗੇ ਕਿ ਸਾਡੇ ਵਿੱਚੋਂ ਉਹ ਕੌਣ ਹੈ ਜੋ ਇਹ ਕੰਮ ਕਰੇਗਾ।
ਵੱਡਾ ਕੌਣ ਹੈ, ਵਿਖੇ ਵਿਵਾਦ
24ਉਨ੍ਹਾਂ ਵਿੱਚ ਇਹ ਬਹਿਸ ਵੀ ਹੋਈ ਜੋ ਸਾਡੇ ਵਿੱਚੋਂ ਕੌਣ ਵੱਡਾ ਸਮਝਿਆ ਜਾਂਦਾ ਹੈ? 25ਪਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਪਰਾਈਆਂ ਕੌਮਾਂ ਦੇ ਰਾਜੇ ਉਨ੍ਹਾਂ ਉੱਤੇ ਹੁਕਮ ਚਲਾਉਂਦੇ ਹਨ ਅਤੇ ਜਿਹੜੇ ਉਨ੍ਹਾਂ ਉੱਤੇ ਅਧਿਕਾਰ ਰੱਖਦੇ ਹਨ ਸੋ ਮਦਦਗਾਰ ਅਖਵਾਉਂਦੇ ਹਨ। 26ਪਰ ਤੁਸੀਂ ਇਹੋ ਜਿਹੇ ਨਾ ਹੋਵੋ, ਸਗੋਂ ਤੁਹਾਡੇ ਵਿੱਚ ਜਿਹੜਾ ਵੱਡਾ ਹੈ ਉਹ ਛੋਟੇ ਵਰਗਾ ਅਤੇ ਜਿਹੜਾ ਸਰਦਾਰ ਹੈ ਉਹ ਸੇਵਕ ਵਰਗਾ ਬਣੇ। 27ਕਿਉਂਕਿ ਵੱਡਾ ਕੌਣ ਹੈ, ਉਹ ਜਿਹੜਾ ਖਾਣ ਬੈਠਦਾ ਹੈ ਜਾਂ ਉਹ ਜਿਹੜਾ ਸੇਵਾ ਕਰਦਾ ਹੈ? ਭਲਾ, ਉਹ ਨਹੀਂ ਜਿਹੜਾ ਖਾਣ ਨੂੰ ਬੈਠਦਾ ਹੈ? ਪਰ ਮੈਂ ਤੁਹਾਡੇ ਵਿੱਚ ਸੇਵਕ ਵਰਗਾ ਹਾਂ। 28ਅਤੇ ਤੁਸੀਂ ਉਹੋ ਹੀ ਹੋ ਜੋ ਮੇਰੇ ਪਰਤਾਵਿਆਂ ਵਿੱਚ ਸਦਾ ਮੇਰੇ ਨਾਲ ਰਹੇ। 29ਜਿਸ ਤਰ੍ਹਾਂ ਮੇਰੇ ਪਿਤਾ ਨੇ ਮੇਰੇ ਲਈ ਇੱਕ ਰਾਜ ਠਹਿਰਾਇਆ ਹੈ, ਉਸੇ ਤਰ੍ਹਾਂ ਮੈਂ ਤੁਹਾਡੇ ਲਈ ਠਹਿਰਾਉਂਦਾ ਹਾਂ। 30ਤਾਂ ਜੋ ਤੁਸੀਂ ਮੇਰੇ ਰਾਜ ਵਿੱਚ ਮੇਰੀ ਮੇਜ਼ ਉੱਤੇ ਭੋਜਨ ਕਰੋ ਅਤੇ ਤੁਸੀਂ ਸਿੰਘਾਸਣਾਂ ਤੇ ਬੈਠ ਕੇ ਇਸਰਾਏਲ ਦੀਆਂ ਬਾਰਾਂ ਗੋਤਾਂ ਦਾ ਨਿਆਂ ਕਰੋਗੇ।
ਪਤਰਸ ਦੇ ਇਨਕਾਰ ਦੀ ਭਵਿੱਖਬਾਣੀ
ਮੱਤੀ 26:31-35; ਮਰਕੁਸ 14:27-31; ਯੂਹੰਨਾ 13:26-38
31 ਹੇ ਸ਼ਮਊਨ, ਸ਼ਮਊਨ! ਵੇਖ, ਸ਼ੈਤਾਨ ਨੇ ਤੈਨੂੰ ਮੰਗਿਆ ਹੈ, ਜੋ ਕਣਕ ਦੀ ਤਰ੍ਹਾਂ ਤੈਨੂੰ ਛੱਟੇ। 32ਪਰ ਮੈਂ ਤੇਰੇ ਲਈ ਬੇਨਤੀ ਕੀਤੀ ਹੈ ਜੋ ਤੇਰੀ ਵਿਸ਼ਵਾਸ ਜਾਂਦਾ ਨਾ ਰਹੇ ਅਤੇ ਜਦ ਤੂੰ ਵਾਪਸ ਆਵੇਂ ਤਾਂ ਆਪਣਿਆਂ ਭਰਾਵਾਂ ਨੂੰ ਤਕੜੇ ਕਰੀਂ। 33ਤਦ ਉਸ ਨੇ ਯਿਸੂ ਨੂੰ ਕਿਹਾ, ਪ੍ਰਭੂ ਜੀ ਮੈਂ ਤੇਰੇ ਨਾਲ ਕੈਦ ਵਿੱਚ ਜਾਣ ਅਤੇ ਮਰਨ ਲਈ ਵੀ ਤਿਆਰ ਹਾਂ। 34ਤਦ ਯਿਸੂ ਨੇ ਕਿਹਾ, ਪਤਰਸ ਮੈਂ ਤੈਨੂੰ ਆਖਦਾ ਹਾਂ ਕਿ ਅੱਜ ਮੁਰਗਾ ਬਾਂਗ ਨਾ ਦੇਵੇਗਾ ਜਦ ਤੱਕ ਤੂੰ ਤਿੰਨ ਵਾਰੀ ਮੁੱਕਰ ਕੇ ਇਹ ਨਾ ਆਖੇਂ ਕਿ ਮੈਂ ਉਸ ਨੂੰ ਨਹੀਂ ਜਾਣਦਾ।
ਬਟੂਆ, ਝੋਲਾ ਅਤੇ ਤਲਵਾਰ
35ਉਸ ਨੇ ਉਨ੍ਹਾਂ ਨੂੰ ਆਖਿਆ, “ਜਦ ਮੈਂ ਤੁਹਾਨੂੰ ਬਟੂਏ ਅਤੇ ਝੋਲੇ ਅਤੇ ਜੁੱਤੀ ਬਿਨ੍ਹਾਂ ਭੇਜਿਆ ਸੀ, ਤਦ ਤੁਹਾਨੂੰ ਕਿਸੇ ਚੀਜ਼ ਦੀ ਘਾਟ ਤਾਂ ਨਹੀਂ ਹੋਈ? ਉਹ ਬੋਲੇ, ਕਿਸੇ ਚੀਜ਼ ਦੀ ਨਹੀਂ।” 36ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਪਰ ਹੁਣ ਜਿਸ ਦੇ ਕੋਲ ਬਟੂਆ ਹੋਵੇ, ਸੋ ਲਵੇ ਅਤੇ ਇਸੇ ਤਰ੍ਹਾਂ ਝੋਲਾ ਵੀ ਅਤੇ ਜਿਸ ਦੇ ਕੋਲ ਤਲਵਾਰ ਨਾ ਹੋਵੇ, ਸੋ ਆਪਣਾ ਬਸਤਰ ਵੇਚ ਕੇ ਮੁੱਲ ਲਵੇ। 37ਮੈਂ ਤੁਹਾਨੂੰ ਆਖਦਾ ਹਾਂ ਕਿ ਪਵਿੱਤਰ ਗ੍ਰੰਥ ਵਿੱਚ ਇਹ ਲਿਖਿਆ ਹੋਇਆ ਹੈ ਕਿ “ਉਹ ਅਪਰਾਧੀਆਂ ਵਿੱਚ ਗਿਣਿਆ ਗਿਆ” ਸੋ ਮੇਰੇ ਹੱਕ ਵਿੱਚ ਉਸ ਦਾ ਸੰਪੂਰਨ ਹੋਣਾ ਜ਼ਰੂਰੀ ਹੈ, ਕਿਉਂਕਿ ਜੋ ਕੁਝ ਮੇਰੇ ਬਾਰੇ ਹੈ ਸੋ ਉਸ ਨੇ ਪੂਰਾ ਹੋਣਾ ਹੀ ਹੈ। 38ਉਹ ਬੋਲੇ, ਪ੍ਰਭੂ ਜੀ ਵੇਖੋ, ਇੱਥੇ ਦੋ ਤਲਵਾਰਾਂ ਹਨ ਤਾਂ ਉਸ ਨੇ ਉਨ੍ਹਾਂ ਨੂੰ ਆਖਿਆ, ਬਹੁਤ ਹਨ!
ਜੈਤੂਨ ਦੇ ਪਹਾੜ ਉੱਤੇ ਯਿਸੂ ਦੀ ਪ੍ਰਾਰਥਨਾ
ਮੱਤੀ 26:36-46; ਮਰਕੁਸ 14:32-42
39ਉਹ ਬਾਹਰ ਨਿੱਕਲ ਕੇ ਆਪਣੀ ਰੀਤ ਅਨੁਸਾਰ ਜ਼ੈਤੂਨ ਦੇ ਪਹਾੜ ਨੂੰ ਗਿਆ ਅਤੇ ਚੇਲੇ ਵੀ ਉਹ ਦੇ ਮਗਰ ਤੁਰੇ। 40ਅਤੇ ਉਸ ਥਾਂ ਪਹੁੰਚ ਕੇ ਉਸ ਨੇ ਉਨ੍ਹਾਂ ਨੂੰ ਆਖਿਆ, ਪ੍ਰਾਰਥਨਾ ਕਰੋ ਤਾਂ ਜੋ ਤੁਸੀਂ ਪਰਤਾਵੇ ਵਿੱਚ ਨਾ ਪਵੋ। 41ਤਦ ਉਸ ਨੇ ਉਨ੍ਹਾਂ ਤੋਂ ਕੋਈ ਪੱਥਰ ਸੁੱਟਣ ਦੀ ਦੂਰੀ ਤੇ ਅਲੱਗ ਜਾ ਕੇ ਗੋਡੇ ਨਿਵਾਏ ਅਤੇ ਪ੍ਰਾਰਥਨਾ ਕਰਦਿਆਂ ਆਖਿਆ, 42ਹੇ ਪਿਤਾ, ਜੇ ਤੁਹਾਨੂੰ ਭਾਵੇ ਤਾਂ ਇਹ ਪਿਆਲਾ ਮੇਰੇ ਕੋਲੋਂ ਹਟਾ ਦੇ ਤਾਂ ਵੀ ਮੇਰੀ ਨਹੀਂ ਪਰ ਤੁਹਾਡੀ ਮਰਜ਼ੀ ਪੂਰੀ ਹੋਵੇ। 43ਅਤੇ ਸਵਰਗੋਂ ਇੱਕ ਦੂਤ ਉਸ ਨੂੰ ਵਿਖਾਈ ਦਿੱਤਾ ਜੋ ਉਸ ਨੂੰ ਸਹਾਰਾ ਦਿੰਦਾ ਸੀ। 44ਅਤੇ ਉਹ ਮਹਾਂ ਕਸ਼ਟ ਵਿੱਚ ਪੈ ਕੇ ਤਨ-ਮਨ ਨਾਲ ਪ੍ਰਾਰਥਨਾ ਕਰਨ ਲੱਗਾ ਅਤੇ ਉਸ ਦਾ ਪਸੀਨਾ ਲਹੂ ਦੀਆਂ ਬੂੰਦਾਂ ਵਾਂਗੂੰ ਹੇਠਾਂ ਡਿੱਗਦਾ ਸੀ। 45ਫੇਰ ਉਹ ਪ੍ਰਾਰਥਨਾ ਤੋਂ ਉੱਠ ਕੇ ਚੇਲਿਆਂ ਦੇ ਕੋਲ ਆਇਆ ਅਤੇ ਉਨ੍ਹਾਂ ਨੂੰ ਸੋਗ ਦੇ ਮਾਰੇ ਸੁੱਤਿਆਂ ਹੋਇਆਂ ਵੇਖਿਆ। 46ਅਤੇ ਉਨ੍ਹਾਂ ਨੂੰ ਕਿਹਾ, ਤੁਸੀਂ ਕਿਉਂ ਸੌਂਦੇ ਹੋ? ਉੱਠ ਕੇ ਪ੍ਰਾਰਥਨਾ ਕਰੋ ਜੋ ਪਰਤਾਵੇ ਵਿੱਚ ਨਾ ਪਓ।
ਯਿਸੂ ਦਾ ਫੜਿਆ ਜਾਣਾ
ਮੱਤੀ 26:47-56; ਮਰਕੁਸ 14:43-50; ਯੂਹੰਨਾ 18:3-12
47ਉਹ ਅਜੇ ਬੋਲਦਾ ਹੀ ਸੀ, ਕਿ ਵੇਖੋ, ਇੱਕ ਭੀੜ ਆਈ ਅਤੇ ਉਨ੍ਹਾਂ ਬਾਰਾਂ ਵਿੱਚੋਂ ਇੱਕ ਜਿਸ ਦਾ ਨਾਮ ਯਹੂਦਾ ਇਸਕਰਯੋਤੀ ਉਨ੍ਹਾਂ ਦੇ ਅੱਗੇ-ਅੱਗੇ ਤੁਰ ਕੇ ਯਿਸੂ ਦੇ ਨੇੜੇ ਆਇਆ ਤਾਂ ਜੋ ਉਸ ਨੂੰ ਚੁੰਮੇ। 48ਤਦ ਯਿਸੂ ਨੇ ਉਸ ਨੂੰ ਆਖਿਆ, ਯਹੂਦਾ, ਭਲਾ, ਤੂੰ ਮਨੁੱਖ ਦੇ ਪੁੱਤਰ ਨੂੰ ਚੁੰਮ ਕੇ ਫੜ੍ਹਵਾਉਂਦਾ ਹੈਂ? 49ਜਦ ਯਿਸੂ ਦੇ ਨਾਲ ਦਿਆਂ ਨੇ ਵੇਖਿਆ ਜੋ ਕੀ ਹੋਣ ਲੱਗਾ ਹੈ ਤਾਂ ਕਿਹਾ, ਪ੍ਰਭੂ ਜੀ ਕੀ ਅਸੀਂ ਤਲਵਾਰ ਚਲਾਈਏ? 50ਅਤੇ ਉਨ੍ਹਾਂ ਵਿੱਚੋਂ ਇੱਕ ਨੇ ਪ੍ਰਧਾਨ ਜਾਜਕ ਦੇ ਸੇਵਕ ਨੂੰ ਮਾਰ ਕੇ ਉਸ ਦਾ ਸੱਜਾ ਕੰਨ ਵੱਢ ਦਿੱਤਾ। 51ਪਰ ਯਿਸੂ ਨੇ ਅੱਗੋਂ ਆਖਿਆ, ਹੁਣ ਬਸ ਕਰੋ ਅਤੇ ਉਸ ਦਾ ਕੰਨ ਛੂਹ ਕੇ ਉਸ ਨੂੰ ਚੰਗਾ ਕੀਤਾ। 52ਤਦ ਯਿਸੂ ਨੇ ਉਨ੍ਹਾਂ ਮੁੱਖ ਜਾਜਕਾਂ ਅਤੇ ਹੈਕਲ ਦੇ ਸਰਦਾਰਾਂ ਅਤੇ ਬਜ਼ੁਰਗਾਂ ਨੂੰ ਜਿਹੜੇ ਉਸ ਉੱਤੇ ਚੜ੍ਹ ਆਏ ਸਨ ਆਖਿਆ, ਕੀ ਤੁਸੀਂ ਮੈਨੂੰ ਡਾਕੂ ਵਾਂਗੂੰ ਤਲਵਾਰਾਂ ਅਤੇ ਡਾਂਗਾਂ ਨਾਲ ਫੜ੍ਹਨ ਨਿੱਕਲੇ ਹੋ? 53ਜਦ ਮੈਂ ਰੋਜ਼ ਤੁਹਾਡੇ ਨਾਲ ਹੈਕਲ ਵਿੱਚ ਹੁੰਦਾ ਸੀ ਤਾਂ ਤੁਸੀਂ ਮੇਰੇ ਉੱਤੇ ਹੱਥ ਨਾ ਪਾਏ, ਪਰ ਇਹ ਤੁਹਾਡਾ ਸਮਾਂ ਅਤੇ ਅਨ੍ਹੇਰੇ ਦਾ ਅਧਿਕਾਰ ਹੈ।
ਪਤਰਸ ਦਾ ਇਨਕਾਰ
ਮੱਤੀ 26:57, 58; ਮਰਕੁਸ 14:53, 54; ਯੂਹੰਨਾ 18:12-18
54ਤਦ ਉਹ ਯਿਸੂ ਨੂੰ ਫੜ੍ਹ ਕੇ ਲੈ ਚੱਲੇ ਅਤੇ ਪ੍ਰਧਾਨ ਜਾਜਕ ਦੇ ਘਰ ਵਿੱਚ ਲਿਆਏ ਅਤੇ ਪਤਰਸ ਕੁਝ ਦੂਰ ਉਨ੍ਹਾਂ ਦੇ ਪਿੱਛੇ-ਪਿੱਛੇ ਤੁਰ ਆਇਆ। 55ਅਤੇ ਜਦ ਉਹ ਵਿਹੜੇ ਵਿੱਚ ਅੱਗ ਬਾਲ ਕੇ ਇਕੱਠੇ ਬੈਠੇ ਸਨ, ਤਾਂ ਪਤਰਸ ਵੀ ਉਨ੍ਹਾਂ ਦੇ ਵਿੱਚ ਜਾ ਬੈਠਾ। 56ਇੱਕ ਦਾਸੀ ਨੇ ਉਸ ਨੂੰ ਅੱਗ ਦੀ ਲੋ ਵਿੱਚ ਬੈਠਾ ਵੇਖਿਆ ਅਤੇ ਧਿਆਨ ਨਾਲ ਵੇਖ ਕੇ ਆਖਿਆ, ਇਹ ਵੀ ਉਸ ਦੇ ਨਾਲ ਸੀ। 57ਪਰ ਉਹ ਮੁੱਕਰ ਗਿਆ ਅਤੇ ਕਿਹਾ, ਹੇ ਔਰਤ, ਮੈਂ ਉਸ ਨੂੰ ਜਾਣਦਾ ਹੀ ਨਹੀਂ! 58ਕੁਝ ਸਮੇਂ ਬਾਅਦ ਕਿਸੇ ਹੋਰ ਨੇ ਉਸ ਨੂੰ ਵੇਖ ਕੇ ਕਿਹਾ, ਤੂੰ ਵੀ ਉਨ੍ਹਾਂ ਹੀ ਵਿੱਚੋਂ ਹੈਂ, ਪਰ ਪਤਰਸ ਨੇ ਆਖਿਆ, ਹੇ ਭਾਈ ਮੈਂ ਨਹੀਂ ਹਾਂ! 59ਕੁਝ ਸਮੇਂ ਮਗਰੋਂ ਕਿਸੇ ਹੋਰ ਨੇ ਪੂਰੀ ਦ੍ਰਿੜ੍ਹਤਾ ਨਾਲ ਕਿਹਾ ਕਿ ਸੱਚ-ਮੁੱਚ ਇਹ ਉਸ ਦੇ ਨਾਲ ਸੀ ਕਿਉਂ ਜੋ ਇਹ ਵੀ ਗਲੀਲੀ ਹੈ। 60ਪਰ ਪਤਰਸ ਨੇ ਆਖਿਆ, ਹੇ ਭਾਈ, ਮੈਨੂੰ ਪਤਾ ਨਹੀਂ, ਜੋ ਤੂੰ ਕੀ ਆਖਦਾ ਹੈਂ! ਅਤੇ ਅਜੇ ਉਹ ਬੋਲਦਾ ਹੀ ਸੀ ਕਿ ਉਸੇ ਸਮੇਂ ਮੁਰਗੇ ਨੇ ਬਾਂਗ ਦੇ ਦਿੱਤੀ। 61ਤਦ ਪ੍ਰਭੂ ਨੇ ਮੁੜ ਕੇ ਪਤਰਸ ਵੱਲ ਨਿਗਾਹ ਕੀਤੀ। ਤਦੋਂ ਪਤਰਸ ਨੂੰ ਪ੍ਰਭੂ ਦੀ ਗੱਲ ਯਾਦ ਆਈ ਜੋ ਉਸ ਨੇ ਉਹ ਨੂੰ ਆਖੀ ਸੀ, ਕਿ ਅੱਜ ਮੁਰਗੇ ਦੇ ਬਾਂਗ ਦੇਣ ਤੋਂ ਪਹਿਲਾ ਤਿੰਨ ਵਾਰੀ ਤੂੰ ਮੇਰਾ ਇਨਕਾਰ ਕਰੇਂਗਾ। 62ਅਤੇ ਉਹ ਬਾਹਰ ਗਿਆ ਅਤੇ ਭੁੱਬਾਂ ਮਾਰ ਕੇ ਰੋਇਆ।
ਯਿਸੂ ਦਾ ਨਿਰਾਦਰ
ਮੱਤੀ 26:50-67; ਮਰਕੁਸ 14:65
63ਜਿਨ੍ਹਾਂ ਮਨੁੱਖਾਂ ਨੇ ਯਿਸੂ ਨੂੰ ਫੜ੍ਹਿਆ ਹੋਇਆ ਸੀ, ਉਹ ਉਸ ਦਾ ਠੱਠਾ ਕਰਨ ਅਤੇ ਮਾਰਨ ਲੱਗੇ। 64ਅਤੇ ਉਨ੍ਹਾਂ ਨੇ ਉਸ ਦੀਆਂ ਅੱਖਾਂ ਬੰਨ੍ਹੀਆਂ ਅਤੇ ਇਹ ਕਹਿ ਕੇ ਉਸ ਤੋਂ ਪੁੱਛਿਆ ਜੋ ਭਵਿੱਖਬਾਣੀ ਨਾਲ ਦੱਸ ਕਿ ਤੈਨੂੰ ਕਿਸ ਨੇ ਮਾਰਿਆ। 65ਉਨ੍ਹਾਂ ਨੇ ਕੁਫ਼ਰ ਬਕਦਿਆਂ ਅਤੇ ਹੋਰ ਬਹੁਤ ਸਾਰੀਆਂ ਗੱਲਾਂ ਉਸ ਦੇ ਵਿਰੁੱਧ ਆਖੀਆਂ।
ਯਿਸੂ ਨੂੰ ਮਹਾਂ ਸਭਾ ਦੇ ਸਾਹਮਣੇ ਪੇਸ਼ ਕਰਨਾ
ਮੱਤੀ 26:59-66; ਮਰਕੁਸ 14:55-64; ਯੂਹੰਨਾ 18:19-24
66ਜਦ ਦਿਨ ਚੜ੍ਹਿਆ ਤਾਂ ਲੋਕਾਂ ਦੇ ਬਜ਼ੁਰਗਾਂ ਦੀ ਪੰਚਾਇਤ ਅਰਥਾਤ ਮੁੱਖ ਜਾਜਕ ਅਤੇ ਉਪਦੇਸ਼ਕ ਇਕੱਠੇ ਹੋ ਕੇ ਉਸ ਨੂੰ ਆਪਣੀ ਮਹਾਂ-ਸਭਾ ਵਿੱਚ ਲੈ ਗਏ ਅਤੇ ਬੋਲੇ, 67ਜੇ ਤੂੰ ਮਸੀਹ ਹੈਂ ਤਾਂ ਸਾਨੂੰ ਦੱਸ। ਤਦ ਉਸ ਨੇ ਉਨ੍ਹਾਂ ਨੂੰ ਕਿਹਾ, ਜੇ ਮੈਂ ਤੁਹਾਨੂੰ ਦੱਸਾਂ ਤਾਂ ਤੁਸੀਂ ਕਦੀ ਵਿਸ਼ਵਾਸ ਨਾ ਕਰੋਗੇ। 68ਜੇਕਰ ਮੈਂ ਕੁਝ ਪੁੱਛਾਂ ਤਾਂ ਤੁਸੀਂ ਕਦੀ ਉੱਤਰ ਨਾ ਦਿਓਗੇ। 69ਪਰ ਇਸ ਤੋਂ ਬਾਅਦ ਮਨੁੱਖ ਦਾ ਪੁੱਤਰ ਸਰਬ ਸ਼ਕਤੀਮਾਨ ਪਰਮੇਸ਼ੁਰ ਦੇ ਸੱਜੇ ਹੱਥ ਬਿਰਾਜਮਾਨ ਹੋਵੇਗਾ। 70ਤਦ ਉਨ੍ਹਾਂ ਸਭਨਾਂ ਨੇ ਆਖਿਆ, ਭਲਾ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ? ਉਸ ਨੇ ਉਨ੍ਹਾਂ ਨੂੰ ਆਖਿਆ, ਤੁਸੀਂ ਆਪ ਹੀ ਕਹਿੰਦੇ ਹੋ, ਮੈਂ ਹਾਂ। 71ਤਦ ਉਨ੍ਹਾਂ ਨੇ ਕਿਹਾ, ਹੁਣ ਸਾਨੂੰ ਗਵਾਹੀ ਦੀ ਹੋਰ ਕੀ ਲੋੜ ਹੈ? ਕਿਉਂ ਜੋ ਅਸੀਂ ਆਪ ਉਸ ਦੇ ਮੂੰਹੋਂ ਸੁਣਿਆ ਹੈ।

Currently Selected:

ਲੂਕਾ 22: IRVPun

Highlight

Share

Copy

None

Want to have your highlights saved across all your devices? Sign up or sign in