YouVersion Logo
Search Icon

ਲੂਕਾ 14

14
ਫ਼ਰੀਸੀ ਦੇ ਘਰ ਯਿਸੂ
1ਸਬਤ ਦੇ ਦਿਨ ਉਹ ਫ਼ਰੀਸੀ ਸਰਦਾਰਾਂ ਵਿੱਚੋਂ ਕਿਸੇ ਦੇ ਘਰ ਭੋਜਨ ਕਰਨ ਲਈ ਗਿਆ ਤਦ ਉਹ ਉਸ ਤੇ ਨਜ਼ਰ ਰੱਖੇ ਹੋਏ ਸਨ। 2ਅਤੇ ਵੇਖੋ ਇੱਕ ਮਨੁੱਖ ਸੀ ਜਿਸ ਨੂੰ ਜਲੋਧਰੀ ਦੀ ਬਿਮਾਰੀ ਸੀ। 3ਯਿਸੂ ਨੇ ਬਿਵਸਥਾ ਦੇ ਉਪਦੇਸ਼ਕਾਂ ਅਤੇ ਫ਼ਰੀਸੀਆਂ ਨੂੰ ਪੁੱਛਿਆ, ਭਲਾ, ਸਬਤ ਦੇ ਦਿਨ ਚੰਗਾ ਕਰਨਾ ਯੋਗ ਹੈ ਕਿ ਨਹੀਂ? 4ਪਰ ਉਹਨਾਂ ਕੁਝ ਉੱਤਰ ਨਾ ਦਿੱਤਾ। ਤਾਂ ਯਿਸੂ ਨੇ ਉਸ ਨੂੰ ਛੂਹ ਕੇ ਚੰਗਾ ਕੀਤਾ ਅਤੇ ਤੋਰ ਦਿੱਤਾ। 5ਅਤੇ ਉਨ੍ਹਾਂ ਨੂੰ ਆਖਿਆ ਤੁਹਾਡੇ ਵਿੱਚੋਂ ਕੌਣ ਹੈ ਜੇਕਰ ਉਸ ਦਾ ਗਧਾ ਜਾਂ ਬੈਲ ਖੂਹ ਵਿੱਚ ਡਿੱਗ ਪਵੇ ਤਾਂ ਉਹ ਝੱਟ ਸਬਤ ਦੇ ਦਿਨ ਉਸ ਨੂੰ ਬਾਹਰ ਨਾ ਕੱਢੇਗਾ। 6ਅਤੇ ਉਹ ਯਿਸੂ ਨੂੰ ਇਸ ਦਾ ਉੱਤਰ ਨਾ ਦੇ ਸਕੇ।
ਨਿਮਰਤਾ ਅਤੇ ਪ੍ਰਾਹੁਣਚਾਰੀ
7ਜਦ ਉਸ ਨੇ ਵੇਖਿਆ ਜੋ ਮਹਿਮਾਨ ਕਿਸ ਤਰ੍ਹਾਂ ਉੱਚੀਆਂ ਥਾਵਾਂ ਨੂੰ ਪਸੰਦ ਕਰਦੇ ਹਨ ਤਾਂ ਉਨ੍ਹਾਂ ਨੂੰ ਇਹ ਦ੍ਰਿਸ਼ਟਾਂਤ ਦੇ ਕੇ ਕਿਹਾ 8ਕਿ ਜਦ ਕੋਈ ਤੈਨੂੰ ਵਿਆਹ ਵਿੱਚ ਬੁਲਾਵੇ ਤਾਂ ਮੁੱਖ ਸਥਾਨ ਤੇ ਨਾ ਬੈਠ। ਕੀ ਜਾਣੀਏ ਕਿ ਉਸ ਨੇ ਤੇਰੇ ਨਾਲੋਂ ਕਿਸੇ ਆਦਰ ਵਾਲੇ ਨੂੰ ਬੁਲਾਇਆ ਹੋਵੇ। 9ਅਤੇ ਜਿਸ ਨੇ ਤੈਨੂੰ ਅਤੇ ਉਸ ਨੂੰ ਬੁਲਾਇਆ ਹੈ ਤੇਰੇ ਕੋਲ ਆਣ ਕੇ ਆਖੇ ਕਿ ਇਹ ਜਗ੍ਹਾ ਛੱਡ ਅਤੇ ਤੈਨੂੰ ਸ਼ਰਮਿੰਦਗੀ ਨਾਲ ਸਭ ਤੋਂ ਮਗਰ ਬੈਠਣਾ ਪਵੇ। 10ਪਰ ਜਦ ਤੈਨੂੰ ਬੁਲਇਆ ਜਾਵੇ ਤਾਂ ਸਭ ਤੋਂ ਪਿਛੇ ਬੈਠ, ਫੇਰ ਜਿਸ ਨੇ ਤੈਨੂੰ ਬੁਲਾਇਆ ਹੈ ਜਦ ਆਵੇ ਤਦ ਤੈਨੂੰ ਆਖੇ, “ਮਿੱਤਰਾ, ਅੱਗੇ ਆ ਜਾ” ਤਾਂ ਉਨ੍ਹਾਂ ਸਭਨਾਂ ਦੇ ਸਾਹਮਣੇ ਜੋ ਤੇਰੇ ਨਾਲ ਖਾਣ ਬੈਠੇ ਹਨ ਤੇਰਾ ਆਦਰ ਹੋਵੇਗਾ। 11ਕਿਉਂਕਿ ਹਰੇਕ ਜੋ ਆਪਣੇ ਆਪ ਨੂੰ ਉੱਚਾ ਕਰਦਾ ਹੈ ਸੋ ਨੀਵਾਂ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਸੋ ਉੱਚਾ ਕੀਤਾ ਜਾਵੇਗਾ। 12ਜਿਸ ਨੇ ਉਸ ਨੂੰ ਬੁਲਾਇਆ ਸੀ ਉਸ ਨੇ ਉਹ ਨੂੰ ਵੀ ਕਿਹਾ ਕਿ ਜਾਂ ਤੂੰ ਦਿਨ ਜਾਂ ਰਾਤ ਦੀ ਦਾਵਤ ਕਰੇਂ ਤਾਂ ਆਪਣਿਆਂ ਮਿੱਤਰਾਂ, ਆਪਣਿਆਂ ਭਾਈਆਂ, ਆਪਣਿਆਂ ਸਾਕਾਂ ਅਤੇ ਧਨਵਾਨ ਗੁਆਂਢੀਆਂ ਨੂੰ ਨਾ ਬੁਲਾ, ਅਜਿਹਾ ਨਾ ਹੋਵੇ ਜੋ ਉਹ ਫੇਰ ਤੈਨੂੰ ਵੀ ਬੁਲਾਉਣ ਅਤੇ ਤੇਰਾ ਬਦਲਾ ਹੋ ਜਾਵੇ। 13ਪਰ ਜਦ ਤੂੰ ਦਾਵਤ ਕਰੇਂ ਤਾਂ ਕੰਗਾਲਾਂ, ਟੁੰਡਿਆਂ, ਲੰਗੜਿਆਂ, ਅੰਨ੍ਹਿਆਂ ਨੂੰ ਬੁਲਾ। 14ਅਤੇ ਤੂੰ ਧੰਨ ਹੋਵੇਂਗਾ ਕਿਉਂ ਜੋ ਤੇਰਾ ਬਦਲਾ ਚੁਕਾਉਣ ਲਈ ਉਨ੍ਹਾਂ ਕੋਲ ਕੁਝ ਨਹੀਂ ਹੈ। ਇਸ ਦਾ ਬਦਲਾ ਤੈਨੂੰ ਧਰਮੀਆਂ ਦੇ ਜੀ ਉੱਠਣ ਵਾਲੇ ਦਿਨ ਵਿੱਚ ਦਿੱਤਾ ਜਾਵੇਗਾ।
ਵੱਡੇ ਭੋਜ ਦਾ ਦ੍ਰਿਸ਼ਟਾਂਤ
ਮੱਤੀ 22:1-10
15ਉਸ ਦੇ ਨਾਲ ਬੈਠਣ ਵਾਲਿਆਂ ਵਿੱਚੋਂ ਇੱਕ ਨੇ ਇਨ੍ਹਾਂ ਗੱਲਾਂ ਨੂੰ ਸੁਣ ਕੇ ਯਿਸੂ ਨੂੰ ਕਿਹਾ ਕਿ ਧੰਨ ਉਹ ਹੈ ਜਿਹੜਾ ਪਰਮੇਸ਼ੁਰ ਦੇ ਰਾਜ ਵਿੱਚ ਭੋਜਨ ਕਰੇਗਾ। 16ਪਰ ਉਸ ਨੇ ਉਹ ਨੂੰ ਆਖਿਆ, ਕਿਸੇ ਮਨੁੱਖ ਨੇ ਇੱਕ ਵੱਡੀ ਦਾਵਤ ਕੀਤੀ ਅਤੇ ਬਹੁਤ ਸਾਰੇ ਲੋਕਾਂ ਨੂੰ ਬੁਲਾਇਆ। 17ਅਤੇ ਉਸ ਨੇ ਭੋਜਨ ਦੇ ਸਮੇਂ ਆਪਣੇ ਨੌਕਰ ਨੂੰ ਭੇਜਿਆ ਜੋ ਉਹ ਸੱਦੇ ਹੋਇਆਂ ਨੂੰ ਆਖੇ ਕਿ ਆਓ ਕਿਉਂ ਜੋ ਹੁਣ ਸਭ ਕੁਝ ਤਿਆਰ ਹੈ 18ਤਾਂ ਉਹ ਸੱਭੇ ਇੱਕ ਮੱਤ ਹੋ ਕੇ ਬਹਾਨੇ ਬਣਾਉਣ ਲੱਗੇ। ਪਹਿਲੇ ਨੇ ਉਸ ਨੂੰ ਕਿਹਾ, ਮੈਂ ਇੱਕ ਖੇਤ ਮੁੱਲ ਲਿਆ ਹੈ ਅਤੇ ਜ਼ਰੂਰ ਹੈ ਜੋ ਮੈਂ ਜਾ ਕੇ ਉਸ ਨੂੰ ਵੇਖਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ। 19ਅਤੇ ਦੂਜੇ ਨੇ ਆਖਿਆ, ਮੈਂ ਬਲ਼ਦਾਂ ਦੀਆਂ ਪੰਜ ਜੋੜੀਆਂ ਮੁੱਲ ਲਈਆਂ ਹਨ ਅਤੇ ਉਨ੍ਹਾਂ ਦੇ ਪਰਖਣ ਲਈ ਜਾਂਦਾ ਹਾਂ। ਮੈਂ ਤੇਰੇ ਅੱਗੇ ਬੇਨਤੀ ਕਰਦਾ ਹਾਂ ਜੋ ਮੈਨੂੰ ਮਾਫ਼ ਕਰੀਂ। 20ਅਤੇ ਹੋਰ ਨੇ ਆਖਿਆ, ਮੇਰਾ ਵਿਆਹ ਹੋਇਆ ਹੈ, ਇਸ ਲਈ ਮੈਂ ਨਹੀਂ ਆ ਸਕਦਾ। 21ਤਦ ਉਸ ਨੌਕਰ ਨੇ ਆਣ ਕੇ ਆਪਣੇ ਮਾਲਕ ਨੂੰ ਇਹ ਗੱਲਾਂ ਦੱਸੀਆਂ। ਤਾਂ ਉਸ ਘਰ ਦੇ ਮਾਲਕ ਨੇ ਗੁੱਸੇ ਹੋ ਕੇ ਆਪਣੇ ਨੌਕਰ ਨੂੰ ਆਖਿਆ ਜਲਦੀ ਨਿੱਕਲ ਕੇ ਸ਼ਹਿਰ ਦੇ ਚੌਕਾਂ ਅਤੇ ਗਲੀਆਂ ਵਿੱਚ ਜਾ ਅਤੇ ਕੰਗਾਲਾਂ, ਟੁੰਡਿਆਂ, ਅੰਨ੍ਹਿਆਂ ਅਤੇ ਲੰਗੜਿਆਂ ਨੂੰ ਇੱਥੇ ਅੰਦਰ ਲਿਆ। 22ਉਸ ਨੌਕਰ ਨੇ ਆਖਿਆ, ਸੁਆਮੀ ਜੀ ਜਿਵੇਂ ਤੁਸੀਂ ਹੁਕਮ ਦਿੱਤਾ ਸੀ। ਉਸੇ ਤਰ੍ਹਾਂ ਹੀ ਹੋਇਆ ਹੈ ਪਰ ਅਜੇ ਜਗ੍ਹਾ ਖਾਲੀ ਹੈ। 23ਮਾਲਕ ਨੇ ਨੌਕਰ ਨੂੰ ਕਿਹਾ ਕਿ ਨਿੱਕਲ ਕੇ ਸੜਕਾਂ ਅਤੇ ਪੈਲੀ ਬੰਨ੍ਹਿਆ ਵੱਲ ਜਾ ਅਤੇ ਵੱਡੀ ਤਗੀਦ ਕਰ ਕੇ ਲੋਕਾਂ ਨੂੰ ਅੰਦਰ ਲਿਆ ਤਾਂ ਜੋ ਮੇਰਾ ਘਰ ਮਹਿਮਾਨਾਂ ਨਾਲ ਭਰ ਜਾਵੇ। 24ਕਿਉਂ ਜੋ ਮੈਂ ਤੁਹਾਨੂੰ ਆਖਦਾ ਹਾਂ ਕਿ ਉਨ੍ਹਾਂ ਮਨੁੱਖਾਂ ਵਿੱਚੋਂ ਜਿਹੜੇ ਬੁਲਾਏ ਗਏ ਸਨ ਇੱਕ ਵੀ ਮੇਰੇ ਭੋਜ ਵਿੱਚ ਸ਼ਾਮਲ ਨਹੀਂ ਹੋਵੇਗਾ।
ਚੇਲਾ ਬਣਨ ਦੀ ਕੀਮਤ
ਮੱਤੀ 10:37, 38
25ਵੱਡੀ ਭੀੜ ਯਿਸੂ ਦੇ ਨਾਲ ਚੱਲੀ ਜਾਂਦੀ ਸੀ ਅਤੇ ਉਸ ਨੇ ਮੁੜ ਕੇ ਉਨ੍ਹਾਂ ਨੂੰ ਆਖਿਆ, 26ਜੇ ਕੋਈ ਮੇਰੇ ਕੋਲ ਆਵੇ ਅਤੇ ਆਪਣੇ ਪਿਤਾ, ਮਾਤਾ, ਪਤਨੀ, ਬਾਲ ਬੱਚਿਆਂ, ਭਾਈਆਂ ਅਤੇ ਭੈਣਾਂ ਨਾਲ ਸਗੋਂ ਆਪਣੀ ਜਾਨ ਨੂੰ ਮੇਰੇ ਨਾਲੋਂ ਵੱਧ ਪਿਆਰ ਕਰੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। 27ਜੋ ਕੋਈ ਆਪਣੀ ਸਲੀਬ ਚੁੱਕ ਕੇ ਮੇਰੇ ਮਗਰ ਨਾ ਚੱਲੇ ਤਾਂ ਉਹ ਮੇਰਾ ਚੇਲਾ ਨਹੀਂ ਹੋ ਸਕਦਾ। 28ਤੁਹਾਡੇ ਵਿੱਚੋਂ ਕੌਣ ਹੈ ਜਿਸ ਦੀ ਬੁਰਜ ਬਣਾਉਣ ਦੀ ਯੋਜਨਾ ਹੋਵੇ ਤਾਂ ਪਹਿਲਾਂ ਬੈਠ ਕੇ ਖ਼ਰਚ ਦਾ ਹਿਸਾਬ ਨਾ ਕਰੇ ਜੋ ਮੇਰੇ ਕੋਲ ਉਸ ਦੇ ਪੂਰਾ ਕਰਨ ਯੋਗ ਧਨ ਹੈ ਕਿ ਨਹੀਂ? 29ਕਿਤੇ ਇਸ ਤਰ੍ਹਾਂ ਨਾ ਹੋਵੇ ਕਿ ਜਦ ਉਸ ਨੇ ਨੀਂਹ ਰੱਖੀ ਅਤੇ ਪੂਰਾ ਨਾ ਕਰ ਸਕਿਆ ਤਾਂ ਸਭ ਵੇਖਣ ਵਾਲੇ ਇਹ ਕਹਿ ਕੇ ਉਸਦਾ ਮਜ਼ਾਕ ਉਡਾਉਣ 30ਕਿ ਇਸ ਆਦਮੀ ਨੇ ਸ਼ੁਰੂ ਤਾਂ ਕੀਤਾ ਪਰ ਪੂਰਾ ਨਾ ਕਰ ਸਕਿਆ! 31ਜਾਂ ਕਿਹੜਾ ਰਾਜਾ ਹੈ ਕਿ ਜਦ ਦੂਜੇ ਰਾਜੇ ਨਾਲ ਲੜਨ ਲਈ ਨਿੱਕਲੇ ਤਾਂ ਪਹਿਲਾਂ ਬੈਠ ਕੇ ਸਲਾਹ ਨਾ ਕਰੇ, ਕੀ ਮੈਂ ਦਸ ਹਜ਼ਾਰ ਸੈਨਿਕਾਂ ਨਾਲ ਉਹ ਦਾ ਸਾਹਮਣਾ ਕਰ ਸਕਦਾ ਹਾਂ, ਜਿਸ ਨੇ ਵੀਹ ਹਜ਼ਾਰ ਸੈਨਿਕ ਨਾਲ ਮੇਰੇ ਉੱਤੇ ਚੜ੍ਹਾਈ ਕੀਤੀ ਹੈ? 32ਜੇ ਨਹੀਂ ਤਾਂ ਹਮਲਾਵਰ ਦੇ ਅਜੇ ਦੂਰ ਹੁੰਦਿਆਂ ਉਹ ਆਪਣਾ ਦੂਤ ਭੇਜ ਕੇ ਮੇਲ-ਮਿਲਾਪ ਦੀਆਂ ਸ਼ਰਤਾਂ ਪੁੱਛਦਾ ਹੈ। 33ਸੋ ਇਸੇ ਤਰ੍ਹਾਂ ਤੁਹਾਡੇ ਵਿੱਚੋਂ ਹਰੇਕ ਜੋ ਆਪਣਾ ਸਭ ਕੁਝ? ਨਾ ਤਿਆਗੇ ਉਹ ਮੇਰਾ ਚੇਲਾ ਨਹੀਂ ਹੋ ਸਕਦਾ।
ਬੇਸੁਆਦ ਨਮਕ
ਮੱਤੀ 5:13; ਮਰਕੁਸ 9:50
34 ਲੂਣ ਤਾਂ ਚੰਗਾ ਹੈ ਪਰ ਜੇ ਲੂਣ ਬੇਸੁਆਦ ਹੋ ਜਾਵੇ ਤਾਂ ਕਿਵੇਂ ਸਲੂਣਾ ਕੀਤਾ ਜਾਵੇ? 35ਉਹ ਨਾ ਖੇਤ, ਨਾ ਖਾਦ ਦੇ ਕੰਮ ਦਾ ਹੈ। ਲੋਕ ਉਸ ਨੂੰ ਬਾਹਰ ਸੁੱਟ ਦਿੰਦੇ ਹਨ। ਜਿਸ ਦੇ ਸੁਣਨ ਵਾਲੇ ਕੰਨ ਹੋਣ ਉਹ ਸੁਣੇ।

Currently Selected:

ਲੂਕਾ 14: IRVPun

Highlight

Share

Copy

None

Want to have your highlights saved across all your devices? Sign up or sign in