ਲੂਕਾ 11
11
ਚੇਲਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਉਣਾ
ਮੱਤੀ 6:9-13
1ਫਿਰ ਇਸ ਤਰ੍ਹਾਂ ਹੋਇਆ ਕਿ ਯਿਸੂ ਕਿਸੇ ਥਾਂ ਪ੍ਰਾਰਥਨਾ ਕਰਦਾ ਸੀ ਅਤੇ ਜਦ ਪ੍ਰਾਰਥਨਾ ਕਰ ਚੁੱਕਿਆ ਤਾਂ ਉਸ ਦੇ ਚੇਲਿਆਂ ਵਿੱਚੋਂ ਇੱਕ ਨੇ ਉਸ ਨੂੰ ਆਖਿਆ, ਪ੍ਰਭੂ ਜੀ ਸਾਨੂੰ ਪ੍ਰਾਰਥਨਾ ਕਰਨੀ ਸਿਖਾ ਜਿਸ ਤਰ੍ਹਾਂ ਯੂਹੰਨਾ ਨੇ ਵੀ ਆਪਣੇ ਚੇਲਿਆਂ ਨੂੰ ਸਿਖਾਈ ਹੈ। 2ਫੇਰ ਉਸ ਨੇ ਉਨ੍ਹਾਂ ਨੂੰ ਕਿਹਾ, ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ,
ਹੇ ਪਿਤਾ,
ਤੇਰਾ ਨਾਮ ਪਵਿੱਤਰ ਮੰਨਿਆ ਜਾਵੇ,
ਤੇਰਾ ਰਾਜ ਆਵੇ,
3 ਸਾਡੀ ਰੋਜ਼ ਦੀ ਰੋਟੀ ਸਾਨੂੰ ਦਿਓ।
4 ਸਾਡੇ ਪਾਪ ਸਾਨੂੰ ਮਾਫ਼ ਕਰੋ,
ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕਰਦੇ ਹਾਂ,
ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ।
ਯਿਸੂ ਪ੍ਰਾਰਥਨਾ ਦੇ ਬਾਰੇ ਸਿਖਾਉਂਦਾ ਹੈ
ਮੱਤੀ 7:7-11
5ਫਿਰ ਯਿਸੂ ਨੇ ਉਨ੍ਹਾਂ ਨੂੰ ਆਖਿਆ ਕਿ ਤੁਹਾਡੇ ਵਿੱਚੋਂ ਕੌਣ ਹੈ ਜਿਸ ਦਾ ਇੱਕ ਮਿੱਤਰ ਹੋਵੇ ਅਤੇ ਅੱਧੀ ਰਾਤ ਨੂੰ ਉਸ ਦੇ ਕੋਲ ਜਾ ਕੇ ਉਸ ਨੂੰ ਕਹੇ, ਮਿਤੱਰ ਮੈਨੂੰ ਤਿੰਨ ਰੋਟੀਆਂ ਉਧਾਰ ਦੇ। 6ਕਿਉਂ ਜੋ ਮੇਰਾ ਇੱਕ ਮਿੱਤਰ ਦੂਰੋਂ ਸਫ਼ਰ ਕਰ ਕੇ ਮੇਰੇ ਕੋਲ ਆਇਆ ਹੈ ਅਤੇ ਮੇਰੇ ਕੋਲ ਉਸ ਨੂੰ ਭੋਜਨ ਕਰਾਉਣ ਵਾਸਤੇ ਕੁਝ ਵੀ ਨਹੀਂ ਹੈ। 7ਅਤੇ ਉਹ ਅੰਦਰੋਂ ਉੱਤਰ ਦੇਵੇ ਕਿ ਮੈਨੂੰ ਤੰਗ ਨਾ ਕਰ, ਮੈਂ ਬੂਹਾ ਬੰਦ ਕਰ ਚੁੱਕਾ ਹਾਂ ਅਤੇ ਮੇਰੇ ਬੱਚੇ ਮੇਰੇ ਨਾਲ ਬਿਸਤਰੇ ਉੱਤੇ ਸੁੱਤੇ ਪਏ ਹਨ, ਮੈਂ ਉੱਠ ਕੇ ਤੈਨੂੰ ਕੁਝ ਨਹੀਂ ਦੇ ਸਕਦਾ। 8ਮੈਂ ਤੁਹਾਨੂੰ ਆਖਦਾ ਹਾਂ ਕਿ ਭਾਵੇਂ ਉਸ ਦਾ ਮਿੱਤਰ ਹੋਣ ਕਰਕੇ, ਉਹ ਉੱਠ ਕੇ ਉਸ ਨੂੰ ਕੁਝ ਨਾ ਦੇਵੇ ਪਰ ਉਸ ਦੀ ਜਿੱਦ ਦੇ ਕਾਰਨ ਉਹ ਉੱਠੇਗਾ ਅਤੇ ਉਸ ਦੀ ਲੋੜ ਦੇ ਅਨੁਸਾਰ ਉਸ ਨੂੰ ਰੋਟੀਆਂ ਦੇਵੇਗਾ। 9ਇਸ ਲਈ ਮੈਂ ਤੁਹਾਨੂੰ ਆਖਦਾ ਹਾਂ, ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ, ਲੱਭੋ ਤਾਂ ਤੁਹਾਨੂੰ ਲੱਭੇਗਾ, ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। 10ਕਿਉਂਕਿ ਹਰੇਕ ਜਿਹੜਾ ਮੰਗਦਾ ਹੈ, ਉਸ ਨੂੰ ਦਿੱਤਾ ਜਾਂਦਾ ਹੈ ਅਤੇ ਜਿਹੜਾ ਲੱਭਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਲਈ ਖੋਲ੍ਹਿਆ ਜਾਂਦਾ ਹੈ। 11ਪਰ ਤੁਹਾਡੇ ਵਿੱਚੋਂ ਉਹ ਕਿਹੜਾ ਪਿਤਾ ਹੈ ਜਦ ਉਸ ਦਾ ਪੁੱਤਰ ਮੱਛੀ ਮੰਗੇ ਤਾਂ ਉਸ ਨੂੰ ਮੱਛੀ ਦੀ ਥਾਂ ਸੱਪ ਦੇਵੇਗਾ? 12ਜੇਕਰ ਅੰਡਾ ਮੰਗੇ ਤਾਂ ਕਿ ਉਹ ਆਪਣੇ ਪੁੱਤਰ ਨੂੰ ਬਿੱਛੂ ਦੇਵੇਗਾ? 13ਜਦੋਂ ਕਿ ਤੁਸੀਂ ਬੁਰੇ ਹੋ ਕੇ ਵੀ ਆਪਣਿਆਂ ਬੱਚਿਆਂ ਨੂੰ ਚੰਗੀਆਂ ਚੀਜ਼ਾਂ ਦੇਣੀਆਂ ਜਾਣਦੇ ਹੋ ਤਾਂ ਉਹ ਸਵਰਗੀ ਪਿਤਾ ਆਪਣੇ ਮੰਗਣ ਵਾਲਿਆਂ ਨੂੰ ਪਵਿੱਤਰ ਆਤਮਾ ਕਿਉਂ ਨਾ ਦੇਵੇਗਾ!।
ਯਿਸੂ ਅਤੇ ਬਆਲਜ਼ਬੂਲ
ਮੱਤੀ 12:22-30; ਮਰਕੁਸ 3:20-27
14ਫਿਰ ਯਿਸੂ ਨੇ ਇੱਕ ਗੁੰਗੇ ਭੂਤ ਨੂੰ ਕੱਢਿਆ ਅਤੇ ਇਹ ਹੋਇਆ ਕਿ ਜਦ ਉਹ ਭੂਤ ਨਿੱਕਲ ਗਿਆ ਤਾਂ ਉਹ ਗੂੰਗਾ ਬੋਲਣ ਲੱਗ ਪਿਆ ਅਤੇ ਲੋਕ ਹੈਰਾਨ ਹੋਏ। 15ਪਰ ਉਨ੍ਹਾਂ ਵਿੱਚੋਂ ਕਈਆਂ ਨੇ ਆਖਿਆ ਕਿ ਉਹ ਭੂਤਾਂ ਦੇ ਸਰਦਾਰ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ। 16ਅਤੇ ਕਈਆਂ ਨੇ ਉਸ ਨੂੰ ਪਰਖਣ ਲਈ ਅਕਾਸ਼ ਵੱਲੋਂ ਇੱਕ ਨਿਸ਼ਾਨ ਉਸ ਤੋਂ ਮੰਗਿਆ। 17ਪਰ ਯਿਸੂ ਨੇ ਉਨ੍ਹਾਂ ਦੇ ਮਨ ਦੀਆਂ ਗੱਲਾਂ ਜਾਣ ਕੇ ਉਨ੍ਹਾਂ ਨੂੰ ਆਖਿਆ ਕਿ ਜਿਸ ਕਿਸੇ ਰਾਜ ਵਿੱਚ ਫੁੱਟ ਪੈਂਦੀ ਹੈ ਉਹ ਉੱਜੜ ਜਾਂਦਾ ਹੈ ਅਤੇ ਇਸੇ ਤਰ੍ਹਾਂ ਜਿਸ ਘਰ ਵਿੱਚ ਫੁੱਟ ਪੈ ਜਾਵੇ ਉਹ ਵੀ ਨਾਸ਼ ਹੋ ਜਾਂਦਾ ਹੈ। 18ਇਸ ਲਈ ਜੇਕਰ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਤਾਂ ਉਸ ਦਾ ਰਾਜ ਕਿਸ ਤਰ੍ਹਾਂ ਕਾਇਮ ਰਹੇਗਾ। ਤੁਸੀਂ ਆਖਦੇ ਹੋ ਕਿ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ। 19ਅਤੇ ਜੇ ਮੈਂ ਸ਼ੈਤਾਨ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਤੁਹਾਡੇ ਪੁੱਤਰ ਕਿਸ ਦੀ ਸਹਾਇਤਾ ਨਾਲ ਕੱਢਦੇ ਹਨ? ਬਸ, ਤੁਹਾਡਾ ਨਿਆਂ ਕਰਨ ਵਾਲੇ ਉਹ ਹੀ ਹੋਣਗੇ। 20ਪਰ ਜੇ ਮੈਂ ਪਰਮੇਸ਼ੁਰ ਦੀ ਉਂਗਲ ਨਾਲ ਭੂਤਾਂ ਨੂੰ ਕੱਢਦਾ ਹਾਂ ਤਾਂ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲ ਆ ਗਿਆ ਹੈ। 21ਜਦ ਕੋਈ ਜ਼ੋਰਾਵਰ ਆਦਮੀ ਹਥਿਆਰ ਬੰਨ੍ਹੀਂ ਆਪਣੇ ਘਰ ਦੀ ਰਖਵਾਲੀ ਕਰਦਾ ਹੈ ਤਾਂ ਉਸ ਦਾ ਮਾਲ ਬਚਿਆ ਰਹਿੰਦਾ ਹੈ। 22ਪਰ ਜੇਕਰ ਕੋਈ ਉਸ ਨਾਲੋਂ ਜ਼ੋਰਾਵਰ ਆਣ ਕੇ ਉਸ ਨੂੰ ਜਿੱਤ ਲਵੇ ਅਤੇ ਉਸ ਦੇ ਸਾਰੇ ਹਥਿਆਰ ਜਿਨ੍ਹਾਂ ਉੱਤੇ ਉਸ ਨੂੰ ਭਰੋਸਾ ਸੀ, ਖੋਹ ਲੈਂਦਾ ਹੈ ਅਤੇ ਉਸ ਦਾ ਮਾਲ ਲੁੱਟ ਲੈਂਦਾ ਹੈ। 23ਜੋ ਮੇਰੇ ਨਾਲ ਨਹੀਂ ਸੋ ਮੇਰੇ ਵਿਰੁੱਧ ਹੈ ਅਤੇ ਜੋ ਮੇਰੇ ਨਾਲ ਇਕੱਠਾ ਨਹੀਂ ਕਰਦਾ ਉਹ ਖਿਲਾਰਦਾ ਹੈ।
ਅਧੂਰੇ ਸੁਧਾਰ ਦੀ ਸਮੱਸਿਆ
ਮੱਤੀ 12:43-45
24 ਪਰ ਜਦੋਂ ਅਸ਼ੁੱਧ ਆਤਮਾ ਮਨੁੱਖ ਵਿੱਚੋਂ ਨਿੱਕਲ ਗਿਆ ਹੋਵੇ ਤਾਂ ਸੁੱਕਿਆਂ ਥਾਵਾਂ ਵਿੱਚ ਅਰਾਮ ਲੱਭਦਾ ਫ਼ਿਰਦਾ ਹੈ, ਪਰ ਉਸ ਨੂੰ ਲੱਭਦਾ ਨਹੀਂ। ਫਿਰ ਉਹ ਆਖਦਾ ਹੈ ਕਿ ਮੈਂ ਆਪਣੇ ਘਰ ਜਿੱਥੋਂ ਮੈਂ ਨਿੱਕਲਿਆ ਸੀ, ਵਾਪਸ ਜਾਂਵਾਂਗਾ। 25ਅਤੇ ਆਣ ਕੇ ਉਸ ਘਰ ਨੂੰ ਸਾਫ਼ ਸੁਥਰਾ ਵੇਖਦਾ ਹੈ। 26ਤਦ ਉਹ ਜਾ ਕੇ ਆਪਣੇ ਨਾਲੋਂ ਸੱਤ ਹੋਰ ਬੁਰੇ ਆਤਮੇ ਨਾਲ ਲਿਆਉਂਦਾ ਹੈ ਅਤੇ ਉਹ ਉਸ ਆਦਮੀ ਵਿੱਚ ਰਹਿਣ ਲੱਗ ਪੈਂਦੇ ਹਨ ਅਤੇ ਉਸ ਆਦਮੀ ਦਾ ਬਾਅਦ ਵਾਲਾ ਹਾਲ ਪਹਿਲੇ ਨਾਲੋਂ ਬੁਰਾ ਹੁੰਦਾ ਹੈ।
ਧੰਨ ਕੌਣ ਹੈ?
27ਅਤੇ ਇਹ ਹੋਇਆ ਕਿ ਜਦ ਯਿਸੂ ਇਹ ਗੱਲਾਂ ਕਰ ਰਹੇ ਸਨ ਤਾਂ ਭੀੜ ਵਿੱਚੋਂ ਇੱਕ ਔਰਤ ਨੇ ਪੁਕਾਰ ਕੇ ਕਿਹਾ, ਕਿ ਧੰਨ ਹੈ ਉਹ ਮਾਂ ਜਿਸ ਨੇ ਤੈਨੂੰ ਜਨਮ ਦਿੱਤਾ ਅਤੇ ਉਹ ਛਾਤੀਆਂ ਜਿਨ੍ਹਾਂ ਨੇ ਤੈਨੂੰ ਚੁੰਘਾਇਆ ਹੈ! 28ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, ਪਰ ਧੰਨ ਹਨ ਉਹ ਲੋਕ ਜਿਹੜੇ ਪਰਮੇਸ਼ੁਰ ਦਾ ਬਚਨ ਸੁਣਦੇ ਅਤੇ ਉਸ ਨੂੰ ਮੰਨਦੇ ਹਨ।
ਸਵਰਗ ਤੋਂ ਚਿੰਨ੍ਹ ਦੀ ਮੰਗ
ਮੱਤੀ 12:38-42
29ਜਦ ਬਹੁਤ ਲੋਕ ਉਸ ਦੇ ਕੋਲ ਇਕੱਠੇ ਹੁੰਦੇ ਜਾਂਦੇ ਸਨ ਤਾਂ ਉਹ ਕਹਿਣ ਲੱਗਾ ਕਿ ਇਸ ਪੀੜ੍ਹੀ ਦੇ ਲੋਕ ਕਿੰਨ੍ਹੇ ਬੁਰੇ ਹਨ। ਇਹ ਨਿਸ਼ਾਨ ਦੇ ਰੂਪ ਵਿੱਚ ਕੋਈ ਚਮਤਕਾਰ ਦੇਖਣਾ ਚਾਹੁੰਦੇ ਹਨ ਪਰ ਮੈਂ ਤੁਹਾਨੂੰ ਆਖਦਾ ਹਾਂ ਕਿ ਯੂਨਾਹ ਦੇ ਨਿਸ਼ਾਨ ਬਿਨ੍ਹਾਂ ਕੋਈ ਹੋਰ ਨਿਸ਼ਾਨ ਇਨ੍ਹਾਂ ਨੂੰ ਦਿੱਤਾ ਨਾ ਜਾਵੇਗਾ। 30ਜਿਸ ਤਰ੍ਹਾਂ ਯੂਨਾਹ ਨੀਨਵਾਹ ਦੇ ਲੋਕਾਂ ਲਈ ਨਿਸ਼ਾਨ ਠਹਿਰਿਆ ਉਸੇ ਤਰ੍ਹਾਂ ਮਨੁੱਖ ਦਾ ਪੁੱਤਰ ਵੀ ਇਸ ਪੀੜ੍ਹੀ ਦੇ ਲੋਕਾਂ ਲਈ ਠਹਿਰੇਗਾ। 31ਦੱਖਣ ਦੀ ਰਾਣੀ ਨਿਆਂ ਵਾਲੇ ਦਿਨ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠੇਗੀ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਵੇਗੀ ਕਿਉਂ ਜੋ ਉਹ ਧਰਤੀ ਦੀ ਹੱਦ ਤੋਂ ਸੁਲੇਮਾਨ ਦਾ ਗਿਆਨ ਸੁਣਨ ਲਈ ਆਈ ਅਤੇ ਵੇਖੋ ਇੱਥੇ ਸੁਲੇਮਾਨ ਨਾਲੋਂ ਵੀ ਵੱਡਾ ਹੈ। 32ਨੀਨਵਾਹ ਦੇ ਲੋਕ ਨਿਆਂ ਵਾਲੇ ਦਿਨ ਇਸ ਪੀੜ੍ਹੀ ਦੇ ਲੋਕਾਂ ਨਾਲ ਉੱਠ ਖੜ੍ਹੇ ਹੋਣਗੇ ਅਤੇ ਇਨ੍ਹਾਂ ਨੂੰ ਦੋਸ਼ੀ ਠਹਿਰਾਉਣਗੇ ਕਿਉਂ ਜੋ ਉਨ੍ਹਾਂ ਨੇ ਯੂਨਾਹ ਦਾ ਪਰਚਾਰ ਸੁਣ ਕੇ ਤੋਬਾ ਕੀਤੀ ਅਤੇ ਵੇਖੋ ਇੱਥੇ ਯੂਨਾਹ ਨਾਲੋਂ ਵੀ ਵੱਡਾ ਹੈ।
ਸਰੀਰ ਦਾ ਦੀਵਾ
ਮੱਤੀ 5:15; 6:22, 23
33 ਕੋਈ ਦੀਵਾ ਬਾਲ ਕੇ ਕਟੋਰੇ ਦੇ ਥੱਲੇ ਜਾਂ ਟੋਕਰੇ ਦੇ ਹੇਠ ਨਹੀਂ ਰੱਖਦਾ ਸਗੋਂ ਦੀਵਟ ਉੱਤੇ ਰੱਖਦਾ ਹੈ ਕਿ ਅੰਦਰ ਆਉਣ ਵਾਲੇ ਨੂੰ ਚਾਨਣ ਮਿਲੇ। 34ਤੇਰੇ ਸਰੀਰ ਦਾ ਦੀਵਾ ਤੇਰੀ ਅੱਖ ਹੈ। ਜੇਕਰ ਤੇਰੀ ਅੱਖ ਨਿਰਮਲ ਹੈ ਤਾਂ ਤੇਰਾ ਸਾਰਾ ਸਰੀਰ ਵੀ ਚਾਨਣਾ ਹੈ ਪਰ ਜੇਕਰ ਤੇਰੀ ਅੱਖ ਬੁਰੀ ਹੈ ਤਾਂ ਤੇਰਾ ਸਰੀਰ ਵੀ ਹਨ੍ਹੇਰਾ ਹੈ। 35ਇਸ ਲਈ ਸੁਚੇਤ ਰਹਿ ਕਿ ਸਾਰਾ ਸਰੀਰ ਅੰਧਕਾਰ ਵਿੱਚ ਨਾ ਬਦਲ ਜਾਵੇ। 36ਜੇਕਰ ਤੇਰਾ ਸਾਰਾ ਸਰੀਰ ਚਾਨਣ ਹੋਵੇ ਅਤੇ ਉਸ ਦਾ ਕੋਈ ਅੰਗ ਹਨ੍ਹੇਰਾ ਨਾ ਹੋਵੇ ਤਾਂ ਸਾਰਾ ਹੀ ਚਾਨਣ ਹੋਵੇਗਾ ਜਿਸ ਤਰ੍ਹਾਂ ਦੀਵਾ ਆਪਣੀ ਜੋਤ ਨਾਲ ਤੈਨੂੰ ਚਾਨਣ ਦਿੰਦਾ ਹੈ।
ਫ਼ਰੀਸੀਆਂ ਅਤੇ ਉਪਦੇਸ਼ਕਾਂ ਉੱਤੇ ਹਾਏ
ਮੱਤੀ 23:1-36; ਮਰਕੁਸ 12:38-40
37ਜਦ ਯਿਸੂ ਗੱਲ ਕਰ ਹੀ ਰਿਹਾ ਸੀ ਤਾਂ ਇੱਕ ਫ਼ਰੀਸੀ ਨੇ ਉਸ ਅੱਗੇ ਬੇਨਤੀ ਕੀਤੀ ਕਿ ਮੇਰੇ ਘਰ ਭੋਜਨ ਕਰਨ ਲਈ ਚੱਲੋ। ਤਦ ਯਿਸੂ ਉਨ੍ਹਾਂ ਨਾਲ ਭੋਜਨ ਕਰਨ ਬੈਠਾ। 38ਉਸ ਫ਼ਰੀਸੀ ਆਦਮੀ ਨੂੰ ਇਹ ਦੇਖ ਕੇ ਬੜੀ ਹੈਰਾਨੀ ਹੋਈ ਕਿ ਯਿਸੂ ਨੇ ਭੋਜਨ ਕਰਨ ਤੋਂ ਪਹਿਲਾਂ ਰੀਤ ਅਨੁਸਾਰ ਆਪਣੇ ਹੱਥ-ਪੈਰ ਨਹੀਂ ਧੋਤੇ। 39ਤਦ ਪ੍ਰਭੂ ਨੇ ਉਸ ਨੂੰ ਆਖਿਆ, ਤੁਸੀਂ ਫ਼ਰੀਸੀ ਲੋਕ ਥਾਲੀਆਂ ਅਤੇ ਪਿਆਲਿਆਂ ਨੂੰ ਬਾਹਰੋਂ ਤਾਂ ਚੰਗੀ ਤਰ੍ਹਾਂ ਸਾਫ਼ ਕਰਦੇ ਹੋ, ਪਰ ਤੁਹਾਡੇ ਸਰੀਰ ਦੇ ਅੰਦਰ ਲੋਭ ਅਤੇ ਬੁਰਿਆਈ ਭਰੀ ਹੋਈ ਹੈ। 40ਹੇ ਮੂਰਖੋ, ਜਿਸ ਪਰਮੇਸ਼ੁਰ ਨੇ ਬਾਹਰ ਦੇ ਹਿੱਸੇ ਨੂੰ ਬਣਾਇਆ ਭਲਾ ਉਸ ਨੇ ਅੰਦਰ ਦੇ ਭਾਗ ਨੂੰ ਨਹੀਂ ਬਣਾਇਆ? 41ਅੰਦਰਲੀਆਂ ਚੀਜ਼ਾਂ ਨੂੰ ਸ਼ੁੱਧ ਕਰੋ ਤਾਂ ਵੇਖੋ ਸਭ ਕੁਝ ਤੁਹਾਡੇ ਲਈ ਸ਼ੁੱਧ ਹੋ ਜਾਵੇਗਾ। 42ਪਰ ਹੇ ਫ਼ਰੀਸੀਓ ਤੁਹਾਡੇ ਉੱਤੇ ਹਾਏ! ਕਿਉਂ ਜੋ ਤੁਸੀਂ ਪੂਦੀਨੇ ਅਤੇ ਹਰਮਲ ਅਤੇ ਹਰੇਕ ਸਾਗ ਪਾਤ ਦਾ ਦਸਵਾਂ ਹਿੱਸਾ ਪਰਮੇਸ਼ੁਰ ਨੂੰ ਦਿੰਦੇ ਹੋ ਪਰ ਪਰਮੇਸ਼ੁਰ ਦੇ ਪਿਆਰ ਅਤੇ ਨਿਆਂ ਦੀ ਉਲੰਘਣਾ ਕਰਦੇ ਹੋ ਪਰ ਚੰਗਾ ਹੁੰਦਾ ਕਿ ਇਨ੍ਹਾਂ ਗੱਲਾਂ ਨੂੰ ਵੀ ਮੰਨਦੇ। 43ਤੁਸੀਂ ਫ਼ਰੀਸੀਆਂ ਉੱਤੇ ਹਾਏ! ਕਿਉਂ ਜੋ ਤੁਸੀਂ ਪ੍ਰਾਰਥਨਾ ਘਰ ਵਿੱਚ ਮੁੱਖ ਥਾਵਾਂ ਉੱਤੇ ਬੈਠਣਾ ਪਸੰਦ ਕਰਦੇ ਹੋ ਅਤੇ ਬਜ਼ਾਰਾਂ ਵਿੱਚ ਸਲਾਮ ਲੈਣ ਦੇ ਭੁੱਖੇ ਹੋ। 44ਤੁਹਾਡੇ ਉੱਤੇ ਹਾਏ! ਕਿਉਂਕਿ ਤੁਸੀਂ ਉਨ੍ਹਾਂ ਕਬਰਾਂ ਵਰਗੇ ਹੋ ਜੋ ਦਿਖਾਈ ਨਹੀਂ ਦਿੰਦੀਆਂ ਅਤੇ ਲੋਕੀ ਉਨ੍ਹਾਂ ਉੱਤੋਂ ਅਣਜਾਣੇ ਚੱਲਦੇ ਫਿਰਦੇ ਹਨ। 45ਉਪਦੇਸ਼ਕਾਂ ਵਿੱਚੋਂ ਇੱਕ ਨੇ ਉਸ ਨੂੰ ਉੱਤਰ ਦਿੱਤਾ, ਗੁਰੂ ਜੀ ਇਹ ਬੋਲ ਕੇ ਤੁਸੀਂ ਸਾਡੀ ਨਿੰਦਿਆ ਕਰਦੇ ਹੋ। 46ਪਰ ਉਸ ਨੇ ਆਖਿਆ, ਉਪਦੇਸ਼ਕਾਂ ਉੱਤੇ ਵੀ ਹਾਏ! ਕਿਉਂ ਜੋ ਤੁਸੀਂ ਮਨੁੱਖਾਂ ਉੱਤੇ ਅਜਿਹੇ ਭਾਰ ਰੱਖਦੇ ਹੋ ਜਿਨ੍ਹਾਂ ਦਾ ਚੁੱਕਣਾ ਔਖਾ ਹੈ ਪਰ ਤੁਸੀਂ ਆਪ ਆਪਣੀ ਇੱਕ ਉਂਗਲ ਵੀ ਉਸ ਭਾਰ ਨੂੰ ਚੁੱਕਣ ਵਾਸਤੇ ਨਹੀਂ ਲਾਉਂਦੇ ਹੋ। 47ਹਾਏ ਤੁਹਾਡੇ ਉੱਤੇ! ਕਿਉਂ ਜੋ ਤੁਸੀਂ ਨਬੀਆਂ ਦੀਆਂ ਕਬਰਾਂ ਬਣਾਉਂਦੇ ਹੋ ਅਤੇ ਤੁਹਾਡਿਆਂ ਪਿਉ-ਦਾਦਿਆਂ ਨੇ ਉਨ੍ਹਾਂ ਨੂੰ ਮਾਰ ਸੁੱਟਿਆ ਸੀ। 48ਸੋ ਤੁਸੀਂ ਗਵਾਹ ਹੋ ਅਤੇ ਤੁਹਾਡੇ ਪਿਉ-ਦਾਦਿਆਂ ਦੇ ਕੰਮ ਤੁਹਾਨੂੰ ਚੰਗੇ ਲੱਗਦੇ ਹਨ, ਇਸ ਲਈ ਜੋ ਉਨ੍ਹਾਂ ਨੇ ਨਬੀਆਂ ਨੂੰ ਮਾਰ ਸੁੱਟਿਆ ਅਤੇ ਤੁਸੀਂ ਉਹਨਾਂ ਦੀਆਂ ਕਬਰਾਂ ਬਣਾਉਂਦੇ ਹੋ। 49ਇਸ ਲਈ ਪਰਮੇਸ਼ੁਰ ਦੇ ਗਿਆਨ ਨੇ ਵੀ ਆਖਿਆ ਕਿ ਮੈਂ ਉਨ੍ਹਾਂ ਦੇ ਕੋਲ ਨਬੀਆਂ ਅਤੇ ਰਸੂਲਾਂ ਨੂੰ ਭੇਜਾਂਗਾ ਅਤੇ ਉਹ ਉਹਨਾਂ ਵਿੱਚੋਂ ਕਈਆਂ ਨੂੰ ਮਾਰ ਸੁੱਟਣਗੇ ਅਤੇ ਅੱਤਿਆਚਾਰ ਕਰਨਗੇ। 50ਸਭਨਾਂ ਨਬੀਆਂ ਦਾ ਖੂਨ ਜੋ ਜਗਤ ਦੀ ਉਤਪਤੀ ਤੋਂ ਵਹਾਇਆ ਗਿਆ ਹੈ, ਉਹਨਾਂ ਸਭਨਾਂ ਦਾ ਬਦਲਾ ਇਸ ਪੀੜ੍ਹੀ ਦੇ ਲੋਕਾਂ ਤੋਂ ਲਿਆ ਜਾਵੇਗਾ। 51ਹਾਬਲ ਦੇ ਖੂਨ ਤੋਂ ਲੈ ਕੇ ਜ਼ਕਰਯਾਹ ਦੇ ਖੂਨ ਤੱਕ ਜੋ ਜਗਵੇਦੀ ਅਤੇ ਹੈਕਲ ਦੇ ਵਿਚਕਾਰ ਕਤਲ ਕੀਤਾ ਗਿਆ ਸੀ। ਮੈਂ ਤੁਹਾਨੂੰ ਸੱਚ ਆਖਦਾ, ਉਸ ਦਾ ਬਦਲਾ ਇਸ ਪੀੜ੍ਹੀ ਤੋਂ ਲਿਆ ਜਾਵੇਗਾ। ਹਾਂ, ਮੈਂ ਤੁਹਾਨੂੰ ਆਖਦਾ ਹਾਂ, ਇਸੇ ਪੀੜ੍ਹੀ ਤੋਂ ਲਿਆ ਜਾਵੇਗਾ। 52ਉਪਦੇਸ਼ਕਾਂ ਉੱਤੇ ਹਾਏ! ਕਿਉਂ ਜੋ ਤੁਸੀਂ ਗਿਆਨ ਦੀ ਕੁੰਜੀ ਤਾਂ ਪ੍ਰਾਪਤ ਕੀਤੀ ਹੈ। ਨਾ ਤੁਸੀਂ ਆਪ ਵੜੇ ਅਤੇ ਸਗੋਂ ਵੜਨ ਵਾਲਿਆਂ ਨੂੰ ਵੀ ਰੋਕ ਦਿੱਤਾ। 53ਜਦੋਂ ਉਹ ਉੱਥੋਂ ਨਿੱਕਲਿਆ ਤਾਂ ਉਪਦੇਸ਼ਕ ਅਤੇ ਫ਼ਰੀਸੀ ਜ਼ੋਰ ਪਾਉਣ ਲੱਗੇ ਅਤੇ ਉਸ ਤੋਂ ਬਹੁਤੀਆਂ ਗੱਲਾਂ ਅਖਵਾਉਣ ਲੱਗੇ। 54ਅਤੇ ਤਾੜ ਵਿੱਚ ਸਨ ਜੋ ਉਸ ਦੇ ਮੂੰਹ ਦੀ ਕੋਈ ਗੱਲ ਫੜਨ।
Currently Selected:
ਲੂਕਾ 11: IRVPun
Highlight
Share
Copy
Want to have your highlights saved across all your devices? Sign up or sign in
PNB-IRV
Creative Commons License
Indian Revised Version (IRV) - Punjabi (ਭਾਰਤੀ ਸੋਧਿਆ ਹੋਇਆ ਸੰਸਕਰਣ - ਪੰਜਾਬੀ), 2019 by Bridge Connectivity Solutions Pvt. Ltd. is licensed under a Creative Commons Attribution-ShareAlike 4.0 International License. This resource is published originally on VachanOnline, a premier Scripture Engagement digital platform for Indian and South Asian Languages and made available to users via vachanonline.com website and the companion VachanGo mobile app.