YouVersion Logo
Search Icon

ਉਤ 8

8
ਜਲ ਪਰਲੋ ਦਾ ਅੰਤ
1ਫੇਰ ਪਰਮੇਸ਼ੁਰ ਨੇ ਨੂਹ ਨੂੰ, ਹਰ ਜੰਗਲੀ ਜਾਨਵਰ ਨੂੰ, ਹਰ ਡੰਗਰ ਨੂੰ ਅਤੇ ਜੋ ਵੀ ਉਸ ਦੇ ਨਾਲ ਕਿਸ਼ਤੀ ਵਿੱਚ ਸਨ, ਯਾਦ ਕੀਤਾ। ਅਤੇ ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ ਅਤੇ ਜਿਸ ਕਾਰਨ ਪਾਣੀ ਘਟਣ ਲੱਗ ਪਿਆ। 2ਡੁੰਘਿਆਈ ਦੇ ਸੋਤੇ ਅਤੇ ਅਕਾਸ਼ ਦੀਆਂ ਖਿੜਕੀਆਂ ਬੰਦ ਹੋ ਗਈਆਂ ਅਤੇ ਵਰਖਾ ਰੁੱਕ ਗਈ। 3ਪਾਣੀ ਧਰਤੀ ਉੱਤੋਂ ਡੇਢ ਸੌ ਦਿਨਾਂ ਤੋਂ ਬਾਅਦ ਘਟਣ ਲੱਗ ਪਿਆ 4ਕਿਸ਼ਤੀ ਸੱਤਵੇਂ ਮਹੀਨੇ ਦੇ ਸਤਾਰਵੇਂ ਦਿਨ ਅਰਾਰਾਤ ਪਰਬਤ ਉੱਤੇ ਟਿੱਕ ਗਈ। 5ਅਤੇ ਪਾਣੀ ਦਸਵੇਂ ਮਹੀਨੇ ਤੱਕ ਘਟਦੇ ਗਏ। ਦਸਵੇਂ ਮਹੀਨੇ ਦੇ ਪਹਿਲੇ ਦਿਨ ਪਹਾੜਾਂ ਦੀਆਂ ਟੀਸੀਆਂ ਦਿੱਸ ਪਈਆਂ। 6ਫਿਰ ਅਜਿਹਾ ਹੋਇਆ ਕਿ ਚਾਲ੍ਹੀਆਂ ਦਿਨਾਂ ਦੇ ਬਾਅਦ ਨੂਹ ਨੇ ਕਿਸ਼ਤੀ ਦੀ ਖਿੜਕੀ ਨੂੰ ਖੋਲ੍ਹ ਦਿੱਤਾ। 7ਉਸ ਨੇ ਇੱਕ ਪਹਾੜੀ ਕਾਂ ਛੱਡਿਆ ਅਤੇ ਜਦ ਤੱਕ ਪਾਣੀ ਧਰਤੀ ਤੋਂ ਨਾ ਸੁੱਕ ਗਏ, ਉਹ ਆਉਂਦਾ ਜਾਂਦਾ ਰਿਹਾ। 8ਫੇਰ ਉਸ ਨੇ ਘੁੱਗੀ ਵੀ ਆਪਣੇ ਵੱਲੋਂ ਛੱਡੀ ਤਾਂ ਜੋ ਉਹ ਵੇਖੇ ਕਿ ਪਾਣੀ ਜ਼ਮੀਨ ਦੇ ਉੱਤੋਂ ਘੱਟ ਗਿਆ ਹੈ ਕਿ ਨਹੀਂ। 9ਪਰ ਉਸ ਘੁੱਗੀ ਨੂੰ ਆਪਣੇ ਪੈਰ ਦੇ ਪੰਜੇ ਲਈ ਟਿਕਾਣਾ ਨਾ ਮਿਲਿਆ ਸੋ ਉਹ ਕਿਸ਼ਤੀ ਵਿੱਚ ਉਹ ਦੇ ਕੋਲ ਮੁੜ ਆਈ, ਕਿਉਂ ਜੋ ਪਾਣੀ ਸਾਰੀ ਧਰਤੀ ਉੱਤੇ ਸੀ ਤਾਂ ਉਸ ਨੇ ਆਪਣਾ ਹੱਥ ਵਧਾ ਕੇ ਉਹ ਨੂੰ ਫੜ ਲਿਆ ਅਤੇ ਆਪਣੇ ਕੋਲ ਕਿਸ਼ਤੀ ਵਿੱਚ ਰੱਖ ਲਿਆ। 10ਤਦ ਉਹ ਨੇ ਸੱਤ ਦਿਨ ਬਾਅਦ ਫੇਰ ਕਿਸ਼ਤੀ ਤੋਂ ਉਸ ਘੁੱਗੀ ਨੂੰ ਛੱਡਿਆ। 11ਉਹ ਘੁੱਗੀ ਸ਼ਾਮ ਨੂੰ ਉਹ ਦੇ ਕੋਲ ਆਈ ਅਤੇ ਵੇਖੋ ਉਹ ਦੀ ਚੁੰਝ ਵਿੱਚ ਜ਼ੈਤੂਨ ਦਾ ਸੱਜਰਾ ਪੱਤਾ ਸੀ, ਇਸ ਤੋਂ ਨੂਹ ਨੇ ਜਾਣ ਲਿਆ ਕਿ ਪਾਣੀ ਧਰਤੀ ਉੱਤੋਂ ਘੱਟ ਗਿਆ ਹੈ। 12ਤਦ ਉਹ ਨੇ ਹੋਰ ਸੱਤ ਦਿਨ ਬਾਅਦ ਘੁੱਗੀ ਨੂੰ ਫਿਰ ਛੱਡਿਆ ਅਤੇ ਉਹ ਮੁੜ ਉਹ ਦੇ ਕੋਲ ਨਾ ਆਈ। 13ਨੂਹ ਦੀ ਉਮਰ ਦੇ ਛੇ ਸੌ ਇੱਕ ਸਾਲ ਦੇ ਪਹਿਲੇ ਮਹੀਨੇ ਦੇ ਪਹਿਲੇ ਦਿਨ ਪਾਣੀ ਧਰਤੀ ਉੱਤੋਂ ਸੁੱਕ ਗਿਆ ਅਤੇ ਨੂਹ ਨੇ ਕਿਸ਼ਤੀ ਦੀ ਛੱਤ ਖੋਲ੍ਹ ਕੇ ਨਿਗਾਹ ਮਾਰੀ ਅਤੇ ਵੇਖੋ ਜ਼ਮੀਨ ਦੀ ਪਰਤ ਸੁੱਕ ਗਈ ਸੀ। 14ਦੂਜੇ ਮਹੀਨੇ ਦੇ ਸਤਾਈਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕ ਗਈ ਸੀ। 15ਤਦ ਪਰਮੇਸ਼ੁਰ ਨੂਹ ਨਾਲ ਬੋਲਿਆ 16ਕਿ ਤੂੰ ਕਿਸ਼ਤੀ ਵਿੱਚੋਂ ਨਿੱਕਲ ਜਾ, ਤੇਰੀ ਪਤਨੀ, ਤੇਰੇ ਪੁੱਤਰ ਅਤੇ ਤੇਰੀਆਂ ਨੂੰਹਾਂ ਵੀ। 17ਹਰ ਇੱਕ ਜਾਨਵਰ ਨੂੰ ਜਿਹੜਾ ਤੇਰੇ ਕੋਲ ਸਾਰੇ ਪ੍ਰਾਣੀਆਂ ਵਿੱਚੋਂ ਹੈ ਅਰਥਾਤ ਪੰਛੀ, ਡੰਗਰ, ਧਰਤੀ ਉੱਤੇ ਘਿੱਸਰਨ ਵਾਲੇ ਨੂੰ ਤੂੰ ਆਪਣੇ ਨਾਲ ਬਾਹਰ ਲੈ ਜਾ ਤਾਂ ਜੋ ਓਹ ਧਰਤੀ ਉੱਤੇ ਉਹ ਆਪਣੀ ਪ੍ਰਜਾਤੀ ਨੂੰ ਵਧਾਉਣ, ਫਲਣ ਅਤੇ ਧਰਤੀ ਉੱਤੇ ਵਧਣ। 18ਤਦ ਨੂਹ, ਉਹ ਦੇ ਪੁੱਤਰ, ਉਹ ਦੀ ਪਤਨੀ ਅਤੇ ਉਹ ਦੀਆਂ ਨੂੰਹਾਂ ਉਹ ਦੇ ਨਾਲ ਬਾਹਰ ਨਿੱਕਲ ਗਏ। 19ਹਰੇਕ ਜਾਨਵਰ, ਹਰੇਕ ਘਿੱਸਰਨ ਵਾਲਾ, ਹਰੇਕ ਪੰਛੀ, ਅਤੇ ਹਰੇਕ ਧਰਤੀ ਉੱਤੇ ਚੱਲਣ ਵਾਲਾ ਆਪੋ-ਆਪਣੀ ਪ੍ਰਜਾਤੀ ਦੇ ਅਨੁਸਾਰ ਕਿਸ਼ਤੀ ਵਿੱਚੋਂ ਬਾਹਰ ਨਿੱਕਲ ਆਏ।
ਹੋਮ ਬਲੀ ਚੜਾਉਣਾ
20ਤਦ ਨੂਹ ਨੇ ਯਹੋਵਾਹ ਲਈ ਇੱਕ ਜਗਵੇਦੀ ਬਣਾਈ ਅਤੇ ਸ਼ੁੱਧ ਪਸ਼ੂਆਂ, ਸ਼ੁੱਧ ਪੰਛੀਆਂ ਵਿੱਚੋਂ ਲੈ ਕੇ ਉਸ ਨੇ ਜਗਵੇਦੀ ਉੱਤੇ ਹੋਮ ਬਲੀਆਂ ਚੜ੍ਹਾਈਆਂ। 21ਯਹੋਵਾਹ ਨੇ ਉਸ ਸੁਖਦਾਇਕ ਸੁਗੰਧੀ ਨੂੰ ਲਿਆ ਅਤੇ ਆਪਣੇ ਮਨ ਵਿੱਚ ਆਖਿਆ, ਮੈਂ ਫੇਰ ਕਦੀ ਧਰਤੀ ਨੂੰ ਮਨੁੱਖ ਦੇ ਕਾਰਨ ਸਰਾਪ ਨਹੀਂ ਦਿਆਂਗਾ ਭਾਵੇਂ ਮਨੁੱਖ ਦੇ ਮਨ ਦੀ ਭਾਵਨਾ ਮੁੱਢੋਂ ਹੀ ਬੁਰੀ ਹੈ ਅਤੇ ਮੈਂ ਫੇਰ ਕਦੀ ਸਾਰੇ ਪ੍ਰਾਣੀਆਂ ਨੂੰ ਨਾਸ ਨਾ ਕਰਾਂਗਾ ਜਿਵੇਂ ਮੈਂ ਹੁਣ ਕੀਤਾ ਹੈ। 22ਜਦੋਂ ਤੱਕ ਧਰਤੀ ਹੈ, ਉਦੋਂ ਤੱਕ ਬੀਜਣ ਅਤੇ ਵੱਢਣ, ਠੰਡ ਅਤੇ ਧੁੱਪ, ਹਾੜ੍ਹੀ ਅਤੇ ਸਾਉਣੀ ਅਤੇ ਦਿਨ ਰਾਤ ਨਹੀਂ ਮੁੱਕਣਗੇ।

Currently Selected:

ਉਤ 8: IRVPun

Highlight

Share

Copy

None

Want to have your highlights saved across all your devices? Sign up or sign in