YouVersion Logo
Search Icon

ਉਤ 24

24
ਇਸਹਾਕ ਦਾ ਵਿਆਹ
1ਹੁਣ ਅਬਰਾਹਾਮ ਬਹੁਤ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਸੀ ਅਤੇ ਯਹੋਵਾਹ ਨੇ ਸਾਰੀਆਂ ਗੱਲਾਂ ਵਿੱਚ ਅਬਰਾਹਾਮ ਨੂੰ ਬਰਕਤ ਦਿੱਤੀ। 2ਅਬਰਾਹਾਮ ਨੇ ਆਪਣੇ ਘਰ ਦੇ ਪੁਰਾਣੇ ਨੌਕਰ ਨੂੰ, ਜਿਹੜਾ ਉਸ ਦੀਆਂ ਸਾਰੀਆਂ ਚੀਜ਼ਾਂ ਦਾ ਮੁਖ਼ਤਿਆਰ ਸੀ ਆਖਿਆ, ਆਪਣਾ ਹੱਥ ਮੇਰੇ ਪੱਟ ਦੇ ਹੇਠ ਰੱਖ#24:2 ਉਹਨਾਂ ਦਿਨਾਂ ਵਿੱਚ ਲੋਕ ਅਜਿਹਾ ਕਰਦੇ ਹੋਏ ਸਹੁੰ ਖਾਂਦੇ ਸਨ l ; 3ਮੈਂ ਤੈਨੂੰ ਯਹੋਵਾਹ ਅਕਾਸ਼ ਦੇ ਪਰਮੇਸ਼ੁਰ ਅਤੇ ਧਰਤੀ ਦੇ ਪਰਮੇਸ਼ੁਰ ਦੀ ਸਹੁੰ ਦੇਵਾਂ ਕਿ ਤੂੰ ਮੇਰੇ ਪੁੱਤਰ ਲਈ ਕਨਾਨੀਆਂ ਦੀਆਂ ਧੀਆਂ ਵਿੱਚੋਂ ਪਤਨੀ ਨਾ ਲਿਆਵੀਂ, ਜਿਨ੍ਹਾਂ ਵਿੱਚ ਮੈਂ ਵੱਸਦਾ ਹਾਂ। 4ਪਰ ਤੂੰ ਮੇਰੇ ਆਪਣੇ ਦੇਸ਼ ਵਿੱਚ ਅਤੇ ਮੇਰੇ ਘਰਾਣੇ ਦੇ ਕੋਲ ਜਾਈਂ ਅਤੇ ਮੇਰੇ ਪੁੱਤਰ ਇਸਹਾਕ ਲਈ ਪਤਨੀ ਲੈ ਆਵੀਂ। 5ਤਦ ਉਸ ਨੌਕਰ ਨੇ ਉਹ ਨੂੰ ਆਖਿਆ, ਸ਼ਾਇਦ ਉਹ ਇਸਤਰੀ ਮੇਰੇ ਨਾਲ ਇਸ ਦੇਸ਼ ਵਿੱਚ ਆਉਣਾ ਨਾ ਚਾਹੇ, ਤਾਂ ਕੀ ਮੈਂ ਤੇਰੇ ਪੁੱਤਰ ਨੂੰ ਉਸ ਦੇਸ਼ ਨੂੰ ਵਾਪਿਸ ਲੈ ਜਾਂਵਾਂ ਜਿੱਥੋਂ ਤੂੰ ਆਇਆ ਹੈਂ? 6ਅਬਰਾਹਾਮ ਨੇ ਉਸ ਨੂੰ ਆਖਿਆ, ਖ਼ਬਰਦਾਰ, ਮੇਰੇ ਪੁੱਤਰ ਨੂੰ ਕਦੇ ਵੀ ਉਸ ਦੇਸ਼ ਵਿੱਚ ਨਾ ਲੈ ਜਾਵੀਂ। 7ਸਵਰਗ ਦਾ ਪਰਮੇਸ਼ੁਰ ਯਹੋਵਾਹ ਜੋ ਮੈਨੂੰ ਮੇਰੇ ਪਿਤਾ ਦੇ ਘਰ ਤੋਂ ਅਤੇ ਮੇਰੀ ਜਨਮ ਭੂਮੀ ਤੋਂ ਕੱਢ ਲੈ ਆਇਆ, ਜੋ ਮੇਰੇ ਨਾਲ ਬੋਲਿਆ ਅਤੇ ਮੇਰੇ ਨਾਲ ਸਹੁੰ ਖਾ ਕੇ ਆਖਿਆ ਕਿ ਮੈਂ ਤੇਰੀ ਅੰਸ ਨੂੰ ਇਹ ਦੇਸ਼ ਦਿਆਂਗਾ। ਉਹ ਹੀ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਤੂੰ ਉੱਥੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੇਂਗਾ। 8ਅਤੇ ਜੇ ਉਹ ਇਸਤਰੀ ਤੇਰੇ ਨਾਲ ਨਾ ਆਉਣਾ ਚਾਹੇ ਤਾਂ ਤੂੰ ਮੇਰੀ ਇਸ ਸਹੁੰ ਤੋਂ ਛੁੱਟ ਜਾਵੇਂਗਾ। ਪਰ ਮੇਰੇ ਪੁੱਤਰ ਨੂੰ ਉੱਥੇ ਕਦੀ ਨਾ ਲੈ ਜਾਵੀਂ। 9ਤਦ ਉਸ ਨੌਕਰ ਨੇ ਆਪਣਾ ਹੱਥ ਆਪਣੇ ਸੁਆਮੀ ਅਬਰਾਹਾਮ ਦੇ ਪੱਟ ਹੇਠ ਰੱਖ ਕੇ ਉਹ ਦੇ ਨਾਲ ਇਸ ਗੱਲ ਦੀ ਸਹੁੰ ਖਾਧੀ। 10ਉਪਰੰਤ ਉਹ ਨੌਕਰ ਆਪਣੇ ਸੁਆਮੀ ਦੇ ਊਠਾਂ ਵਿੱਚੋਂ ਦਸ ਊਠ ਲੈ ਕੇ ਤੁਰ ਪਿਆ, ਉਹ ਆਪਣੇ ਨਾਲ ਉੱਤਮ ਪਦਾਰਥਾਂ ਵਿੱਚੋਂ ਕੁਝ ਨਾਲ ਲੈ ਕੇ ਮਸੋਪੋਤਾਮੀਆ ਦੇ ਦੇਸ਼ ਵਿੱਚ ਨਾਹੋਰ ਦੇ ਨਗਰ ਨੂੰ ਗਿਆ। 11ਉਸ ਨੌਕਰ ਨੇ ਆਪਣੇ ਊਠਾਂ ਨੂੰ ਨਗਰ ਤੋਂ ਬਾਹਰ ਖੂਹ ਦੇ ਕੋਲ ਬਿਠਾ ਦਿੱਤਾ, ਇਹ ਸ਼ਾਮ ਦਾ ਵੇਲਾ ਸੀ ਜਦੋਂ ਇਸਤਰੀਆਂ ਪਾਣੀ ਭਰਨ ਨੂੰ ਨਿੱਕਲਦੀਆਂ ਸਨ। 12ਤਦ ਉਸ ਨੇ ਆਖਿਆ, ਹੇ ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਅੱਜ ਮੇਰਾ ਸਭ ਕਾਰਜ ਸਫ਼ਲ ਕਰ ਅਤੇ ਮੇਰੇ ਸੁਆਮੀ ਅਬਰਾਹਾਮ ਉੱਤੇ ਕਿਰਪਾ ਕਰ। 13ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਅਤੇ ਨਗਰ ਦੇ ਮਨੁੱਖਾਂ ਦੀਆਂ ਧੀਆਂ ਪਾਣੀ ਭਰਨ ਨੂੰ ਆਉਂਦੀਆਂ ਹਾਂ। 14ਅਜਿਹਾ ਹੋਵੇ ਕਿ ਜਿਹੜੀ ਕੁੜੀ ਨੂੰ ਮੈਂ ਆਖਾਂ ਭਈ ਆਪਣਾ ਘੜਾ ਮੇਰੇ ਵੱਲ ਨੂੰ ਨੀਵਾਂ ਕਰੀਂ ਅਤੇ ਮੈਂ ਪੀਵਾਂਗਾ ਤਾਂ ਉਹ ਆਖੇ ਪੀਓ ਅਤੇ ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ ਸੋ ਉਹੀ ਹੋਵੇ ਜਿਸ ਨੂੰ ਤੂੰ ਆਪਣੇ ਦਾਸ ਇਸਹਾਕ ਲਈ ਠਹਿਰਾਇਆ ਹੈ, ਮੈਂ ਇਸੇ ਗੱਲ ਤੋਂ ਜਾਣਾਂਗਾ ਕਿ ਤੂੰ ਮੇਰੇ ਸੁਆਮੀ ਉੱਤੇ ਕਿਰਪਾ ਕੀਤੀ ਹੈ। 15ਤਦ ਐਉਂ ਹੋਇਆ ਜਦ ਉਹ ਇਹ ਗੱਲ ਕਰਦਾ ਹੀ ਸੀ ਤਾਂ ਵੇਖੋ, ਰਿਬਕਾਹ ਜੋ ਅਬਰਾਹਾਮ ਦੇ ਭਰਾ ਨਾਹੋਰ ਦੀ ਪਤਨੀ ਮਿਲਕਾਹ ਦੇ ਪੁੱਤਰ ਬਥੂਏਲ ਦੀ ਧੀ ਸੀ, ਆਪਣਾ ਘੜਾ ਮੋਢਿਆਂ ਤੇ ਚੁੱਕੀ ਹੋਈ ਆ ਨਿੱਕਲੀ। 16ਅਤੇ ਉਹ ਕੁੜੀ ਵੇਖਣ ਵਿੱਚ ਬਹੁਤ ਸੋਹਣੀ ਅਤੇ ਕੁਆਰੀ ਸੀ ਅਤੇ ਕਿਸੇ ਮਨੁੱਖ ਨਾਲ ਸੰਗ ਨਹੀਂ ਕੀਤਾ ਸੀ, ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਆਪਣਾ ਘੜਾ ਭਰ ਕੇ ਬਾਹਰ ਆਈ। 17ਤਾਂ ਉਹ ਨੌਕਰ ਉਸ ਦੇ ਮਿਲਣ ਨੂੰ ਨੱਠ ਕੇ ਗਿਆ ਅਤੇ ਆਖਿਆ, ਆਪਣੇ ਘੜੇ ਵਿੱਚੋਂ ਮੈਨੂੰ ਥੋੜਾ ਪਾਣੀ ਪਿਲਾਈਂ। 18ਤਾਂ ਉਸ ਆਖਿਆ, ਮੇਰੇ ਸੁਆਮੀ #24:18 ਸ਼੍ਰੀ ਮਾਨ ਜੀ ਪੀਓ ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੱਥਾਂ ਉੱਤੇ ਕਰਕੇ ਉਸ ਨੂੰ ਪਿਲਾਇਆ। 19ਜਦ ਉਹ ਉਸ ਨੂੰ ਪਾਣੀ ਪਿਲਾ ਚੁੱਕੀ ਤਦ ਆਖਿਆ, ਮੈਂ ਤੁਹਾਡੇ ਊਠਾਂ ਲਈ ਵੀ ਪਾਣੀ ਭਰਾਂਗੀ ਜਦ ਤੱਕ ਓਹ ਪੀ ਨਾ ਲੈਣ। 20ਤਦ ਉਸ ਨੇ ਜਲਦੀ ਨਾਲ ਆਪਣਾ ਘੜਾ ਹੌਦ ਵਿੱਚ ਡੋਲ੍ਹ ਦਿੱਤਾ ਅਤੇ ਫੇਰ ਖੂਹ ਵਿੱਚੋਂ ਭਰਨ ਨੂੰ ਨੱਠ ਕੇ ਗਈ ਅਤੇ ਉਹ ਦੇ ਸਾਰਿਆਂ ਊਠਾਂ ਲਈ ਪਾਣੀ ਭਰਿਆ। 21ਉਹ ਮਨੁੱਖ ਧਿਆਨ ਨਾਲ ਚੁੱਪ ਕਰਕੇ ਉਹ ਨੂੰ ਵੇਖਦਾ ਰਿਹਾ ਇਸ ਗੱਲ ਦੇ ਜਾਣਨ ਨੂੰ ਕਿ ਯਹੋਵਾਹ ਨੇ ਉਸ ਦਾ ਸਫ਼ਰ ਸਫ਼ਲ ਕੀਤਾ ਹੈ ਕਿ ਨਹੀਂ। 22ਜਦ ਊਠ ਪੀ ਚੁੱਕੇ ਤਦ ਉਸ ਮਨੁੱਖ ਨੇ ਅੱਧੇ ਤੋਲੇ#24:22 5.7 ਗ੍ਰਾਮ ਸੋਨੇ ਦੀ ਇੱਕ ਨੱਥ ਅਤੇ ਦਸ ਤੋਲੇ#24:22 115 ਗ੍ਰਾਮ ਸੋਨੇ ਦੇ ਦੋ ਕੜੇ ਉਹ ਦੇ ਹੱਥਾਂ ਵਿੱਚ ਪਹਿਨਾ ਦਿੱਤੇ 23ਅਤੇ ਪੁੱਛਿਆ, ਮੈਨੂੰ ਦੱਸੀਂ ਤੂੰ ਕਿਹਦੀ ਧੀ ਹੈਂ ਅਤੇ ਕੀ ਤੇਰੇ ਪਿਤਾ ਦੇ ਘਰ ਵਿੱਚ ਸਾਡੇ ਲਈ ਅੱਜ ਰਾਤ ਰਹਿਣ ਦੀ ਥਾਂ ਹੈ? 24ਉਸ ਉਹ ਨੂੰ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਤੋਂ ਜਨਮ ਦਿੱਤਾ। 25ਫਿਰ ਉਸ ਨੇ ਉਹ ਨੂੰ ਆਖਿਆ, ਸਾਡੇ ਕੋਲ ਊਠਾਂ ਲਈ ਚਾਰਾ ਬਥੇਰਾ ਹੈ ਅਤੇ ਰਾਤ ਰਹਿਣ ਦੀ ਥਾਂ ਵੀ ਹੈ। 26ਤਦ ਉਸ ਮਨੁੱਖ ਨੇ ਸਿਰ ਝੁਕਾਇਆ ਅਤੇ ਯਹੋਵਾਹ ਨੂੰ ਮੱਥਾ ਟੇਕਿਆ। 27ਉਸ ਨੇ ਆਖਿਆ, ਯਹੋਵਾਹ ਮੇਰੇ ਸੁਆਮੀ ਅਬਰਾਹਾਮ ਦਾ ਪਰਮੇਸ਼ੁਰ ਮੁਬਾਰਕ ਹੋਵੇ, ਜਿਸ ਮੇਰੇ ਸੁਆਮੀ ਅਬਰਾਹਾਮ ਤੋਂ ਆਪਣੀ ਕਿਰਪਾ ਅਤੇ ਆਪਣੀ ਸਚਿਆਈ ਨੂੰ ਨਹੀਂ ਮੋੜਿਆ ਅਤੇ ਮੈਂ ਰਾਹ ਵਿੱਚ ਹੀ ਸੀ ਕਿ ਯਹੋਵਾਹ ਨੇ ਮੈਨੂੰ ਮੇਰੇ ਸੁਆਮੀ ਦੇ ਭਰਾਵਾਂ ਦੇ ਘਰ ਪਹੁੰਚਾਇਆ। 28ਤਦ ਕੁੜੀ ਆਪਣੀ ਮਾਤਾ ਦੇ ਘਰ ਨੂੰ ਨੱਠ ਕੇ ਆਈ ਅਤੇ ਸਾਰੀਆਂ ਗੱਲਾਂ ਦੱਸੀਆਂ। 29ਰਿਬਕਾਹ ਦਾ ਇੱਕ ਭਰਾ ਸੀ ਜਿਸ ਦਾ ਨਾਮ ਲਾਬਾਨ ਸੀ, ਲਾਬਾਨ ਬਾਹਰ ਨੂੰ ਉਸ ਮਨੁੱਖ ਦੇ ਕੋਲ ਚਸ਼ਮੇ ਉੱਤੇ ਦੌੜ ਕੇ ਗਿਆ। 30ਜਦ ਉਸ ਨੇ ਨੱਥ ਅਤੇ ਆਪਣੀ ਭੈਣ ਦੇ ਹੱਥਾਂ ਵਿੱਚ ਕੜੇ ਦੇਖੇ ਅਤੇ ਜਦ ਆਪਣੀ ਭੈਣ ਰਿਬਕਾਹ ਤੋਂ ਗੱਲਾਂ ਸੁਣੀਆਂ ਜਿਹੜੀ ਕਹਿੰਦੀ ਸੀ ਕਿ ਉਸ ਮਨੁੱਖ ਨੇ ਮੇਰੇ ਨਾਲ ਇਹ-ਇਹ ਗੱਲਾਂ ਕੀਤੀਆਂ ਤਾਂ ਉਹ ਉਸ ਮਨੁੱਖ ਕੋਲ ਆਇਆ ਅਤੇ ਵੇਖੋ ਉਹ ਊਠਾਂ ਦੇ ਕੋਲ ਚਸ਼ਮੇ ਉੱਤੇ ਖੜ੍ਹਾ ਸੀ। 31ਉਸ ਨੇ ਆਖਿਆ, ਹੇ ਯਹੋਵਾਹ ਦੇ ਮੁਬਾਰਕ ਆਓ। ਬਾਹਰ ਕਿਉਂ ਖੜ੍ਹੇ ਹੋ? ਮੈਂ ਘਰ ਨੂੰ ਤਿਆਰ ਕੀਤਾ ਹੈ ਅਤੇ ਊਠਾਂ ਲਈ ਵੀ ਥਾਂ ਹੈ 32ਤਦ ਉਹ ਮਨੁੱਖ ਘਰ ਵਿੱਚ ਆਇਆ ਅਤੇ ਊਠਾਂ ਨੂੰ ਖੋਲ੍ਹਿਆ ਅਤੇ ਲਾਬਾਨ ਨੇ ਊਠਾਂ ਨੂੰ ਚਾਰਾ ਦਿੱਤਾ ਅਤੇ ਉਸ ਨੂੰ ਅਤੇ ਉਸ ਦੇ ਸਾਥੀਆਂ ਨੂੰ ਪੈਰ ਧੋਣ ਲਈ ਪਾਣੀ ਦਿੱਤਾ। 33ਤਾਂ ਉਸ ਦੇ ਅੱਗੇ ਭੋਜਨ ਰੱਖਿਆ ਗਿਆ ਪਰ ਉਸ ਨੇ ਆਖਿਆ ਜਦ ਤੱਕ ਆਪਣੀ ਗੱਲ ਨਾ ਦੱਸਾਂ ਮੈਂ ਕੁਝ ਨਹੀਂ ਖਾਵਾਂਗਾ ਤਾਂ ਲਾਬਾਨ ਨੇ ਆਖਿਆ, ਦੱਸੋ ਜੀ। 34ਫੇਰ ਉਸ ਨੇ ਆਖਿਆ, ਮੈਂ ਅਬਰਾਹਾਮ ਦਾ ਨੌਕਰ ਹਾਂ 35ਅਤੇ ਯਹੋਵਾਹ ਨੇ ਮੇਰੇ ਸੁਆਮੀ ਨੂੰ ਵੱਡੀ ਬਰਕਤ ਦਿੱਤੀ ਹੈ ਅਤੇ ਉਸ ਨੂੰ ਵੱਡਾ ਆਦਮੀ ਬਣਾ ਦਿੱਤਾ ਹੈ ਅਤੇ ਉਸ ਨੇ ਉਹ ਨੂੰ ਭੇਡਾਂ, ਗਾਈਆਂ-ਬਲ਼ਦ, ਸੋਨਾ-ਚਾਂਦੀ, ਦਾਸ-ਦਾਸੀਆਂ, ਊਠ ਅਤੇ ਗਧੇ ਦਿੱਤੇ ਹਨ। 36ਅਤੇ ਮੇਰੇ ਸੁਆਮੀ ਦੀ ਪਤਨੀ ਸਾਰਾਹ ਨੇ ਆਪਣੇ ਬੁਢਾਪੇ ਵਿੱਚ ਮੇਰੇ ਸੁਆਮੀ ਲਈ ਇੱਕ ਪੁੱਤਰ ਜਣਿਆ ਅਤੇ ਅਬਰਾਹਾਮ ਨੇ ਆਪਣਾ ਸਭ ਕੁਝ ਉਸ ਨੂੰ ਦੇ ਦਿੱਤਾ ਹੈ। 37ਮੇਰੇ ਸੁਆਮੀ ਨੇ ਮੈਨੂੰ ਇਹ ਸਹੁੰ ਦਿੱਤੀ ਹੈ, ਤੂੰ ਮੇਰੇ ਪੁੱਤਰ ਲਈ ਇਨ੍ਹਾਂ ਕਨਾਨੀਆਂ ਦੀਆਂ ਧੀਆਂ ਵਿੱਚੋਂ ਜਿਨ੍ਹਾਂ ਦੇ ਦੇਸ਼ ਵਿੱਚ ਮੈਂ ਵੱਸਦਾ ਹਾਂ, ਪਤਨੀ ਨਾ ਲਿਆਵੀਂ। 38ਸਗੋਂ ਮੇਰੇ ਪਿਤਾ ਦੇ ਘਰ ਅਤੇ ਮੇਰੇ ਘਰਾਣੇ ਵਿੱਚ ਜਾਵੀਂ ਅਤੇ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ। 39ਤਦ ਮੈਂ ਆਪਣੇ ਸੁਆਮੀ ਨੂੰ ਆਖਿਆ ਕਿ ਸ਼ਾਇਦ ਉਹ ਇਸਤਰੀ ਮੇਰੇ ਨਾਲ ਨਾ ਆਉਣਾ ਚਾਹੇ। 40ਤਦ ਉਸ ਨੇ ਮੈਨੂੰ ਆਖਿਆ, ਯਹੋਵਾਹ ਜਿਸ ਦੇ ਸਨਮੁਖ ਮੈਂ ਚਲਦਾ ਹਾਂ ਆਪਣਾ ਦੂਤ ਤੇਰੇ ਅੱਗੇ ਭੇਜੇਗਾ ਅਤੇ ਉਹ ਤੇਰੇ ਰਾਹ ਨੂੰ ਸਫ਼ਲ ਕਰੇਗਾ ਅਤੇ ਤੂੰ ਮੇਰੇ ਘਰਾਣੇ ਵਿੱਚੋਂ ਮੇਰੇ ਪਿਤਾ ਦੇ ਘਰੋਂ ਮੇਰੇ ਪੁੱਤਰ ਲਈ ਪਤਨੀ ਲੈ ਆਵੀਂ। 41ਤਦ ਹੀ ਤੂੰ ਮੇਰੀ ਸਹੁੰ ਤੋਂ ਛੁੱਟੇਂਗਾ, ਜਦ ਤੂੰ ਮੇਰੇ ਘਰਾਣੇ ਵਿੱਚ ਜਾਵੇਂਗਾ ਅਤੇ ਜੇ ਓਹ ਤੈਨੂੰ ਕੋਈ ਇਸਤਰੀ ਨਾ ਦੇਣ ਤਾਂ ਤੂੰ ਮੇਰੀ ਸਹੁੰ ਤੋਂ ਛੁੱਟ ਜਾਵੇਂਗਾ। 42ਮੈਂ ਅੱਜ ਦੇ ਦਿਨ ਚਸ਼ਮੇ ਉੱਤੇ ਆਇਆ ਅਤੇ ਆਖਿਆ, ਹੇ ਯਹੋਵਾਹ, ਮੇਰੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ, ਜੇ ਤੂੰ ਮੇਰੇ ਰਾਹ ਨੂੰ ਜਿਸ ਵਿੱਚ ਮੈਂ ਜਾਂਦਾ ਹਾਂ ਸਫ਼ਲ ਕਰੇਂ। 43ਵੇਖ ਮੈਂ ਪਾਣੀ ਦੇ ਚਸ਼ਮੇ ਉੱਤੇ ਖੜ੍ਹਾ ਹਾਂ ਤਾਂ ਅਜਿਹਾ ਹੋਵੇ ਕਿ ਜਿਹੜੀ ਕੁੜੀ ਪਾਣੀ ਭਰਨ ਲਈ ਬਾਹਰ ਆਵੇ ਅਤੇ ਮੈਂ ਉਸ ਨੂੰ ਆਖਾਂ ਕਿ ਮੈਨੂੰ ਆਪਣੇ ਘੜੇ ਤੋਂ ਪਾਣੀ ਪਿਲਾ ਅਤੇ ਉਹ ਮੈਨੂੰ ਆਖੇ, 44ਪੀ ਲਓ ਜੀ, ਅਤੇ ਮੈਂ ਤੁਹਾਡੇ ਊਠਾਂ ਲਈ ਵੀ ਭਰਾਂਗੀ, ਉਹ ਓਹੀ ਇਸਤਰੀ ਹੋਵੇ ਜਿਸ ਨੂੰ ਯਹੋਵਾਹ ਨੇ ਮੇਰੇ ਸੁਆਮੀ ਦੇ ਪੁੱਤਰ ਲਈ ਠਹਿਰਾਇਆ ਹੈ। 45ਮੈਂ ਆਪਣੇ ਦਿਲ ਵਿੱਚ ਆਖਦਾ ਹੀ ਸੀ ਤਾਂ ਵੇਖੋ ਰਿਬਕਾਹ ਆਪਣਾ ਘੜਾ ਮੋਢੇ ਉੱਤੇ ਚੁੱਕ ਕੇ ਬਾਹਰ ਆਈ ਅਤੇ ਉਹ ਚਸ਼ਮੇ ਵਿੱਚ ਉਤਰੀ ਅਤੇ ਪਾਣੀ ਭਰਿਆ ਤਾਂ ਮੈਂ ਉਸ ਨੂੰ ਆਖਿਆ, ਮੈਨੂੰ ਪਾਣੀ ਪਿਲਾਈਂ। 46ਤਦ ਉਸ ਨੇ ਛੇਤੀ ਨਾਲ ਆਪਣਾ ਘੜਾ ਮੋਢੇ ਤੋਂ ਲਾਹ ਕੇ ਆਖਿਆ, ਪੀਓ ਜੀ, ਮੈਂ ਤੁਹਾਡੇ ਊਠਾਂ ਨੂੰ ਵੀ ਪਿਲਾਵਾਂਗੀ। ਤਦ ਮੈਂ ਪੀਤਾ ਅਤੇ ਉਸ ਨੇ ਮੇਰੇ ਊਠਾਂ ਨੂੰ ਵੀ ਪਿਲਾਇਆ। 47ਫੇਰ ਮੈਂ ਉਸ ਤੋਂ ਪੁੱਛਿਆ, ਤੂੰ ਕਿਹਦੀ ਧੀ ਹੈਂ? ਤਦ ਉਸ ਨੇ ਆਖਿਆ, ਮੈਂ ਬਥੂਏਲ ਦੀ ਧੀ ਹਾਂ, ਜਿਸ ਨੂੰ ਮਿਲਕਾਹ ਨੇ ਨਾਹੋਰ ਲਈ ਜਨਮ ਦਿੱਤਾ। ਤਦ ਮੈਂ ਉਸ ਦੀ ਨੱਕ ਵਿੱਚ ਨੱਥ ਅਤੇ ਹੱਥਾਂ ਵਿੱਚ ਕੜੇ ਪਾ ਦਿੱਤੇ। 48ਫਿਰ ਮੈਂ ਆਪਣਾ ਸਿਰ ਝੁਕਾ ਕੇ ਯਹੋਵਾਹ ਅੱਗੇ ਮੱਥਾ ਟੇਕਿਆ ਅਤੇ ਮੈਂ ਯਹੋਵਾਹ ਆਪਣੇ ਸੁਆਮੀ ਅਬਰਾਹਾਮ ਦੇ ਪਰਮੇਸ਼ੁਰ ਨੂੰ ਧੰਨ ਆਖਿਆ ਜਿਸ ਨੇ ਮੈਨੂੰ ਸਹੀ ਰਸਤੇ ਤੇ ਪਾਇਆ ਤਾਂ ਜੋ ਮੈਂ ਆਪਣੇ ਸੁਆਮੀ ਦੇ ਭਰਾ ਦੀ ਧੀ ਉਸ ਦੇ ਪੁੱਤਰ ਵਾਸਤੇ ਲੈ ਜਾਂਵਾਂ। 49ਹੁਣ ਜੇਕਰ ਤੁਸੀਂ ਮੇਰੇ ਸੁਆਮੀ ਦੇ ਨਾਲ ਕਿਰਪਾ ਅਤੇ ਸਚਿਆਈ ਦਾ ਵਿਵਹਾਰ ਕਰਨਾ ਹੈ ਤਾਂ ਮੈਨੂੰ ਦੱਸੋ ਅਤੇ ਜੇਕਰ ਨਹੀਂ ਤਾਂ ਵੀ ਮੈਨੂੰ ਦੱਸੋ, ਤਾਂ ਜੋ ਮੈਂ ਸੱਜੇ ਜਾਂ ਖੱਬੇ ਪਾਸੇ ਵੱਲ ਮੁੜਾਂ। 50ਤਦ ਲਾਬਾਨ ਅਤੇ ਬਥੂਏਲ ਨੇ ਜਵਾਬ ਵਿੱਚ ਆਖਿਆ, ਇਹ ਗੱਲ ਯਹੋਵਾਹ ਵੱਲੋਂ ਆਈ ਹੈ। ਅਸੀਂ ਤੁਹਾਨੂੰ ਬੁਰਾ ਜਾਂ ਭਲਾ ਨਹੀਂ ਆਖ ਸਕਦੇ। 51ਵੇਖੋ, ਰਿਬਕਾਹ ਤੁਹਾਡੇ ਸਾਹਮਣੇ ਹੈ। ਉਹ ਨੂੰ ਲੈ ਜਾਓ ਤਾਂ ਜੋ ਉਹ ਤੁਹਾਡੇ ਸੁਆਮੀ ਦੇ ਪੁੱਤਰ ਦੀ ਪਤਨੀ ਹੋਵੇ, ਜਿਵੇਂ ਯਹੋਵਾਹ ਦਾ ਬਚਨ ਹੈ। 52ਜਦ ਅਬਰਾਹਾਮ ਦੇ ਨੌਕਰ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ ਤਦ ਉਸ ਨੇ ਯਹੋਵਾਹ ਦੇ ਅੱਗੇ ਧਰਤੀ ਉੱਤੇ ਮੱਥਾ ਟੇਕਿਆ। 53ਫੇਰ ਉਸ ਨੌਕਰ ਨੇ ਚਾਂਦੀ ਅਤੇ ਸੋਨੇ ਦੇ ਗਹਿਣੇ ਅਤੇ ਬਸਤਰ ਕੱਢ ਕੇ ਰਿਬਕਾਹ ਨੂੰ ਦਿੱਤੇ ਅਤੇ ਉਸ ਨੇ ਉਸ ਦੇ ਭਰਾ ਅਤੇ ਮਾਤਾ ਨੂੰ ਵੀ ਕੀਮਤੀ ਚੀਜ਼ਾਂ ਦਿੱਤੀਆਂ। 54ਤਦ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਖਾਧਾ ਪੀਤਾ ਅਤੇ ਰਾਤ ਉੱਥੇ ਹੀ ਕੱਟੀ। ਤੜਕੇ ਉੱਠ ਕੇ ਉਸ ਨੇ ਆਖਿਆ, ਮੈਨੂੰ ਮੇਰੇ ਸੁਆਮੀ ਦੇ ਕੋਲ ਜਾਣ ਲਈ ਵਿਦਿਆ ਕਰੋ। 55ਰਿਬਕਾਹ ਦੇ ਭਰਾ ਅਤੇ ਉਸ ਦੀ ਮਾਤਾ ਨੇ ਆਖਿਆ, ਕੁੜੀ ਨੂੰ ਥੋੜ੍ਹੇ ਦਿਨ ਅਰਥਾਤ ਦਸ ਦਿਨ ਹੋਰ ਸਾਡੇ ਕੋਲ ਰਹਿਣ ਦਿਓ। ਉਸ ਦੇ ਬਾਅਦ ਉਹ ਚਲੀ ਜਾਵੇਗੀ। 56ਪਰ ਉਸ ਨੇ ਉਨ੍ਹਾਂ ਨੂੰ ਆਖਿਆ, ਮੈਨੂੰ ਨਾ ਰੋਕੋ ਕਿਉਂ ਜੋ ਯਹੋਵਾਹ ਨੇ ਮੇਰੇ ਸਫ਼ਰ ਨੂੰ ਸਫ਼ਲ ਕੀਤਾ ਹੈ। ਹੁਣ ਮੈਨੂੰ ਵਿਦਿਆ ਕਰੋ ਤਾਂ ਜੋ ਮੈਂ ਆਪਣੇ ਸੁਆਮੀ ਕੋਲ ਜਾਂਵਾਂ। 57ਉਨ੍ਹਾਂ ਨੇ ਆਖਿਆ, ਅਸੀਂ ਕੁੜੀ ਨੂੰ ਬੁਲਾਉਂਦੇ ਹਾਂ ਅਤੇ ਉਸ ਤੋਂ ਹੀ ਪੁੱਛਦੇ ਹਾਂ ਕਿ ਉਹ ਕੀ ਚਾਹੁੰਦੀ ਹੈ? 58ਤਦ ਉਨ੍ਹਾਂ ਨੇ ਰਿਬਕਾਹ ਨੂੰ ਸੱਦਿਆ ਅਤੇ ਉਸ ਨੂੰ ਪੁੱਛਿਆ, ਕੀ ਤੂੰ ਇਸ ਮਨੁੱਖ ਦੇ ਨਾਲ ਜਾਵੇਂਗੀ? ਤਾਂ ਉਸ ਨੇ ਆਖਿਆ, ਹਾਂ, ਮੈਂ ਜਾਂਵਾਂਗੀ। 59ਤਦ ਉਨ੍ਹਾਂ ਨੇ ਆਪਣੀ ਭੈਣ ਰਿਬਕਾਹ, ਉਸ ਦੀ ਦਾਈ, ਅਬਰਾਹਾਮ ਦੇ ਨੌਕਰ ਅਤੇ ਉਸ ਦੇ ਸਾਥੀਆਂ ਨੂੰ ਵਿਦਿਆ ਕਰ ਦਿੱਤਾ। 60ਉਨ੍ਹਾਂ ਨੇ ਰਿਬਕਾਹ ਨੂੰ ਅਸੀਸ ਦਿੱਤੀ ਅਤੇ ਆਖਿਆ, ਹੇ ਸਾਡੀ ਭੈਣ, ਤੂੰ ਹਜ਼ਾਰਾਂ ਅਤੇ ਲੱਖਾਂ ਦੀ ਮਾਤਾ ਹੋਵੇਂ ਅਤੇ ਤੇਰੀ ਅੰਸ ਵੈਰੀਆਂ ਦੇ ਫਾਟਕ ਦੀ ਅਧਿਕਾਰੀ ਹੋਵੇ। 61ਤਦ ਰਿਬਕਾਹ ਅਤੇ ਉਸ ਦੀਆਂ ਸਹੇਲੀਆਂ ਉੱਠੀਆਂ ਅਤੇ ਊਠਾਂ ਉੱਤੇ ਚੜ੍ਹ ਗਈਆਂ ਅਤੇ ਉਸ ਮਨੁੱਖ ਦੇ ਪਿੱਛੇ-ਪਿੱਛੇ ਤੁਰ ਪਈਆਂ। ਇਸ ਤਰ੍ਹਾਂ ਉਹ ਨੌਕਰ ਰਿਬਕਾਹ ਨੂੰ ਨਾਲ ਲੈ ਕੇ ਤੁਰ ਪਿਆ। 62ਇਸਹਾਕ, ਜੋ ਦੱਖਣ ਦੇਸ਼ ਵਿੱਚ ਰਹਿੰਦਾ ਸੀ, ਬਏਰ-ਲਹਈ-ਰੋਈ ਦੇ ਰਸਤੇ ਤੋਂ ਆ ਰਿਹਾ ਸੀ। 63ਇਸਹਾਕ ਸ਼ਾਮ ਦੇ ਵੇਲੇ ਖੇਤਾਂ ਵਿੱਚ ਧਿਆਨ#24:63 ਘੁੰਮਣ ਲਈ ਕਰਨ ਲਈ ਬਾਹਰ ਗਿਆ ਸੀ, ਤਦ ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ ਕਿ ਊਠ ਆ ਰਹੇ ਸਨ। 64ਤਦ ਰਿਬਕਾਹ ਨੇ ਵੀ ਅੱਖਾਂ ਚੁੱਕ ਕੇ ਇਸਹਾਕ ਨੂੰ ਵੇਖਿਆ ਤਾਂ ਊਠ ਤੋਂ ਉਤਰ ਗਈ। 65ਉਸ ਨੇ ਨੌਕਰ ਤੋਂ ਪੁੱਛਿਆ, ਉਹ ਮਨੁੱਖ ਜਿਹੜਾ ਖੇਤ ਦੇ ਵਿੱਚੋਂ ਸਾਨੂੰ ਮਿਲਣ ਲਈ ਆਉਂਦਾ ਹੈ, ਉਹ ਕੌਣ ਹੈ? ਨੌਕਰ ਨੇ ਆਖਿਆ, ਉਹ ਮੇਰਾ ਸੁਆਮੀ ਹੈ, ਤਦ ਰਿਬਕਾਹ ਨੇ ਘੁੰਡ ਕੱਢ ਕੇ ਆਪਣੇ ਆਪ ਨੂੰ ਢੱਕ ਲਿਆ। 66ਫੇਰ ਨੌਕਰ ਨੇ ਸਾਰੀਆਂ ਗੱਲਾਂ ਜਿਹੜੀਆਂ ਉਸ ਨੇ ਕੀਤੀਆਂ ਸਨ, ਇਸਹਾਕ ਨੂੰ ਦੱਸੀਆਂ। 67ਤਦ ਇਸਹਾਕ ਉਸ ਨੂੰ ਆਪਣੀ ਮਾਤਾ ਸਾਰਾਹ ਦੇ ਤੰਬੂ ਵਿੱਚ ਲੈ ਗਿਆ ਅਤੇ ਉਸ ਨੇ ਰਿਬਕਾਹ ਨੂੰ ਵਿਆਹ ਲਿਆ ਅਤੇ ਉਹ ਉਸ ਦੀ ਪਤਨੀ ਹੋਈ। ਉਸ ਨੇ ਉਹ ਨੂੰ ਪਿਆਰ ਕੀਤਾ ਤਾਂ ਇਸਹਾਕ ਨੂੰ ਆਪਣੀ ਮਾਤਾ ਦੀ ਮੌਤ ਤੋਂ ਬਾਅਦ ਸ਼ਾਂਤੀ ਮਿਲੀ।

Currently Selected:

ਉਤ 24: IRVPun

Highlight

Share

Copy

None

Want to have your highlights saved across all your devices? Sign up or sign in