YouVersion Logo
Search Icon

ਉਤ 18

18
ਇਸਹਾਕ ਦੇ ਜਨਮ ਦਾ ਵਾਅਦਾ
1ਯਹੋਵਾਹ ਨੇ ਅਬਰਾਹਾਮ ਨੂੰ ਮਮਰੇ ਦੇ ਬਲੂਤਾਂ ਵਿੱਚ ਦਰਸ਼ਣ ਦਿੱਤਾ, ਜਦ ਉਹ ਆਪਣੇ ਤੰਬੂ ਦੇ ਦਰਵਾਜ਼ੇ ਵਿੱਚ ਦਿਨ ਦੀ ਧੁੱਪ ਵੇਲੇ ਬੈਠਾ ਹੋਇਆ ਸੀ। 2ਉਸ ਨੇ ਆਪਣੀਆਂ ਅੱਖਾਂ ਚੁੱਕ ਕੇ ਵੇਖਿਆ, ਤਾਂ ਵੇਖੋ ਤਿੰਨ ਮਨੁੱਖ ਉਹ ਦੇ ਸਾਹਮਣੇ ਖੜ੍ਹੇ ਸਨ। ਉਨ੍ਹਾਂ ਨੂੰ ਵੇਖਦਿਆਂ ਹੀ, ਉਹ ਉਨ੍ਹਾਂ ਨੂੰ ਮਿਲਣ ਲਈ ਆਪਣੇ ਤੰਬੂ ਦੇ ਦਰਵਾਜ਼ੇ ਤੋਂ ਭੱਜਿਆ ਅਤੇ ਧਰਤੀ ਤੱਕ ਝੁੱਕ ਕੇ ਮੱਥਾ ਟੇਕਿਆ। 3ਉਸ ਨੇ ਆਖਿਆ, ਹੇ ਪ੍ਰਭੂ! ਜੇ ਮੇਰੇ ਉੱਤੇ ਤੁਹਾਡੀ ਕਿਰਪਾ ਦੀ ਨਜ਼ਰ ਹੋਈ ਹੈ ਤਾਂ ਆਪਣੇ ਦਾਸ ਦੇ ਕੋਲੋਂ ਚਲੇ ਨਾ ਜਾਣਾ। 4ਮੈਂ ਥੋੜ੍ਹਾ ਜਿਹਾ ਪਾਣੀ ਲਿਆਉਂਦਾ ਹਾਂ, ਤਾਂ ਜੋ ਤੁਸੀਂ ਆਪਣੇ ਪੈਰ ਧੋ ਕੇ ਰੁੱਖ ਹੇਠ ਆਰਾਮ ਕਰੋ। 5ਮੈਂ ਥੋੜ੍ਹੀ ਜਿਹੀ ਰੋਟੀ ਵੀ ਲਿਆਉਂਦਾ ਹਾਂ, ਜੋ ਤੁਸੀਂ ਆਪਣੇ ਮਨਾਂ ਨੂੰ ਤ੍ਰਿਪਤ ਕਰੋ। ਫੇਰ ਤੁਸੀਂ ਅੱਗੇ ਲੰਘ ਜਾਇਓ, ਕਿਉਂਕਿ ਤੁਸੀਂ ਇਸੇ ਲਈ ਆਪਣੇ ਦਾਸ ਕੋਲ ਆਏ ਹੋ। ਤਦ ਉਨ੍ਹਾਂ ਨੇ ਆਖਿਆ, ਜਿਵੇਂ ਤੂੰ ਕਿਹਾ ਹੈ ਉਸੇ ਤਰ੍ਹਾਂ ਹੀ ਕਰ। 6ਤਦ ਅਬਰਾਹਾਮ ਝੱਟ ਸਾਰਾਹ ਕੋਲ ਤੰਬੂ ਵਿੱਚ ਗਿਆ ਅਤੇ ਆਖਿਆ, ਜਲਦੀ ਕਰ ਅਤੇ ਤਿੰਨ ਮਾਪ#18:6 ਵੀਹ ਕਿੱਲੋ ਮੈਦਾ ਗੁੰਨ੍ਹ ਕੇ ਰੋਟੀਆਂ ਪਕਾ 7ਅਤੇ ਅਬਰਾਹਾਮ ਨੱਸ ਕੇ ਚੌਣੇ ਵਿੱਚ ਗਿਆ ਅਤੇ ਇੱਕ ਚੰਗਾ ਅਤੇ ਨਰਮ ਵੱਛਾ ਲੈ ਕੇ ਇੱਕ ਸੇਵਕ ਨੂੰ ਦਿੱਤਾ ਅਤੇ ਉਸ ਨੇ ਛੇਤੀ ਨਾਲ ਉਹ ਨੂੰ ਤਿਆਰ ਕੀਤਾ। 8ਫੇਰ ਉਸ ਨੇ ਦਹੀਂ, ਦੁੱਧ ਅਤੇ ਉਹ ਵੱਛਾ ਜਿਸ ਨੂੰ ਉਸ ਨੇ ਤਿਆਰ ਕਰਵਾਇਆ ਸੀ, ਲੈ ਕੇ ਉਨ੍ਹਾਂ ਦੇ ਅੱਗੇ ਪਰੋਸ ਦਿੱਤਾ ਅਤੇ ਆਪ ਉਨ੍ਹਾਂ ਦੇ ਕੋਲ ਰੁੱਖ ਹੇਠ ਖੜ੍ਹਾ ਰਿਹਾ ਅਤੇ ਉਨ੍ਹਾਂ ਨੇ ਖਾਧਾ। 9ਫੇਰ ਉਨ੍ਹਾਂ ਨੇ ਉਹ ਨੂੰ ਪੁੱਛਿਆ, ਤੇਰੀ ਪਤਨੀ ਸਾਰਾਹ ਕਿੱਥੇ ਹੈ? ਉਸ ਨੇ ਆਖਿਆ, ਉਹ ਤੰਬੂ ਵਿੱਚ ਹੈ। 10ਉਹਨਾਂ ਵਿੱਚੋਂ ਇੱਕ#18:10 ਯਹੋਵਾਹ ਨੇ ਆਖਿਆ, ਮੈਂ ਜ਼ਰੂਰ ਬਸੰਤ ਦੀ ਰੁੱਤੇ ਤੇਰੇ ਕੋਲ ਵਾਪਿਸ ਆਵਾਂਗਾ ਅਤੇ ਵੇਖ ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ ਅਤੇ ਸਾਰਾਹ ਤੰਬੂ ਦੇ ਬੂਹੇ ਵਿੱਚ ਜਿਹੜਾ ਉਹ ਦੇ ਪਿੱਛੇ ਸੀ, ਸੁਣ ਰਹੀ ਸੀ। 11ਅਬਰਾਹਾਮ ਅਤੇ ਸਾਰਾਹ ਬੁੱਢੇ ਅਤੇ ਵੱਡੀ ਉਮਰ ਦੇ ਸਨ ਅਤੇ ਸਾਰਾਹ ਦੀ ਮਾਹਵਾਰੀ ਵੀ ਬੰਦ ਹੋ ਗਈ ਸੀ। 12ਤਦ ਸਾਰਾਹ ਆਪਣੇ ਮਨ ਵਿੱਚ ਹੱਸੀ ਤੇ ਆਖਿਆ ਕਿ ਜਦੋਂ ਮੈਂ ਬੁੱਢੀ ਹੋ ਗਈ ਹਾਂ ਅਤੇ ਮੇਰਾ ਸੁਆਮੀ ਵੀ ਬੁੱਢਾ ਹੈ, ਕੀ ਮੈਨੂੰ ਇਹ ਸੁੱਖ ਮਿਲੇਗਾ? 13ਤਦ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, ਸਾਰਾਹ ਕਿਉਂ ਇਹ ਆਖ ਕੇ ਹੱਸੀ ਕਿ ਜਦ ਮੈਂ ਬੁੱਢੀ ਹੋ ਗਈ ਹਾਂ ਤਾਂ, ਕੀ ਮੈਂ ਸੱਚ-ਮੁੱਚ ਪੁੱਤਰ ਨੂੰ ਜਨਮ ਦੇਵਾਂਗੀ? ਭਲਾ, ਯਹੋਵਾਹ ਲਈ ਕੋਈ ਗੱਲ ਔਖੀ ਹੈ? 14ਨਿਯੁਕਤ ਸਮੇਂ ਸਿਰ ਮੈਂ ਤੇਰੇ ਕੋਲ ਵਾਪਿਸ ਆਵਾਂਗਾ ਅਤੇ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ। 15ਪਰ ਸਾਰਾਹ ਇਹ ਆਖ ਕੇ ਮੁੱਕਰ ਗਈ, ਕਿ ਮੈਂ ਨਹੀਂ ਹੱਸੀ ਕਿਉਂ ਜੋ ਉਹ ਡਰ ਗਈ ਪਰੰਤੂ ਉਸ ਨੇ ਆਖਿਆ, ਨਹੀਂ ਤੂੰ ਜ਼ਰੂਰ ਹੱਸੀ ਹੈਂ।
ਸਦੂਮ ਅਤੇ ਅਮੂਰਾਹ ਦੇ ਨਾਸ ਦਾ ਵਰਣਨ
16ਤਦ ਉਨ੍ਹਾਂ ਮਨੁੱਖਾਂ ਨੇ ਉੱਥੋਂ ਉੱਠ ਕੇ ਸਦੂਮ ਵੱਲ ਵੇਖਿਆ ਅਤੇ ਅਬਰਾਹਾਮ ਉਨ੍ਹਾਂ ਨੂੰ ਰਾਹੇ ਪਾਉਣ ਲਈ ਨਾਲ ਤੁਰ ਪਿਆ। 17ਤਦ ਯਹੋਵਾਹ ਨੇ ਆਖਿਆ, ਮੈਂ ਅਬਰਾਹਾਮ ਤੋਂ ਉਹ ਜੋ ਮੈਂ ਕਰਨ ਵਾਲਾ ਹਾਂ ਕਿਉਂ ਲੁਕਾਵਾਂ? 18ਅਬਰਾਹਾਮ ਇੱਕ ਵੱਡੀ ਅਤੇ ਬਲਵੰਤ ਕੌਮ ਹੋਵੇਗਾ ਅਤੇ ਧਰਤੀ ਦੀਆਂ ਸਾਰੀਆਂ ਕੌਮਾਂ ਉਸ ਤੋਂ ਬਰਕਤ ਪਾਉਣਗੀਆਂ। 19ਕਿਉਂਕਿ ਮੈਂ ਜਾਣ ਲਿਆ ਹੈ ਕਿ ਉਹ ਆਪਣੇ ਪੁੱਤਰਾਂ ਅਤੇ ਘਰਾਣੇ ਨੂੰ ਜੋ ਉਸ ਤੋਂ ਬਾਅਦ ਵਿੱਚ ਰਹਿ ਜਾਣਗੇ, ਆਗਿਆ ਦੇਵੇਗਾ ਕਿ ਉਹ ਯਹੋਵਾਹ ਦੇ ਰਾਹ ਦੀ ਪਾਲਨਾ ਕਰਨ ਅਤੇ ਧਰਮ ਅਤੇ ਨਿਆਂ ਕਰਦੇ ਰਹਿਣ, ਤਾਂ ਕਿ ਜੋ ਕੁਝ ਯਹੋਵਾਹ ਨੇ ਅਬਰਾਹਾਮ ਦੇ ਵਿਖੇ ਬੋਲਿਆ ਹੈ ਉਸ ਨੂੰ ਪੂਰਾ ਕਰੇ। 20ਫਿਰ ਯਹੋਵਾਹ ਨੇ ਆਖਿਆ, ਸਦੂਮ ਅਤੇ ਅਮੂਰਾਹ ਸ਼ਹਿਰ ਦਾ ਰੌਲ਼ਾ ਬਹੁਤ ਵੱਧ ਗਿਆ ਹੈ ਅਤੇ ਉਨ੍ਹਾਂ ਦਾ ਪਾਪ ਵੀ ਬਹੁਤ ਭਾਰੀ ਹੈ। 21ਇਸ ਲਈ ਮੈਂ ਉਤਰ ਕੇ ਵੇਖਾਂਗਾ ਕਿ ਉਨ੍ਹਾਂ ਨੇ ਉਸ ਰੌਲ਼ੇ ਅਨੁਸਾਰ ਜੋ ਮੇਰੇ ਕੋਲ ਆਇਆ ਹੈ, ਸਭ ਕੁਝ ਕੀਤਾ ਹੈ ਜਾਂ ਨਹੀਂ, ਜੇ ਉਹਨਾਂ ਨਹੀਂ ਕੀਤਾ ਹੈ ਤਾਂ ਮੈਂ ਜਾਣ ਜਾਂਵਾਂਗਾ। 22ਤਦ ਓਹ ਮਨੁੱਖ ਉੱਥੋਂ ਮੁੜ ਕੇ ਸਦੂਮ ਵੱਲ ਤੁਰ ਪਏ, ਪਰ ਅਬਰਾਹਾਮ ਯਹੋਵਾਹ ਦੇ ਸਨਮੁਖ ਖੜ੍ਹਾ ਰਿਹਾ। 23ਤਦ ਅਬਰਾਹਾਮ ਨੇ ਨੇੜੇ ਹੋ ਕੇ ਆਖਿਆ, ਕੀ ਤੂੰ ਸੱਚ-ਮੁੱਚ ਧਰਮੀ ਨੂੰ ਕੁਧਰਮੀ ਨਾਲ ਨਾਸ ਕਰੇਂਗਾ? 24ਸ਼ਾਇਦ ਉਸ ਨਗਰ ਵਿੱਚ ਪੰਜਾਹ ਧਰਮੀ ਹੋਣ। ਕੀ ਤੂੰ ਜ਼ਰੂਰ ਉਸ ਥਾਂ ਨੂੰ ਮਿਟਾ ਦੇਵੇਂਗਾ ਅਤੇ ਉਨ੍ਹਾਂ ਪੰਜਾਹਾਂ ਧਰਮੀਆਂ ਦੇ ਕਾਰਨ ਜੋ ਉਸ ਵਿੱਚ ਹਨ, ਛੱਡ ਨਾ ਦੇਵੇਂਗਾ? 25ਅਜਿਹਾ ਕਰਨਾ ਅਰਥਾਤ ਧਰਮੀ ਨੂੰ ਕੁਧਰਮੀ ਨਾਲ ਮਾਰਨਾ ਤੈਥੋਂ ਦੂਰ ਹੋਵੇ ਨਹੀਂ ਤਾਂ ਧਰਮੀ ਕੁਧਰਮੀ ਦੇ ਸਮਾਨ ਹੋ ਜਾਵੇਗਾ। ਅਜਿਹਾ ਕਰਨਾ ਤੇਰੇ ਤੋਂ ਦੂਰ ਹੋਵੇ। 26ਕੀ ਸਾਰੀ ਧਰਤੀ ਦਾ ਨਿਆਈਂ ਨਿਆਂ ਨਾ ਕਰੇਗਾ? ਯਹੋਵਾਹ ਨੇ ਆਖਿਆ, ਜੇ ਸਦੂਮ ਵਿੱਚ ਪੰਜਾਹ ਧਰਮੀ ਮੈਨੂੰ ਲੱਭਣ, ਤਾਂ ਮੈਂ ਸਾਰੇ ਨਗਰ ਨੂੰ ਉਨ੍ਹਾਂ ਦੇ ਕਾਰਨ ਛੱਡ ਦਿਆਂਗਾ। 27ਫੇਰ ਅਬਰਾਹਾਮ ਨੇ ਉੱਤਰ ਦੇ ਕੇ ਆਖਿਆ, ਵੇਖ, ਮੈਂ ਆਪਣੇ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ, ਭਾਵੇਂ ਮੈਂ ਧੂੜ ਅਤੇ ਮਿੱਟੀ ਹੀ ਹਾਂ। 28ਸ਼ਾਇਦ ਪੰਜਾਹ ਧਰਮੀਆਂ ਵਿੱਚੋਂ ਪੰਜ ਘੱਟ ਹੋਣ। ਕੀ ਉਨ੍ਹਾਂ ਪੰਜਾਂ ਦੇ ਕਾਰਨ ਤੂੰ ਸਾਰਾ ਨਗਰ ਨਸ਼ਟ ਕਰੇਂਗਾ? ਉਸ ਨੇ ਆਖਿਆ, ਜੇ ਉੱਥੇ ਮੈਨੂੰ ਪੈਂਤਾਲੀ ਲੱਭਣ ਤਾਂ ਵੀ ਮੈਂ ਉਸ ਨੂੰ ਨਸ਼ਟ ਨਹੀਂ ਕਰਾਂਗਾ। 29ਫੇਰ ਉਸ ਨੇ ਇੱਕ ਵਾਰੀ ਹੋਰ ਉਹ ਦੇ ਨਾਲ ਗੱਲ ਕਰਕੇ ਆਖਿਆ, ਸ਼ਾਇਦ ਉੱਥੇ ਚਾਲ੍ਹੀ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਚਾਲ੍ਹੀਆਂ ਦੇ ਕਾਰਨ ਇਹ ਨਹੀਂ ਕਰਾਂਗਾ। 30ਤਦ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਗੱਲ ਕਰਾਂ, ਸ਼ਾਇਦ ਉੱਥੇ ਤੀਹ ਲੱਭਣ। ਉਸ ਨੇ ਆਖਿਆ, ਜੇ ਉੱਥੇ ਤੀਹ ਮੈਨੂੰ ਲੱਭਣ ਤਾਂ ਵੀ ਮੈਂ ਇਹ ਨਹੀਂ ਕਰਾਂਗਾ। 31ਫੇਰ ਉਸ ਨੇ ਆਖਿਆ, ਵੇਖ ਮੈਂ ਪ੍ਰਭੂ ਨਾਲ ਗੱਲ ਕਰਨ ਦੀ ਦਲੇਰੀ ਕੀਤੀ ਹੈ। ਸ਼ਾਇਦ ਉੱਥੇ ਵੀਹ ਲੱਭਣ। ਉਸ ਨੇ ਆਖਿਆ, ਮੈਂ ਉਨ੍ਹਾਂ ਵੀਹਾਂ ਦੇ ਕਾਰਨ ਵੀ ਨਸ਼ਟ ਨਹੀਂ ਕਰਾਂਗਾ। 32ਫੇਰ ਉਸ ਨੇ ਆਖਿਆ, ਪ੍ਰਭੂ ਕ੍ਰੋਧਵਾਨ ਨਾ ਹੋਵੇ ਤਾਂ ਮੈਂ ਇੱਕੋ ਹੀ ਵਾਰ ਫੇਰ ਗੱਲ ਕਰਾਂਗਾ। ਸ਼ਾਇਦ ਉੱਥੇ ਦਸ ਲੱਭਣ ਤਦ ਉਸ ਨੇ ਆਖਿਆ, ਮੈਂ ਉਨ੍ਹਾਂ ਦਸਾਂ ਦੇ ਕਾਰਨ ਨਗਰ ਨੂੰ ਨਸ਼ਟ ਨਹੀਂ ਕਰਾਂਗਾ। 33ਜਦ ਯਹੋਵਾਹ ਅਬਰਾਹਾਮ ਨਾਲ ਗੱਲਾਂ ਕਰ ਚੁੱਕਿਆ ਤਦ ਉਹ ਚੱਲਿਆ ਗਿਆ ਅਤੇ ਅਬਰਾਹਾਮ ਆਪਣੀ ਥਾਂ ਨੂੰ ਮੁੜ ਗਿਆ।

Currently Selected:

ਉਤ 18: IRVPun

Highlight

Share

Copy

None

Want to have your highlights saved across all your devices? Sign up or sign in