ਮੱਤੀ 5

5
ਪਹਾੜੀ ਉਪਦੇਸ਼
1ਯਿਸੂ ਲੋਕਾਂ ਦੀ ਭੀੜ ਨੂੰ ਦੇਖ ਕੇ ਪਹਾੜ ਉੱਤੇ ਚੜ੍ਹ ਗਏ । ਜਦੋਂ ਉਹ ਬੈਠ ਗਏ ਤਾਂ ਉਹਨਾਂ ਦੇ ਚੇਲੇ ਉਹਨਾਂ ਦੇ ਕੋਲ ਆਏ । 2ਫਿਰ ਯਿਸੂ ਉਹਨਾਂ ਨੂੰ ਸਿੱਖਿਆ ਦੇਣ ਲੱਗੇ,
ਧੰਨ ਵਚਨ
3“ਧੰਨ ਉਹ ਲੋਕ ਹਨ ਜਿਹੜੇ ਦਿਲ ਦੇ ਗ਼ਰੀਬ ਹਨ
ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੀ ਹੈ ।
4 # ਯਸਾ 61:2 ਧੰਨ ਉਹ ਲੋਕ ਹਨ ਜਿਹੜੇ ਸੋਗ ਕਰਦੇ ਹਨ,
ਪਰਮੇਸ਼ਰ ਉਹਨਾਂ ਨੂੰ ਦਿਲਾਸਾ ਦੇਣਗੇ ।
5 # ਭਜਨ 37:11 ਧੰਨ ਉਹ ਲੋਕ ਹਨ ਜਿਹੜੇ ਨਿਮਰ ਹਨ,
ਉਹ ਧਰਤੀ ਦੇ ਵਾਰਿਸ ਹੋਣਗੇ ।
6 # ਯਸਾ 55:1-2 ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਭੁੱਖੇ ਅਤੇ ਪਿਆਸੇ ਹਨ,
ਪਰਮੇਸ਼ਰ ਉਹਨਾਂ ਨੂੰ ਤ੍ਰਿਪਤ ਕਰਨਗੇ ।
7ਧੰਨ ਉਹ ਲੋਕ ਹਨ ਜਿਹੜੇ ਦਇਆਵਾਨ ਹਨ,
ਪਰਮੇਸ਼ਰ ਉਹਨਾਂ ਉੱਤੇ ਦਇਆ ਕਰਨਗੇ ।
8 # ਭਜਨ 24:3-4 ਧੰਨ ਉਹ ਲੋਕ ਹਨ ਜਿਹਨਾਂ ਦੇ ਮਨ ਪਵਿੱਤਰ ਹਨ,
ਉਹ ਪਰਮੇਸ਼ਰ ਦੇ ਦਰਸ਼ਨ ਕਰਨਗੇ ।
9ਧੰਨ ਉਹ ਲੋਕ ਹਨ ਜਿਹੜੇ
ਮੇਲ-ਮਿਲਾਪ ਕਰਵਾਉਂਦੇ ਹਨ,
ਉਹ ਪਰਮੇਸ਼ਰ ਦੀ ਸੰਤਾਨ ਅਖਵਾਉਣਗੇ ।
10 # 1 ਪਤ 3:14 ਧੰਨ ਉਹ ਲੋਕ ਹਨ ਜਿਹੜੇ ਨੇਕੀ ਦੇ ਕਾਰਨ ਸਤਾਏ ਜਾਂਦੇ ਹਨ
ਕਿਉਂਕਿ ਸਵਰਗ ਦਾ ਰਾਜ ਉਹਨਾਂ ਦਾ ਹੈ ।
11 # 1 ਪਤ 4:14 “ਧੰਨ ਤੁਸੀਂ ਹੋ ਜਦੋਂ ਮੇਰੇ ਕਾਰਨ ਲੋਕ ਤੁਹਾਨੂੰ ਬੇਇੱਜ਼ਤ ਕਰਨ, ਤੁਹਾਨੂੰ ਸਤਾਉਣ ਅਤੇ ਤੁਹਾਡੇ ਵਿਰੁੱਧ ਹਰ ਤਰ੍ਹਾਂ ਦੀਆਂ ਬੁਰੀਆਂ ਅਤੇ ਝੂਠੀਆਂ ਗੱਲਾਂ ਕਹਿਣ । 12#2 ਇਤਿ 36:16, ਰਸੂਲਾਂ 7:52ਖ਼ੁਸ਼ੀ ਮਨਾਓ ਅਤੇ ਅਨੰਦ ਕਰੋ ਕਿਉਂਕਿ ਸਵਰਗ ਵਿੱਚ ਤੁਹਾਡੇ ਲਈ ਬਹੁਤ ਵੱਡਾ ਇਨਾਮ ਹੈ । ਇਸੇ ਤਰ੍ਹਾਂ ਉਹਨਾਂ ਨੇ ਤੁਹਾਡੇ ਤੋਂ ਪਹਿਲੇ ਨਬੀਆਂ ਨੂੰ ਵੀ ਸਤਾਇਆ ਸੀ ।”
ਲੂਣ ਅਤੇ ਚਾਨਣ
13 # ਮਰ 9:50, ਲੂਕਾ 14:34-35 “ਤੁਸੀਂ ਸੰਸਾਰ ਦੇ ਲੂਣ ਹੋ । ਪਰ ਜੇਕਰ ਲੂਣ ਆਪਣਾ ਸੁਆਦ ਗੁਆ ਦੇਵੇ ਤਾਂ ਫਿਰ ਕਿਸ ਤਰ੍ਹਾਂ ਸਲੂਣਾ ਬਣਾਇਆ ਜਾ ਸਕਦਾ ਹੈ ? ਉਹ ਫਿਰ ਕਿਸੇ ਕੰਮ ਦਾ ਨਹੀਂ ਰਹਿੰਦਾ, ਸਿਵਾਏ ਬਾਹਰ ਸੁੱਟੇ ਜਾਣ ਦੇ ਅਤੇ ਲੋਕਾਂ ਦੇ ਪੈਰਾਂ ਹੇਠਾਂ ਮਿੱਧੇ ਜਾਣ ਦੇ ।
14 # ਯੂਹ 8:12, 9:5 “ਤੁਸੀਂ ਸੰਸਾਰ ਦੇ ਚਾਨਣ ਹੋ । ਪਹਾੜ ਉੱਤੇ ਬਣਿਆ ਸ਼ਹਿਰ ਲੁਕ ਨਹੀਂ ਸਕਦਾ । 15#ਮਰ 4:21, ਲੂਕਾ 8:16, 11:33ਕੋਈ ਵੀ ਦੀਵਾ ਬਾਲ ਕੇ ਭਾਂਡੇ ਹੇਠਾਂ ਨਹੀਂ ਰੱਖਦਾ ਸਗੋਂ ਸ਼ਮਾਦਾਨ ਉੱਤੇ ਰੱਖਦਾ ਹੈ ਤਾਂ ਜੋ ਉਹ ਘਰ ਦੇ ਸਾਰੇ ਲੋਕਾਂ ਨੂੰ ਚਾਨਣ ਦੇਵੇ । 16#1 ਪਤ 2:12ਇਸੇ ਤਰ੍ਹਾਂ ਤੁਹਾਡਾ ਚਾਨਣ ਵੀ ਲੋਕਾਂ ਦੇ ਸਾਹਮਣੇ ਚਮਕੇ ਤਾਂ ਜੋ ਲੋਕ ਤੁਹਾਡੇ ਚੰਗੇ ਕੰਮਾਂ ਨੂੰ ਦੇਖ ਕੇ ਤੁਹਾਡੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਵਡਿਆਈ ਕਰਨ ।”
ਵਿਵਸਥਾ ਸੰਬੰਧੀ ਸਿੱਖਿਆ
17“ਇਹ ਨਾ ਸੋਚੋ ਕਿ ਮੈਂ ਵਿਵਸਥਾ ਅਤੇ ਨਬੀਆਂ ਦੀਆਂ ਸਿੱਖਿਆਵਾਂ ਨੂੰ ਖ਼ਤਮ ਕਰਨ ਆਇਆ ਹਾਂ, ਮੈਂ ਉਹਨਾਂ ਨੂੰ ਖ਼ਤਮ ਕਰਨ ਨਹੀਂ ਸਗੋਂ ਪੂਰਾ ਕਰਨ ਆਇਆ ਹਾਂ । 18#ਲੂਕਾ 16:17ਮੈਂ ਤੁਹਾਨੂੰ ਸੱਚ ਕਹਿੰਦਾ ਹਾਂ ਕਿ ਜਦੋਂ ਤੱਕ ਅਕਾਸ਼ ਅਤੇ ਧਰਤੀ ਹਨ, ਵਿਵਸਥਾ ਦੀ ਬਿੰਦੀ ਜਾਂ ਮਾਤਰਾ ਵੀ ਖ਼ਤਮ ਨਹੀਂ ਹੋਵੇਗੀ, ਜਦੋਂ ਤੱਕ ਕਿ ਸਭ ਕੁਝ ਪੂਰਾ ਨਾ ਹੋ ਜਾਵੇ । 19ਇਸ ਲਈ ਜਿਹੜਾ ਕੋਈ ਇਹਨਾਂ ਛੋਟੇ ਤੋਂ ਛੋਟੇ ਹੁਕਮਾਂ ਨੂੰ ਮੰਨਣ ਤੋਂ ਇਨਕਾਰ ਕਰਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਕਰਨ ਲਈ ਕਹਿੰਦਾ ਹੈ, ਉਹ ਸਵਰਗ ਦੇ ਰਾਜ ਵਿੱਚ ਸਭ ਤੋਂ ਛੋਟਾ ਹੋਵੇਗਾ । ਇਸੇ ਤਰ੍ਹਾਂ ਜਿਹੜਾ ਕੋਈ ਇਹਨਾਂ ਹੁਕਮਾਂ ਨੂੰ ਮੰਨਦਾ ਹੈ ਅਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਸਿਖਾਉਂਦਾ ਹੈ, ਉਹ ਸਵਰਗ ਦੇ ਰਾਜ ਵਿੱਚ ਵੱਡਾ ਹੋਵੇਗਾ । 20ਮੈਂ ਤੁਹਾਨੂੰ ਦੱਸਦਾ ਹਾਂ ਕਿ ਜਦੋਂ ਤੱਕ ਤੁਹਾਡੀ ਨੇਕੀ ਵਿਵਸਥਾ ਦੇ ਸਿੱਖਿਅਕਾਂ ਅਤੇ ਫ਼ਰੀਸੀਆਂ ਨਾਲੋਂ ਵੱਧ ਨਾ ਹੋਵੇ, ਤੁਸੀਂ ਸਵਰਗ ਦੇ ਰਾਜ ਵਿੱਚ ਨਹੀਂ ਜਾ ਸਕਦੇ ।”
ਗੁੱਸੇ ਸੰਬੰਧੀ ਸਿੱਖਿਆ
21 # ਕੂਚ 20:13, ਵਿਵ 5:17 “ਤੁਸੀਂ ਸੁਣਿਆ ਹੈ ਕਿ ਪ੍ਰਾਚੀਨਕਾਲ ਵਿੱਚ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ‘ਕਤਲ ਨਾ ਕਰਨਾ, ਜਿਹੜਾ ਕਤਲ ਕਰੇਗਾ ਉਹ ਅਦਾਲਤ ਦੇ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ ।’ 22ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜਿਹੜਾ ਆਪਣੇ ਭਰਾ ਨਾਲ ਗੁੱਸੇ ਹੋਵੇਗਾ ਉਹ ਅਦਾਲਤ ਵਿੱਚ ਦੋਸ਼ੀ ਠਹਿਰਾਇਆ ਜਾਵੇਗਾ ਅਤੇ ਜਿਹੜਾ ਆਪਣੇ ਭਰਾ ਨੂੰ ਬੁਰਾ ਭਲਾ ਕਹੇਗਾ ਉਹ ਸਭਾ ਰਾਹੀਂ ਦੋਸ਼ੀ ਠਹਿਰਾਇਆ ਜਾਵੇਗਾ । ਇਸੇ ਤਰ੍ਹਾਂ ਜਿਹੜਾ ਆਪਣੇ ਭਰਾ ਨੂੰ ਕਹੇ ‘ਹੇ ਮੂਰਖ !’ ਉਹ ਨਰਕ ਦੀ ਅੱਗ ਦੇ ਯੋਗ ਹੋਵੇਗਾ । 23ਇਸ ਲਈ ਜੇਕਰ ਤੂੰ ਪਰਮੇਸ਼ਰ ਨੂੰ ਆਪਣਾ ਚੜ੍ਹਾਵਾ ਚੜ੍ਹਾਉਣ ਲਈ ਵੇਦੀ ਤੇ ਜਾਂਦਾ ਹੈਂ ਅਤੇ ਉੱਥੇ ਤੈਨੂੰ ਯਾਦ ਆਉਂਦਾ ਹੈ ਕਿ ਤੇਰੇ ਭਰਾ ਨੂੰ ਤੇਰੇ ਵਿਰੁੱਧ ਕੁਝ ਸ਼ਿਕਾਇਤ ਹੈ 24ਤਾਂ ਤੂੰ ਆਪਣਾ ਚੜ੍ਹਾਵਾ ਉੱਥੇ ਵੇਦੀ ਦੇ ਸਾਹਮਣੇ ਰੱਖ ਦੇ ਅਤੇ ਪਹਿਲਾਂ ਜਾ ਕੇ ਆਪਣੇ ਭਰਾ ਨਾਲ ਸਮਝੌਤਾ ਕਰ ਅਤੇ ਫਿਰ ਆ ਕੇ ਆਪਣਾ ਚੜ੍ਹਾਵਾ ਚੜ੍ਹਾ ।
25“ਜੇਕਰ ਕੋਈ ਤੇਰੇ ਵਿਰੁੱਧ ਮੁਕੱਦਮਾ ਚਲਾਉਂਦਾ ਹੈ ਤਾਂ ਛੇਤੀ ਹੀ ਉਸ ਨਾਲ ਸਮਝੌਤਾ ਕਰ ਲੈ, ਜਦੋਂ ਕਿ ਤੁਸੀਂ ਦੋਵੇਂ ਅਜੇ ਅਦਾਲਤ ਦੇ ਰਾਹ ਵਿੱਚ ਹੀ ਹੋ । ਨਹੀਂ ਤਾਂ ਉਹ ਤੈਨੂੰ ਜੱਜ ਦੇ ਹਵਾਲੇ ਕਰ ਦੇਵੇਗਾ ਅਤੇ ਜੱਜ ਤੈਨੂੰ ਪੁਲਿਸ ਦੇ ਹਵਾਲੇ । ਇਸ ਤਰ੍ਹਾਂ ਫਿਰ ਤੂੰ ਕੈਦ ਵਿੱਚ ਸੁੱਟ ਦਿੱਤਾ ਜਾਵੇਂਗਾ । 26ਮੈਂ ਤੈਨੂੰ ਸੱਚ ਕਹਿੰਦਾ ਹਾਂ ਕਿ ਫਿਰ ਤੂੰ ਉਸ ਸਮੇਂ ਤੱਕ ਨਹੀਂ ਛੁੱਟ ਸਕੇਂਗਾ, ਜਦੋਂ ਤੱਕ ਤੂੰ ਜੁਰਮਾਨੇ ਦਾ ਪੈਸਾ ਨਾ ਭਰ ਦੇਵੇਂ ।”
ਵਿਭਚਾਰ ਸੰਬੰਧੀ ਸਿੱਖਿਆ
27 # ਕੂਚ 20:14, ਵਿਵ 5:18 “ਤੁਸੀਂ ਇਹ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਇਸ ਤਰ੍ਹਾਂ ਕਿਹਾ ਗਿਆ ਸੀ, ‘ਵਿਭਚਾਰ ਨਾ ਕਰਨਾ ।’ 28ਪਰ ਮੈਂ ਤੁਹਾਨੂੰ ਕਹਿੰਦਾ ਹਾਂ ਕਿ ਜੇਕਰ ਕੋਈ ਕਿਸੇ ਔਰਤ ਵੱਲ ਬੁਰੀ ਨਜ਼ਰ ਨਾਲ ਵੀ ਦੇਖਦਾ ਹੈ ਤਾਂ ਉਹ ਆਪਣੇ ਦਿਲ ਵਿੱਚ ਉਸ ਨਾਲ ਵਿਭਚਾਰ ਕਰ ਚੁੱਕਾ ਹੈ । 29#ਮੱਤੀ 18:9, ਮਰ 9:47ਇਸ ਲਈ ਜੇਕਰ ਤੇਰੀ ਸੱਜੀ ਅੱਖ ਤੇਰੇ ਤੋਂ ਪਾਪ ਕਰਵਾਉਂਦੀ ਹੈ ਤਾਂ ਉਸ ਨੂੰ ਕੱਢ ਕੇ ਸੁੱਟ ਦੇ ਕਿਉਂਕਿ ਤੇਰੇ ਲਈ ਇਹ ਜ਼ਿਆਦਾ ਲਾਭਦਾਇਕ ਹੋਵੇਗਾ ਕਿ ਤੇਰੇ ਸਰੀਰ ਦਾ ਇੱਕ ਅੰਗ ਨਾਸ਼ ਹੋ ਜਾਵੇ, ਬਜਾਏ ਇਸ ਦੇ ਕਿ ਤੇਰਾ ਸਾਰਾ ਸਰੀਰ ਨਰਕ ਵਿੱਚ ਸੁੱਟਿਆ ਜਾਵੇ । 30#ਮੱਤੀ 18:8, ਮਰ 9:43ਇਸੇ ਤਰ੍ਹਾਂ ਜੇਕਰ ਤੇਰਾ ਸੱਜਾ ਹੱਥ ਤੇਰੇ ਤੋਂ ਪਾਪ ਕਰਵਾਏ ਤਾਂ ਉਸ ਨੂੰ ਵੱਢ ਕੇ ਸੁੱਟ ਦੇ ਕਿਉਂਕਿ ਤੇਰਾ ਲਾਭ ਇਸੇ ਵਿੱਚ ਹੈ ਕਿ ਤੇਰਾ ਇੱਕ ਅੰਗ ਨਾਸ਼ ਹੋ ਜਾਵੇ ਪਰ ਬਾਕੀ ਸਾਰਾ ਸਰੀਰ ਨਰਕ ਵਿੱਚ ਜਾਣ ਤੋਂ ਬਚ ਜਾਵੇ ।”
ਤਲਾਕ ਸੰਬੰਧੀ ਸਿੱਖਿਆ
31 # ਵਿਵ 24:1-4, ਮੱਤੀ 19:7, ਮਰ 10:4 “ਇਹ ਵੀ ਕਿਹਾ ਗਿਆ ਸੀ, ‘ਜੇਕਰ ਕੋਈ ਆਪਣੀ ਪਤਨੀ ਨੂੰ ਛੱਡੇ ਤਾਂ ਉਹ ਉਸ ਨੂੰ ਤਲਾਕਨਾਮਾ ਲਿਖ ਕੇ ਦੇਵੇ ।’ 32#ਮੱਤੀ 19:9, ਮਰ 10:11-12, ਲੂਕਾ 16:18, 1 ਕੁਰਿ 7:10-11ਪਰ ਮੈਂ ਤੁਹਾਨੂੰ ਕਹਿੰਦਾ ਹਾਂ, ‘ਜੇਕਰ ਕੋਈ ਆਦਮੀ ਆਪਣੀ ਪਤਨੀ ਨੂੰ ਵਿਭਚਾਰ ਤੋਂ ਇਲਾਵਾ ਕਿਸੇ ਹੋਰ ਕਾਰਨ ਤਲਾਕ ਦਿੰਦਾ ਹੈ ਤਾਂ ਉਹ ਉਸ ਕੋਲੋਂ ਵਿਭਚਾਰ ਕਰਵਾਉਂਦਾ ਹੈ । ਇਸੇ ਤਰ੍ਹਾਂ ਜਿਹੜਾ ਆਦਮੀ ਉਸ ਤਲਾਕਸ਼ੁਦਾ ਔਰਤ ਨਾਲ ਵਿਆਹ ਕਰਦਾ ਹੈ, ਉਹ ਵੀ ਵਿਭਚਾਰ ਕਰਦਾ ਹੈ ।’”
ਸੌਂਹ ਚੁੱਕਣ ਸੰਬੰਧੀ ਸਿੱਖਿਆ
33 # ਲੇਵੀ 19:12, ਗਿਣ 30:2, ਵਿਵ 23:21 “ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਸਾਡੇ ਪੁਰਖਿਆਂ ਨੂੰ ਕਿਹਾ ਗਿਆ ਸੀ, ‘ਝੂਠੀ ਸੌਂਹ ਨਾ ਚੁੱਕਣਾ ਸਗੋਂ ਆਪਣੀ ਸੌਂਹ ਪ੍ਰਭੂ ਸਾਹਮਣੇ ਪੂਰੀ ਕਰਨਾ ।’ 34#ਯਾਕੂ 5:12, ਯਸਾ 66:1, ਮੱਤੀ 23:22ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਕਦੀ ਵੀ ਸੌਂਹ ਨਾ ਚੁੱਕਣਾ, ਨਾ ਅਕਾਸ਼ ਦੀ ਕਿਉਂਕਿ ਉਹ ਪਰਮੇਸ਼ਰ ਦਾ ਸਿੰਘਾਸਣ ਹੈ । 35#ਯਸਾ 66:1, ਭਜਨ 48:2ਨਾ ਹੀ ਧਰਤੀ ਦੀ ਕਿਉਂਕਿ ਉਹ ਪਰਮੇਸ਼ਰ ਦੇ ਪੈਰਾਂ ਦੀ ਚੌਂਕੀ ਹੈ । ਨਾ ਹੀ ਯਰੂਸ਼ਲਮ ਦੀ ਕਿਉਂਕਿ ਉਹ ਮਹਾਨ ਰਾਜਾ ਦਾ ਸ਼ਹਿਰ ਹੈ । 36ਇੱਥੋਂ ਤੱਕ ਕਿ ਆਪਣੇ ਸਿਰ ਦੀ ਵੀ ਸੌਂਹ ਨਾ ਚੁੱਕਣਾ ਕਿਉਂਕਿ ਤੁਸੀਂ ਆਪਣੇ ਸਿਰ ਦਾ ਇੱਕ ਵਾਲ ਵੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦੇ । 37ਤੁਹਾਡੀ ਗੱਲਬਾਤ ਵਿੱਚ ‘ਹਾਂ’ ਦੀ ਥਾਂ ‘ਹਾਂ’ ਅਤੇ ‘ਨਾਂਹ’ ਦੀ ਥਾਂ ‘ਨਾਂਹ’ ਹੀ ਹੋਣੀ ਚਾਹੀਦੀ ਹੈ ਕਿਉਂਕਿ ਇਸ ਤੋਂ ਜ਼ਿਆਦਾ ਜੋ ਕੁਝ ਵੀ ਹੈ, ਉਸ ਦੀ ਜੜ੍ਹ ਬੁਰਾਈ ਹੈ ।”
ਬਦਲਾ ਲੈਣ ਸੰਬੰਧੀ ਸਿੱਖਿਆ
38 # ਕੂਚ 21:24, ਲੇਵੀ 24:20, ਵਿਵ 19:21 “ਤੁਸੀਂ ਇਹ ਸੁਣ ਚੁੱਕੇ ਹੋ ਕਿ ਇਹ ਵੀ ਕਿਹਾ ਗਿਆ ਸੀ, ‘ਅੱਖ ਦੇ ਬਦਲੇ ਅੱਖ ਅਤੇ ਦੰਦ ਦੇ ਬਦਲੇ ਦੰਦ ।’ 39ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਜਿਹੜਾ ਤੁਹਾਡੇ ਨਾਲ ਬੁਰਾ ਵਰਤਾਅ ਕਰਦਾ ਹੈ, ਉਸ ਤੋਂ ਬਦਲਾ ਨਾ ਲਵੋ । ਜੇਕਰ ਕੋਈ ਤੇਰੀ ਸੱਜੀ ਗੱਲ੍ਹ ਉੱਤੇ ਚਪੇੜ ਮਾਰੇ ਤਾਂ ਦੂਜੀ ਵੀ ਉਸ ਵੱਲ ਕਰ ਦੇ । 40ਇਸ ਤਰ੍ਹਾਂ ਜੇਕਰ ਕੋਈ ਤੇਰੇ ਉੱਤੇ ਮੁਕੱਦਮਾ ਕਰ ਕੇ ਤੇਰੇ ਤੋਂ ਕੁੜਤਾ ਲੈਣਾ ਚਾਹੇ ਤਾਂ ਉਸ ਨੂੰ ਆਪਣੀ ਚਾਦਰ ਵੀ ਲੈਣ ਦੇ । 41ਫਿਰ ਜੇਕਰ ਕੋਈ ਇੱਕ ਮੀਲ ਤੱਕ ਤੈਨੂੰ ਮਜਬੂਰ ਕਰ ਕੇ ਲੈ ਜਾਵੇ ਤਾਂ ਉਸ ਨਾਲ ਦੋ ਮੀਲ ਤੱਕ ਜਾ । 42ਜੇਕਰ ਕੋਈ ਤੇਰੇ ਤੋਂ ਕੁਝ ਮੰਗੇ ਤਾਂ ਉਸ ਨੂੰ ਦੇ ਦੇ ਅਤੇ ਜੇਕਰ ਤੇਰੇ ਤੋਂ ਉਧਾਰ ਚਾਹੇ ਤਾਂ ਉਸ ਨੂੰ ਇਨਕਾਰ ਨਾ ਕਰ ।”
ਵੈਰੀਆਂ ਨਾਲ ਪਿਆਰ
43 # ਲੇਵੀ 19:18 “ਤੁਸੀਂ ਇਹ ਵੀ ਸੁਣ ਚੁੱਕੇ ਹੋ ਕਿ ਕਿਹਾ ਗਿਆ ਸੀ, ‘ਆਪਣੇ ਮਿੱਤਰਾਂ ਨਾਲ ਪਿਆਰ ਕਰੋ ਅਤੇ ਆਪਣੇ ਵੈਰੀਆਂ ਨਾਲ ਵੈਰ ।’ 44ਪਰ ਮੈਂ ਤੁਹਾਨੂੰ ਕਹਿੰਦਾ ਹਾਂ, ਆਪਣੇ ਵੈਰੀਆਂ ਨਾਲ ਪਿਆਰ ਕਰੋ ਅਤੇ ਆਪਣੇ ਸਤਾਉਣ ਵਾਲਿਆਂ ਲਈ ਪ੍ਰਾਰਥਨਾ ਕਰੋ 45ਤਾਂ ਜੋ ਤੁਸੀਂ ਆਪਣੇ ਪਿਤਾ ਦੀ ਜਿਹੜੇ ਸਵਰਗ ਵਿੱਚ ਹਨ, ਸੰਤਾਨ ਹੋਵੋ । ਉਹ ਵੀ ਆਪਣਾ ਸੂਰਜ ਬੁਰਿਆਂ ਅਤੇ ਭਲਿਆਂ ਦੋਨਾਂ ਦੇ ਲਈ ਚੜ੍ਹਾਉਂਦੇ ਹਨ ਅਤੇ ਚੰਗੇ ਕੰਮ ਕਰਨ ਵਾਲਿਆਂ ਅਤੇ ਮੰਦੇ ਕੰਮ ਕਰਨ ਵਾਲਿਆਂ ਦੋਨਾਂ ਉੱਤੇ ਮੀਂਹ ਵਰ੍ਹਾਉਂਦੇ ਹਨ । 46ਜੇਕਰ ਤੁਸੀਂ ਕੇਵਲ ਆਪਣੇ ਪਿਆਰ ਕਰਨ ਵਾਲਿਆਂ ਨੂੰ ਹੀ ਪਿਆਰ ਕਰਦੇ ਹੋ ਤਾਂ ਪਰਮੇਸ਼ਰ ਤੁਹਾਨੂੰ ਕੀ ਫਲ ਦੇਣਗੇ ? ਕੀ ਇਸ ਤਰ੍ਹਾਂ ਟੈਕਸ ਲੈਣ ਵਾਲੇ ਵੀ ਨਹੀਂ ਕਰਦੇ ਹਨ ? 47ਇਸੇ ਤਰ੍ਹਾਂ ਜੇਕਰ ਤੁਸੀਂ ਆਪਣੇ ਮਿੱਤਰਾਂ ਨਾਲ ਹੀ ਮਿਲਦੇ ਜੁਲਦੇ ਹੋ ਤਾਂ ਕਿਹੜਾ ਵੱਡਾ ਕੰਮ ਕਰਦੇ ਹੋ ? ਕੀ ਇਸ ਤਰ੍ਹਾਂ ਪਰਾਈਆਂ ਕੌਮਾਂ ਵੀ ਨਹੀਂ ਕਰਦੀਆਂ ਹਨ ? 48#ਲੇਵੀ 19:2, ਵਿਵ 18:13ਇਸ ਲਈ ਤੁਸੀਂ ਵੀ ਸੰਪੂਰਨ ਬਣੋ ਜਿਸ ਤਰ੍ਹਾਂ ਤੁਹਾਡੇ ਪਿਤਾ ਸੰਪੂਰਨ ਹਨ ਜਿਹੜੇ ਸਵਰਗ ਵਿੱਚ ਹਨ ।”

المحددات الحالية:

ਮੱਤੀ 5: CL-NA

تمييز النص

شارك

نسخ

None

هل تريد حفظ أبرز أعمالك على جميع أجهزتك؟ قم بالتسجيل أو تسجيل الدخول