ਮੱਤੀ 7

7
ਦੋਸ਼ ਨਾ ਲਾਓ
1 “ਦੋਸ਼ ਨਾ ਲਾਓ ਤਾਂਕਿ ਤੁਹਾਡੇ ਉੱਤੇ ਵੀ ਦੋਸ਼ ਨਾ ਲਾਇਆ ਜਾਵੇ। 2ਕਿਉਂਕਿ ਜਿਵੇਂ ਤੁਸੀਂ ਦੋਸ਼ ਲਾਉਂਦੇ ਹੋ, ਤੁਹਾਡੇ ਉੱਤੇ ਵੀ ਦੋਸ਼ ਲਾਇਆ ਜਾਵੇਗਾ ਅਤੇ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ, ਉਸੇ ਨਾਲ ਤੁਹਾਡੇ ਲਈ ਵੀ ਨਾਪਿਆ ਜਾਵੇਗਾ। 3ਤੂੰ ਆਪਣੇ ਭਰਾ ਦੀ ਅੱਖ ਵਿਚਲੇ ਕੱਖ ਨੂੰ ਕਿਉਂ ਵੇਖਦਾ ਹੈਂ ਪਰ ਆਪਣੀ ਅੱਖ ਵਿਚਲੇ ਸ਼ਤੀਰ ਉੱਤੇ ਧਿਆਨ ਨਹੀਂ ਦਿੰਦਾ? 4ਜਾਂ ਤੂੰ ਆਪਣੇ ਭਰਾ ਨੂੰ ਇਹ ਕਿਵੇਂ ਕਹਿ ਸਕਦਾ ਹੈਂ ਕਿ ਲਿਆ ਮੈਂ ਤੇਰੀ ਅੱਖ ਵਿੱਚੋਂ ਕੱਖ ਕੱਢ ਦੇਵਾਂ, ਜਦਕਿ ਵੇਖ, ਤੇਰੀ ਆਪਣੀ ਅੱਖ ਵਿੱਚ ਸ਼ਤੀਰ ਹੈ? 5ਹੇ ਪਖੰਡੀ! ਪਹਿਲਾਂ ਆਪਣੀ ਅੱਖ ਵਿੱਚੋਂ ਸ਼ਤੀਰ ਕੱਢ ਅਤੇ ਫਿਰ ਤੂੰ ਚੰਗੀ ਤਰ੍ਹਾਂ ਵੇਖ ਕੇ ਆਪਣੇ ਭਰਾ ਦੀ ਅੱਖ ਵਿੱਚੋਂ ਕੱਖ ਨੂੰ ਕੱਢ ਸਕੇਂਗਾ।
6 “ਪਵਿੱਤਰ ਵਸਤ ਕੁੱਤਿਆਂ ਨੂੰ ਨਾ ਪਾਓ ਅਤੇ ਨਾ ਆਪਣੇ ਮੋਤੀ ਸੂਰਾਂ ਅੱਗੇ ਸੁੱਟੋ, ਕਿਤੇ ਅਜਿਹਾ ਨਾ ਹੋਵੇ ਕਿ ਉਹ ਉਨ੍ਹਾਂ ਨੂੰ ਆਪਣੇ ਪੈਰਾਂ ਹੇਠ ਮਿੱਧਣ ਅਤੇ ਮੁੜ ਕੇ ਤੁਹਾਨੂੰ ਪਾੜਨ।
ਮੰਗੋ, ਲੱਭੋ ਅਤੇ ਖੜਕਾਓ
7 “ਮੰਗੋ ਤਾਂ ਤੁਹਾਨੂੰ ਦਿੱਤਾ ਜਾਵੇਗਾ; ਲੱਭੋ ਤਾਂ ਤੁਸੀਂ ਪਾਓਗੇ; ਖੜਕਾਓ ਤਾਂ ਤੁਹਾਡੇ ਲਈ ਖੋਲ੍ਹਿਆ ਜਾਵੇਗਾ। 8ਕਿਉਂਕਿ ਜਿਹੜਾ ਮੰਗਦਾ ਹੈ ਉਸ ਨੂੰ ਮਿਲਦਾ ਹੈ ਅਤੇ ਜਿਹੜਾ ਲੱਭਦਾ ਹੈ ਉਹ ਪਾ ਲੈਂਦਾ ਹੈ ਅਤੇ ਜਿਹੜਾ ਖੜਕਾਉਂਦਾ ਹੈ ਉਸ ਦੇ ਲਈ ਖੋਲ੍ਹਿਆ ਜਾਂਦਾ ਹੈ, 9ਤੁਹਾਡੇ ਵਿੱਚੋਂ ਕਿਹੜਾ ਮਨੁੱਖ ਹੈ ਜਿਸ ਦਾ ਪੁੱਤਰ ਉਸ ਤੋਂ ਰੋਟੀ ਮੰਗੇ ਅਤੇ ਉਹ ਉਸ ਨੂੰ ਪੱਥਰ ਦੇਵੇ? 10ਅਤੇ ਜੇ ਮੱਛੀ ਮੰਗੇ ਤਾਂ ਉਸ ਨੂੰ ਸੱਪ ਦੇਵੇ? 11ਸੋ ਜੇ ਤੁਸੀਂ ਬੁਰੇ ਹੋ ਕੇ ਆਪਣੇ ਬੱਚਿਆਂ ਨੂੰ ਚੰਗੀਆਂ ਵਸਤਾਂ ਦੇਣਾ ਜਾਣਦੇ ਹੋ ਤਾਂ ਤੁਹਾਡਾ ਸਵਰਗੀ ਪਿਤਾ ਹੋਰ ਵੀ ਵਧਕੇ ਆਪਣੇ ਮੰਗਣ ਵਾਲਿਆਂ ਨੂੰ ਚੰਗੀਆਂ ਵਸਤਾਂ ਕਿਉਂ ਨਾ ਦੇਵੇਗਾ? 12ਇਸ ਲਈ ਜੋ ਕੁਝ ਤੁਸੀਂ ਚਾਹੁੰਦੇ ਹੋ ਕਿ ਮਨੁੱਖ ਤੁਹਾਡੇ ਨਾਲ ਕਰਨ, ਤੁਸੀਂ ਵੀ ਉਨ੍ਹਾਂ ਨਾਲ ਉਸੇ ਤਰ੍ਹਾਂ ਕਰੋ; ਕਿਉਂਕਿ ਬਿਵਸਥਾ ਅਤੇ ਨਬੀਆਂ ਦੀਆਂ ਲਿਖਤਾਂ ਦਾ ਇਹੋ ਅਰਥ ਹੈ।
ਸਵਰਗ ਦੇ ਰਾਜ ਵਿੱਚ ਪ੍ਰਵੇਸ਼
13 “ਤੰਗ ਫਾਟਕ ਰਾਹੀਂ ਪ੍ਰਵੇਸ਼ ਕਰੋ, ਕਿਉਂਕਿ ਚੌੜਾ ਹੈ ਉਹ ਫਾਟਕ ਅਤੇ ਖੁੱਲ੍ਹਾ ਹੈ ਉਹ ਰਾਹ ਜਿਹੜਾ ਨਾਸ ਵੱਲ ਜਾਂਦਾ ਹੈ ਅਤੇ ਬਹੁਤੇ ਇਸੇ ਰਾਹੀਂ ਪ੍ਰਵੇਸ਼ ਕਰਦੇ ਹਨ। 14ਪਰ ਤੰਗ ਹੈ ਉਹ ਫਾਟਕ ਅਤੇ ਭੀੜਾ ਹੈ ਉਹ ਰਾਹ ਜਿਹੜਾ ਜੀਵਨ ਵੱਲ ਜਾਂਦਾ ਹੈ ਅਤੇ ਥੋੜ੍ਹੇ ਹਨ ਜਿਹੜੇ ਇਸ ਨੂੰ ਪ੍ਰਾਪਤ ਕਰਦੇ ਹਨ।
15 “ਝੂਠੇ ਨਬੀਆਂ ਤੋਂ ਖ਼ਬਰਦਾਰ ਰਹੋ ਜਿਹੜੇ ਭੇਡਾਂ ਦੇ ਭੇਸ ਵਿੱਚ ਤੁਹਾਡੇ ਕੋਲ ਆਉਂਦੇ ਹਨ ਪਰ ਅੰਦਰੋਂ ਉਹ ਪਾੜ ਖਾਣ ਵਾਲੇ ਬਘਿਆੜ ਹਨ। 16ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ। ਕੀ ਲੋਕ ਕੰਡਿਆਲੀਆਂ ਝਾੜੀਆਂ ਤੋਂ ਅੰਗੂਰ ਜਾਂ ਭੱਖੜਿਆਂ ਤੋਂ ਅੰਜੀਰ ਇਕੱਠੇ ਕਰਦੇ ਹਨ? 17ਸੋ ਹਰੇਕ ਚੰਗਾ ਦਰਖ਼ਤ ਚੰਗਾ ਫਲ ਦਿੰਦਾ ਹੈ ਅਤੇ ਮਾੜਾ ਦਰਖ਼ਤ ਮਾੜਾ ਫਲ ਦਿੰਦਾ ਹੈ। 18ਚੰਗਾ ਦਰਖ਼ਤ ਮਾੜਾ ਫਲ ਨਹੀਂ ਦੇ ਸਕਦਾ ਅਤੇ ਨਾ ਮਾੜਾ ਦਰਖ਼ਤ ਚੰਗਾ ਫਲ ਦੇ ਸਕਦਾ ਹੈ। 19ਹਰੇਕ ਦਰਖ਼ਤ ਜੋ ਚੰਗਾ ਫਲ ਨਹੀਂ ਦਿੰਦਾ ਉਹ ਵੱਢਿਆ ਅਤੇ ਅੱਗ ਵਿੱਚ ਸੁੱਟਿਆ ਜਾਂਦਾ ਹੈ। 20ਇਸ ਤਰ੍ਹਾਂ ਤੁਸੀਂ ਉਨ੍ਹਾਂ ਦੇ ਫਲਾਂ ਤੋਂ ਉਨ੍ਹਾਂ ਨੂੰ ਪਛਾਣੋਗੇ।
21 “ਹਰੇਕ ਜੋ ਮੈਨੂੰ ‘ਪ੍ਰਭੂ, ਪ੍ਰਭੂ’ ਕਹਿੰਦਾ ਹੈ, ਸਵਰਗ ਦੇ ਰਾਜ ਵਿੱਚ ਪ੍ਰਵੇਸ਼ ਨਹੀਂ ਕਰੇਗਾ ਬਲਕਿ ਉਹੋ ਜਿਹੜਾ ਮੇਰੇ ਸਵਰਗੀ ਪਿਤਾ ਦੀ ਇੱਛਾ ਉੱਤੇ ਚੱਲਦਾ ਹੈ। 22ਉਸ ਦਿਨ ਬਹੁਤ ਸਾਰੇ ਮੈਨੂੰ ਕਹਿਣਗੇ, ‘ਹੇ ਪ੍ਰਭੂ! ਹੇ ਪ੍ਰਭੂ! ਕੀ ਅਸੀਂ ਤੇਰੇ ਨਾਮ ਵਿੱਚ ਭਵਿੱਖਬਾਣੀ ਨਹੀਂ ਕੀਤੀ ਅਤੇ ਤੇਰੇ ਨਾਮ ਵਿੱਚ ਦੁਸ਼ਟ ਆਤਮਾਵਾਂ ਨਹੀਂ ਕੱਢੀਆਂ ਅਤੇ ਤੇਰੇ ਨਾਮ ਵਿੱਚ ਬਹੁਤ ਸਾਰੇ ਚਮਤਕਾਰ ਨਹੀਂ ਕੀਤੇ’? 23ਤਦ ਮੈਂ ਉਨ੍ਹਾਂ ਨੂੰ ਸਾਫ ਕਹਾਂਗਾ ਕਿ ਮੈਂ ਤੁਹਾਨੂੰ ਕਦੇ ਵੀ ਨਹੀਂ ਜਾਣਿਆ; ਹੇ ਕੁਕਰਮੀਓ, ਮੇਰੇ ਕੋਲੋਂ ਚਲੇ ਜਾਓ।
ਬੁੱਧਵਾਨ ਅਤੇ ਮੂਰਖ ਵਿਅਕਤੀ
24 “ਇਸ ਲਈ ਜੋ ਕੋਈ ਮੇਰੇ ਵਚਨਾਂ ਨੂੰ ਸੁਣਦਾ ਅਤੇ ਇਨ੍ਹਾਂ ਉੱਤੇ ਚੱਲਦਾ ਹੈ, ਉਹ ਉਸ ਬੁੱਧਵਾਨ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਚਟਾਨ ਉੱਤੇ ਬਣਾਇਆ। 25ਤਦ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਪਰ ਉਹ ਨਾ ਡਿੱਗਿਆ, ਕਿਉਂਕਿ ਉਸ ਦੀ ਨੀਂਹ ਚਟਾਨ ਉੱਤੇ ਰੱਖੀ ਹੋਈ ਸੀ। 26ਜੋ ਕੋਈ ਮੇਰੇ ਇਹ ਵਚਨ ਸੁਣਦਾ ਹੈ ਪਰ ਇਨ੍ਹਾਂ ਉੱਤੇ ਨਹੀਂ ਚੱਲਦਾ, ਉਹ ਉਸ ਮੂਰਖ ਵਿਅਕਤੀ ਵਰਗਾ ਜਾਣਿਆ ਜਾਵੇਗਾ ਜਿਸ ਨੇ ਆਪਣਾ ਘਰ ਰੇਤ ਉੱਤੇ ਬਣਾਇਆ। 27ਤਦ ਮੀਂਹ ਵਰ੍ਹਿਆ, ਹੜ੍ਹ ਆਏ, ਹਨੇਰੀਆਂ ਵਗੀਆਂ ਅਤੇ ਉਸ ਘਰ ਨਾਲ ਟਕਰਾਈਆਂ ਅਤੇ ਉਹ ਢਹਿ ਗਿਆ ਅਤੇ ਉਸ ਦਾ ਵੱਡਾ ਨੁਕਸਾਨ ਹੋਇਆ।”
28ਫਿਰ ਇਸ ਤਰ੍ਹਾਂ ਹੋਇਆ ਕਿ ਜਦੋਂ ਯਿਸੂ ਇਹ ਗੱਲਾਂ ਕਹਿ ਚੁੱਕਾ ਤਾਂ ਲੋਕ ਉਸ ਦੇ ਉਪਦੇਸ਼ ਤੋਂ ਹੈਰਾਨ ਰਹਿ ਗਏ, 29ਕਿਉਂਕਿ ਉਹ ਉਨ੍ਹਾਂ ਦੇ ਸ਼ਾਸਤਰੀਆਂ ਵਾਂਗ ਨਹੀਂ ਸਗੋਂ ਇਖ਼ਤਿਆਰ ਵਾਲੇ ਵਾਂਗ ਉਨ੍ਹਾਂ ਨੂੰ ਉਪਦੇਸ਼ ਦਿੰਦਾ ਸੀ।

Kleurmerk

Deel

Kopieer

None

Wil jy jou kleurmerke oor al jou toestelle gestoor hê? Teken in of teken aan